For the best experience, open
https://m.punjabitribuneonline.com
on your mobile browser.
Advertisement

ਦੋਸਤੀ ਦਾ ਨਿੱਘ

09:16 AM Sep 28, 2024 IST
ਦੋਸਤੀ ਦਾ ਨਿੱਘ
Advertisement

ਡਾ. ਇਕਬਾਲ ਸਿੰਘ ਸਕਰੌਦੀ
ਸ਼ਾਇਰ ਡਾ. ਸੁਰਜੀਤ ਪਾਤਰ ਦਾ ਇੱਕ ਸ਼ਿਅਰ ਹੈ ‘ਨਿੱਘ ਹੈ, ਨਾ ਰੌਸ਼ਨੀ ਹੈ! ਕੀ ਤੇਰੀ ਦੋਸਤੀ ਹੈ?’ ਕਵੀ ਇਸ ਸ਼ੇਅਰ ਰਾਹੀਂ ਸੁਨੇਹਾ ਦਿੰਦਾ ਆਖਦਾ ਹੈ ਕਿ ਦੋਸਤੀ ਸੂਰਜ ਦੇ ਸਮਾਨ ਹੋਣੀ ਚਾਹੀਦੀ ਹੈ। ਜਿਵੇਂ ਸੂਰਜ ਸਾਨੂੰ ਨਿੱਘ ਵੀ ਦਿੰਦਾ ਹੈ ਅਤੇ ਚਾਨਣ ਮੁਨਾਰਾ ਬਣ ਕੇ ਸਾਡਾ ਰਾਹ ਵੀ ਰੁਸ਼ਨਾਉਂਦਾ ਹੈ। ਇਸੇ ਤਰ੍ਹਾਂ ਦੋਸਤੀ ਵਿੱਚੋਂ ਸਾਨੂੰ ਨਿੱਘ ਤਾਂ ਆਉਣਾ ਹੀ ਚਾਹੀਦਾ ਹੈ, ਪ੍ਰੰਤੂ ਜੇਕਰ ਦੋਸਤਾਂ ਵਿੱਚੋਂ ਕੋਈ ਇੱਕ ਆਪਣੇ ਰਾਹ ਤੋਂ ਭਟਕ ਜਾਵੇ ਤਾਂ ਸੱਚਾ ਦੋਸਤ ਉਸ ਨੂੰ ਭਟਕੇ ਰਾਹ ਤੋਂ ਮੋੜ ਕੇ ਸਹੀ ਮਾਰਗ ਉੱਤੇ ਲੈ ਆਉਂਦਾ ਹੈ। ਇਹੋ ਦੋਸਤੀ ਹੈ, ਪ੍ਰੰਤੂ ਜੇਕਰ ਦੋਸਤੀ ਵਿੱਚ ਨਿੱਘ ਵੀ ਨਹੀਂ ਹੈ, ਰੌਸ਼ਨੀ ਵੀ ਨਹੀਂ ਹੈ, ਤਦ ਇਹੋ ਜਿਹੀ ਸਾਂਝ ਨੂੰ ਦੋਸਤੀ ਨਹੀਂ ਕਿਹਾ ਜਾ ਸਕਦਾ। ਇਹੋ ਜਿਹਾ ਦੋਸਤੀ ਦਾ ਸਬੰਧ ਕਿਸੇ ਕੰਮ ਦਾ ਨਹੀਂ ਹੈ।
ਅਸੀਂ ਜਾਣਦੇ ਹਾਂ ਕਿ ਜਿਸ ਇਨਸਾਨ ਕੋਲ ਵਧੇਰੇ ਦੋਸਤ ਹੁੰਦੇ ਹਨ, ਉਹ ਓਨਾ ਹੀ ਆਪਣੇ ਆਪ ਵਿੱਚ ਵਧੇਰੇ ਅਮੀਰ ਅਤੇ ਸਮਰਿੱਧ ਹੋਵੇਗਾ। ਅੱਜ ਜਿਸ ਢੰਗ ਨਾਲ ਸਮਾਜ ਵਿੱਚ ਹਰ ਪਾਸੇ ਹਿੰਸਾ ਵਧ ਰਹੀ ਹੈ। ਸਰਹੱਦਾਂ ਉੱਤੇ ਤਣਾਅ ਵਧ ਰਿਹਾ ਹੈ। ਬਾਰੂਦ ਦੇ ਢੇਰ ਇਸ ਪਿਆਰੀ ਧਰਤੀ ਨੂੰ ਨਰਕ ਬਣਾ ਰਹੇ ਹਨ। ਇਹ ਬੇਹੱਦ ਦੁਖਦਾਇਕ ਅਤੇ ਚਿੰਤਾ ਵਾਲੀ ਸਥਿਤੀ ਹੈ। ਸੱਚ ਤਾਂ ਇਹ ਹੈ ਕਿ ਇਹ ਮਨੁੱਖਾ ਜੀਵਨ ਇੰਨਾ ਛੋਟਾ ਹੈ ਕਿ ਇਸ ਵਿੱਚ ਦੋਸਤੀਆਂ ਪਾਲਣ ਜੋਗਾ ਵੀ ਖੁੱਲ੍ਹਾ ਸਮਾਂ ਨਹੀਂ ਹੈ। ਫਿਰ ਦੁਸ਼ਮਣੀਆਂ ਕਿਉਂ ਵਧਾਈਆਂ ਜਾ ਰਹੀਆਂ ਹਨ? ਨਫ਼ਰਤ ਨਾਲ ਤਾਂ ਕਦੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਨਫ਼ਰਤ ਤਾਂ ਬਰਬਾਦੀ ਦੀ ਨਿਸ਼ਾਨੀ ਹੈ।
ਕਿਹਾ ਜਾਂਦਾ ਹੈ ਕਿ ਪ੍ਰੇਮ ਕਰਨ ਵਾਲੇ ਤਾਂ ਕਾਦਰ ਨੂੰ ਵੀ ਪਾ ਲੈਂਦੇ ਹਨ, ਮਨੁੱਖ ਦੀ ਤਾਂ ਗੱਲ ਹੀ ਛੱਡੋ। ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਜੀਵ ਨਹੀਂ ਹੈ, ਜਿਸ ਅੰਦਰ ਪਿਆਰ ਦਾ ਭਾਵ ਨਾ ਹੋਵੇ। ਪਿਆਰ ਪ੍ਰਾਪਤੀ ਦੀ ਭੁੱਖ ਨਾ ਹੋਵੇ। ਅਸਲ ਵਿੱਚ ਜਦੋਂ ਪਿਆਰ ਦੀ ਇਹ ਤਾਂਘ ਪੂਰੀ ਨਹੀਂ ਹੁੰਦੀ, ਉਦੋਂ ਜੀਵ ਹਿੰਸਕ ਬਣ ਜਾਂਦਾ ਹੈ। ਜਦੋਂ ਮਨੁੱਖ ਦੀ ਪਿਆਰ ਦੀ ਭੁੱਖ ਪੂਰੀ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਭਰਿਆ-ਭਰਿਆ ਮਹਿਸੂਸ ਕਰਦਾ ਹੈ। ਸਾਰੇ ਸੰਸਾਰ ਵਿੱਚੋਂ ਹਿੰਸਾ ਤਦ ਹੀ ਖ਼ਤਮ ਹੋ ਸਕਦੀ ਹੈ, ਜੇ ਅਸੀਂ ਮਤਲਬ ਜਾਂ ਲੋਭ ਲਈ ਦੁਸ਼ਮਣੀਆਂ ਨਾ ਪਾਲੀਏ। ਸਗੋਂ ਸਾਰੇ ਪਾਸੇ ਦੋਸਤੀ ਦਾ ਹੱਥ ਵਧਾਈਏ। ਅਜਿਹੇ ਸੱਜਣ ਬਣਾਈਏ ਅਤੇ ਬਣੀਏ, ਜਿਨ੍ਹਾਂ ਨੂੰ ਮਿਲਿਆਂ ਰੂਹ ਖਿੜ ਜਾਵੇ। ਮਨ ਵਿੱਚੋਂ ਬੁਰੇ ਵਿਚਾਰ ਖ਼ਤਮ ਹੋ ਜਾਣ। ਮਨੁੱਖ ਨੂੰ ਸੱਚਾਈ ਦੇ ਰਾਹ ਉੱਤੇ ਤੁਰਨ ਦੀ ਪ੍ਰੇਰਨਾ ਮਿਲੇ।
ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਜੀਵ ਹੈ। ਆਪਸੀ ਸਾਂਝ, ਰਿਸ਼ਤੇਦਾਰੀ ਅਤੇ ਵਰਤ ਵਰਤਾਰਾ ਹੀ ਸਮਾਜ ਦਾ ਆਧਾਰ ਹੈ। ਸਾਂਝ ਅਤੇ ਰਿਸ਼ਤੇਦਾਰੀਆਂ ਦੀ ਨੀਂਹ ਤਾਂ ਪਿਆਰ ਉੱਤੇ ਹੀ ਰੱਖੀ ਜਾਂਦੀ ਹੈ। ਇੱਕ ਦੂਜੇ ਦੇ ਕੰਮ ਆਉਣਾ, ਆਪਸੀ ਪ੍ਰੇਮ ਨਿਭਾਉਣਾ ਅਤੇ ਰਲ ਮਿਲ ਕੇ ਰਹਿਣਾ ਹੀ ਸਭਿਆ ਸਮਾਜ ਦੀ ਨਿਸ਼ਾਨੀ ਹੈ। ਸੁੱਖ ਵੇਲੇ ਤਾਂ ਸਾਰੇ ਸੰਗੀ ਬਣ ਜਾਂਦੇ ਹਨ, ਪ੍ਰੰਤੂ ਅਸਲ ਰਿਸ਼ਤੇਦਾਰੀ ਅਤੇ ਰਿਸ਼ਤਾ ਤਾਂ ਉਹੀ ਹੁੰਦਾ ਹੈ, ਜਿਹੜਾ ਦੁੱਖ ਵੇਲੇ ਨਾਲ ਖੜ੍ਹਾ ਹੋਵੇ। ਪੂਰਾ ਸਾਥ ਦੇਵੇ। ਭਾਵੇਂ ਆਪਾ ਹੀ ਕੁਰਬਾਨ ਕਿਉਂ ਨਾ ਕਰਨਾ ਪਵੇ। ਗੁਰੂ ਨਾਨਕ ਦੇਵ ਜੀ ਨੇ ਇਸ ਸਬੰਧੀ ਬੜੇ ਸਪੱਸ਼ਟ ਸ਼ਬਦਾਂ ਵਿੱਚ ਆਦੇਸ਼ ਦਿੱਤਾ ਹੈ;
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍।।
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
ਸਮਾਜਿਕ ਰਿਸ਼ਤਿਆਂ ਦੀ ਜਿੰਦ ਜਾਨ ਆਪਸੀ ਪਿਆਰ ਹੁੰਦਾ ਹੈ। ਰਿਸ਼ਤੇਦਾਰੀ ਹੋਣ ਦੇ ਨਾਲ-ਨਾਲ ਦੋਸਤੀ ਹੋਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੇਮ ਹੀ ਦੋਸਤੀ ਦੀ ਬੁਨਿਆਦ ਹੈ। ਦੋਸਤੀ ਦਾ ਆਧਾਰ ਹੁੰਦਾ ਹੈ। ਪਿਆਰ ਅਤੇ ਸਾਥ ਤੋਂ ਬਿਨਾਂ ਜੀਵਨ ਅਧੂਰਾ ਅਤੇ ਨੀਰਸ ਹੋ ਜਾਂਦਾ ਹੈ। ਇਕੱਲਤਾ ਮਨੁੱਖ ਲਈ ਸਰਾਪ ਹੈ, ਜਦੋਂ ਕਿ ਦੋਸਤਾਂ ਦਾ ਸਾਥ ਵਰਦਾਨ ਹੁੰਦਾ ਹੈ। ਇਸੇ ਕਰਕੇ ਆਖਿਆ ਜਾਂਦਾ ਹੈ ਕਿ ਇਕੱਲਾ ਤਾਂ ਜੰਗਲ ਵਿੱਚ ਰੁੱਖ ਵੀ ਨਹੀਂ ਹੋਣਾ ਚਾਹੀਦਾ। ਡਾ. ਸੁਰਜੀਤ ਪਾਤਰ ਨੇ ਦੋਸਤੀ ਦੇ ਸਬੰਧ ਵਿੱਚ ਆਪਣੀ ਇੱਕ ਨਜ਼ਮ ਵਿੱਚ ਲਿਖਿਆ ਹੈ;
ਦਿਲ ਨੂੰ ਖੋਲ੍ਹਿਆ ਨਾ ਜੇਕਰ ਯਾਰਾਂ ਦੇ ਨਾਲ
ਖੋਲ੍ਹਣਾ ਪਏਗਾ ਇਹ ਔਜ਼ਾਰਾਂ ਦੇ ਨਾਲ।
ਰਿਸ਼ਤੇਦਾਰੀਆਂ, ਸਾਥੀਆਂ ਅਤੇ ਗੁਆਂਢ ਦਾ ਆਨੰਦ ਵੀ ਉਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਉਸ ਵਿੱਚ ਦੋਸਤੀ ਵਾਲਾ ਨਿੱਘ ਅਤੇ ਮਿਠਾਸ ਹੋਵੇ। ਦੋਸਤੀ ਦੀਆਂ ਤੰਦਾਂ ਨਾਲ ਹੀ ਪਿਉ ਪੁੱਤਰ ਅਤੇ ਮਾਂ ਧੀ ਵਿੱਚ ਨਜ਼ਦੀਕੀਆਂ ਬਣਦੀਆਂ ਹਨ। ਜਦੋਂ ਪਰਿਵਾਰ ਵਿੱਚ ਅਜਿਹੀਆਂ ਨਜ਼ਦੀਕੀਆਂ ਹੋਣ, ਉਦੋਂ ਹੀ ਉਸ ਨੂੰ ਸੁਖੀ ਪਰਿਵਾਰ ਅਤੇ ਜੀਵਨ ਨੂੰ ਸਫਲ ਸੁਖਾਵਾਂ ਆਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਸਮਾਜ ਵਿੱਚ ਈਰਖਾ ਦੀ ਥਾਂ ਪਿਆਰ ਦੀ ਗੰਗਾ ਵਗਦੀ ਹੋਵੇ ਤਾਂ ਉਹ ਸਮਾਜ ਅਤੇ ਕੌਮ ਖ਼ੁਸ਼ਹਾਲ ਅਤੇ ਸੁਖੀ ਹੁੰਦੀ ਹੈ। ਗੁਆਂਢੀਆਂ ਨਾਲ ਪਿਆਰ ਦੀ ਸਾਂਝ ਹੀ ਮਾਹੌਲ ਨੂੰ ਸੁਖਾਵਾਂ ਬਣਾਉਂਦੀ ਹੈ। ਗੁਆਂਢੀ ਭਾਵੇਂ ਨਾਲ ਦੇ ਘਰ ਦੇ ਰੂਪ ਵਿੱਚ ਹੋਵੇ। ਭਾਵੇਂ ਨਾਲ ਲੱਗਦੇ ਦੇਸ਼ ਦੇ ਰੂਪ ਵਿੱਚ ਹੋਵੇ।
ਜੀਵਨ ਵਿੱਚ ਹਰਿਆਵਲ ਲਈ ਪਿਆਰ ਰੂਪੀ ਪਾਣੀ ਦੀ ਲੋੜ ਪੈਂਦੀ ਹੈ। ਪਿਆਰ ਵਿਹੂਣੀ ਜ਼ਿੰਦਗੀ ਸਦਾ ਨੀਰਸ ਹੀ ਰਹਿੰਦੀ ਹੈ। ਸ਼ੇਖ਼ ਫ਼ਰੀਦ ਜੀ ਦਾ ਇੱਕ ਸਲੋਕ ਹੈ;
ਜੋਬਨ ਜਾਂਦੇ ਨਾ ਡਰਾਂ ਜੇ ਸ਼ਹੁ ਪ੍ਰੀਤ ਨ ਜਾਇ।
ਫ਼ਰੀਦਾ ਕਿਤੀ ਜੋਬਨ ਪ੍ਰੀਤਿ ਬਿਨ ਮੁੱਖ ਗਏ ਕੁਮਲਾਏ।।
ਦੋਸਤੀ ਇੱਕ ਪਵਿੱਤਰ ਰਿਸ਼ਤਾ ਹੈ। ਪਿਆਰ ਅਤੇ ਦੋਸਤੀ ਅਜਿਹੀਆਂ ਸ਼ਕਤੀਆਂ ਹਨ, ਜਿਨ੍ਹਾਂ ਸਦਕਾ ਮਨੁੱਖ ਉੱਚੀਆਂ ਉਡਾਰੀਆਂ ਮਾਰਦਾ ਹੈ। ਅਜਿਹਾ ਉਦੋਂ ਹੀ ਸੰਭਵ ਹੈ, ਜਦੋਂ ਮਨੁੱਖ ਈਰਖਾ ਅਤੇ ਹਉਮੈ ਤੋਂ ਮੁਕਤ ਹੋਵੇ। ਗੁਰੂ ਰਾਮਦਾਸ ਜੀ ਦਾ ਹੁਕਮ ਹੈ;
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵਿਸਰੈ।।
ਦੋਸਤੀ ਅੰਤਰ ਆਤਮਾ ਦੇ ਮਿਲਾਪ ਦਾ ਨਾਮ ਹੈ। ਜਿਸ ਦੇ ਅੰਦਰ ਪਿਆਰ ਦੀ ਨਦੀ ਵਗਦੀ ਹੈ, ਉਹ ਹੀ ਕਾਦਰ ਦੇ ਨੇੜੇ ਹੋ ਸਕਦਾ ਹੈ। ਕਾਦਰ ਦਾ ਵਾਸਾ ਤਾਂ ਹਰੇਕ ਜੀਵ ਵਿੱਚ ਹੈ। ਕਾਦਰ ਨਾਲ ਮੇਲ ਲਈ ਉਸ ਦੀ ਕਾਇਨਾਤ ਨਾਲ ਪ੍ਰੇਮ ਕਰਨਾ ਜ਼ਰੂਰੀ ਹੈ। ਪਿਆਰ ਦੀ ਸਿਖ਼ਰ ਉਦੋਂ ਹੀ ਹੁੰਦੀ ਹੈ, ਜਦੋਂ ਮੈਂ ਅਤੇ ਤੂੰ ਦਾ ਅੰਤਰ ਖ਼ਤਮ ਹੋ ਜਾਂਦਾ ਹੈ। ਦੋਸਤੀ ਜਾਂ ਪ੍ਰੇਮ ਦੀ ਖਿੱਚ ਜਦੋਂ ਆਪਣੇ ਸਿਖ਼ਰ ਉੱਤੇ ਪੁੱਜ ਜਾਂਦੀ ਹੈ ਤਾਂ ਕੇਵਲ ਦੋਸਤ ਹੀ ਨਹੀਂ, ਸਗੋਂ ਸਾਰੀ ਲੋਕਾਈ ਹੀ ਆਪਣੀ ਜਾਪਣ ਲੱਗ ਪੈਂਦੀ ਹੈ। ਜਦੋਂ ਅਜਿਹੀ ਅਵਸਥਾ ਆ ਜਾਵੇ ਤਾਂ ਨਫ਼ਰਤ, ਈਰਖਾ, ਦਵੈਸ਼ ਅਤੇ ਕੁੜੱਤਣ ਦਾ ਅੰਤ ਹੋ ਜਾਂਦਾ ਹੈ। ਹਰ ਪਾਸੇ ਅਪਣੱਤ, ਆਨੰਦ ਅਤੇ ਖੇੜਾ ਨਜ਼ਰ ਆਉਂਦਾ ਹੈ।
ਜੇਕਰ ਬੱਚਿਆਂ ਨੂੰ ਘਰ ਅਤੇ ਸਕੂਲ ਵਿੱਚ ਆਪਸੀ ਪ੍ਰੇਮ, ਸ਼ਾਂਤੀ ਅਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਜਾਵੇ ਤਾਂ ਉਨ੍ਹਾਂ ਦੇ ਮਨਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੀ ਨਹੀਂ ਹੋ ਸਕੇਗੀ। ਉਹ ਆਪਣੇ ਸੰਗੀ ਸਾਥੀਆਂ ਨਾਲ ਦੋਸਤੀਆਂ ਪਾਲਣਗੇ। ਇੰਝ ਘਰ, ਸਕੂਲ ਅਤੇ ਭਾਈਚਾਰੇ ਵਿੱਚ ਆਪਸੀ ਸਾਂਝ ਵਧੇਗੀ। ਹਰ ਪਾਸੇ ਸਕੂਨ ਅਤੇ ਖ਼ੁਸ਼ੀ ਦਾ ਮਾਹੌਲ ਹੋਵੇਗਾ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਨਫ਼ਰਤ ਅਤੇ ਝਗੜਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਇਹ ਸੰਸਾਰ ਬਹੁਤ ਖ਼ੂਬਸੂਰਤ ਹੈ, ਜੀਵਨ ਬਹੁਤ ਛੋਟਾ ਹੈ। ਇਸ ਜੀਵਨ ਦਾ ਪੂਰਨ ਆਨੰਦ ਉਦੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਜਦੋਂ ਨਫ਼ਰਤ, ਈਰਖਾ ਅਤੇ ਹਉਮੈ ਨੂੰ ਤਿਆਗ ਕੇ ਦੋਸਤੀ ਦੇ ਪਿਆਰ ਦੀ ਜੋਤ ਜਗਾਈ ਜਾਵੇ। ਇੱਥੋਂ ਤੱਕ ਕਿ ਪਰਮਾਤਮਾ ਦੀ ਪ੍ਰਾਪਤੀ ਵੀ ਸਭਨਾਂ ਨਾਲ ਪ੍ਰੇਮ ਕੀਤਿਆਂ ਹੀ ਹੋ ਸਕਦੀ ਹੈ;
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।
ਅੱਜ ਸੂਚਨਾ, ਤਕਨਾਲੋਜੀ ਅਤੇ ਮੀਡੀਆ ਦਾ ਯੁੱਗ ਹੈ। ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਦੀਆਂ ਵਧੀਆ ਸਹੂਲਤਾਂ ਕਾਰਨ ਸਾਰਾ ਸੰਸਾਰ ਇੱਕ ਪਿੰਡ ਹੀ ਜਾਪਣ ਲੱਗ ਪਿਆ ਹੈ। ਜਦੋਂ ਦੂਰੀਆਂ ਘਟ ਹੀ ਗਈਆਂ ਹਨ, ਫਿਰ ਆਪਣੇ ਮਨਾਂ ਵਿਚਲੀਆਂ ਦੂਰੀਆਂ ਕਿਉਂ ਵਧ ਰਹੀਆਂ ਹਨ? ਜਦੋਂ ਸਾਰੇ ਇੱਕੋ ਨੂਰ ਵਿੱਚੋਂ ਹੀ ਆਏ ਹਨ, ਫਿਰ ਇਹ ਨਫ਼ਰਤ ਦਾ ਪਸਾਰਾ ਕਿਉਂ ਹੈ? ਕੁਦਰਤ ਨੇ ਸਾਰੇ ਜੀਵ ਜੰਤੂਆਂ ਦੀਆਂ ਲੋੜਾਂ ਦਾ ਪ੍ਰਬੰਧ ਕੀਤਾ ਹੈ। ਫਿਰ ਅਸੀਂ ਆਪੋ ਵਿੱਚ ਵੰਡੀਆਂ ਪਾ ਕੇ ਕਾਣੀ ਵੰਡ ਨੂੰ ਕਿਉਂ ਉਤਸ਼ਾਹਿਤ ਕਰ ਰਹੇ ਹਾਂ? ਇੱਕ ਦੂਜੇ ਦਾ ਹੱਕ ਮਾਰਨਾ, ਲੋੜ ਤੋਂ ਵੱਧ ਕੁਦਰਤੀ ਦਾਤਾਂ ਦੀ ਵਰਤੋਂ ਕਰਨੀ, ਨਫ਼ਰਤਾਂ ਨੂੰ ਉਤਸ਼ਾਹਿਤ ਕਰਨਾ ਇਨਸਾਨੀਅਤ ਨਹੀਂ ਹੈ। ਟੈਕਨਾਲੋਜੀ ਦੇ ਇਸ ਯੁੱਗ ਵਿੱਚ ਜਨ ਸੰਚਾਰ ਸਾਧਨ ਨਫ਼ਰਤਾਂ ਨੂੰ ਦੂਰ ਕਰਨ ਅਤੇ ਪਿਆਰ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਇਸ ਕਾਇਆ ਨੂੰ ਨਫ਼ਰਤ, ਈਰਖਾ ਅਤੇ ਗੁੱਸੇ ਨਾਲ ਗਾਲਣ ਦੀ ਥਾਂ ਦੋਸਤੀ ਅਤੇ ਪਿਆਰ ਦੇ ਨੀਰ ਨਾਲ ਸਿੰਜ ਕੇ ਹਰਾ ਭਰਾ ਰੱਖਣਾ ਚਾਹੀਦਾ ਹੈ। ਆਓ, ਸਾਰੇ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਅੱਜ ਤੋਂ ਅਸੀਂ ਨਫ਼ਰਤ ਦੀ ਥਾਂ ਦੋਸਤੀ, ਪ੍ਰੇਮ, ਪਿਆਰ, ਮੁਹੱਬਤ ਦਾ ਪੈਗ਼ਾਮ ਦੇਵਾਂਗੇ। ਦੋਸਤੀਆਂ ਪਾਵਾਂਗੇ। ਆਪਸੀ ਸਹਿਯੋਗ ਕਰਾਂਗੇ। ਇੰਝ ਇਹ ਸੰਸਾਰ ਸਵਰਗ ਬਣ ਜਾਵੇਗਾ। ਅੱਜ ਸਾਨੂੰ ਲੋੜ ਹੈ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਇਸ ਹੁਕਮ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਇਸ ਉੱਤੇ ਪੂਰੀ ਇਮਾਨਦਾਰੀ ਨਾਲ ਅਮਲ ਕਰੀਏ;
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।
ਆਓ, ਸਭਨਾਂ ਦੇ ਸਾਜਨ ਬਣੀਏ। ਆਪਣੇ ਘਰ, ਸਮਾਜ, ਦੇਸ਼ ਅਤੇ ਸੰਸਾਰ ਨੂੰ ਸਵਰਗ ਬਣਾਈਏ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਸੰਸਾਰ ਵਿੱਚ ਕੇਵਲ ਮਨੁੱਖ ਹੀ ਹੈ, ਜਿਸ ਨੂੰ ਹੱਸਣ ਦੀ ਅਨਮੋਲ ਦਾਤ ਪ੍ਰਾਪਤ ਹੋਈ ਹੈ। ਹੱਸਣ ਨਾਲ ਤਨ ਅਤੇ ਮਨ ਤੰਦਰੁਸਤ ਹੋ ਜਾਂਦੇ ਹਨ। ਚਿਹਰੇ ਉਤਲੀ ਮੁਸਕਾਨ ਦੋਸਤੀਆਂ ਵਿੱਚ ਵਾਧਾ ਕਰਦੀ ਹੈ ਅਤੇ ਆਪਸੀ ਝਗੜਿਆਂ ਨੂੰ ਦੂਰ ਕਰਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ‘ਹੱਸਦਿਆਂ ਦੇ ਘਰ ਵੱਸਦੇ।’ ਜੀਭ ਇੱਕ ਅਜਿਹੀ ਦੋਧਾਰੀ ਤਲਵਾਰ ਹੈ, ਜਿਹੜੀ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜ ਸਕਦੀ ਹੈ ਅਤੇ ਮਜ਼ਬੂਤ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਆਪਣੇ ਦੋ ਬੋਲਾਂ ਨਾਲ ਤੋੜ ਵੀ ਸਕਦੀ ਹੈ। ਜਦੋਂ ਅਸੀਂ ਫਿੱਕਾ ਬੋਲਦੇ ਹਾਂ ਤਾਂ ਕੇਵਲ ਦੂਜਿਆਂ ਤੋਂ ਹੀ ਨਫ਼ਰਤ ਪ੍ਰਾਪਤ ਨਹੀਂ ਹੁੰਦੀ, ਸਗੋਂ ਸਾਡਾ ਆਪਣਾ ਤਨ ਮਨ ਵੀ ਫਿੱਕਾ ਹੋ ਜਾਂਦਾ ਹੈ। ਆਓ, ਹਮੇਸ਼ਾ ਮੁਸਕੁਰਾਈਏ, ਮਿੱਠੇ ਬੋਲ ਬੋਲੀਏ, ਦੋਸਤੀਆਂ ਬਣਾਈਏ ਅਤੇ ਨਿਭਾਈਏ।
ਸੰਪਰਕ: 84276-85020

Advertisement

Advertisement
Advertisement
Author Image

Advertisement