For the best experience, open
https://m.punjabitribuneonline.com
on your mobile browser.
Advertisement

ਠਰੇ ਹੱਥਾਂ ਦਾ ਨਿੱਘ

08:43 AM Jul 17, 2024 IST
ਠਰੇ ਹੱਥਾਂ ਦਾ ਨਿੱਘ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਮਾਰਚ ਦੇ ਚੜ੍ਹਦਿਆਂ ਹੀ ਮੌਸਮ ’ਚ ਤਪਸ਼ ਉੱਭਰ ਆਈ ਸੀ। ਬੱਚੇ ਕੁਝ ਦਿਨਾਂ ਲਈ ਅਮਰੀਕਾ ਤੋਂ ਭਾਰਤ ਆਏ ਹੋਏ ਸਨ ਤੇ ਹਫ਼ਤੇ ਕੁ ਬਾਅਦ ਵਾਪਸੀ ਸੀ। ਰਾਤ ਨੂੰ ਖਾਣੇ ਦੇ ਮੇਜ਼ ’ਤੇ ਬੈਠਿਆਂ ਲੌਂਗ ਡਰਾਈਵ ਦਾ ਪ੍ਰੋਗਰਾਮ ਬਣ ਗਿਆ। ਡਲਹੌਜ਼ੀ, ਸ਼ਿਮਲਾ, ਮਸੂਰੀ ਤੇ ਨੈਨੀਤਾਲ ’ਚੋਂ ਕਿੱਥੇ, ਚਰਚਾ ਚੱਲ ਪਈ। ਸ਼ਿਮਲਾ ਭੀੜ ਭੜੱਕੇ ਦਾ ਠੱਪਾ ਲਵਾ ਕੇ ਰੱਦ ਹੋ ਗਿਆ। ਡਲਹੌਜ਼ੀ ਪਿਛਲੀ ਵਾਰ ਜਾਣ ਕਰਕੇ ਸੂਚੀ ’ਚੋਂ ਬਾਹਰ ਹੋ ਗਈ। ਨੈਨੀਤਾਲ ਦੀ ਝੀਲ ਵਿੱਚ ਕਿਸ਼ਤੀ ’ਚ ਬੈਠਿਆਂ ਆਕਾਸ਼ ਰੰਗੇ ਪਾਣੀ ’ਚੋਂ ਸ਼ੀਸ਼ੇ ਵਾਂਗ ਦਿਸਦੀ ਆਪਣੀ ਫੋਟੋ ਚੰਗੀ ਲੱਗੀ, ਪਰ ਕਾਰ ਦੇ ਸਫ਼ਰ ਦੀ ਦੂਰੀ ਨੇ ਉਸ ’ਤੇ ਫਿਰ ਕਦੇ ਦਾ ਠੱਪਾ ਲਾ ਦਿੱਤਾ ਤੇ ਆਖਰ ਰਸਤੇ ਵਿੱਚ ਪੈਂਦੇ ਦਸਮ ਪਿਤਾ ਦੇ ਵਸਾਏ ਪਾਉਂਟਾ ਸਾਹਿਬ ਪ੍ਰਤੀ ਖਿੱਚ ਕਰਕੇ ਮਸੂਰੀ ਸਾਰਿਆਂ ਦੀ ਪਸੰਦ ਬਣ ਗਈ।
ਸਵੇਰੇ ਨੌਂ ਵਜੇ ਤੋਂ ਥੋੜ੍ਹੇ ਮਿੰਟ ਪਹਿਲਾਂ ਜੀ ਟੀ ਰੋਡ ’ਤੇ ਚੜ੍ਹ ਜਾਣਾ ਸਾਰਿਆਂ ਨੂੰ ਚੰਗਾ ਲੱਗਾ। ਫਗਵਾੜਾ ਲੰਘਣ ਤੋਂ ਪਹਿਲਾਂ ਹੀ ਤੈਅ ਹੋ ਗਿਆ ਕਿ ਸਫ਼ਰ ਦੇ ਆਨੰਦ ਲਈ ਜਾਂਦੇ ਹੋਏ ਵਾਇਆ ਅੰਬਾਲਾ, ਸਹਾਰਨਪੁਰ ਤੇ ਆਉਂਦੇ ਹੋਏ ਵਾਇਆ ਪਾਉਂਟਾ ਸਾਹਿਬ ਚੰਡੀਗੜ੍ਹ ਵਾਲਾ ਰਸਤਾ ਫੜਨਾ ਹੈ। ਅੰਬਾਲਾ ਸ਼ਹਿਰ ਲੰਘਦੇ ਹੀ ਖੱਬੇ ਪਾਸੇ ਨਿਕਲਦੀ ਸੜਕ ਤੋਂ ਪਹਿਲਾਂ ਯਮੁਨਾ ਨਗਰ ਦਾ ਬੋਰਡ ਸੀ। ਸੱਜੇ ਪਾਸੇ ਏਅਰ ਫੋਰਸ ਸਟੇਸ਼ਨ ਕੋਲੋਂ ਲੰਘਦਿਆਂ ਬੱਚਿਆਂ ਨੇ ਕਈ ਸਵਾਲ ਪੁੱਛੇ। ਜਗਾਧਰੀ ਕੋਲੋਂ ਲੰਘਦਿਆਂ ਬੱਚਿਆਂ ਨੂੰ ਦੱਸਿਆ ਕਿ ਕਦੇ ਇੱਥੇ ਬੜੀ ਵੱਡੀ ਰੇਲਵੇ ਵਰਕਸ਼ਾਪ ਹੁੰਦੀ ਸੀ। ਸਰਸਾਵਾ ਲੰਘਦਿਆਂ ਅੰਬਾਂ ਦੇ ਬਾਗ਼ ਵਿਖਾ ਕੇ ਬੱਚਿਆਂ ਨਾਲ ਸਹਾਰਨਪੁਰੀ ਅੰਬਾਂ ਦਾ ਸਵਾਦ ਸਾਂਝਾ ਕੀਤਾ। ਸਵਾ ਕੁ ਘੰਟੇ ਬਾਅਦ ਦੇਹਰਾਦੂਨ ਦੇ ਬੋਰਡ ਦਿਸਣ ਲੱਗ ਪਏ।
ਅੱਧੇ ਕੁ ਘੰਟੇ ਬਾਅਦ ਸਿੱਧੀਆਂ ਚੜ੍ਹਾਈਆਂ ਤੇ ਤਿੱਖੇ ਮੋੜ ਆਉਣ ਲੱਗੇ। ਅਸੀਂ ਮਸੂਰੀ ਦੇ ਲਾਇਬ੍ਰੇਰੀ ਚੌਕ ਕੋਲ ਬੁੱਕ ਕੀਤੇ ਹੋਏ ਹੋਟਲ ਦੀ ਛੱਤ ’ਤੇ ਕਾਰ ਪਾਰਕਿੰਗ ਦੀ ਚੰਗੀ ਥਾਂ ਲੱਭ ਰਹੇ ਸੀ। ਦੋਹਾਂ ਕਮਰਿਆਂ ਵਿੱਚ ਸਾਮਾਨ ਟਿਕਾ ਕੇ ਖਿੜਕੀਆਂ ’ਚੋਂ ਦਿਸਦੇ ਬਾਹਰ ਦੇ ਨਜ਼ਾਰੇ ਮਾਣਨ ਲਈ ਸੜਕ ’ਤੇ ਗਏ। ਫਿਰ ਸਫ਼ਰ ਦੇ ਥਕੇਵੇਂ ਕਰਕੇ ਸਾਰੇ ਆਰਾਮ ਦੇ ਮੂਡ ਵਿੱਚ ਸਨ। ਬਿਸਤਰਿਆਂ ’ਤੇ ਪੈਂਦਿਆਂ ਸਭ ਨੂੰ ਨੀਂਦ ਨੇ ਘੇਰ ਲਿਆ ਤੇ ਅਗਲੀ ਸਵੇਰ ਬਾਹਰ ਦੇ ਦ੍ਰਿਸ਼ਾਂ ਨੇ ਸ਼ੀਸ਼ਿਆਂ ’ਚੋਂ ਅੰਦਰ ਆ ਕੇ ਸਾਨੂੰ ਉਠਾ ਦਿੱਤਾ।
ਪਹਿਲਾਂ ਕੇਬਲ ਕਾਰ ਰਾਹੀਂ ਕੈਮਲ ਬੈਕ ’ਤੇ ਜਾ ਕੇ ਦੂਰ ਤੱਕ ਪਹਾੜੀ ਨਜ਼ਾਰੇ ਵੇਖਣ ਤੇ ਬੱਚਿਆਂ ਨੂੰ ਵਿਖਾਉਣ ਤੋਂ ਬਾਅਦ ਵਿੱਚ ਕੈਂਪਟੀ ਫਾਲ ਜਾਂਦੇ ਹੋਏ ਆਈਏਐੱਸ ਅਕੈਡਮੀ ਦੇ ਅੰਦਰ ਝਾਤ ਪਾਉਣ ਤੇ ਵਾਪਸੀ ਮੌਕੇ ਕੰਪਨੀ ਬਾਗ਼ ਦੀ ਗੇੜੀ ਦਾ ਪ੍ਰੋਗਰਾਮ ਬਣ ਗਿਆ। ਬਾਜ਼ਾਰ ਵੱਲ ਤੁਰਦੇ ਹੋਏ ਅਸੀਂ ਕੇਬਲ ਕਾਰ ਦੇ ਸਟੈਂਡ ’ਤੇ ਪਹੁੰਚੇ। ਉੱਪਰ ਪਹੁੰਚ ਕੇ ਦੂਰ ਦੇ ਨਜ਼ਾਰੇ ਅੱਖਾਂ ਦੀ ਪਕੜ ਵਿੱਚ ਆਉਣ ਲੱਗੇ। ਕਿਧਰੇ ਬਰਫ਼ ਨਾਲ ਚਿੱਟ ਚਿਟਾਣ ਹੋਈਆਂ ਪਹਾੜੀ ਟੀਸੀਆਂ ਤੇ ਕਿਧਰੇ ਖੱਡਾਂ ਵਰਗੇ ਢਲਾਣਾਂ ਦੇ ਦ੍ਰਿਸ਼। ਕਿਧਰੇ ਉੱਚੀਆਂ ਥਾਵਾਂ ਤੋਂ ਤੁਪਕੇ ਬਣ ਕੇ ਡਿੱਗਦਾ ਤੇ ਝਰਨਾ ਬਣ ਕੇ ਵਹਿੰਦ੍ਹਾ ਪਾਣੀ ਤੇ ਕਿਤੇ ਨੀਲੇ ਆਕਾਸ਼ ਨੂੰ ਮਿਲਣ ਲਈ ਅਹੁਲਦੇ ਚੀਲ ਦੇ ਰੁੱਖ। ਓਪਰੇਟਰ ਖਾਲੀ ਕੇਬਲ ਕਾਰ ਨੂੰ ਤੋਰਨ ਵਾਲਾ ਬਟਨ ਨੱਪਣ ਹੀ ਵਾਲਾ ਸੀ, ਮੇਰਾ ਇਸ਼ਾਰਾ ਸਮਝ ਕੇ ਰੁਕ ਗਿਆ। ਅਸੀਂ ਵਿੱਚ ਜਾ ਬੈਠੇ ਤੇ ਕਾਰ ਹੇਠਾਂ ਨੂੰ ਖਿਸਕਣ ਲੱਗੀ। ਬੱਚਿਆਂ ਨੂੰ ਹਵਾ ’ਚ ਉੱਡਣ ਵਰਗਾ ਮਹਿਸੂਸ ਹੋ ਰਿਹਾ ਸੀ। ਉਤਰ ਕੇ ਅਸੀਂ ਕੁਲਰੀ ਬਾਜ਼ਾਰ ਵੱਲ ਹੋ ਤੁਰੇ। ਖੁੱਲ੍ਹੀਆਂ ਦੁਕਾਨਾਂ ਦੀ ਸੱਜ ਧੱਜ ਕਮਾਲ ਦੀ ਸੀ। ਅੱਗੇ ਤੱਕ ਘੁੰਮ ਫਿਰਕੇ ਵਾਪਸ ਚਾਲੇ ਪਾ ਲਏ। ਕੈਂਪਟੀ ਫਾਲ ਜਾਣ ਤੋਂ ਪਹਿਲਾਂ ਲੰਚ ਜ਼ਰੂਰੀ ਸੀ। ਤੇਜ ਤੇ ਰਮਨ ਤਾਂ ਸਾਡੇ ਤੋਂ ਬਿਨਾਂ ਕੈਂਪਟੀ ਫਾਲ ਜਾਣ ਲਈ ਮੰਨ ਗਏ, ਪਰ ਬੱਚਿਆਂ ਥੋੜ੍ਹੀ ਜ਼ਿੱਦ ਕੀਤੀ।
ਸ਼ਾਮ ਨੂੰ ਬੱਚੇ ਵਾਪਸ ਆਏ ਤਾਂ ਬੜੇ ਥੱਕੇ ਹੋਏ ਸਨ। ਪੋਤੇ ਤੇ ਪੋਤੀ ਕਿੰਨੀ ਦੇਰ ਸਾਨੂੰ ਵੇਖੀਆਂ ਨਵੀਂਆਂ ਥਾਵਾਂ ਦੀਆਂ ਗੱਲਾਂ ਦੱਸ ਕੇ ਉਨ੍ਹਾਂ ਬਾਰੇ ਸਵਾਲ ਕਰਦੇ ਰਹੇ। ਵਾਪਸੀ ਦੇ ਦਿਨ ਕਰਕੇ ਸਾਰਿਆਂ ਨੇ ਰੱਜ ਕੇ ਨੀਂਦ ਮਾਣੀ। ਨਾਸ਼ਤੇ ਤੋਂ ਬਾਅਦ ਅਸੀਂ ਵਾਪਸੀ ਚਾਲੇ ਪਾ ਲਏ। ਰਸਤਾ ਤਾਂ ਸਾਫ਼ ਸੀ, ਫਿਰ ਵੀ ਪਾਉਂਟਾ ਸਾਹਿਬ ਪਹੁੰਚਣ ਤੱਕ ਤਿੰਨ ਘੰਟੇ ਲੱਗ ਗਏ। ਯਮੁਨਾ ਦਾ ਪੁਲ ਪਾਰ ਕਰਨ ਤੋਂ ਪਹਿਲਾਂ ਖੱਬੇ ਪਾਸੇ ਨਜ਼ਰ ਪੈਂਦਿਆਂ ਬੱਚਿਆਂ ਦੇ ਹੱਥ ਜੁੜ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਥੇ ਪੁੱਜਣ ਦੇ ਸਵਾਲ ਕਰਨ ਲੱਗ ਪਏ। ਦੋ ਢਾਈ ਘੰਟੇ ਗੁਰਦੁਆਰਾ ਸਾਹਿਬ ’ਚ ਬੈਠੇ ਤੇ ਯਮੁਨਾ ਦੇ ਕੰਢੇ ਵੀ ਘੁੰਮੇ। ਉੱਥੋਂ ਚੱਲ ਕੇ ਨਾਹਨ ਕੋਲੋਂ ਦੀ ਹੁੰਦੇ ਹੋਏ ਕਾਲਾ ਅੰਬ ਪਹੁੰਚੇ। ਬੇਟਾ ਕੁਝ ਖਰੀਦਣ ਲਈ ਉਤਰ ਗਿਆ।
ਮੈਂ ਖੱਬੇ ਸ਼ੀਸ਼ੇ ’ਤੇ ਹੁੰਦੀ ਠਕੋਰ ਸੁਣੀ। 8-9 ਸਾਲਾਂ ਦੀ ਕੁੜੀ, ਮਾਂ ਨੂੰ ਹੱਥ ਰੇਹੜੀ ’ਤੇ ਬੈਠਾਇਆ ਹੋਇਆ। ਸ਼ੀਸ਼ਾ ਖੋਲ੍ਹਿਆ ਤਾਂ ਕੁੜੀ ਨੇ ਦੱਸਿਆ ਕਿ ਮੇਰੀ ਮਾਂ ਕਈ ਦਿਨਾਂ ਤੋਂ ਬਿਮਾਰ ਸੀ। ਰਿਕਸ਼ੇ ਲਈ ਪੈਸੇ ਨਹੀਂ ਸੀ। ਬਾਪ ਦੀ ਸਬਜ਼ੀ ਵਾਲੀ ਰੇਹੜੀ ’ਤੇ ਬਿਠਾ ਕੇ ਸਰਕਾਰੀ ਡਾਕਟਰ ਕੋਲ ਲੈ ਕੇ ਗਈ ਸੀ। ਡਾਕਟਰ ਨੇ ਆਹ ਦਵਾਈਆਂ ਲਿਖ ਦਿੱਤੀਆਂ। ਖ਼ਰੀਦਣ ਲਈ ਕੋਲ ਕੋਈ ਪੈਸਾ ਨਹੀਂ। ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਨੇ ਸਾਹਮਣੇ ਦੁਕਾਨ ਤੋਂ ਉਹ ਦਵਾਈਆ ਲੈ ਦੇਣ ਦਾ ਤਰਲਾ ਮਾਰਿਆ। ਮੈਂ ਬਾਹਰ ਨਿਕਲਿਆ। ਜੋ ਸ਼ੱਕ ਮੇਰੇ ਮਨ ’ਚ ਉਪਜਿਆ ਸੀ, ਉਸ ਹੱਥੋਂ ਪਰਚੀ ਫੜ ਕੇ ਪੜ੍ਹਨ ਤੋਂ ਬਾਅਦ ਖ਼ਤਮ ਹੋ ਗਿਆ। ਕਿਤੇ ਉਹ ਵਿਚਾਰੀ ਮਾਂ ਮਹਿੱਟਰ ਨਾ ਹੋ ਜਾਏ, ਸਵਾਲ ਮਨ ਵਿੱਚ ਆ ਗਿਆ। ਕੈਮਿਸਟ ਦੀ ਦੁਕਾਨ ’ਤੇ ਗਿਆ, ਉਸ ਨੂੰ ਉਹ ਦਵਾਈਆਂ ਦੇਣ ਲਈ ਕਿਹਾ। ਉਸ ਨੇ ਦਵਾਈਆਂ ਦਿੰਦੇ ਹੋਏ ਨਾਲ 860 ਰੁਪਏ ਦੀ ਪ੍ਰਚੀ ਮੇਰੇ ਹੱਥ ਫੜਾਈ ਤੇ ਕੁੜੀ ਨੂੰ ਦਵਾਈਆਂ ਕਿੰਜ ਦੇਣੀਆਂ ਸਮਝਾਉਣ ਲੱਗ ਪਿਆ। ਕੈਮਿਸਟ ਨੂੰ ਪੈਸੇ ਦੇ ਕੇ ਦੋ ਹਜ਼ਾਰ ਮੈਂ ਕੁੜੀ ਦੇ ਹੱਥ ’ਤੇ ਰੱਖਿਆ ਕਿ ਉਹ ਮਾ ਲਈ ਕੋਈ ਫਲ ਫਰੂਟ ਲੈ ਲਏ ਤੇ ਬਾਕੀ ਪੈਸੇ ਸਾਂਭ ਲਵੇ ਤਾਂ ਕਿ ਹੋਰ ਦਵਾਈ ਦੀ ਲੋੜ ਪਈ ਤਾਂ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਉਸ ਦੀ ਮਾਂ ਸਾਰਾ ਕੁਝ ਵੇਖਦੀ ਹੋਈ, ਪਤਾ ਨਹੀਂ ਕਿੰਨੀਆ ਅਸੀਸਾਂ ਦੇਈ ਜਾ ਰਹੀ ਸੀ। ਤੁਰਨ ਲੱਗਾ ਤਾਂ ਕੈਮਿਸਟ ਨੇ ਆਵਾਜ਼ ਮਾਰ ਲਈ। ਮੈਂ ਅੰਦਰ ਗਿਆ ਤਾਂ ਉਸ ਨੇ ਹੱਥ ’ਚ ਫੜੇ ਹੋਏ 860 ਰੁਪਏ ਮੈਨੂੰ ਫੜਾ ਦਿੱਤੇ।
“ਸਰਦਾਰ ਜੀ ਆਹ ਪੈਸੇ ਸੰਭਾਲਿਓ ਜ਼ਰਾ, ਤੁਹਾਡੀ ਦਰਿਆ-ਦਿਲੀ ਨੇ ਅੱਜ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ ਏ। ਇਸ ਪਰਿਵਾਰ ਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਅੱਜ ਤੋਂ ਮੇਰੀ ਹੋ ਗਈ। ਆਹ ਲਓ ਮੇਰਾ ਕਾਰਡ, ਜਦ ਮਰਜ਼ੀ ਫੋਨ ਕਰਕੇ ਇਨ੍ਹਾਂ ਬਾਰੇ ਪੁੱਛ ਲਿਆ ਕਰਨਾ। ਇਹ ਕੁੜੀ ਜਿੱਥੋਂ ਤੱਕ ਪੜ੍ਹਨਾ ਚਾਹੇ, ਸਾਰਾ ਖ਼ਰਚ ਮੈਂ ਕਰਾਂਗਾ। ਸਮਝ ਲਓ ਅੱਜ ਤੋਂ ਇਹ ਮੇਰੀ ਧੀ ਹੈ ਤੇ ਧੀਆਂ ਲਈ ਜੋ ਕੋਈ ਬਾਪ ਕਰ ਸਕਦਾ ਹੁੰਦਾ, ਮੈਂ ਵੀ ਉਸ ਤੋਂ ਪਿੱਛੇ ਨਹੀਂ ਹਟਾਂਗਾ।’’
ਮੈਂ ਐਨਕ ਉਤਾਰ ਕੇ ਤੱਕਿਆ, 50-55 ਨੂੰ ਢੁੱਕੇ ਬਾਊ ਦੀਆਂ ਅੱਖਾਂ ’ਚੋਂ ਉਸ ਦੇ ਮਨ ਦੀ ਦ੍ਰਿੜਤਾ ਝਲਕ ਰਹੀ ਸੀ। ਬਾਊ ਜੀ ਵੱਲੋਂ ਮੇਰੇ ਹੱਥ ’ਤੇ ਰੱਖੇ 860 ਰੁਪਏ ਵੀ ਮੈਂ ਕੁੜੀ ਨੂੰ ਫੜਾਏ ਤੇ ਉਸ ਦੇ ਸਿਰ ’ਤੇ ਹੱਥ ਰੱਖਦਿਆਂ ਅਸੀਸ ਦਿੱਤੀ,
“ਲੈ ਧੀਏ, ਤੈਨੂੰ ਦੂਜੇ ਮਾਪੇ ਵੀ ਮਿਲ ਗਏ, ਪਰ ਖ਼ਿਆਲ ਰੱਖੀਂ, ਪਹਿਲਿਆਂ ਦਾ ਖ਼ਿਆਲ ਹੁਣ ਵਾਂਗ ਹੀ ਰੱਖਿਆ ਕਰੀਂ।’’
ਬੇਟੇ ਨੇ ਗੱਡੀ ਸਟਾਰਟ ਕਰ ਲਈ ਹੋਈ ਸੀ। ਮੈਨੂੰ ਉਸ ਦੀ ਕਾਹਲ ਦਾ ਅਹਿਸਾਸ ਹੋਇਆ। ਬਾਊ ਜੀ ਮੂਹਰੇ ਹੱਥ ਜੋੜਦਿਆਂ ਸਿਰ ਨਿਵਾਇਆ ਤੇ ਫਿਰ ਤੋਂ ਕੁੜੀ ਦਾ ਸਿਰ ਪਲੋਸ ਕੇ ਗੱਡੀ ਦੀ ਖਿੜਕੀ ਖੋਲ ਲਈ। ਬੈਠਦਿਆਂ ਹੀ ਬੇਟੇ ਨੇ ਗੇਅਰ ਪਾ ਲਿਆ। ਚੰਡੀਗੜ੍ਹ ਪਾਰ ਕਰਨ ਤੱਕ ਹਨੇਰਾ ਪਸਰਨ ਲੱਗ ਪਿਆ ਸੀ। ਨਵਾਂ ਸ਼ਹਿਰ ਲੰਘ ਕੇ ਡਿਨਰ ਕੀਤਾ ਤੇ ਡੇਢ ਕੁ ਘੰਟੇ ਬਾਅਦ ਤਿੰਨ ਦਿਨਾਂ ਦੇ ਟੂਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਵਿੱਚ ਗੜੁੱਚ ਹੋਏ ਘਰ ਪਹੁੰਚ ਗਏ।
ਸਫ਼ਰ ਦਾ ਥਕੇਵਾਂ ਸੀ। ਬੈੱਡ ’ਤੇ ਲੇਟਿਆ ਤਾਂ ਨੀਂਦ ਦੀ ਥਾਂ ਉਸ ਲਾਚਾਰ ਕੁੜੀ ਦਾ ਚਿਹਰਾ ਵਾਰ ਵਾਰ ਘੁੰਮੀ ਜਾਏ। ਇੰਜ ਦੀਆਂ ਕੁਝ ਹੋਰ ਛੋਟੀਆਂ ਮੋਟੀਆਂ ਘਟਨਾਵਾਂ ਯਾਦ ਆਈਆਂ ਪਰ ਚੇਤਿਆਂ ਦੀ ਪਟਾਰੀ ’ਚੋਂ ਇੱਕ ਹੋਰ ਕੁੜੀ ਅੱਖਾਂ ਸਾਹਮਣੇ ਆਣ ਖੜੋਈ। ਉਸ ਦੀ ਉਮਰ ਤਾਂ ਦਵਾਈ ਵਾਲੀ ਕੁੜੀ ਤੋਂ ਛੋਟੀ ਸੀ। ਉਸ ਘਟਨਾ ਦੀ ਲੜੀ ਵਿੱਚ ਪਰੁੱਚਿਆ ਹੋਇਆ ਕਿੰਨਾ ਕੁਝ ਹੋਰ ਚੇਤਿਆਂ ’ਚੋਂ ਉੱਭਰਨ ਲੱਗ ਪਿਆ ਤੇ ਮੈਨੂੰ ਖ਼ੁਦ ਪਤਾ ਨਾ ਲੱਗਾ ਕਦ ਉਸ ਘਟਨਾ ਦਾ ਪਾਤਰ ਬਣ ਕੇ ਨਾਲ ਨਾਲ ਵਿਚਰਣ ਲੱਗ ਪਿਆ।
27-28 ਸਾਲ ਪਹਿਲਾਂ ਕੇਂਦਰੀ ਵਿਭਾਗ ਦੀ ਨੌਕਰੀ ਦੌਰਾਨ ਮੇਰੀ ਬਦਲੀ ਦਿੱਲੀ ਹੋ ਗਈ। ਹਰ ਦੂਜੇ ਹਫ਼ਤੇ ਮੈਂ ਸ਼ੁੱਕਰਵਾਰ ਸ਼ਾਮ ਦੀ ਟਰੇਨ ਲੈਂਦਾ ਤੇ ਅਗਲੀ ਸਵੇਰ ਘਰ ਪਹੁੰਚ ਜਾਂਦਾ। ਦੋ ਦਿਨ ਬੱਚਿਆਂ ਨਾਲ ਬਿਤਾ ਕੇ ਐਤਵਾਰ ਰਾਤ ਦੀ ਗੱਡੀ ਲੈ ਕੇ ਤੜਕਸਾਰ ਹੋਸਟਲ ਪਹੁੰਚਦਾ ਤੇ ਦੋ ਤਿੰਨ ਘੰਟੇ ਆਰਾਮ ਕਰਕੇ ਦਫ਼ਤਰ ਪਹੁੰਚ ਜਾਂਦਾ। ਕੁਝ ਮਹੀਨੇ ਲੰਘੇ ਹੋਣਗੇ, ਦਸੰਬਰ ਚੱਲ ਰਿਹਾ ਸੀ। ਐਤਵਾਰ ਸ਼ਾਮ ਦਿੱਲੀ ਜਾਂਦੇ ਹੋਏ ਸਾਡੀ ਟਰੇਨ ਲੁਧਿਆਣੇ ਸਟੇਸ਼ਨ ’ਤੇ ਖੜ੍ਹੀ ਸੀ। ਮੈਨੂੰ ਨਹੀਂ ਪਤਾ ਕਿ ਉਹ 6-7 ਸਾਲਾਂ ਦੀ ਕੁੜੀ ਉੱਥੋਂ ਚੜ੍ਹੀ ਜਾਂ ਕਿਸੇ ਹੋਰ ਭੀੜ ਵਾਲੇ ਡੱਬੇ ’ਚੋਂ ਸਾਡੀ ਸਲੀਪਰ ਬੋਗੀ ’ਚ ਆਈ। ਉਦੋਂ ਰੇਲ ਡੱਬੇ ਆਮ ਕਰਕੇ ਏਸੀ ਨਹੀਂ ਸੀ ਹੁੰਦੇ। ਕੁੜੀ ਦੇ ਮੈਲੇ ਕੁਚੈਲੇ ਕੱਪੜਿਆਂ ’ਚੋਂ ਆਉਂਦੀ ਬਦਬੂ ਕਰਕੇ ਕੋਈ ਯਾਤਰੀ ਉਸ ਨੂੰ ਕੋਲ ਨਹੀਂ ਸੀ ਖੜੋਣ ਦੇ ਰਿਹਾ। ਸ਼ਾਇਦ ਉਸ ਨੂੰ ਮੰਗਤੀ ਸਮਝਦੇ ਹੋਣ। ਹੋਰਾਂ ਤੋਂ ਝਿੜਕਾਂ ਖਾ ਕੇ ਉਹ ਮੇਰੇ ਕੋਲ ਆਣ ਖੜ੍ਹੀ। ਮੈਂ ਵੇਖਿਆ, ਉਸ ਦੇ ਹੱਥ ਕੰਬ ਰਹੇ ਸੀ, ਪਰ ਕਿਸੇ ਮੂਹਰੇ ਅੱਡ ਨਹੀਂ ਸੀ ਰਹੀ। ਪਤਾ ਨਹੀਂ ਉਸ ਵੇਲੇ ਮਨ ਵਿੱਚ ਕੀ ਖ਼ਿਆਲ ਆਇਆ ਹੋਊ, ਯਾਦ ਨਹੀਂ। ਮੈਂ ਉਸ ਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ ਪਰ ਉਹ ਬੈਠੀ ਨਾ, ਹਲਕੀ ਰੌਸ਼ਨੀ ’ਚ ਵੀ ਉਸ ਦੀਆਂ ਅੱਖਾਂ ’ਚੋਂ ਕੋਈ ਕਿਰਨ ਉੱਭਰਕੇ ਮੇਰੇ ਮਨ ’ਚ ਖੁਭ ਗਈ। ਮੈਂ ਉਸ ਦਾ ਹੱਥ ਫੜ ਕੇ ਕੋਲ ਬਿਠਾ ਲਿਆ। ਹੱਥ ਇੰਜ ਜਿਵੇਂ ਬਰਫ਼ ’ਚੋਂ ਕੱਢਿਆ ਹੋਵੇ। ਮੈਂ ਬੈਗ ’ਚੋਂ ਕੰਬਲ ਕੱਢਿਆ ਤੇ ਉਸ ਉੱਤੇ ਲਪੇਟ ਦਿੱਤਾ। ਨਾਲ ਦੇ ਯਾਤਰੀ ਕਦੇ ਮੇਰੇ ਸੂਟ ਬੂਟ ਵੱਲ ਵੇਖਣ ਤੇ ਕਦੇ ਮੈਲੇ ਕੁਚੈਲੇ ਕੱਪੜਿਆਂ ਵਾਲੀ ਕੁੜੀ ਵੱਲ। ਅੰਦਰੋਂ ਅੰਦਰ ਕੁੜ੍ਹਦੇ ਮੈਂ ਵੇਖ ਲਿਆ, ਪਰ ਕੋਈ ਕੁਝ ਬੋਲਿਆ ਨਾ। ਚਾਹ ਵਾਲਾ ਆਇਆ ਤਾਂ ਕੱਪ ਦੇ ਨਾਲ ਡਬਲ ਰੋਟੀ ਦਾ ਪੀਸ ਲੈ ਕੇ ਉਸ ਨੂੰ ਦਿੱਤਾ। ਮੇਰੀ ਹਰਕਤ ਤੋਂ ਦੁਖੀ ਹੋਏ ਉੱਪਰਲੇ ਸਲੀਪਰ ਵਾਲੇ ਬਾਊ ਜੀ ਉੱਠੇ ਤੇ ਆਪਣੀ ਚਾਦਰ ਵਿਛਾ ਕੇ ਜਾ ਲੇਟੇ। ਕੁਝ ਮਿੰਟਾਂ ਬਾਅਦ ਕੁੜੀ ਨਿੱਘੀ ਹੋਈ ਤਾਂ ਮੈਂ ਉਸ ਨੂੰ ਪੁੱਛਿਆ ਬੇਟਾ ਕਿੱਥੇ ਜਾਣੈ। ਮੇਰੇ ਮੂੰਹੋਂ ਬੇਟਾ ਸੁਣ ਕੇ ਉਸ ਦੀਆਂ ਅੱਖਾਂ ’ਚ ਚਮਕ ਤੇਜ਼ ਹੋ ਗਈ ਸੀ। ਉਦਾਸ ਚਿਹਰੇ ’ਚ ਕੋਈ ਉਮੀਦ ਉੱਭਰ ਆਈ। ਕਿੰਨੀ ਦੇਰ ਉਹ ਮੇਰੇ ਮੂੰਹ ਵੱਲ ਵੇਖਦੀ ਰਹੀ। ਜਿਵੇਂ ਦੂਜੀ ਵਾਰ ਬੇਟਾ ਸੁਣਨਾ ਚਾਹੁੰਦੀ ਹੋਵੇ। ਮੈਂ ਉਸਦੇ ਚਿਹਰੇ ਦੇ ਬਦਲਦੇ ਹਾਵ ਭਾਵ ਨੋਟ ਕਰ ਰਿਹਾ ਸੀ। ਦੋ ਕੁ ਮਿੰਟਾਂ ਬਾਅਦ ਫਿਰ ਪੁੱਛਿਆ,
“ਬੇਟਾ ਤੂੰ ਦੱਸਿਆ ਨਹੀਂ, ਕਿੱਥੋਂ ਆਈ ਏਂ ਤੇ ਕਿੱਥੇ ਜਾਣੈ?’’ ਦੂਜੀ ਵਾਰ ਬੇਟਾ ਸੁਣ ਕੇ ਜਿਵੇਂ ਉਸ ਦਾ ਭੁਲੇਖਾ ਦੂਰ ਹੋ ਗਿਆ ਹੋਏ ਕਿ ਪਹਿਲਾਂ ਬੇਟਾ ਸੁਣਨ ਵਿੱਚ ਉਸ ਨੂੰ ਭੁਲੇਖਾ ਨਹੀਂ ਸੀ ਲੱਗਾ, ਸਹੀ ਸੁਣਿਆ ਸੀ।
“ਅੰਤਲ ਪਤਾ ਨ੍ਹੀਂ।’’ ਤੋਤਲਾ ਜਿਹਾ ਬੋਲਦਿਆਂ ਉਸ ਨੇ ਉੱਤਰ ਦਿੱਤਾ। ਇਕਦਮ ਹੋਰ ਕੁਝ ਪੁੱਛਣਾ ਮੈਂ ਵੀ ਠੀਕ ਨਾ ਸਮਝਿਆ ਤੇ ਉਸ ਦੁਆਲੇ ਕੰਬਲ ਚੰਗੀ ਤਰ੍ਹਾਂ ਲਪੇਟ ਕੇ ਸੌਂ ਜਾਣ ਲਈ ਕਿਹਾ।
“ਅੰਤਲ ਤੁਹੀਂ ਪੈਜੋ,’’ ਬੋਲਣ ਤੋਂ ਪਹਿਲਾਂ ਉਸ ਨੇ ਉੱਪਰ ਤੇ ਹੇਠਾਂ ਵੱਲ ਝਾਕਿਆ।
ਖੰਨੋ ਤੋਂ ਚੜ੍ਹਿਆ ਚੈਕਰ ਸਾਡੇ ਕੋਲ ਆਇਆ ਤਾਂ ਮੈਂ ਕੋਲ ਬੈਠ ਕੇ ਗੱਲ ਸੁਣਨ ਲਈ ਕਿਹਾ। ਭਲਾ ਲੋਕ ਸੀ, ਬੈਠ ਗਿਆ। ਉਸ ਨੂੰ ਕੁੜੀ ਬਾਰੇ ਦੱਸਿਆ ਤੇ ਉਸ ਦੀ ਟਿਕਟ ਮੰਗੀ। ਚੰਗੇ ਸੁਭਾਅ ਵਾਲੇ ਟੀਟੀ ਨੇ ਬਿਨਾਂ ਕੋਈ ਜੁਰਮਾਨਾ ਲਾਏ ਕੁੜੀ ਦੀ ਟਿਕਟ ਦੇ ਦਿੱਤੀ ਪਰ ਉੱਠਣ ਲੱਗਿਆਂ ਟਕੋਰ ਵੀ ਗਿਆ,
“ਸਰਦਾਰ ਜੀ, ਵੇਖਿਓ ਕਿਤੇ ਭਲਾ ਕਰਦੇ ਕਰਦੇ ਕਿਸੇ ਪੰਗੇ ’ਚ ਨਾ ਪੈ ਜਾਇਓ?’’
“ਭਾਈ ਸਾਹਿਬ ਪੰਗੇ ਵਾਲੀ ਗੱਲ ਲੱਗਦੀ ਤਾਂ ਕੋਈ ਨਹੀਂ, ਫਿਰ ਵੀ ਜੇ ਕੁਝ ਹੋ ਹੀ ਗਿਆ ਤਾਂ ਤੁਹਾਡੇ ਸਮੇਤ ਐਨੇ ਸਾਰੇ ਗਵਾਹ ਨੇ ਮੇਰੇ ਕੋਲ।’’ ਮੈਂ ਗੱਲ ਨੂੰ ਹਾਸੇ ਵਿੱਚ ਪਾਉਣ ਦਾ ਯਤਨ ਕੀਤਾ ਤੇ ਮੁਸਕਰਾਉਂਦਾ ਹੋਇਆ ਟੀਟੀ ਉੱਠ ਕੇ ਤੁਰ ਪਿਆ।
ਬੇਸ਼ੱਕ ਮੈਂ ਟੀਟੀ ਦੀ ਗੱਲ ਨੂੰ ਹਾਸੇ ਵਿੱਚ ਟਾਲ ਦਿੱਤਾ ਸੀ, ਪਰ ਮੈਨੂੰ ਸੋਚਣ ਲਈ ਮਜਬੂਰ ਹੋਣਾ ਪਿਆ। ਭਲਾ ਕਰਦੇ ਕਰਦੇ ਕਿਤੇ ਲੈਣੇ ਦੇ ਦੇਣੇ ਨਾ ਪੈ ਜਾਣ, ਸਵਾਲ ਮੇਰੇ ਦਿਮਾਗ਼ ’ਚ ਟਿੱਕ ਟਿੱਕ ਕਰਨ ਲੱਗ ਪਿਆ। ਦੋਹਰੇ ਕੀਤੇ ਕੰਬਲ ਵਿੱਚ ਲਿਪਟੀ ਕੁੜੀ ਗੂੜ੍ਹੀ ਨੀਂਦ ਸੁੱਤੀ ਪਈ ਸੀ ਤੇ ਮੈਂ ਲੋਈ ਦੀ ਬੁੱਕਲ ਵਿੱਚ ਬੈਠਾ ਉਸ ਦੇ ਭਵਿੱਖ ਦੀ ਉਧੇੜ ਬੁਣ ਵਿੱਚ ਰੁੱਝਿਆ ਹੋਇਆ ਸੀ। ਸਟੇਸ਼ਨ ਆਉਂਦੇ ਤੇ ਲੰਘਦੇ ਗਏ। ਕੁੱਕੜ ਬਾਂਗ ਦਾ ਵੇਲਾ ਅਜੇ ਨਹੀਂ ਸੀ ਹੋਇਆ, ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਜਾ ਖੜ੍ਹੀ ਹੋਈ। ਕੁੜੀ ਨੂੰ ਜਗਾਇਆ, ਬੈਗ ਮੋਢੇ ’ਤੇ ਪਾ ਕੇ ਦੂਜੇ ਹੱਥ ਕੁੜੀ ਦੀ ਉਂਗਲ ਫੜੀ ਮੈਂ ਰੇਲਵੇ ਪੁਲੀਸ ਥਾਣੇ ਜਾ ਪਹੁੰਚਿਆ। ਆਪਣਾ ਸ਼ਨਾਖਤੀ ਕਾਰਡ ਵਿਖਾ ਕੇ ਮੁਨਸ਼ੀ ਨੂੰ ਕਹਾਣੀ ਦੱਸੀ। ਬਿਨਾਂ ਕੋਈ ਫਾਲਤੂ ਸਵਾਲ ਪੁੱਛੇ ਉਹ ਰਿਪੋਰਟ ਲਿਖਣ ਲੱਗ ਪਿਆ ਤੇ ਦਸਤਖ਼ਤ ਕਰਵਾ ਕੇ ਇੱਕ ਕਾਪੀ ਮੇਰੇ ਹੱਥ ਫੜਾਉਂਦੇ ਹੋਏ ਨਿਮਰਤਾ ਨਾਲ ਸਵਾਲ ਕੀਤਾ,
“ਸਾਹਿਬ ਜੇ ਬਹੁਤੇ ਲੋਕ ਤੁਹਾਡੇ ਵਰਗੇ ਹੋ ਜਾਣ ਤਾਂ ਲੋਕਾਂ ਨੂੰ ਕਲਯੁੱਗ ਦਾ ਚੇਤਾ ਭੁੱਲ ਜਾਊ?’’
ਮੈਂ ਧੰਨਵਾਦ ਕੀਤਾ ਤੇ ਉੱਠ ਕੇ ਆਪਣਾ ਹੱਥ ਉਸ ਵੱਲ ਕੀਤਾ, ਜੋ ਉਸ ਨੇ ਦੋਹਾਂ ਹੱਥਾਂ ਵਿੱਚ ਘੁੱਟ ਲਿਆ। ਕਿੰਨੀ ਦੇਰ ਉਸ ਨੇ ਨਜ਼ਰ ਮੇਰੇ ਚਿਹਰੇ ’ਤੇ ਗੱਡੀ ਰੱਖੀ। ਮੈਂ ਆਟੋ ਕੀਤਾ, ਰਸਤੇ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੁੱਲ੍ਹੀ ਵੇਖ ਕੇ ਕੁੜੀ ਲਈ ਕੁਝ ਕੱਪੜੇ ਖਰੀਦੇ ਤੇ ਆਪਣੇ ਹੋਸਟਲ ਪਹੁੰਚ ਗਿਆ। ਹੀਟਰ ਔਨ ਕਰਕੇ ਕਮਰਾ ਨਿੱਘਾ ਕੀਤਾ। ਮੈੱਸ ’ਚ ਬ੍ਰੇਕਫਾਸਟ ਤਿਆਰ ਹੋ ਰਿਹਾ ਸੀ। ਦੁੱਧ ਦਾ ਗਲਾਸ ਤੇ ਬ੍ਰੈੱਡ ਲਿਆ ਕੇ ਕੁੜੀ ਨੂੰ ਖਵਾਈ ਤੇ ਦਫ਼ਤਰ ਨੂੰ ਛੁੱਟੀ ਦਾ ਸੰਦੇਸ਼ ਭੇਜ ਦਿੱਤਾ। ਦੋ ਕੁ ਦੋਸਤਾਂ ਨਾਲ ਗੱਲ ਕੀਤੀ। ਦੋਹਾਂ ਦਾ ਵਿਚਾਰ ਸੀ ਕਿ ਖ਼ਰਚ ਸਹਿਣ ਕਰ ਸਕਾਂ ਤਾਂ ਕਿਸੇ ਸਕੂਲ ਦੇ ਹੋਸਟਲ ਦਾਖਲ ਕਰਾ ਦੇਵਾਂ। ਰਾਤ ਭਾਰ ਮੇਰੇ ਮਨ ’ਚ ਵੀ ਇਹੀ ਵਿਉਂਤ ਬਣਦੀ ਰਹੀ ਸੀ। ਥੋੜ੍ਹੀ ਦੇਰ ਬਾਅਦ ਹੋਸਟਲ ਦੇ ਕੋਲ ਕੁਆਟਰਾਂ ਵਿੱਚ ਰਹਿੰਦਾ ਸੇਵਾਦਾਰ ਆਪਣੀ ਪਤਨੀ ਨੂੰ ਸੱਦ ਲਿਆਇਆ ਤੇ ਕੁੜੀ ਨੂੰ ਨੁਹਾ ਕੇ ਤਿਆਰ ਕਰਨ ਲਈ ਕਿਹਾ। ਨਵੇਂ ਕੱਪੜਿਆਂ ਵਿੱਚ ਕੁੜੀ ਵੱਲ ਵੇਖ ਕੇ ਮੈਨੂੰ ਵੀ ਹੈਰਾਨੀ ਹੋਈ। ਸਕੂਲਾਂ ਨਾਲ ਰਾਬਤਾ ਰੱਖਦੇ ਆਪਣੇ ਦੋਸਤ ਨੂੰ ਸੱਦਿਆ। ਥੋੜ੍ਹੀ ਦੇਰ ਬਾਅਦ ਅਸੀਂ ਰਿਹਾਇਸ਼ੀ ਸਕੂਲ ਦੀ ਪ੍ਰਿੰਸੀਪਲ ਦੇ ਦਫ਼ਤਰ ਸੀ। ਕੁੜੀ ਨੇ ਸਵੇਰੇ ਦੱਸਿਆ ਸੀ ਕਿ ਪਿਛਲੀ ਲੋਹੜੀ ਵਾਲੇ ਦਿਨ ਡੈਡੀ ਕਿਸੇ ਦੇ ਘਰ ਖੂਹੀ ਪੁੱਟਦਿਆਂ ਮਰ ਗਿਆ ਤਾਂ ਮੰਮੀ ਨੇ ਨਵਾਂ ਡੈਡੀ ਲੈ ਆਂਦਾ ਸੀ, ਜੋ ਦੋਹਾਂ ਭੈਣਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਦਾ ਸੀ। ਉਸ ਦਿਨ ਸਵੇਰੇ ਉਸ ਦੀ ਮਾਂ ਦੋਹਾਂ ਧੀਆਂ ਨੂੰ ਲੈ ਕੇ ਗੱਡੀ ਚੜ੍ਹੀ, ਵੱਡੀ ਨੂੰ ਗੱਡੀ ’ਚੋਂ ਪਹਿਲੇ ਸਟੇਸ਼ਨ ’ਤੇ ਉਤਾਰ ਦਿੱਤਾ ਤੇ ਅਗਲੇ ਸਟੇਸ਼ਨ ’ਤੇ ਉਸ ਨੂੰ ਗੱਡੀ ਵਿੱਚ ਛੱਡ ਕੇ ਆਪ ਉਤਰ ਗਈ ਸੀ। ਪਹਿਲੀ ਵਾਰ ਗੱਡੀ ਵੇਖਣ ਵਾਲੀ ਕੁੜੀ ਨੂੰ ਨਹੀਂ ਸੀ ਪਤਾ ਕਿ ਸਟੇਸ਼ਨਾਂ ਦੇ ਵੀ ਨਾਂਅ ਹੁੰਦੇ ਨੇ। ਉਸ ਨੂੰ ਇਹ ਯਾਦ ਸੀ ਕਿ ਮਾਂ ਤਾਂ ਕਮਲੀ ਕਹਿ ਕੇ ਬਲਾਉਂਦੀ ਸੀ, ਪਰ ਡੈਡੀ ਕਮਲਜੀਤ ਕਹਿੰਦਾ ਹੁੰਦਾ ਸੀ।
ਪ੍ਰਿੰਸੀਪਲ ਨੇ ਕੁੜੀ ਦੇ ਦਾਖਲੇ ਲਈ ਫਾਰਮ ਭਰਨ ਲਈ ਦਿੱਤਾ। ਕਮਲਜੀਤ ਲਿਖਣ ਤੋਂ ਬਾਅਦ ਪਿਤਾ ਦਾ ਨਾਂ ਲਿਖਣਾ ਸੀ। ਕੀ ਲਿਖਾਂ, ਮੈਂ ਸੋਚਣ ਲੱਗਿਆ। ਦੋਸਤ ਨੇ ਹੁੱਝ ਮਾਰ ਕੇ ਅਵਿਨਾਸ਼ ਲਿਖਵਾ ਦਿੱਤਾ। ਮੈਂ ਉਸ ਦਾ ਭਾਵ ਸਮਝ ਗਿਆ ਸੀ ਕਿਉਂਕਿ ਸਾਨੂੰ ਕੁੜੀ ਦੇ ਧਰਮ ਬਾਰੇ ਪਤਾ ਨਹੀਂ ਸੀ। ਸੋ ਉਸ ਨੂੰ ਕੌਰ, ਕੁਮਾਰੀ ਤੇ ਉਸ ਦੇ ਪਿਤਾ ਨੂੰ ਸਿੰਘ ਤੇ ਕੁਮਾਰ ਦੇ ਝੰਜਟ ਤੋਂ ਮੁਕਤ ਕਰ ਦਿੱਤਾ। ਪ੍ਰਿੰਸੀਪਲ ਨੂੰ ਫਾਰਮ ਫੜਾਇਆ ਤੇ ਫੀਸ ਪੁੱਛੀ। ਪਤਾ ਨਹੀਂ ਉਸ ਨੂੰ ਸਾਡੀ ਗੱਲ ਸੁਣ ਕੇ ਤਰਸ ਆਇਆ ਸੀ ਜਾਂ ਅਧਿਕਾਰ ਸੀ। ਉਸ ਨੇ ਕਿਹਾ ਇਸ ਦੀ ਅੱਧੀ ਫੀਸ ਮੁਆਫ਼ ਕਰ ਦਿੰਦੀ ਹਾਂ ਤੇ ਬਾਕੀ ਅੱਧੀ ਤੁਸੀਂ 6-6 ਮਹੀਨੇ ਬਾਅਦ ਭੇਜੀ ਜਾਇਓ। ਮੈਂ ਖਾਲੀ ਚੈੱਕ ’ਤੇ ਦਸਤਖ਼ਤ ਕਰਕੇ ਉਸ ਵੱਲ ਵਧਾਇਆ ਤੇ 6 ਮਹੀਨੇ ਦੀ ਫੀਸ ਦੀ ਰਕਮ ਭਰਨ ਲਈ ਕਿਹਾ। ਉਸ ਨੇ ਕਲਰਕ ਨੂੰ ਸੱਦਿਆ ਤੇ 10 ਕੁ ਮਿੰਟਾਂ ਵਿੱਚ ਰਸੀਦ ਮੇਰੇ ਮੂਹਰੇ ਲਿਆ ਰੱਖੀ, ਜੋ ਮੇਰੀ ਉਮੀਦ ਤੋਂ ਕਾਫ਼ੀ ਘੱਟ ਸੀ। ਕੁੜੀ ਦਾ ਸਿਰ ਪਲੋਸਦੇ ਤੇ ਕੁਝ ਗੱਲਾਂ ਸਮਝਾਉਂਦੇ ਹੋਏ ਮੈਂ ਉਸ ਨੂੰ ਹੋਸਟਲ ਦੇ ਕਮਰੇ ’ਚ ਛੱਡ ਆਇਆ। ਤਿੰਨ ਸਾਲ ਤੱਕ ਦਿੱਲੀ ਰਹਿੰਦੇ ਹੋਏ ਮੈਂ ਹਰ ਮਹੀਨੇ ਕਮਲਜੀਤ ਨੂੰ ਮਿਲਣ ਜਾਂਦਾ ਰਿਹਾ। ਜਲੰਧਰ ਦੀ ਬਦਲੀ ਤੋਂ ਬਾਅਦ ਕਦੇ ਕਦਾਈਂ ਪ੍ਰਿੰਸੀਪਲ ਦੇ ਫੋਨ ਰਾਹੀਂ ਉਸ ਨਾਲ ਗੱਲ ਹੋ ਜਾਂਦੀ, ਪਰ ਦਿੱਲੀ ਨਾ ਜਾ ਹੋਇਆ। ਕੁੜੀ ਨੇ ਦਸਵੀਂ ਕੀਤੀ ਤਾਂ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ’ਚੋਂ ਫਸਟ ਆਉਣ ਕਰਕੇ ਕਮੇਟੀ ਨੇ ਕੁੜੀ ਦੀ ਅਗਲੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕ ਲਿਆ ਹੈ, ਇਸ ਲਈ ਹੁਣ ਫੀਸ ਭੇਜਣ ਦੀ ਜ਼ਰੂਰਤ ਨਹੀਂ। ਨੌਕਰੀ ਤੇ ਘਰੇਲੂ ਰੁਝੇਵਿਆਂ ਵਿੱਚ ਕੁੜੀ ਦਾ ਚੇਤਾ ਫਿੱਕਾ ਪੈਂਦਾ ਗਿਆ ਤੇ ਬਦਲਦੇ ਰਹੇ ਕੈਲੰਡਰਾਂ ਦੀ ਗਿਣਤੀ ਦੇ ਨਾਲ ਚੇਤਿਆਂ ਵਾਲੀ ਪਟਾਰੀ ਦੀਆਂ ਤਹਿਆਂ ’ਚ ਸਮਾ ਕੇ ਉਹ ਘਟਨਾ ਲੋਪ ਹੋ ਗਈ। ਸਾਡੇ ਬੇਟਾ ਤੇ ਬੇਟੀ ਉੱਚ ਪੜ੍ਹਾਈ ਲਈ ਅਮਰੀਕਾ ਗਏ ਤੇ ਬਾਅਦ ਵਿੱਚ ਉੱਥੋਂ ਦੇ ਹੋ ਕੇ ਰਹਿ ਗਏ। ਆਪਣੀ ਸੇਵਾਮੁਕਤੀ ਤੋਂ ਬਾਅਦ ਅਸੀਂ ਅਮਰੀਕਾ ਦੇ ਵੀਜ਼ੇ ਲੁਆ ਲਏ ਤੇ ਦੋਵੇਂ ਵਿਆਹੁਤਾ ਬੱਚਿਆਂ ’ਚੋਂ ਕਿਸੇ ਨੂੰ ਸਾਡੀ ਲੋੜ ਪੈਣ ’ਤੇ ਟਿਕਟ ਲੈ ਕੇ ਜਹਾਜ਼ ਚੜ੍ਹਨ ਵਾਲੇ ਬਣ ਗਏ।
ਉਦੋਂ ਅਸੀਂ ਦੂਜੀ ਵਾਰ ਅਮਰੀਕਾ ਗਏ ਸੀ ਤੇ ਕੁਝ ਮਹੀਨੇ ਰਹਿਣਾ ਸੀ। ਉਸ ਦਿਨ ਵੀ ਬੇਟੇ ਨੇ ਮਸੂਰੀ ਦੇ ਪ੍ਰੋਗਰਾਮ ਵਾਂਗ ਲੌਂਗ ਡਰਾਈਵ ’ਤੇ ਲਾਸ ਵੇਗਾਸ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕਾਰ ਦੀ ਵਾਟ ਤਾਂ ਲੰਮੀ ਸੀ, ਪਰ ਉਜਾੜ ’ਚੋਂ ਲੰਘਦਿਆਂ ਵੀ ਚੰਗਾ ਚੰਗਾ ਲੱਗਦਾ ਸੀ। ਕਿਤੇ ਤਾਂ ਦੂਰ ਦੂਰ ਤੱਕ ਸੁੱਕੇ ਰੇਤਲੇ ਪਹਾੜ ਦਿਸਦੇ ਤੇ ਕਿਧਰੇ ਥੋੜ੍ਹੇ ਬਹੁਤੇ ਬਾਗ਼ ਨਜ਼ਰੀਂ ਪੈ ਜਾਂਦੇ ਪਰ ਕਾਰਾਂ ਦੇ ਕਾਫਲੇ ਨਾ ਟੁੱਟਦੇ। ਇੰਜ ਲੱਗੇ ਜਿਵੇਂ ਅੱਧੇ ਅਮਰੀਕਨ ਉਸੇ ਸੜਕ ’ਤੇ ਆ ਗਏ ਹੋਣ। ਸਾਡੇ ਪਹੁੰਚਣ ਤੱਕ ਸੂਰਜ ਦੀਆਂ ਕਿਰਨਾਂ ਲਾਲਗੀ ਵਿੱਚ ਬਦਲਣ ਲੱਗ ਪਈਆਂ ਸਨ। ਰਮਨ ਨੇ ਚੱਲਣ ਤੋਂ ਪਹਿਲਾਂ ਹੋਟਲ ਦੇ ਕਮਰੇ ਬੁੱਕ ਕਰਵਾ ਲਏ ਸਨ। ਸ਼ਹਿਰ ’ਚ ਵੜਦੇ ਹੀ ਲੱਗਣ ਲੱਗ ਪਿਆ ਸੀ ਕਿ ਸਮੁੱਚਾ ਲਾਸ ਵੇਗਾਸ ਸੈਲਾਨੀਆਂ ’ਤੇ ਨਿਰਭਰ ਹੈ। ਹੋਟਲ ’ਚੋਂ ਫਰੈੱਸ਼ ਹੋ ਕੇ ਸੜਕ ’ਤੇ ਨਿਕਲੇ ਤਾਂ ਹਰ ਪਾਸੇ ਜੂਏਖਾਨੇ, ਹੋਟਲਾਂ, ਰੈਸਟੋਰੈਂਟਾਂ ਤੇ ਮਸਾਜ ਕੇਂਦਰਾਂ ਦੇ ਬੋਰਡ ਨਜ਼ਰ ਪੈਂਦੇ। ਸ਼ਹਿਰ ਦੀ ਵਿਉਂਤਬੰਦੀ ਕਮਾਲ ਦੀ ਹੈ। ਬੋਰਡਾਂ ਤੋਂ ਮਿਲਦੇ ਸੰਕੇਤਾਂ ਤੋਂ ਪਤਾ ਲੱਗਾ ਕਿ ਉੱਥੋਂ ਦੇ ਕਾਫ਼ੀ ਕਾਰੋਬਾਰੀ ਪੰਜਾਬੀ ਹਨ। ਆਪਣੇ ਵਾਲੇ ਹੋਟਲ ਵੜਦੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਵੱਡ ਆਕਾਰੀ ਫੋਟੋ ਅਤੇ ਹੋਟਲ ਦੇ ਨਾਂ ਤੋਂ ਸਾਨੂੰ ਯਕੀਨ ਹੋ ਗਿਆ ਸੀ ਕਿ ਉਸ ਦਾ ਮਾਲਕ ਕੋਈ ਦੁਆਬੀਆ ਹੋਊ ਜੋ ਬਾਅਦ ’ਚ ਸੱਚ ਹੋਇਆ। ਰਾਤ ਨੂੰ ਪਾਰਕਾਂ ਵਿੱਚ ਰੌਸ਼ਨੀਆਂ ਦੇ ਨਜ਼ਾਰੇ ਉੱਥੋਂ ਦੀ ਸੈਰ ਦਾ ਮੁਫ਼ਤ ਤੋਹਫਾ ਬਣਦੇ ਹਨ।
ਅਗਲੇ ਦਿਨ ਥੋੜ੍ਹਾ ਘੁੰਮ ਫਿਰ ਕੇ ਅਤੇ ਥੋੜ੍ਹੀ ਬਹੁਤ ਖਰੀਦਦਾਰੀ ਕਰਕੇ ਅਸੀਂ ਫੁੱਲਾਂ ਨਾਲ ਲੱਦੇ ਪਾਰਕ ਦੇ ਬੈਂਚ ’ਤੇ ਬੈਠੇ ਸੀ। ਬੈਂਚ ਦੇ ਸੱਜੇ ਪਾਸੇ ਕਿਸੇ ਹੋਟਲ ਦੀ ਵਿਸ਼ਾਲ ਇਮਾਰਤ ਸੀ। ਪਾਰਕ ਵਾਲੇ ਪਾਸੇ ਕਮਰਿਆਂ ਦੇ ਵੱਡੇ ਵੱਡੇ ਸ਼ੀਸ਼ੇ ਸਨ ਜੋ ਸ਼ਾਇਦ ਸੈਲਾਨੀਆਂ ਨੂੰ ਪਾਰਕ ਦੇ ਨਜ਼ਾਰੇ ਵਿਖਾਉਣ ਲਈ ਲਾਏ ਗਏ ਹੋਣਗੇ। ਮੈਂ ਵੇਖਿਆ, ਥੋੜ੍ਹੀ ਦੂਰ ਜ਼ਖਮੀ ਹੋਇਆ ਕਾਂ ਜ਼ਮੀਨ ’ਤੇ ਆਣ ਡਿੱਗਾ ਤੇ ਫੜਫੜਾ ਰਿਹਾ ਸੀ। ਮੈਂ ਉੱਠਿਆ, ਉਸ ਨੂੰ ਚੁੱਕਿਆ ਤੇ ਹਥੇਲੀ ’ਚ ਪਾਣੀ ਲੈ ਕੇ ਉਸ ਦੀ ਚੁੰਝ ਡੁਬੋਈ, ਉਸ ਨੇ ਦੋ ਕੁ ਘੁੱਟਾਂ ਭਰੀਆਂ ਤੇ ਮੈਂ ਉਸ ਨੂੰ ਉੱਚੀ ਥਾਂ ’ਤੇ ਬੈਠਾ ਆਇਆ। ਥੋੜ੍ਹੀ ਦੇਰ ਬਾਅਦ ਉਹ ਖੰਭ ਫੈਲਾਉਣ ਦੇ ਯਤਨ ਕਰਦਾ ਰਿਹਾ ਤੇ ਬਾਅਦ ਵਿੱਚ ਉੱਡ ਗਿਆ। 5-10 ਮਿੰਟ ਹੋਰ ਲੰਘੇ ਹੋਣਗੇ, ਕਿਸੇ ਅਣਜਾਣ ਬੰਦੇ ਨੇ ਸਾਹਮਣੇ ਆ ਕੇ ਹੱਥ ਜੋੜੇ ਤੇ ਪੁੱਛਿਆ, ਤੁਸੀਂ ਹਰਜੀਤ ਸਿੰਘ ਸੋਢੀ ਹੋ, ਹੈਰਾਨੀ ਦੇ ਨਾਲ ਹਾਂ ਵਿੱਚ ਸਿਰ ਹਿੱਲਦਾ ਵੇਖ ਉਸ ਨੇ ਕਿਹਾ ਕਿ ਸਾਹਮਣੇ ਵਾਲੇ ਹੋਟਲ ਦੀ ਮਾਲਕਣ ਨੇ ਤੁਹਾਨੂੰ ਬੁਲਾਇਆ। ਉਸ ਦਾ ਇਸ਼ਾਰਾ ਸੱਜੇ ਪਾਸੇ ਦਿਸਦੇ ਉਸੇ ਹੋਟਲ ਵੱਲ ਸੀ, ਜਿਸ ਦੇ ਸ਼ੀਸ਼ੇ ਪਾਰਕ ਵੱਲ ਸਨ। ਮੇਰੀ ਹੈਰਾਨੀ ’ਚ ਹੋਰ ਵਾਧਾ ਹੋ ਗਿਆ। ਇੱਥੇ ਕੌਣ ਮੇਰੀ ਵਾਕਫ ਹੋ ਸਕਦੀ ਹੈ, ਉਹ ਵੀ ਹੋਟਲ ਦੀ ਮਾਲਕਣ ? ਮੈਂ ਤੇਜ ਤੇ ਰਮਨ ਨੂੰ ਦੱਸਿਆ, ਉਨ੍ਹਾਂ ਨੂੰ ਬਹੁਤੀ ਹੈਰਾਨੀ ਨਾ ਹੋਈ, ਉਹ ਇੰਜ ਦੇ ਹਾਲਾਤ ’ਚੋਂ ਲੰਘੇ ਹੋਏ ਸਨ।
“ਪਾਪਾ ਕੋਈ ਹੋਊ ਇੰਡੀਆ ਤੋਂ, ਜਿਸ ਨੇ ਤੁਹਾਨੂੰ ਪਹਿਚਾਣ ਲਿਆ। ਸ਼ਾਇਦ ਉਸ ਨੇ ਆਪਣੇ ਹੋਟਲ ’ਚ ਸਸਤੇ ਰੇਟ ’ਤੇ ਰਹਿਣ ਦੀ ਪੇਸ਼ਕਸ਼ ਕਰਨੀ ਹੋਏ?’’ ਰਮਨ ਨੇ ਕਿਹਾ ਤਾਂ ਸੁਭਾਇਕ ਸੀ ਪਰ ਮੈਨੂੰ ਲੱਗਿਆ ਕੁੜੀ ਨੂੰ ਕੋਈ ਮਜ਼ਾਕ ਸੁੱਝਿਆ। ਅਸੀਂ ਉਸ ਭਾਈ ਦੇ ਪਿੱਛੇ ਪਿੱਛੇ ਹੋ ਤੁਰੇ। ਮੇਮਾਂ ਵਾਂਗ ਸਜੀ ਧਜੀ ਕੁੜੀ ਹੋਟਲ ਦੇ ਐਂਟਰੀ ਗੇਟ ’ਤੇ ਸਾਨੂੰ ਉਡੀਕ ਰਹੀ ਸੀ। ਅੰਦਰ ਲੰਘਦੇ ਹੀ ਉਸ ਨੇ ਬਾਹਾਂ ਉਲਾਰਦੇ ਹੋਏ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਸ ਦੀਆਂ ਗਰਮ ਸਾਹਾਂ ਤੇ ਅੱਖਾਂ ’ਚੋਂ ਡਿੱਗਦੇ ਕੋਸੇ ਪਾਣੀ ਦੇ ਤੁਪਕਿਆਂ ਦਾ ਅਹਿਸਾਸ ਮੈਨੂੰ ਹੁੰਦਾ ਰਿਹਾ। ਪਤਾ ਨਹੀਂ ਟਰੇਨ ਵਿੱਚ ਉਸ ਉੱਪਰ ਲਪੇਟੇ ਕੰਬਲ ’ਚੋਂ ਉਸਦੇ ਸਰੀਰ ਦੀ ਖੁਸ਼ਬੋਅ ਜਾਂ ਕੁਝ ਹੋਰ ਉਸ ਦੇ ਲਿਪਟਦਿਆਂ ਹੀ ਮੈਨੂੰ ਕਮਲਜੀਤ ਦਾ ਚੇਤਾ ਆ ਗਿਆ ਸੀ ਪਰ ਹੋਟਲ ਦੀ ਮਾਲਕਣ ਵਾਲੀ ਗੱਲ ’ਤੇ ਵਿਸ਼ਵਾਸ਼ ਨਹੀਂ ਸੀ ਹੋ ਰਿਹਾ। ਜੱਫੀ ਢਿੱਲੀ ਹੋਈ ਤਾਂ ਮੈਂ ਉਸਦੇ ਚਿਹਰੇ ’ਤੇ ਨਜ਼ਰ ਮਾਰੀ, ਨੈਣ ਨਕਸ਼ ਕਮਲਜੀਤ ਵਾਲੇ ਹੀ ਸਨ ਤੇ ਉਸ ਦੀਆਂ ਅੱਖਾਂ ’ਚ ਝਾਕਿਆਂ ਤਾਂ ਭਰਮ ਦੂਰ ਹੋ ਗਿਆ।
‘ਆਹ ਤੇਰੀ ਮੰਮੀ, ਤੇਰਾ ਵੀਰ, ਭਾਬੀ ਤੇ ਨੰਨ੍ਹਾ ਭਤੀਜਾ। ਮੈਂ ਇੱਕੋ ਵਾਰ ਸਭ ਦਾ ਤੁਆਰਫ਼ ਕਰਵਾ ਦਿੱਤਾ। ਬੇਸ਼ੱਕ ਉਸ ਦੇ ਗੱਲ ਲੱਗਣ ਵੇਲੇ ਅੱਖਾਂ ਮੇਰੀਆਂ ਵੀ ਸਿੱਲੀਆਂ ਹੋ ਗਈਆਂ ਸਨ ਪਰ ਮੈਂ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ। ਤਿੰਨਾਂ ਨਾਲ ਗਲੇ ਮਿਲ ਕੇ ਉਸ ਨੇ ਭਤੀਜੇ ਨੂੰ ਚੁੱਕ ਲਿਆ ਤੇ ਸਾਡੇ ਮੂਹਰੇ ਹੋ ਤੁਰੀ। ਆਪਣੇ ਦਫ਼ਤਰ ਬੈਠਾ ਕੇ ਉਸ ਨੇ ਪਿਛਲੇ 14-15 ਸਾਲ ਦਾ ਬਿਰਤਾਂਤ ਛੋਹ ਲਿਆ। ਸੈਕੰਡਰੀ ਇਮਤਿਹਾਨ ਉਸ ਨੇ 9 ਸਾਲਾਂ ਵਿੱਚ ਪਾਸ ਕਰ ਲਿਆ ਸੀ। ਮੈਰਿਟ ’ਚ ਆਉਣ ਕਰਕੇ ਅਮਰੀਕਨ ਕੰਪਨੀ ਨੇ ਉਸ ਨੂੰ ਅਡੌਪਟ ਕਰਕੇ ਉੱਚ ਸਿੱਖਿਆ ਲਈ ਸੱਦ ਲਿਆ। ਅਗਲੇ ਪੰਜ ਸਾਲਾਂ ’ਚ ਉਸ ਦੇ ਹੱਥ ਹੋਟਲ ਮੈਨੇਜਮੈਂਟ ਦੀ ਮਾਸਟਰ ਡਿਗਰੀ ਸੀ। ਗੋਰਾ ਜਮਾਤੀ ਪਹਿਲਾਂ ਦੋਸਤ ਤੇ ਬਾਅਦ ’ਚ ਪਤੀ ਬਣ ਗਿਆ ਤੇ ਉਸ ਦੇ ਬਾਪ ਨੇ ਉਹ ਹੋਟਲ ਇਨ੍ਹਾਂ ਨੂੰ ਸੌਂਪ ਦਿੱਤਾ ਸੀ ਜੋ ਮੰਦੀ ਦੇ ਦਿਨਾਂ ’ਚ ਵੀ ਫੁੱਲ ਰਹਿੰਦਾ ਸੀ। ਨਾਂਹ ਕਰਨ ਦੇ ਬਾਵਜੂਦ ਉਸ ਨੇ ਸਾਨੂੰ ਆਪਣੇ ਕੋਲ ਰੱਖ ਲਿਆ ਤੇ ਆਸ ਪਾਸ ਖ਼ੂਬ ਘੁਮਾਇਆ। ਤੇਜ ਤੇ ਰਮਨ ਨੇ ਨਾ ਰਹਿ ਸਕਣ ਦੀ ਮਜਬੂਰੀ ਉਸ ਨੂੰ ਦੱਸ ਦਿੱਤੀ ਸੀ। ਦੋ ਹਫ਼ਤੇ ਬਾਅਦ ਉਹ ਤੇ ਉਸ ਦਾ ਪਤੀ ਸਾਨੂੰ ਏਅਰ ਪੋਰਟ ਛੱਡਣ ਆਏ ਤੇ ਵਿਦਾਈ ਵੇਲੇ ਫਿਰ ਉਸ ਦੀ ਜਕੜ ਕਿੰਨੀ ਦੇਰ ਢਿੱਲੀ ਨਹੀਂ ਸੀ ਹੋਈ। ਗੋਰੇ ਦੀ ਜੱਫੀ ਨੇ ਪੰਜਾਬੀਆਂ ਦੀ ਉਹ ਧਾਰਨਾ ਰੱਦ ਕਰਵਾ ਦਿੱਤੀ ਕਿ ਗੋਰਿਆਂ ਦੇ ਮਨਾਂ ’ਚ ਤੇਹ ਮੋਹ ਨਹੀਂ ਹੁੰਦਾ। ਮੈਨੂੰ ਉਸ ਦਿਨ ਪਤਾ ਲੱਗਾ ਕਿ ਸਾਡੇ ਤੋਂ ਵੀ ਜ਼ਿਆਦਾ ਹੁੰਦਾ। ਜਹਾਜ਼ ’ਚ ਬੈਠੇ ਨੂੰ ਕਈ ਸਾਲ ਪਹਿਲਾਂ ਸੁਣੇ ਗਾਣੇ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਕਿਹੜੇ ਦੇਸ਼ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ ਅਸੀਂ ਉੱਡ ਜਾਣਾ, ਦੇ ਬੋਲ ਵਾਰ ਵਾਰ ਗੂੰਜ ਰਹੇ ਸਨ ਤੇ ਮਨ ਉਸ ਰਾਤ ਟਰੇਨ ਵਿੱਚ ਕੁੜੀ ਦੀਆਂ ਲਾਚਾਰ ਅੱਖਾਂ ਤੇ ਠਰ੍ਹੇ ਹੋਏ ਕੰਬਦੇ ਹੱਥਾਂ ’ਚੋਂ ਭੜਕੇ ਤਰਸ ਵਾਲੇ ਪਲਾਂ ਦੀ ਤਸੱਲੀ ਵਿੱਚ ਗੜੁੱਚ ਸਨ, ਜਿਸ ਨੇ ਰਾਹ ਦਸੇਰਾ ਬਣ ਕੇ ਕੁੜੀ ਨੂੰ ਕਿੱਥੋਂ ਕਿੱਥੇ ਪਹੁੰਚਾ ਦਿੱਤਾ ਸੀ। ਜਹਾਜ਼ ’ਚ ਬੈਠਾ ਮੈਂ ਉਸ ਰਾਤ ਨਿੱਕੀ ਜਿਹੀ ਕੁੜੀ ਦੇ ਠਰ੍ਹੇ ਹੱਥਾਂ ਦੇ ਨਿੱਘ ਦੇ ਨਾਲ ਨਾਲ ਫਖ਼ਰ ਵੀ ਮਹਿਸੂਸ ਕਰ ਰਿਹਾ ਸੀ।
ਸੰਪਰਕ: +16044427676

Advertisement

Advertisement
Author Image

joginder kumar

View all posts

Advertisement