For the best experience, open
https://m.punjabitribuneonline.com
on your mobile browser.
Advertisement

ਮੌਸਮ ਦੀ ਤਪਸ਼ ਨੇ ਠੰਢਾ ਕੀਤਾ ਚੋਣ ਪ੍ਰਚਾਰ

07:42 AM May 09, 2024 IST
ਮੌਸਮ ਦੀ ਤਪਸ਼ ਨੇ ਠੰਢਾ ਕੀਤਾ ਚੋਣ ਪ੍ਰਚਾਰ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 8 ਮਈ
ਮੌਸਮ ਵਿੱਚ ਇਕਦਮ ਵਧੀ ਤਪਸ਼ ਦਾ ਪ੍ਰਭਾਵ ਚੋਣ ਸਰਗਰਮੀਆਂ ’ਤੇ ਪੈਣ ਲੱਗਿਆ ਹੈ। ਗਰਮੀ ਕਾਰਨ ਹੁਣ ਸਵੇਰ 11 ਵਜੇ ਤੋਂ ਲੈ ਕੇ ਦੁਪਹਿਰ ਚਾਰ ਵਜੇ ਤੱਕ ਕਿਧਰੇ ਚੋਣ ਸਰਗਰਮੀ ਦਿਖਾਈ ਨਹੀਂ ਦਿੰਦੀ| ਰਾਜਸੀ ਮਾਹਿਰਾਂ ਅਨੁਸਾਰ ਹਲਕੇ ਵਿਚ ਛੇ ਕੋਣਾ ਮੁਕਾਬਲਾ ਹੋ ਸਕਦਾ ਹੈ| ਇਥੇ ‘ਵਾਰਸ ਪੰਜਾਬ ਦੇ’ ਆਗੂ ਅੰਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਆਉਣ ਕਰਕੇ ਚੋਣ ਸਰਗਰਮੀਆਂ ਨੇ ਰਾਜਸੀ ਮੌਸਮ ਨੂੰ ਵੀ ਗਰਮ ਕਰਕੇ ਰੱਖ ਦਿੱਤਾ ਹੈ| ਇਹ ਵੀ ਹਕੀਕਤ ਹੈ ਕਿ ਇਸ ਲੋਕ ਹਲਕੇ ਵਿੱਚ ਆਉਂਦੇ ਨੌਂ ਵਿਧਾਨ ਹਲਕੇ ਸਿੱਖ ਬਹੁਗਿਣਤੀ ਵਾਲੇ ਹੀ ਹਨ| ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਆਰਐੱਸਐੱਸ ਦਾ ਬੰਦਾ ਸਾਬਤ ਕਰਨ ਦੇ ਮਾਮਲੇ ਵਿੱਚ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ| ਇਸ ਤੋਂ ਵੀ ਪਹਿਲਾਂ ਹੀ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੋਣ ਮੁਹਿੰਮ ਨੂੰ ਉਸ ਵੇਲੇ ਗਰਮਾ ਦਿੱਤਾ ਸੀ ਜਦੋਂ ਉਨ੍ਹਾਂ ਪਛੜੀਆਂ ਜਾਤੀਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ| ਕਿਸਾਨਾਂ ਨੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਕੇ ਸਿਰਦਰਦੀ ਪੈਦਾ ਕਰ ਦਿੱਤੀ ਸੀ, ਜਿਹੜੀ ਹੁਣ ਕੁਝ ਮੱਠੀ ਹੋਈ ਹੈ| ਖਡੂਰ ਸਾਹਿਬ ਖੇਤਰ ਦੇ ਕਿਸਾਨ ਦਲਬੀਰ ਸਿੰਘ ਚੰਬਾ ਨੇ ਕਿਹਾ ਕਿ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਗਰਮੀ ਕਰਕੇ ਵੱਡੇ ਇਕੱਠ ਕਰਨ ਤੋਂ ਬਚਦੇ ਹੋਏ ਸ਼ਾਮ ਵੇਲੇ ਛੋਟੀਆਂ ਮੀਟਿੰਗਾਂ ਕਰਕੇ ਬੁੱਤਾ ਸਾਰ ਰਹੇ ਹਨ| ਹਲਕੇ ਤੋਂ ਅੱਜ ਤੱਕ ਚਲੀ ਮੁਹਿੰਮ ਤਹਿਤ ਇਹ ਦਿਖਾਈ ਦੇ ਰਿਹਾ ਹੈ ਵਧੇਰੇ ਪਾਰਟੀਆਂ ਅੰਦਰ ਸਭ ਠੀਕ ਵੀ ਨਹੀਂ ਹੈ| ਖੇਤਰ ਵਿੱਚ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਆਪਣੀ ਚੋਣ ਮੁਹਿੰਮ ਨੂੰ ਕੁਝ ਚਿਰ ਪਹਿਲਾਂ ਤੋਂ ਸਰਗਰਮ ਕੀਤਾ ਹੋਇਆ ਹੈ ਪਰ ਇਸ ਮੁਹਿੰਮ ’ਚ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸ਼ਮੂਲੀਅਤ ਨਾ ਦੇ ਹੀ ਬਰਾਬਰ ਹੈ| ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਕੁਝ ਢਿੱਲੀਆਂ ਹਨ| ਕਾਂਗਰਸ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਆਪਣਾ ਇੰਚਾਰਜ ਤੱਕ ਵੀ ਨਹੀਂ ਲਗਾਇਆ| ਸੀਪੀਆਈ ਦੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੇ ਸਮਰਥਕ ਪਾਰਟੀ ਕਾਡਰ ਨੂੰ ਹਰਕਤ ਵਿਚ ਲਿਆਉਣ ਵਿੱਚ ਸਫ਼ਲ ਹੋ ਰਹੇ ਹਨ। ਉਧਰ, ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਮਾਪੇ ਤੇ ਸਮਰਥਕ ਸਰਗਰਮ ਹਨ। ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਅਤੇ ਹਾਕਮ ਧਿਰ ‘ਆਪ’ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੀ ਚੋਣ ਪਹਿਲਾਂ ਵਾਂਗ ਜਾਰੀ ਹੈ|

Advertisement

Advertisement
Author Image

joginder kumar

View all posts

Advertisement
Advertisement
×