ਪੰਜਾਬ ’ਚ ਪ੍ਰਦੂਸ਼ਣ ਵਿਰੁੱਧ ਜੰਗ ਜਾਰੀ ਰਹੇਗੀ: ਸੀਚੇਵਾਲ
ਹਤਿੰਦਰ ਮਹਿਤਾ
ਜਲੰਧਰ, 20 ਅਕਤੂਬਰ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਛੇੜੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਾਫ਼ ਹਵਾ, ਪਾਣੀ ਤੇ ਸ਼ੁੱਧ ਖੁਰਾਕ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਇੱਥੇ ਗੁਰਦੁਆਰਾ ਟਾਹਲੀ ਸਾਹਿਬ ਵਿੱਚ ਸੰਤ ਦਇਆ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਸੰਤ ਦਇਆ ਸਿੰਘ ਜੀ ਦੀ ਇੱਛਾ ਸੀ ਕਿ ਕਾਲਾ ਸੰਘਿਆ ਡਰੇਨ ਵਿੱਚ ਸਾਫ਼ ਪਾਣੀ ਵਗੇ। ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦੂਸ਼ਣ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਹੈ, ਉਹ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕਾਲਾ ਸੰਘਿਆ ਡਰੇਨ ਦੇ ਕਿਨਾਰਿਆਂ ਨੂੰ ਪੱਥਰ ਲਾ ਕੇ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਵਿੱਚ ਪਾਏ ਜਾ ਰਹੇ ਗੰਦੇ ਪਾਣੀਆਂ ’ਤੇ ਕਾਫ਼ੀ ਹੱਦ ਤੱਕ ਰੋਕ ਲੱਗ ਗਈ ਹੈ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਦੱਸਿਆ ਕਿ ਬਸਤੀ ਪੀਰਦਾਦ ਵਿੱਚ 50 ਅਤੇ 15 ਐਮਐਲਡੀ ਵਾਲੇ ਦੋ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ। ਲੈਦਰ ਕੰਪਲੈਕਸ ਵਿੱਚ ਵੀ ਇੱਕ ਖ਼ਾਸ ਕਿਸਮ ਦਾ 5 ਐਮਐਲਡੀ ਦੀ ਸਮਰੱਥਾ ਵਾਲਾ ਟਰੀਟਮੈਂਟ ਪਲਾਂਟ ਲੱਗਾ ਹੈ। ਕਾਲਾ ਸੰਘਿਆ ਡਰੇਨ ਜਿਸ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਤ ਦਇਆ ਸਿੰਘ ਦੀ ਯਾਦ ਵਿੱਚ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਸੰਤ ਲੀਡਰ ਸਿੰਘ, ਸੰਤ ਅਮਰੀਕ ਸਿੰਘ, ਸੰਤ ਗੁਰਮੇਜ ਸਿੰਘ, ਮਹਾਤਮਾ ਮੁੰਨੀ ਤੇ ਹੋਰ ਮਹਾਪੁਰਸ਼ਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।