ਆਪਣੇ ਹੀ ਖਿਲਾਫ਼... ਜੰਗ ਜਾਰੀ ਹੈ
ਗੁਰਬਚਨ ਜਗਤ
ਸਾਲ 1945 ਵਿਚ ਬਰਤਾਨਵੀ ਸਾਮਰਾਜ ਦਾ ਸੂਰਜ ਅਸਤ ਹੋ ਗਿਆ ਸੀ ਅਤੇ ਉਸੇ ਸਾਲ ਅਮਰੀਕੀ ਤੇ ਰੂਸੀ ਸਾਮਰਾਜ ਉਦੈ ਹੋਏ ਸਨ। ਪੱਛਮੀ ਤਾਕਤਾਂ ਅਤੇ ਸੋਵੀਅਤ ਸੰਘ ਵਿਚਕਾਰ ਯੂਰੋਪ ਦੀ ਇਸ ਕਦਰ ਸਫ਼ਾਈ ਨਾਲ ਵੰਡ ਕਰ ਦਿੱਤੀ ਗਈ ਕਿ ਪਰਦੇ ਦੇ ਦੂਜੇ ਪਾਸੇ ਕੁਝ ਵੀ ਦਿਖਾਈ ਸੁਣਾਈ ਨਾ ਦੇ ਸਕੇ। ਇਸ ਤੋਂ ਇਲਾਵਾ, ਲਾਤੀਨੀ ਖਿੱਤਾ ਅਮਰੀਕਾ ਦੇ ਵੰਡੇ ਆ ਗਿਆ ਅਤੇ ਮੱਧ ਏਸ਼ੀਆ ਸੋਵੀਅਤ ਸੰਘ ਦੀ ਧੁਰੀ ਦੇ ਪ੍ਰਭਾਵ ਹੇਠ ਆ ਗਿਆ ਸੀ। ਇਨ੍ਹਾਂ ਦੋਵੇਂ ਵੱਡੀਆਂ ਤਾਕਤਾਂ ਵਲੋਂ ਮੱਧ ਪੂਰਬ ਅਤੇ ਪੱਛਮੀ ਏਸ਼ੀਆ ਦੀਆਂ ਜਿ਼ਆਦਾਤਰ ਸਲਤਨਤਾਂ ਉਪਰ ਆਪਣਾ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਅਮਰੀਕੀਆਂ ਨੇ ਕਮਿਊਨਿਜ਼ਮ ਦਾ ਟਾਕਰਾ ਕਰਨ ਤੇ ਇਸ ਨੂੰ ਭਾਂਜ ਦੇਣ ਜਦਕਿ ਸੋਵੀਅਤ ਸੰਘ ਨੇ ਇਸ ਨੂੰ ਦੁਨੀਆ ਭਰ ਵਿਚ ਫੈਲਾਉਣ ਦਾ ਜਿ਼ੰਮਾ ਚੁੱਕ ਲਿਆ ਜਿਸ ਦੇ ਸਿੱਟੇ ਵਜੋਂ ‘ਸੀਤ ਜੰਗ’ ਸ਼ੁਰੂ ਹੋ ਗਈ। ਆਪੋ-ਆਪਣੇ ਉਦੇਸ਼ਾਂ ਦਾ ਪਿੱਛਾ ਕਰਦਿਆਂ ਇਨ੍ਹਾਂ ਸਾਮਰਾਜਾਂ ਦਾ ਵੱਖ ਵੱਖ ਦੇਸ਼ਾਂ ਵਿਚ ਟਕਰਾਅ ਹੋਇਆ ਪਰ ਕਦੇ ਵੀ ਜੰਗ ਇਨ੍ਹਾਂ ਦੇ ਆਪਣੇ ਦਰਾਂ ’ਤੇ ਨਹੀਂ ਢੁੱਕੀ ਸੀ। ਅਮਰੀਕਾ ਵੀਅਤਨਾਮ, ਲਾਓਸ, ਕੰਬੋਡੀਆ, ਕਿਊਬਾ, ਕਾਂਗੋ ਅਤੇ ਅਫਰੀਕਾ ਅਤੇ ਏਸ਼ੀਆ ਦੇ ਵੱਖੋ-ਵੱਖਰੇ ਦੇਸ਼ਾਂ ਵਿਚਲੇ ਕਮਿਊਨਿਸਟਾਂ ਖਿਲਾਫ਼ ਲੜਨ ਗਿਆ ਜੋ ਆਪੋ-ਆਪਣੇ ਬਸਤੀਵਾਦੀ ਹਾਕਮਾਂ ਤੋਂ ਮੁਕਤੀ ਪਾਉਣ ਲਈ ਜੂਝ ਰਹੇ ਸਨ। ਜੰਗ ਦਾ ਕਾਰਨ ਭਾਵੇਂ ਵਿਚਾਰਧਾਰਾ ਵੀ ਰਹੀ ਹੋਵੇਗੀ ਪਰ ਬੁਨਿਆਦੀ ਤੌਰ ’ਤੇ ਸੱਤਾ ਦੀ ਪੁਰਾਣੀ ਹਵਸ ਅਤੇ ਆਰਥਿਕ ਲਾਭ ਹੀ ਇਸ ਦਾ ਮੁੱਖ ਕਾਰਨ ਸਨ। ਇਨ੍ਹਾਂ ਦੋਵਾਂ ਖੇਮਿਆਂ ਵਿਚਕਾਰ ਸਫ਼ਾਈ ਨਾਲ ਬੁਣੀ ਗਈ ਆਲਮੀ ਵਿਵਸਥਾ ਸੋਵੀਅਤ ਸੰਘ ਦੇ ਟੁੱਟਣ ਨਾਲ ਖਿੰਡ ਪੁੰਡ ਗਈ ਅਤੇ ਅਮਰੀਕਾ ਇਕਲੌਤੀ ਮਹਾਂਸ਼ਕਤੀ ਦੇ ਤੌਰ ’ਤੇ ਉਭਰਿਆ।
ਵਕਤ ਦੀਆਂ ਘੜੀਆਂ ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਹੋਈਆਂ ਦੋ ਆਲਮੀ ਜੰਗਾਂ ਵੱਲ ਪਰਤਾਉਂਦੇ ਹੋਏ ਪਤਾ ਲਗਦਾ ਹੈ ਕਿ ਪਹਿਲੀ ਆਲਮੀ ਜੰਗ ਉਦੋਂ ਹੋਈ ਸੀ ਜਦੋਂ ਉਸ ਵੇਲੇ ਦੀਆਂ ਧੁਰੀ ਸ਼ਕਤੀਆਂ (ਜਰਮਨੀ, ਆਸਟਰੀਆ-ਹੰਗਰੀ, ਬੁਲਗਾਰੀਆ ਤੇ ਓਟੋਮਾਨ ਸਾਮਰਾਜ) ਨੇ ਮੁੱਖ ਤੌਰ ’ਤੇ ਬਰਤਾਨੀਆ ਅਤੇ ਫਰਾਂਸ ਵਲੋਂ ਕੀਤੀ ਗਈ ਦੁਨੀਆ ਦੀ ਬਸਤੀਵਾਦੀ ਵੰਡ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਬਸਤੀਆਂ ਦੀ ਇਸ ਖੇਡ ਵਿਚ ਕਾਫ਼ੀ ਦੇਰ ਨਾਲ ਸ਼ਾਮਲ ਹੋਏ ਜਰਮਨੀ ਨੇ ਇਸ ਗੱਠਜੋੜ ਦੇ ਹੋਰਨਾਂ ਮੈਂਬਰਾਂ ਤੋਂ ਆਪਣੇ ਲਈ ਵੱਡਾ ਹਿੱਸਾ ਵੰਡਾਉਣਾ ਚਾਹਿਆ। ਪੁਰਾਣੀ ਕਹਾਵਤ ਹੈ ਕਿ ਮਨੁੱਖ ਜਾਤੀ ਲਾਲਚ ਤੇ ਡਰ ਨਾਲ ਚਲਦੀ ਹੈ ਜਿਸ ਕਰ ਕੇ ਸਾਡਾ ਇਤਿਹਾਸ ਅਸਲ ਵਿਚ ਜੰਗਾਂ ਦਾ ਇਤਿਹਾਸ ਹੀ ਹੈ। ਜੰਗ ਦਾ ਤਤਕਾਲੀ ਕਾਰਨ ਧਰਮ, ਨਸਲ, ਵਿਚਾਰਧਾਰਾ, ਗ਼ਲਤ ਕੰਮ ਜਾਂ ਵਿਤਕਰੇ ਦਾ ਅਹਿਸਾਸ ਹੋ ਸਕਦਾ ਹੈ ਪਰ ਇਸ ਦੀ ਸਤਹ ਹੇਠਾਂ ਵੱਧ ਤੋਂ ਵੱਧ ਸਰੋਤ, ਜ਼ਮੀਨ, ਜਿ਼ਆਦਾ ਵਪਾਰ ਤੇ ਸੱਤਾ ਇਕੱਠੀ ਕਰਨ ਦੀ ਹਵਸ ਕੰਮ ਕਰ ਰਹੀ ਹੁੰਦੀ ਹੈ। ਦੂਜੀ ਆਲਮੀ ਜੰਗ ਮੂਲ ਰੂਪ ਵਿਚ ਪਹਿਲੀ ਜੰਗ ਦੀ ਹੀ ਲੜੀ ਸੀ ਜਿਸ ਦਾ ਤਤਕਾਲੀ ਕਾਰਨ ਜਰਮਨੀ ਦੇ ਮਨ ਵਿਚ ਜ਼ਲਾਲਤ ਦਾ ਅਹਿਸਾਸ ਸੀ ਪਰ ਇਸ ਦਾ ਬੁਨਿਆਦੀ ਕਾਰਨ ਨਾਜ਼ੀ ਸਟੇਟ ਵਲੋਂ ਆਪਣੇ ਪੈਰ ਪਸਾਰਨ ਦੀ ਗਹਿਰੀ ਖਾਹਿਸ਼ ਸੀ। ਇਸ ਤੋਂ ਪਿਛਾਂਹ ਉਨੀਵੀਂ ਸਦੀ ਦੇ ਸ਼ੁਰੂ ਵਿਚ ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਉਪਰ ਕਬਜ਼ਾ ਜਮਾਉਣ ਲਈ ਬਰਤਾਨਵੀ ਅਤੇ ਰੂਸੀ ਸਾਮਰਾਜਾਂ ਵਿਚਕਾਰ ਮੁਕਾਬਲੇ ਦੀ ਬਸਤੀਵਾਦੀ ‘ਮਹਾਂ ਖੇਡ’ ਖੇਡੀ ਗਈ ਸੀ। ਇਹ ਇਨ੍ਹਾਂ ਖੇਤਰਾਂ ਵਿੱਚ ਪ੍ਰਭਾਵ ਨੂੰ ਲੈ ਕੇ ਚੱਲਿਆ ਵੈਰ ਵਿਰੋਧ ਸੀ ਅਤੇ ਇਸ ਲਈ ਕੂਟਨੀਤੀ, ਸਾਜਿ਼ਸ਼ਾਂ ਅਤੇ ਖੇਤਰੀ ਯੁੱਧਾਂ ਦੀ ਵਰਤੋਂ ਕੀਤੀ ਗਈ ਸੀ। ਵਕਤ ਦੀਆਂ ਸੂਈਆਂ ਅਤੇ ਜੰਗਾਂ ਦੇ ਇਤਿਹਾਸ ਨੂੰ ਕਿੰਨਾ ਮਰਜ਼ੀ ਪੁੱਠਾ ਗੇੜਾ ਦਿੰਦੇ ਰਹੋ, ਲਾ ਪਾ ਕੇ ਇਸ ’ਚੋਂ ਪ੍ਰਭਾਵ ਅਤੇ ਸਾਜਿ਼ਸ਼ ਦਾ ਦੁਹਰਾਓ ਹੀ ਹੁੰਦਾ ਰਹੇਗਾ। ਸੱਤਾ ਦੀ ਖੇਡ ਕਦੇ ਨਹੀਂ ਰੁਕਦੀ ਅਤੇ ਜੰਗਾਂ ਦੇ ਬਹਾਨੇ ਜੇ ਪਹਿਲਾਂ ਮੌਜੂਦ ਨਾ ਹੋਣ ਤਾਂ ਨਵੇਂ ਘੜ ਲਏ ਜਾਂਦੇ ਹਨ। ਇਨ੍ਹਾਂ ਬਹਾਨਿਆਂ ਦੇ ਪਰਦੇ ਹੇਠ ਵਪਾਰ ਤੇ ਵਣਜ ਨੂੰ ਕੰਟਰੋਲ ਕਰਨ ਦੀ ਖਾਹਿਸ਼ ਪਈ ਹੁੰਦੀ ਹੈ। ਇਰਾਕ ’ਚੋਂ ਅੱਜ ਤੱਕ ਜਨ ਤਬਾਹੀ ਦਾ ਕੋਈ ਹਥਿਆਰ ਨਹੀਂ ਲੱਭਿਆ ਜਾ ਸਕਿਆ ਪਰ ਫਿਰ ਵੀ ਇਸ ’ਤੇ ਮਣਾਂ-ਮੂੰਹੀ ਬੰਬਾਰੀ ਕਰ ਕੇ ਇਸ ਨੂੰ ਮੁੜ ਕੇ ਪੱਥਰ ਯੁੱਗ ਵਿਚ ਪਹੁੰਚਾ ਦਿੱਤਾ ਹੈ। ਸਾਮਰਾਜਾਂ ਦੀ ਕਬਰਗਾਹ ਮੰਨੇ ਜਾਂਦੇ ਅਫ਼ਗਾਨਿਸਤਾਨ ਨੇ ਬਹੁਤ ਸਾਰੇ ਸਾਮਰਾਜ ਆਉਂਦੇ ਜਾਂਦੇ ਤੱਕੇ ਹਨ, ਫਿਰ ਵੀ ਉੱਥੇ ਬਹੁਤਾ ਕੁਝ ਨਹੀਂ ਬਦਲ ਸਕਿਆ। ਪਰਮਾਣੂ ਸ਼ਕਤੀ, ਕੰਪਿਊਟਰਾਂ ਅਤੇ ਸੂਚਨਾ ਤਕਨਾਲੋਜੀ ਦੇ ਇਸ ਯੁੱਗ ਵਿਚ ਅਸੀਂ ਤਕਨੀਕੀ ਤੌਰ ’ਤੇ ਬਹੁਤ ਵਿਕਸਤ ਹੋ ਗਏ ਹਾਂ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੌਟਿਕਸ ਦਾ ਇਸਤੇਮਾਲ ਕਰਨ ਲੱਗੇ ਹਾਂ... ਪਰ ਅਜੇ ਵੀ ਕੀ ਅਸੀਂ ਬੀਤੇ ਸਮਿਆਂ ਵਿਚ ਦੁਨੀਆ ਭਰ ਵਿਚ ਘੁੰਮਣ ਵਾਲੇ ਖ਼ਾਨਾਬਦੋਸ਼ਾਂ ਨਾਲੋਂ ਜੁਦਾ ਹਾਂ? ਸਾਡਾ ਲਾਲਚ, ਕ੍ਰੋਧ, ਨਫ਼ਰਤ, ਲਾਲਸਾ ਜਾਂ ਘਮੰਡ ਅਜੇ ਵੀ ਸਿਰ ਚੜ੍ਹ ਕੇ ਬੋਲਦਾ ਰਹਿੰਦਾ ਹੈ ਜਿਵੇਂ ਅਤੀਤ ਵਿਚ ਮੰਗੋਲ ਧਾੜਵੀਆਂ, ਸਿਕੰਦਰ ਮਹਾਨ ਜਾਂ ਰੋਮਨ ਸਾਮਰਾਜ ਦੇ ਸਮਿਆਂ ਵਿਚ ਬੋਲਦਾ ਸੀ... ਬਸ ਇਹ ਫ਼ਰਕ ਪਿਆ ਹੈ ਕਿ ਅੱਜ ਅਸੀਂ ਇਕ ਦੂਜੇ ਦਾ ਜਿ਼ਆਦਾ ਨੁਕਸਾਨ ਕਰ ਸਕਦੇ ਹਾਂ। ਸਾਡੀ ਆਪਣੇ ਆਪ ਨੂੰ ਤਬਾਹ ਕਰਨ ਦੀ ਕਾਬਲੀਅਤ ਕਈ ਗੁਣਾ ਵਧ ਗਈ ਹੈ। ਅਸਲ ਵਿਚ ਸੀਤ ਜੰਗ ਦੇ ਸਿਧਾਂਤ ਨੂੰ ‘ਮੈਡ’ ਜਾਂ (ਮਿਲ ਜੁਲ ਕੇ ਲਾਜ਼ਮੀ ਤਬਾਹੀ) ਆਖਿਆ ਜਾਂਦਾ ਸੀ ਅਤੇ ਸ਼ਾਇਦ ਇਸੇ ਕਰ ਕੇ ਦੋਵੇਂ ਮਹਾਂਸ਼ਕਤੀਆਂ ਤਬਾਹੀ ਦਾ ਬਟਨ ਦਬਾਉਣ ਤੋਂ ਟਲਦੀਆਂ ਰਹੀਆਂ ਹਨ।
ਹਾਲੀਆ ਇਤਿਹਾਸ ਵਿਚ ਜਿਵੇਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਟੋ (ਪੱਛਮੀ ਦੇਸ਼ਾਂ ਦਾ ਫ਼ੌਜੀ ਗੱਠਜੋੜ) ’ਤੇ ਭਰੋਸਾ ਨਹੀਂ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਯੂਰੋਪ ਆਪਣੀ ਸੁਰੱਖਿਆ ਦਾ ਖਰਚਾ ਅਦਾ ਕਰੇ ਤਾਂ ਅਸੀਂ ਇਸ ਪੁਰਾਣੇ ਗੱਠਜੋੜ ਨੂੰ ਛਿੱਥਾ ਪੈਂਦੇ ਦੇਖਿਆ ਹੈ। ਇਸ ਨਾਲ ਰੂਸੀਆਂ ਦਾ ਮਨੋਬਲ ਵਧ ਗਿਆ ਜੋ ਪਹਿਲਾਂ ਹੀ ਪੂਰਬੀ ਯੂਰੋਪ ਅੰਦਰ ਨਾਟੋ ਦੇ ਵਿਸਤਾਰ ਦਾ ਵਿਰੋਧ ਕਰ ਰਹੇ ਸਨ। ਟਰੰਪ ਦੀ ਹਾਰ ਅਤੇ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਅਮਰੀਕੀਆਂ ਨੇ ਯੂਰੋਪ ਵਿਚ ਅਤੇ ਨਾਟੋ ਦੀ ਸੁਰਜੀਤੀ ਤੇ ਮਜ਼ਬੂਤੀ ਵਿਚ ਮੁੜ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਯੂਕਰੇਨ ਨੂੰ ਨਾਟੋ ਦੀ ਮੁਹਰੈਲ ਚੌਕੀ ਬਣਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਰੂਸੀ ਦਾਨਵ ਜਾਗ ਪਿਆ ਜੋ ਉਸ ’ਤੇ ਝਪੱਟਾ ਮਾਰਨ ਦੀ ਤਾਕ ਵਿਚ ਹੀ ਬੈਠਾ ਸੀ। ਪੂਤਿਨ ਨੇ ਯੂਕਰੇਨ ’ਤੇ ਕੁਝ ਦਿਨਾਂ ਵਿਚ ਹੀ ਕਬਜ਼ਾ ਕਰਨ ਦੇ ਮਨਸ਼ੇ ਨਾਲ ਇਸ ’ਤੇ ਹਮਲਾ ਕਰ ਕੇ ਵੱਡੀ ਖ਼ਤਾ ਕਰ ਦਿੱਤੀ। ਯੂਕਰੇਨ ਨੇ ਆਪਣੀ ਤਾਕਤ ਜੁਟਾ ਕੇ ਪੱਛਮ ਖ਼ਾਸਕਰ ਅਮਰੀਕਾ ਦੀ ਸਹਾਇਤਾ ਨਾਲ ਮੋੜਵਾਂ ਹੱਲਾ ਬੋਲ ਦਿੱਤਾ। ਡਰੇ ਸਹਿਮੇ ਪੱਛਮੀ ਯੂਰੋਪ ਨੇ ਇਕ ਵਾਰ ਫਿਰ ਅਮਰੀਕਾ ਦੀ ਅਗਵਾਈ ਕਬੂਲ ਕਰ ਲਈ ਅਤੇ ਹੁਣ ਇਸ ਦਾ ਮੁੱਖ ਉਦੇਸ਼ ਰੂਸ ਦਾ ਆਰਥਿਕ ਅਤੇ ਫ਼ੌਜੀ ਸਾਹ-ਸਤ ਕੱਢਣਾ ਹੈ। ਯੂਕਰੇਨ ਨੂੰ ਅਰਬਾਂ ਡਾਲਰ ਦੇੇ ਹਥਿਆਰ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਵਾਏ ਗਏ। ਅਮਰੀਕਾ ਦਾ ਫ਼ੌਜੀ ਸਨਅਤੀ ਕੰਪਲੈਕਸ ਇਕ ਵਾਰ ਫਿਰ ਪੂਰੀ ਤਰ੍ਹਾਂ ਹਰਕਤ ਵਿਚ ਆ ਗਿਆ ਹੈ। ਇਸ ਦੌਰਾਨ ਰੂਸੀ ਅਰਥਚਾਰੇ ’ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੀ ਮਾਰ ਪਈ ਹੈ ਅਤੇ ਅਰਥਚਾਰੇ ਦੀ ਭੱਠੀ ਮਘਦੀ ਰੱਖਣ ਲਈ ਤੇਲ ਦੀਆਂ ਬਰਾਮਦਾਂ ’ਤੇ ਹੀ ਟੇਕ ਹੈ। ਚੀਨ, ਇਰਾਨ ਤੇ ਉੱਤਰੀ ਕੋਰੀਆ ਨੇ ਕਾਫ਼ੀ ਮਦਦ ਪਹੁੰਚਾਈ ਹੈ ਪਰ ਰੂਸ ਕਮਜ਼ੋਰ ਪੈਂਦਾ ਜਾਪਦਾ ਹੈ ਅਤੇ ਹੁਣ ਪੱਛਮ ਨਾਲ ਮੱਥਾ ਲਾਉਣ ਲਈ ਚੀਨ ਅੱਗੇ ਆ ਗਿਆ ਹੈ। ਦੂਜੇ ਪਾਸੇ, ਪੱਛਮੀ ਦੇਸ਼ਾਂ ਨੂੰ ਵੀ ਜੰਗ ਦੀ ਭਾਰੀ ਕੀਮਤ ਦੇਣੀ ਪਈ ਹੈ ਜਿਨ੍ਹਾਂ ਨੂੰ ਮਹਿੰਗਾਈ ਨਾਲ ਸਿੱਝਣਾ ਪੈ ਰਿਹਾ ਹੈ ਅਤੇ ਕੇਂਦਰੀ ਬੈਂਕਾਂ ਵਲੋਂ ਵਿਆਜ ਦਰਾਂ ਸਿਖਰਾਂ ਛੂਹ ਰਹੀਆਂ ਹਨ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਅੱਜ ਯੂਰੋਪ ਦੇ ਜਿ਼ਆਦਾਤਰ ਅਰਥਚਾਰੇ ਮੰਦਵਾੜੇ ਦੀ ਜ਼ੱਦ ਵਿਚ ਆ ਗਏ ਹਨ; ਰੂਸ ਤੇ ਯੂਕਰੇਨ ਦੀ ਜੰਗ ਖੜੋਤ ਦੀ ਸਥਿਤੀ ਵਿਚ ਆ ਗਈ ਹੈ। ਫਿਰ ਭਲਾ, ਹਜ਼ਾਰਾਂ ਬੰਦੇ ਮਰਵਾਉਣ, ਘੁੱਗ ਵਸਦੇ ਦੇਸ਼ ਦੀ ਬਰਬਾਦੀ ਅਤੇ ਕਰੋੜਾਂ ਲੱਖਾਂ ਲੋਕਾਂ ਵਲੋਂ ਹੰਢਾਏ ਆਰਥਿਕ, ਜਿਸਮਾਨੀ ਤੇ ਮਾਨਸਿਕ ਸੰਤਾਪ ਤੋਂ ਕੀ ਹਾਸਲ ਹੋਇਆ? ਮੇਰਾ ਖਿਆਲ ਹੈ ਕਿ ਇਸ ਦਾ ਜਵਾਬ ਸਿਆਸਤਦਾਨਾਂ ਅਤੇ ਜਰਨੈਲਾਂ ਨੂੰ ਹੀ ਦੇਣਾ ਚਾਹੀਦਾ ਹੈ। ਬਿਨਾਂ ਸ਼ੱਕ, ਉਹ ਦੋਵੇਂ ਪਾਸਿਓਂ ਆਉਣ ਵਾਲੇ ਖ਼ਤਰੇ ਦੀ ਦੁਹਾਈ ਦੇਣਗੇ।
ਹੁਣ ਇਜ਼ਰਾਈਲ ਅਤੇ ਗਾਜ਼ਾ ਵਿਚ ਹੋਏ ਕਤਲੇਆਮ ਦੀ ਗੱਲ ਕਰਦੇ ਹਾਂ ਜਿੱਥੇ ਪਹਿਲਾਂ ਵੀ ਕਈ ਘਟਨਾਵਾਂ ਵਾਪਰਦੀਆਂ ਰਹੀਆਂ ਸਨ। ਯੇਰੂਸ਼ਲਮ ਲਈ ਜੰਗਾਂ ਧਰਮ ਯੁੱਧਾਂ ਦੇ ਕਾਲ ਤੋਂ ਵੀ ਪਹਿਲਾਂ ਚਲਦੀਆਂ ਰਹੀਆਂ ਹਨ। ਇਸ ਸ਼ਹਿਰ ਨੇ ਬਹੁਤ ਵਾਰ ਬਰਬਾਦੀ, ਜਬਰ ਜਨਾਹ ਅਤੇ ਲੁੱਟਮਾਰ ਦੇਖੀ ਹੈ। ਅੱਜ ਹਜ਼ਾਰਾਂ ਬੇਘਰੇ, ਜ਼ਖ਼ਮੀ, ਬਜ਼ੁਰਗ ਅਤੇ ਅਪੰਗ ਲੋਕਾਂ ਨੂੰ ਪਨਾਹ ਦੇਣ ਲਈ ਕੋਈ ਵੀ ਦੇਸ਼ ਅੱਗੇ ਨਹੀਂ ਆ ਰਿਹਾ। ਜੰਗਬੰਦੀ ਦੀ ਗੱਲ ਪਿਛਾਂਹ ਰਹਿ ਗਈ ਹੈ... ਖ਼ੂਨ ਦੀ ਲਾਲਸਾ ਕਦੋਂ ਤੱਕ ਚਲਦੀ ਰਹੇਗੀ? ਅਮਰੀਕਾ ਅਤੇ ਇਸ ਦੇ ਇਤਹਾਦੀ ਭਾਵੇਂ ਯੂਰੋਪ ਅਤੇ ਮੱਧ ਪੂਰਬ ਵਿਚ ਸਰਗਰਮ ਹਨ ਪਰ ਇਹ ਪਹਿਲਾਂ ਜਿੰਨੇ ਤਾਕਤਵਰ ਨਹੀਂ ਰਹਿ ਗਏ। ਰੂਸ, ਚੀਨ, ਇਰਾਨ ਅਤੇ ਉੱਤਰੀ ਕੋਰੀਆ ਵੀ ਸਰਗਰਮ ਹਨ ਅਤੇ ਇਕ ਦੂਜੇ ਨਾਲ ਤਾਲਮੇਲ ਵੀ ਕਰ ਰਹੇ ਹਨ। ਯੂਰੋਪ, ਮੱਧ ਪੂਰਬ ਅਤੇ ਸਮੁੰਦਰੀ ਮਾਰਗ ਪੂਰੀ ਤਰ੍ਹਾਂ ਹਰਕਤ ਵਿਚ ਹਨ। ਸੰਯੁਕਤ ਰਾਸ਼ਟਰ ਨਕਾਰਾ ਹੋ ਕੇ ਰਹਿ ਗਈ ਹੈ, ਕੂਟਨੀਤੀ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ ਅਤੇ ਬੰਦੂਕ ਦੀ ਤਾਕਤ ਸਿਰ ਚੜ੍ਹ ਕੇ ਬੋਲ ਰਹੀ ਹੈ। ਟਕਰਾਅ ਦਾ ਅਗਲਾ ਅਖਾੜਾ ਕੌਣ ਬਣੇਗਾ... ਇਕ ਹੋਰ ਦਹਿਸ਼ਤਗਰਦ ਹਮਲਾ, ਇਕ ਹੋਰ ਇਕਤਰਫ਼ਾ ਹਮਲਾ?
ਇਸੇ ਦੌਰਾਨ ਜਲਵਾਯੂ ਤਬਦੀਲੀ ਦਾ ਖ਼ਤਰਾ ਸਾਡੇ ਗ੍ਰਹਿ ’ਤੇ ਮੰਡਰਾ ਰਿਹਾ ਹੈ ਜਿਸ ਕਰ ਕੇ ਤਾਪ ਲਹਿਰਾਂ ਪੈਦਾ ਹੋ ਰਹੀਆਂ ਹਨ, ਬਰਫ਼ ਦੇ ਤੂਫ਼ਾਨ ਝੁੱਲ ਰਹੇ ਹਨ, ਸੋਕਾ, ਜੰਗਲਾਂ ਨੂੰ ਅੱਗ ਲੱਗ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰਾਂ ਦੀ ਸਤਹ ਚੜ੍ਹ ਰਹੀ ਹੈ। ਇਹ ਚਲੰਤ ਤੇ ਹੋਰ ਖ਼ੌਫਨਾਕ ਰੂਪ ਧਾਰਨ ਵਾਲੀ ਇਸ ਆਫ਼ਤ ਨੂੰ ਅਸੀਂਂ ਖੁਦ ਪੈਦਾ ਕੀਤਾ ਹੈ ਪਰ ਸਿਆਸਤਦਾਨ ਹਨ ਕਿ ਤਰਕ ਤੇ ਸਾਇੰਸ ਦੀ ਗੱਲ ’ਤੇ ਕੰਨ ਧਰਨ ਲਈ ਰਾਜ਼ੀ ਨਹੀਂ ਹੋ ਰਹੇ। ਇਹ ਸਾਡੀ ਧਰਤੀ ਅਤੇ ਇਸ ਦੇ ਜੀਵ ਜਗਤ ਦੀ ਹੋਂਦ ਦੇ ਖ਼ਤਰੇ ਦਾ ਸਵਾਲ ਹੈ। ਆਦਮੀ ਤੇ ਆਦਮੀ ਅਤੇ ਆਦਮੀ ਤੇ ਕੁਦਰਤ ਵਿਚਕਾਰ ਸ਼ਾਂਤਮਈ ਸਹਿਹੋਂਦ ਸ਼ਾਇਦ ਇਸ ਦੁਪਾਏ ਜੀਵ ਦੇ ਸਰੋਕਾਰ ਦੇ ਏਜੰਡੇ ’ਤੇ ਨਹੀਂ ਹੈ। ਇਸ ਵਕਤ ਮੈਨੂੰ ਆਇਰਿਸ਼ ਕਵੀ ਡਬਲਿਊਬੀ ਯੀਟਸ ਦੀਆਂ ਲਿਖੀਆਂ ਤੁਕਾਂ ਯਾਦ ਆ ਰਹੀਆਂ ਹਨ ਜਿਨ੍ਹਾਂ ਵਿਚ ਪਰਲੋ ਦੀ ਆਹਟ ਸੁਣਾਈ ਦਿੰਦੀ ਹੈ ਜਿਸ ਦਾ ਪੰਜਾਬੀ ਤਰਜਮਾ ਇੰਝ ਹੈ: ‘ਤੂਫ਼ਾਨ ਖੌਲਦਾ ਹੀ ਜਾ ਰਿਹਾ ਹੈ, ਬਾਜ਼ ਨੂੰ ਬਾਜ਼ਦਾਰ ਸੁਣਾਈ ਨਹੀਂ ਦੇ ਰਿਹਾ; ਸਭ ਕੁਝ ਟੁੱਟ ਭੱਜ ਰਿਹਾ ਹੈ; ਧੁਰਾ ਖਿੰਡਦਾ ਜਾ ਰਿਹਾ ਹੈ; ਦੁਨੀਆਂ ’ਚ ਅਫ਼ਰਾ ਤਫ਼ਰੀ ਮੱਚ ਗਈ ਹੈ। ਖ਼ੂੰਰੇਜ਼ ਲਹਿਰ ਉੱਠੀ ਹੈ ਅਤੇ ਹਰ ਥਾਂ ਨਿਰਦੋਸ਼ਾਂ ਨੂੰ ਹੂੰਝ ਕੇ ਲਿਜਾ ਰਹੀ ਹੈ; ਨੇਕੀ ਵਿਚ ਸਤਿਆ ਨਹੀਂ ਜਦਕਿ ਬਦੀ ਠਾਠਾਂ ਮਾਰ ਰਹੀ ਹੈ...’।
*ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਗਵਰਨਰ, ਮਨੀਪੁਰ।