For the best experience, open
https://m.punjabitribuneonline.com
on your mobile browser.
Advertisement

ਉਡੀਕਾਂ ਖ਼ਤਮ, ਚੋਣ ਨਤੀਜੇ ਦਾ ਆਇਆ ਦਿਨ

06:44 AM Jun 04, 2024 IST
ਉਡੀਕਾਂ ਖ਼ਤਮ  ਚੋਣ ਨਤੀਜੇ ਦਾ ਆਇਆ ਦਿਨ
ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਸੀਸੀਈਟੀ ’ਚ ਸੁਰੱਖਿਆ ਲਈ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 3 ਜੂਨ
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ, ਭਾਜਪਾ ਉਮੀਦਵਾਰ ਸੰਜੇ ਟੰਡਨ ਸਣੇ 19 ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਸਾਰੇ ਉਮੀਦਵਾਰਾਂ ਦੇ ਚਿਹਰਿਆਂ ’ਤੇ ਬੇਚੈਨੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ 4 ਜੂਨ ਨੂੰ ਮੰਗਲਵਾਰ ਨੂੰ ਹੋ ਜਾਵੇਗਾ। ਲੋਕ ਸਭਾ ਹਲਕਾ ਚੰਡੀਗੜ੍ਹ ਦੀਆਂ ਵੋਟਾਂ ਦੀ ਗਿਣਤੀ ਸੈਕਟਰ-26 ਵਿੱਚ ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਤਕਨਾਲੋਜੀ (ਸੀਸੀਈਟੀ) ਵਿੱਚ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਨਤੀਜੇ ਦੁਪਹਿਰ 12 ਤੋਂ 1 ਵਜੇ ਤੱਕ ਆਉਣ ਦੀ ਉਮੀਦ ਹੈ।
ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਡਾ. ਵਿਜੇ ਨਾਮਦੇਵ ਰਾਓ ਜਾਦੇ ਦੀ ਅਗਵਾਈ ਹੇਠ ਚੋਣ ਅਧਿਕਾਰੀਆਂ ਨੇ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। 4 ਜੂਨ ਨੂੰ ਸਵੇਰੇ 8 ਵਜੇ ਪਹਿਲਾਂ ਪੋਸਟਲ ਬੈਲੇਟ ਵਾਲੀਆਂ ਵੋਟਾਂ ਦੀ ਗਿਣਤੀ ਹੋਵੇਗੀ, ਉਸ ਤੋਂ ਬਾਅਦ 8.30 ਵਜੇ ਦੇ ਕਰੀਬ ਈਵੀਐੱਮਜ਼ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਚੰਡੀਗੜ੍ਹ ਦੀਆਂ ਵੋਟਾਂ ਦੀ ਗਿਣਤੀ ਲਈ ਦੋ ਵੱਡੇ ਹਾਲਾਂ ਵਿੱਚ ਪ੍ਰਬੰਧ ਕੀਤਾ ਹੈ। ਇੱਥੇ ਵੋਟਾਂ ਦੀ ਗਿਣਤੀ ਲਈ 42 ਟੇਬਲ ਲਗਾਏ ਗਏ ਹਨ, ਉੱਥੇ 15 ਗੇੜਾਂ ਵਿੱਚ ਗਿਣਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਗਿਣਤੀ ਪ੍ਰਕਿਰਿਆ ਚੋਣ ਲੜ ਰਹੇ ਉਮੀਦਵਾਰ ਅਤੇ ਉਨ੍ਹਾਂ ਦੇ ਕਾਊਂਟਿੰਗ ਏਜੰਟਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤੀ ਜਾਵੇਗੀ। ਇਸ ਲਈ ਚੋਣ ਕਮਿਸ਼ਨ ਨੇ ਸਾਰੀ ਸਿਆਸੀ ਪਾਰਟੀਆਂ ਨੂੰ ਏਜੰਟਾਂ ਲਈ ਪਾਸ ਜਾਰੀ ਕਰ ਦਿੱਤੇ ਸਨ। ਗਿਣਤੀ ਵਾਲੇ ਦਿਨ ਸਿਰਫ਼ ਪਾਸ ਵਾਲੇ ਵਿਅਕਤੀਆਂ ਨੂੰ ਹੀ ਅੰਦਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਦੂਜੇ ਪਾਸੇ, ਵੋਟਾਂ ਦੀ ਗਿਣਤੀ ਵਾਲੇ ਦਿਨ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਚੰਡੀਗੜ੍ਹ ਪੁਲੀਸ ਵੀ ਚੌਕਸ ਦਿਖਾਈ ਦੇ ਰਹੀ ਹੈ। ਪੁਲੀਸ ਵੱਲੋਂ ਇਕ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਗਿਣਤੀ ਕੇਂਦਰ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਗਿਣਤੀ ਕੇਂਦਰ ਦੇ ਆਲੇ-ਦੁਆਲੇ 100 ਮੀਟਰ ਦੇ ਦਾਇਰੇ ਵਿੱਚ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ। ਦੂਜੇ ਪਾਸੇ, ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵੋਟਾਂ ਦੀ ਗਿਣਤੀ ਸਮੇਂ ਗਿਣਤੀ ਕੇਂਦਰ ਦੇ ਅੰਦਰ ਤੇ ਬਾਹਰ ਵੀਡੀਓਗ੍ਰਾਫੀ ਕਰਵਾਈ ਜਾਵੇਗੀ।

Advertisement

ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧਾਰਾ-144 ਲਾਗੂ

ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਵੋਟਾਂ ਦੀ ਗਿਣਤੀ ਦੇ ਸਮੇਂ ਸ਼ਹਿਰ ਵਿੱਚ ਸੀਆਰਪੀਸੀ ਦੀ ਧਾਰਾ-144 ਲਾਗੂ ਕਰ ਦਿੱਤੀ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਹੁਕਮ ਦਿੱਤੇ ਹਨ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਉਪਰੰਤ ਕਿਸੇ ਵੱਲੋਂ ਵੀ ਕੋਈ ਜਿੱਤ ਦਾ ਜਲੂਸ ਨਹੀਂ ਕੱਢਿਆ ਜਾਵੇਗਾ ਅਤੇ ਨਾ ਹੀ ਜਨਤਕ ਤੌਰ ’ਤੇ ਕੋਈ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਕਟਰ-26 ਵਿੱਚ ਗਿਣਤੀ ਕੇਂਦਰ ਦੇ ਨਜ਼ਦੀਕ ਵੀ ਇਕੱਠ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਨੀਸ਼ ਤਿਵਾੜੀ ਵੱਲੋਂ ਕਾਊਂਟਿੰਗ ਏਜੰਟਾਂ ਨਾਲ ਮੀਟਿੰਗ

ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਅੱਜ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਕਟਰ-35 ਵਿੱਚ ਸਥਿਤ ਪਾਰਟੀ ਦਫ਼ਤਰ ਵਿੱਚ ਕਾਊਂਟਿੰਗ ਏਜੰਟਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਸ੍ਰੀ ਤਿਵਾੜੀ ਨੇ ਏਜੰਟਾਂ ਨੂੰ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਰੇ ਏਜੰਟਾਂ ਨੂੰ ਵੋਟਾਂ ਦੀ ਗਿਣਤੀ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ।

ਭਾਜਪਾ ਵੱਲੋਂ ਏਜੰਟਾਂ ਨੂੰ ਚੌਕਸ ਰਹਿਣ ਦੀ ਅਪੀਲ

ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ, ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਅਤੇ ਹੋਰਨਾਂ ਆਗੂਆਂ ਨੇ ਸੈਕਟਰ-33 ਵਿੱਚ ਸਥਿਤ ਪਾਰਟੀ ਦਫ਼ਤਰ ਵਿੱਚ ਕਾਊਂਟਿੰਗ ਏਜੰਟਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੇ ਸਾਰੇ ਏਜੰਟਾਂ ਨੂੰ ਵੋਟਾਂ ਦੀ ਗਿਣਤੀ ਪ੍ਰਕਿਰਿਆ ਬਾਰੇ ਜਾਣੂੰ ਕਰਵਾਇਆ ਤੇ ਵੋਟਾਂ ਦੀ ਗਿਣਤੀ ਸਮੇਂ ਚੌਕਸ ਅਤੇ ਚੇਤੰਨ ਰਹਿਣ ਦੀ ਅਪੀਲ ਕੀਤੀ।

Advertisement
Author Image

Advertisement
Advertisement
×