For the best experience, open
https://m.punjabitribuneonline.com
on your mobile browser.
Advertisement

ਰੂਸ ਵਿਚ ਵੈਗਨਰ ਬਗ਼ਾਵਤ

06:12 AM Jul 04, 2023 IST
ਰੂਸ ਵਿਚ ਵੈਗਨਰ ਬਗ਼ਾਵਤ
Advertisement

ਗੁਰਜੀਤ ਸਿੰਘ

ਰੂਸ ਦੇ ਰੱਖਿਆ ਮੰਤਰਾਲੇ ਖ਼ਿਲਾਫ਼ ਵੈਗਨਰ ਗਰੁੱਪ ਦੀ ਥੋੜ੍ਹ-ਚਿਰੀ ਬਗ਼ਾਵਤ ਮਾਸਕੋ ਵਿਚ ਜਾਰੀ ਬੇਸੁਰੇਪਣ ਅਤੇ ਤਾਲਮੇਲ ਦੀ ਕਮੀ ਦੇ ਆਲਮ ਤੋਂ ਪਰਦਾ ਚੁੱਕਣ ਵਾਲੀ ਹੈ। ਇਸ ਬਾਰੇ ਕਿਆਸ ਲਾਏ ਜਾ ਰਹੇ ਹਨ ਕਿ ਬਗ਼ਾਵਤ ਕਿਉਂ ਹੋਈ ਤੇ ਕਿਵੇਂ ਖ਼ਤਮ ਹੋ ਗਈ। ਕੀ ਇਹ ਗ਼ਲਤ ਅੰਦਾਜ਼ਿਆਂ ਦੀ ਲੜੀ ਦਾ ਸਿੱਟਾ ਸੀ ਜਾਂ ਕੋਈ ਗਿਣੀ-ਮਿਥੀ ਚਾਲ ਸੀ? ਕੀ ਵੈਗਨਰ ਕਮਾਂਡਰ ਯੇਵਗੇਨੀ ਪ੍ਰਿਗੋਜ਼ਿਨ ਦੀ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ
ਕੋਈ ਗੰਢ-ਤੁੱਪ ਸੀ?
ਵੈਗਨਰ ਅਜਿਹੀ ਫ਼ੌਜ ਹੈ ਜਿਸ ਦੀ ਵਰਤੋਂ ਰੂਸ ਵੱਲੋਂ ਆਪਣੇ ਟੀਚਿਆਂ ਨੂੰ ਗ਼ੈਰ-ਰਾਜਕੀ ਅਨਸਰਾਂ ਰਾਹੀਂ ਹਾਸਲ ਕਰਨ ਲਈ ਕੀਤੀ ਜਾਂਦੀ ਰਹੀ ਹੈ। ਇਸ ਦੀ ਅਗਵਾਈ ਪ੍ਰਿਗੋਜ਼ਿਨ ਕਰਦਾ ਹੈ ਜਿਹੜਾ ਰੂਸ ਦੇ ਕੁਲੀਨ ਵਰਗ ਨਾਲ ਸਬੰਧਿਤ ਭਾੜੇ ਦਾ ਲੜਾਕਾ ਆਗੂ ਹੈ ਤੇ ਵਧੀਆ ਢੰਗ ਨਾਲ ਕਾਰੋਬਾਰ ਕਰਨ ਵਾਲਾ ਕੇਟਰਰ (ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਦਾ ਮਾਲਕ) ਹੈ। ਉਹ ਮੁੱਖ ਤੌਰ ’ਤੇ ਉਦੋਂ ਉੱਭਰ ਕੇ ਆਇਆ ਜਦੋਂ ਰੂਸ ਨੇ 2014 ਵਿਚ ਯੂਕਰੇਨ ਨੂੰ ਹਰਾ ਕੇ ਕ੍ਰਾਈਮੀਆ ਉਤੇ ਕਬਜ਼ਾ ਕੀਤਾ। ਇਸ ਦੇ ਸਿੱਟੇ ਵਜੋਂ ਅਮਰੀਕਾ ਨੇ ਵੈਗਨਰ ਤੇ ਪ੍ਰਿਗੋਜ਼ਿਨ ਉਤੇ ਪਾਬੰਦੀਆਂ ਲਾ ਦਿੱਤੀਆਂ।
ਇਸ ਤੋਂ ਬਾਅਦ ਵੈਗਨਰ ਗਰੁੱਪ ਨੇ ਕਰੀਬ 20 ਅਫਰੀਕੀ ਮੁਲਕਾਂ ਵਿਚ ਰੂਸੀ ਹਿੱਤਾਂ ਦੀ ਨੁਮਾਇੰਦਗੀ ਕੀਤੀ। ਇਸ ਦੀ ਸਭ ਤੋਂ ਕਾਬਿਲੇ-ਗ਼ੌਰ ਸ਼ਮੂਲੀਅਤ ਮੋਜ਼ੰਬਿਕ ਦੇ ਸੂਬੇ ਕਾਬੋ ਡੇਲਗਾਡੋ ਵਿਚ ਬਗ਼ਾਵਤ ਦਬਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਦੀ ਸੀ ਜਿਥੇ ਅਖ਼ੀਰ ਹਾਲਾਤ ਨੂੰ ਕਾਬੂ ਪਾਉਣ ਲਈ ਰਵਾਂਡਾ ਦੀਆਂ ਫ਼ੌਜਾਂ ਪੁੱਜੀਆਂ। ਵੈਗਨਰ ਗਰੁੱਪ ਲਿਬੀਆ, ਸੂਡਾਨ, ਮਾਲੀ ਤੇ ਕੇਂਦਰੀ ਅਫਰੀਕੀ ਗਣਰਾਜ ਵਿਚ ਵੀ ਸਰਗਰਮ ਸੀ ਜਿਥੇ ਇਹ ਜਾਂ ਤਾਂ ਫਰਾਂਸੀਸੀ ਫ਼ੌਜਾਂ ਦੀ ਥਾਂ ਲੈ ਰਿਹਾ ਸੀ, ਜਾਂ ਅੰਦਰੂਨੀ ਟਕਰਾਵਾਂ ਵਿਚ ਕਿਸੇ ਧਿਰ ਨਾਲ ਖੜ੍ਹ ਰਿਹਾ ਸੀ। ਇਸ ਦੀ ਮੁੱਖ ਭੂਮਿਕਾ ਉਨ੍ਹਾਂ ਅਦਾਰਿਆਂ ਦੀ ਹਮਾਇਤ ਕਰਨਾ ਸੀ ਜਿਨ੍ਹਾਂ ਨੂੰ ਰੂਸ ਦੀ ਹਮਾਇਤ ਹਾਸਲ ਸੀ ਤੇ ਨਾਲ ਹੀ ਵਿਰੋਧੀ ਤਾਕਤਾਂ ਨੂੰ ਦਰੜਨਾ ਸੀ। ਬਦਲੇ ਵਿਚ ਇਸ ਨੂੰ ਰੂਸੀ ਹਥਿਆਰ ਹਾਸਲ ਹੋਏ ਅਤੇ ਨਾਲ ਹੀ ਸੋਨੇ ਤੇ ਹੋਰ ਕੁਦਰਤੀ ਵਸੀਲਿਆਂ ਨੂੰ ਕੱਢਣ ਵਿਚ ਰਿਆਇਤਾਂ ਮਿਲੀਆਂ।
ਯੂਕਰੇਨ ਜੰਗ ਅਤੇ ਇਸ ਵਿਚ ਜਿੱਤ ਦਰਜ ਕਰਨ ’ਚ ਰੂਸੀ ਫ਼ੌਜ ਦੀ ਨਾਕਾਮੀ ਦਾ ਸਿੱਟਾ ਵੈਗਨਰ ਗਰੁੱਪ ਨੂੰ ਅਫਰੀਕਾ ਵਿਚਲੇ ਆਪਣੇ ਅਪਰੇਸ਼ਨਾਂ/ਮੁਹਿੰਮਾਂ ਤੋਂ ਵਾਪਸ ਸੱਦੇ ਜਾਣ ਦੇ ਰੂਪ ਵਿਚ ਨਿਕਲਿਆ ਤਾਂ ਕਿ ਇਸ ਦੇ ਜੰਗਜੂ ਯੂਕਰੇਨ ਜੰਗ ਵਿਚ ਹਿੱਸਾ ਲੈ ਸਕਣ। ਬਖ਼ਮੁਤ ਦੀ ਲੜਾਈ ਵਿਚ ਇਸ ਦੀ ਕਾਰਗੁਜ਼ਾਰੀ ਦੀ ਪੂਤਿਨ ਨੇ ਵੀ ਸ਼ਲਾਘਾ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਕਿਹੜੀ ਚੀਜ਼ ਸੀ ਜਿਸ ਨੇ ਪ੍ਰਿਗੋਜ਼ਿਨ ਨੂੰ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਲਈ ਮਜਬੂਰ ਕੀਤਾ? ਕੁਝ ਵਿਸ਼ਲੇਸ਼ਕਾਂ ਦਾ ਖ਼ਿਆਲ ਹੈ ਕਿ ਉਸ ਨੇ ਇਸ ਰਾਹੀਂ ਉਸ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ ਜਿਹੜੀ ਬਖ਼ਮੁਤ ਮੁਹਿੰਮ ਦੌਰਾਨ ਉਸ ਦੇ ਫ਼ੌਜੀਆਂ ਨੂੰ ਰਸਦ ਅਤੇ ਅਸਲ੍ਹੇ ਦੀ ਸਪਲਾਈ ਤੋਂ ਇਨਕਾਰ ਕੀਤੇ ਜਾਣ ਕਾਰਨ ਝੱਲਣੀ ਪਈ। ਇਸ ਨਾਲ ਵੈਗਨਰ ਨੂੰ ਭਾਰੀ ਨੁਕਸਾਨ ਹੋਇਆ ਤੇ ਉਨ੍ਹਾਂ ਦਾ ਹੌਸਲਾ ਵੀ ਟੁੱਟਿਆ। ਤੱਤੇ ਘਾਹ ਰੱਖਿਆ ਮੰਤਰਾਲੇ ਸਿਰ ਦੋਸ਼ ਮੜ੍ਹ ਦਿੱਤਾ ਗਿਆ।
ਪ੍ਰਿਗੋਜ਼ਿਨ ਇਸ ਦੇ ਨਾਲ ਹੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਅਤੇ ਫ਼ੌਜ ਦੇ ਮੁਖੀ ਜਨਰਲ ਵਾਲੇਰੀ ਗੇਰਾਸੀਮੋਵ ਤੋਂ ਵੀ ਖ਼ਫ਼ਾ ਸੀ। ਉਹ ਵੈਗਨਰ ਦੇ ਫ਼ੌਜੀਆਂ ਨੂੰ ਮੁਲਕ ਦੀ ਆਮ ਫ਼ੌਜ ਵਿਚ ਸ਼ਾਮਲ ਕਰਨ ਦੇ ਖ਼ਾਹਿਸ਼ਮੰਦ ਸਨ ਅਤੇ ਜ਼ੋਰ ਦੇ ਰਹੇ ਸਨ ਕਿ ਵੈਗਨਰ ਫ਼ੌਜੀਆਂ ਵੱਲੋਂ ਛੇਤੀ ਤੋਂ ਛੇਤੀ ਮੰਤਰਾਲੇ ਨਾਲ ਕੰਟਰੈਕਟ (ਇਕਰਾਨਾਮੇ) ਸਹੀਬੰਦ ਕੀਤੇ ਜਾਣ। ਇਸ ਦਾ ਮਤਲਬ ਇਹ ਸੀ ਕਿ ਬਖ਼ਮੁਤ ਦੀ ਲੜਾਈ ਖ਼ਤਮ ਹੋਣ ਤੋਂ ਬਾਅਦ ਵੈਗਨਰ ਨੂੰ ਸੰਭਵ ਤੌਰ ’ਤੇ ਅਫਰੀਕੀ ਅਪਰੇਸ਼ਨਾਂ ਤੱਕ ਮਹਿਦੂਦ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਪ੍ਰਿਗੋਜ਼ਿਨ ਨੇ ਰੋਸਤੋਵ ਵਿਚ ਫ਼ੌਜ ਦੇ ਇਕ ਮਜ਼ਬੂਤ ਗੜ੍ਹ ਉੱਤੇ ਇਕ ਹੱਦ ਤੱਕ ਕਬਜ਼ਾ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਫਿਰ ਆਪਣੀ ਬਗ਼ਾਵਤ ਨੂੰ ਜੱਗ-ਜ਼ਾਹਿਰ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਯੂਕਰੇਨ ਦੇ ਮੋਰਚੇ ਉਤੇ ਰੂਸ ਲਈ ਕਾਫ਼ੀ ਕੁਝ ਚੰਗਾ ਨਹੀਂ ਚੱਲ ਰਿਹਾ। ਰੂਸ ਦੇ ਅੰਦਰ ਵੀ ਬਹੁਤ ਸਾਰੀਆਂ ਆਵਾਜ਼ਾਂ ਰੱਖਿਆ ਮੰਤਰਾਲੇ ਵਿਚ ਸੁਧਾਰ ਦੇ ਹੱਕ ਵਿਚ ਉੱਠ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਫੈਡਰਲ ਸਕਿਉਰਿਟੀ ਸਰਵਿਸ (ਜਿਸ ਨੂੰ ਐਫਐਸਬੀ ਵਜੋਂ ਜਾਣਿਆ ਜਾਂਦਾ ਹੈ ਤੇ ਜੋ ਕੇਜੀਬੀ ਦੀ ਜਾਨਸ਼ੀਨ ਹੈ) ਵੀ ਪ੍ਰਿਗੋਜ਼ਿਨ ਦੇ ਜ਼ਿਆਦਾ ਕਰੀਬ ਹੈ ਅਤੇ ਸ਼ਾਇਦ ਇਹ ਰੱਖਿਆ ਮੰਤਰਾਲੇ ਵਿਚ ਵੀ ਸਿਖਰਲੇ ਅਹੁਦਿਆਂ ਉਤੇ ਤਬਦੀਲੀਆਂ ਕੀਤੇ ਜਾਣ ਦੇ ਖ਼ਿਲਾਫ਼ ਨਹੀਂ, ਤਾਂ ਕਿ ਮੰਤਰਾਲਾ ਤੇ ਐਫਐਸਬੀ ਆਪਸ ਵਿਚ ਤਾਲਮੇਲ ਤਹਿਤ ਕੰਮ ਕਰਨ, ਨਾ ਕਿ ਮਾਸਕੋ ਵਿਚ ਸੱਤਾ ਲਈ ਇਕ-ਦੂਜੇ ਖ਼ਿਲਾਫ਼ ਜੂਝਣ।
ਵੈਗਨਰ ਗਰੁੱਪ ਦੀ ਲੀਡਰਸ਼ਿਪ ਮੁੱਖ ਤੌਰ ’ਤੇ ਸੇਂਟ ਪੀਟਰਸਬਰਗ ਆਧਾਰਿਤ ਹੈ ਅਤੇ ਇਸ ਕਾਰਨ ਇਹ ਮਾਸਕੋ ਨੂੰ ਕੰਟਰੋਲ ਕਰਨ ਦੀ ਥਾਂ ਮਹਿਜ਼ ਪ੍ਰਭਾਵਕਾਰੀ ਭੂਮਿਕਾ ਹੀ ਨਿਭਾ ਸਕਦਾ ਹੈ। ਜ਼ਾਹਿਰਾ ਤੌਰ ’ਤੇ ਬਗ਼ਾਵਤ ਦੌਰਾਨ ਵੈਗਨਰ ਦੀਆਂ ਲਾਲਸਾਵਾਂ ਇਸ ਦੀਆਂ ਸਮਰੱਥਾਵਾਂ ਤੋਂ ਵਧ ਕੇ ਸਨ ਅਤੇ ਇਨ੍ਹਾਂ ਰਾਹੀਂ ਤਾਕਤ ਨਾਲੋਂ ਨਿਰਾਸ਼ਾ ਦਾ ਮੁਜ਼ਾਹਰਾ ਵੱਧ ਹੋ ਰਿਹਾ ਸੀ।
ਇਥੋਂ ਜੰਗ ਕਿਵੇਂ ਅੱਗੇ ਵਧੇਗੀ? ਇਥੇ ਕੁਝ ਕਾਰਕਾਂ ਉਤੇ ਗ਼ੌਰ ਕਰਨ ਦੀ ਲੋੜ ਹੈ। ਜੇ ਰੂਸੀ ਮੁਹਿੰਮ ਸਹੀ ਢੰਗ ਨਾਲ ਚੱਲਦੀ ਹੈ ਤਾਂ ਵੱਖੋ-ਵੱਖ ਧਿਰਾਂ ਦਰਮਿਆਨ ਐਲਾਨੀਆ ਤੌਰ ’ਤੇ ਕੋਈ ਮਤਭੇਦ ਨਹੀਂ ਹੋਣਗੇ। ਗ਼ੌਰਤਲਬ ਹੈ ਕਿ ਪ੍ਰਿਗੋਜ਼ਿਨ ਨੇ ਰੱਖਿਆ ਮੰਤਰਾਲੇ ਦੀ ਆਲੋਚਨਾ ਉੱਚੀ ਸੁਰ ਵਿਚ ਅਤੇ ਹੋਰਨਾਂ ਨੇ ਖ਼ਾਮੋਸ਼ੀ ਨਾਲ ਕੀਤੀ ਹੈ। ਪੂਤਿਨ ਨੂੰ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਯੂਕਰੇਨ ਵਿਚ ਜਿੱਤ ਦਰਜ ਕਰਨ ਦੀ ਲੋੜ ਹੈ। ਇਸ ਜੰਗ ਦੌਰਾਨ ਪਹਿਲਾਂ ਹੀ 16 ਜਨਰਲਾਂ ਨੂੰ ਜਾਂ ਤਾਂ ਬਰਤਰਫ਼ ਕੀਤਾ ਜਾ ਚੁੱਕਾ ਹੈ ਜਾਂ ਉਹ ਮਾਰੇ ਗਏ ਹਨ। ਇਹ ਜਨਰਲਾਂ ਦੇ ਪੱਧਰ ’ਤੇ ਸਭ ਤੋਂ ਉਚ ਪੱਧਰੀ ਨੁਕਸਾਨ ਹੈ। ਕੀ ਹੁਣ ਬਗ਼ਾਵਤ ਦੇ ਆਧਾਰ ਉਤੇ ਰੱਖਿਆ ਮੰਤਰੀ ਤੇ ਫ਼ੌਜ ਮੁਖੀ ਨੂੰ ਜੰਗ ਦੇ ਮੁਲੰਕਣ ਦਾ ਸ਼ਿਕਾਰ ਬਣਾਇਆ ਜਾਵੇਗਾ? ਇਸ ਸੂਰਤ ਵਿਚ ਬਗ਼ਾਵਤ ਦਾ ਸੀਮਤ ਟੀਚਾ ਸਰ ਹੋ ਜਾਵੇਗਾ। ਸੰਭਵ ਤੌਰ ’ਤੇ ਪ੍ਰਿਗੋਜ਼ਿਨ ਗ਼ਲਤ ਅੰਦਾਜ਼ਾ ਲਾ ਬੈਠਾ ਕਿ ਪੂਤਿਨ ਵੱਲੋਂ ਵੈਗਨਰ ਦੀ ਹਮਾਇਤ ਕੀਤੀ ਜਾਵੇਗੀ। ਮਾਸਕੋ ਉਤੇ ਕਬਜ਼ਾ ਕਰਨ ਤੁਰਿਆ ਗਰੁੱਪ ਵਾਪਸ ਪਰਤ ਗਿਆ ਹਾਲਾਂਕਿ ਇਸ ਦੇ ਮਾਸਕੋ ਉੱਤੇ ਕਬਜ਼ੇ ਦੇ ਬਹੁਤੇ ਆਸਾਰ ਨਹੀਂ ਸਨ।
ਵੈਗਨਰ ਬਗ਼ਾਵਤ ਤੋਂ ਸਬਕ ਸਿੱਖਦਿਆਂ ਹੁਣ ਮਾਸਕੋ ਲਈ ਯੂਰਕੇਨ ਮੁਹਿੰਮ ਉਤੇ ਵਧੇਰੇ ਕਰੀਬੀ ਨਜ਼ਰ ਰੱਖਣ ਦੀ ਲੋੜ ਹੈ। ਅਜਿਹੇ ਗਰੁੱਪਾਂ ਨੇ ਭਾਵੇਂ ਰੂਸ ਦੀਆਂ ਕੁਝ ਜਿੱਤਾਂ ਵਿਚ ਭੂਮਿਕਾ ਨਿਭਾਈ ਹੈ ਪਰ ਉਹ ਆਖ਼ਰ ਸਟੇਟ/ਰਿਆਸਤ ਦੇ ਅਦਾਰਿਆਂ ਲਈ ਮਾਰੂ ਤੇ ਉਨ੍ਹਾਂ ਨੂੰ ਹਰਾਉਣ ਵਾਲੇ ਸਾਬਤ ਹੁੰਦੇ ਹਨ। ਇਸ ਲਈ ਇਸ ਮੁਤੱਲਕ ਬਿਹਤਰ ਕੰਟਰੋਲ ਰੱਖੇ ਜਾਣ ਦੀ ਲੋੜ ਹੈ। ਕੀ ਆਮ ਫ਼ੌਜ ਆਗਾਮੀ ਕੁਝ ਮਹੀਨਿਆਂ ਦੌਰਾਨ ਪੂਤਿਨ ਦੇ ਸਿਆਸੀ ਟੀਚਿਆਂ ਨੂੰ ਸਰ ਕਰਨ ਪੱਖੋਂ ਬਿਹਤਰ ਕਿਰਦਾਰ ਨਿਭਾ ਸਕਦੀ ਹੈ? ਇਸ ਲਈ ਪੂਰੀ ਤਰ੍ਹਾਂ ਸਿੱਖਿਅਤ ਫ਼ੌਜੀਆਂ, ਬਿਹਤਰ ਸਪਲਾਈ ਅਤੇ ਸਾਫ਼ ਤੌਰ ’ਤੇ ਸਰ ਕੀਤੇ ਜਾਣ ਵਾਲੇ ਟੀਚਿਆਂ ਦੀ ਲੋੜ ਹੈ। ਰੱਖਿਆ ਮੰਤਰਾਲੇ ਤੇ ਫ਼ੌਜ ਵਿਚ ਸਿਖਰਲੇ ਪੱਧਰ ’ਤੇ ਤਬਦੀਲੀ ਦੇ ਨਾਲ ਹੀ ਰਣਨੀਤੀ ਤੇ ਪੈਂਤੜੇਬਾਜ਼ੀਆਂ ਵਿਚ ਵੀ ਤਬਦੀਲੀ ਦੀ ਲੋੜ ਹੋਵੇਗੀ।
ਜੇ ਅਜਿਹਾ ਹੋ ਵੀ ਜਾਂਦਾ ਹੈ ਤਾਂ ਕੀ ਇਸ ਨਾਲ ਮਾਸਕੋ ਵਿਚ ਸਿਆਸੀ ਇਕਸੁਰਤਾ ਯਕੀਨੀ ਬਣੇਗੀ? ਪੂਤਿਨ ਲਈ ਐਫਐਸਬੀ ਅਤੇ ਰੱਖਿਆ ਮੰਤਰਾਲੇ ਦਰਮਿਆਨ ਤਾਲਮੇਲ ਬਿਠਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਇਕਮੁੱਠ ਹੋ ਕੇ ਲੜਨ, ਨਾ ਕਿ ਆਪਸ ਵਿਚ ਲੜਨ ਪਰ ਜਨਤਕ ਤੌਰ ’ਤੇ ਇਹ ਏਕਤਾ ਗ਼ਾਇਬ ਹੈ ਅਤੇ ਇਸ ਕਾਰਨ ਇਸ ਦਾ ਅਸਰ ਜ਼ਮੀਨੀ ਪੱਧਰ ਉਤੇ ਯੂਕਰੇਨ ਮੁਹਿੰਮ ’ਤੇ ਵੀ ਪੈ ਰਿਹਾ ਹੈ। ਸੰਭਵ ਹੈ ਕਿ ਵੈਗਨਰ ਗਰੁੱਪ ਦੇ ਵੱਡੀ ਗਿਣਤੀ ਫ਼ੌਜੀਆਂ ਨੇ ਬਗ਼ਾਵਤ ਵਿਚ ਹਿੱਸਾ ਨਹੀਂ ਲਿਆ ਅਤੇ ਉਹ ਦੇਰ-ਸਵੇਰ ਰੱਖਿਆ ਮੰਤਰਾਲੇ ਦੇ ਇਕਰਾਰਨਾਮੇ ਪਰਵਾਨ ਕਰ ਸਕਦੇ ਹਨ ਕਿਉਂਕਿ ਆਖ਼ਰ ਉਹ ਭਾੜੇ ਦੇ ਫ਼ੌਜੀ ਹਨ ਤੇ ਉਨ੍ਹਾਂ ਨੂੰ ਵੀ ਨਿਯਮਤ ਤਨਖ਼ਾਹਾਂ ਦੀ ਲੋੜ ਹੈ। ਕੀ ਉਹ ਵੀ ਆਮ ਫ਼ੌਜ ਜਿੰਨੇ ਹੀ ਅਨੁਸ਼ਾਸਨਬੱਧ ਹੋਣਗੇ?
ਪ੍ਰਿਗੋਜ਼ਿਨ ਕੋਲ ਆਪਣੇ ਅਫਰੀਕੀ ਅਪਰੇਸ਼ਨਾਂ ਤੋਂ ਵੈਗਨਰ ਤੇ ਰੱਖਿਆ ਮੰਤਰਾਲੇ ਨੂੰ ਫੰਡ ਮੁਹੱਈਆ ਕਰਾਉਣ ਦੇ ਸਾਧਨ ਸਨ। ਉਸ ਨੇ ਰੱਖਿਆ ਮੰਤਰਾਲੇ ਉਤੇ ਇਨ੍ਹਾਂ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ। ਹੁਣ ਜਦੋਂ ਅਫਰੀਕੀ ਮੁਹਿੰਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ, ਵੈਗਨਰ ਦਾ ਜਾਨੀ ਨੁਕਸਾਨ ਹੋਇਆ ਅਤੇ ਪ੍ਰਿਗੋਜ਼ਿਨ ਨੂੰ ਜਲਾਵਤਨੀ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਜੇ ਵੈਗਨਰ ਨੂੰ ਹਾਲੇ ਵੀ ਅਸਰਦਾਰ ਤਾਕਤ ਰਹਿਣਾ ਹੈ, ਤਾਂ ਇਸ ਨਾਲ ਵੱਖਰੀ ਤਰ੍ਹਾਂ ਸਿੱਝਣਾ ਹੋਵੇਗਾ। ਅਗਲੇ ਅੱਠ ਮਹੀਨਿਆਂ ਦੌਰਾਨ ਯੂਕਰੇਨ ਨਾਲ ਸਿੱਝਣ ਲਈ ਹਾਂਪੱਖੀ ਸਿੱਟੇ ਲੈਣ ਵਾਸਤੇ ਵਿਆਪਕ ਰੂਸੀ ਰਣਨੀਤੀ ਵਿਚ ਵੈਗਨਰ ਨੂੰ ਕਿਵੇਂ ਇਸਤੇਮਾਲ ਕੀਤਾ ਜਾਵੇਗਾ, ਇਹ ਇਕ ਅਹਿਮ ਕਾਰਕ ਹੋਵੇਗਾ।
ਰਿਚਰਡ ਵੈਗਨਰ ਦੇ ਓਪੇਰਾ ਦੀਆਂ ਸੁਰਾਂ ਦੇ ਉਲਟ ਵੈਗਨਰ ਗਰੁੱਪ ਦੀਆਂ ਕਾਰਵਾਈਆਂ ਨੇ ਵਾਹਵਾ ਰੌਲਾ ਪੈ ਗਿਆ ਹੈ। ਯੂਕਰੇਨ ਦੇ ਹਮਲੇ ਜਾਰੀ ਹਨ ਅਤੇ ਰੂਸੀ ਰੱਖਿਆ ਐਨ ਡਟੀ ਹੋਈ ਜਾਪ ਰਹੀ ਹੈ ਪਰ ਪ੍ਰਿਗੋਜ਼ਿਨ ਵੱਲੋਂ ਦਿੱਤੇ ਗਏ ਝਟਕਿਆਂ ਨੇ ਸ਼ਾਇਦ ਰੂਸੀ ਸਿਸਟਮ ਵਿਚਲੀਆਂ ਤਰੇੜਾਂ ਜੱਗ-ਜ਼ਾਹਿਰ ਕਰ ਦਿੱਤੀਆਂ ਹਨ।
*ਲੇਖਕ ਭਾਰਤ ਦਾ ਰਾਜਦੂਤ ਰਹਿ ਚੁੱਕਾ ਹੈ।

Advertisement

Advertisement
Advertisement
Tags :
Author Image

joginder kumar

View all posts

Advertisement