For the best experience, open
https://m.punjabitribuneonline.com
on your mobile browser.
Advertisement

ਵੋਟਾਂ ਪਵਾਉਣ ਵਾਲੇ ਮੁਲਾਜ਼ਮ ਆਪਣੀ ਵੋਟ ਨਾ ਪਾ ਸਕੇ

07:34 AM Oct 16, 2024 IST
ਵੋਟਾਂ ਪਵਾਉਣ ਵਾਲੇ ਮੁਲਾਜ਼ਮ ਆਪਣੀ ਵੋਟ ਨਾ ਪਾ ਸਕੇ
ਪਿੰਡ ਭੈਣੀਬਾਘਾ ’ਚ ਵੋਟ ਪਾਉਣ ਤੋਂ ਵਾਂਝੇ ਪੁਲੀਸ ਸਮੇਤ ਹੋਰ ਮੁਲਾਜ਼ਮ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਤੜਕਸਾਰ ਤੋਂ ਲੈ ਕੇ ਦਿਨ ਛਿਪਣ ਤੱਕ ਲੱਖਾਂ ਵੋਟਰਾਂ ਦੀਆਂ ਵੋਟਾਂ ਪਵਾਉਣ ਵਾਲੇ ਸਿਵਲ ਤੇ ਪੁਲੀਸ ਮੁਲਾਜ਼ਮ ਖੁਦ ਆਪਣੀ ਵੋਟ ਦੀ ਵਰਤੋਂ ਨਾ ਕਰ ਸਕੇ, ਹਾਲਾਂਕਿ ਪਿੰਡਾਂ ਵਿਚ ਵੋਟਾਂ ਪਵਾਉਣ ਲਈ ਉਹ ਇਕ ਦਿਨ ਪਹਿਲਾਂ ਹੀ ਪੁੱਜੇ ਹੋਏ ਸਨ। ਪੰਜਾਬ ਵਿਚ ਵੋਟਾਂ ਪਵਾਉਣ ਵਾਲੇ ਅਜਿਹੇ ਮੁਲਾਜ਼ਮਾਂ ਦੀ ਗਿਣਤੀ 96,000 ਤੋਂ ਵੱਧ ਦੱਸੀ ਜਾਂਦੀ ਹੈ, ਜਦੋਂ ਕਿ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਇਨ੍ਹਾਂ ਨਾਲੋਂ ਵੱਖਰੀ ਹੈ, ਜੋ ਖੁਦ ਆਪਣੀ ਵੋਟ ਨਾ ਪਾ ਸਕੇ। ਪੋਲਿੰਗ ਸਟਾਫ ਵਿਚ ਜ਼ਿਆਦਾਤਰ ਗਿਣਤੀ ਪੇਂਡੂ ਖੇਤਰ ਵਿਚ ਰਹਿੰਦੇ ਮੁਲਾਜ਼ਮਾਂ ਦੀ ਹੈ, ਜਿਨ੍ਹਾਂ ਨੇ ਸ਼ਹਿਰਾਂ ਵਿਚ ਰਹਿੰਦਿਆਂ ਹੋਇਆਂ ਵੀ ਆਪਣੀਆਂ ਵੋਟਾਂ ਪਿੰਡਾਂ ਵਿਚ ਬਣਾਈਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਵਾਰ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਸੈਂਕੜੇ ਮੁਲਾਜ਼ਮ ਆਪਣੀਆਂ ਵੋਟਾਂ ਦੀ ਵਰਤੋਂ ਨਹੀਂ ਕਰ ਸਕੇ ਹਨ। ਆਮ ਤੌਰ ’ਤੇ ਡਿਊਟੀ ਦੇਣ ਵਾਲੇ ਸਟਾਫ ਨੂੰ ਵੋਟਾਂ ਤੋਂ ਇਕ ਦਿਨ ਪਹਿਲਾਂ ਪੋਸਟਲ ਬੈਲਟ ਪੇਪਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਹ ਡਾਕ ਰਾਹੀਂ ਪੈਂਦੀ ਆਪਣੀ ਵੋਟ ਨੂੰ ਸਹੀ ਸਮੇਂ ਸਿਰ ਭੁਗਤਾ ਸਕਦਾ ਹੈ। ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਨ੍ਹਾਂ ਚੋਣਾਂ ਵਿਚ ਮੁਲਾਜ਼ਮਾਂ ਦੀ ਵੋਟ ਪਾਉਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ, ਜਦੋਂ ਕਿ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਅਕਸਰ ਹੀ ਮੁਲਾਜ਼ਮਾਂ ਨੂੰ ਵੋਟ ਪਾਉਣ ਤੋਂ ਵਾਂਝਾ ਰਹਿਣਾ ਪੈਂਦਾ ਹੈ।
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਅਮੋਲਕ ਸਿੰਘ ਡੇਲੂਆਣਾ ਨੇ ਦੱਸਿਆ ਕਿ ਵੋਟਾਂ ਵਿਚ ਡਿਊਟੀ ਦੇਣ ਵਾਲੇ ਕਿਸੇ ਵੀ ਮੁਲਾਜ਼ਮ ਦੀ ਵੋਟ ਨਹੀਂ ਪਈ, ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਵੋਟਾਂ ਦੀ ਵਰਤੋਂ ਕਰਵਾਉਣ ਲਈ ਬਾਕਾਇਦਾ ਬੰਦੋਬਸਤ ਕਰਨੇ ਚਾਹੀਦੇ ਸਨ। ਇਸ ਦੌਰਾਨ ਮਾਨਸਾ ਦੇ ਉਪ-ਮੰਡਲ ਮੈਜਿਸਟਰੇਟ ਕਾਲਾ ਰਾਮ ਕਾਂਸਲ ਦਾ ਕਹਿਣਾ ਹੈ ਕਿ ਇਨ੍ਹਾਂ ਸਥਾਨਕ ਪੱਧਰ ਦੀਆਂ ਚੋਣਾਂ ਵਿਚ ਕਦੇ ਵੀ ਮੁਲਾਜ਼ਮਾਂ ਦੀਆਂ ਵੋਟਾਂ ਪਵਾਉਣ ਦਾ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਨਹੀਂ ਕੀਤਾ ਜਾਂਦਾ ਅਤੇ ਇਹ ਪ੍ਰਬੰਧ ਕਰਨਾ ਬੜਾ ਔਖਾ ਵੀ ਹੁੰਦਾ ਹੈ।

Advertisement

Advertisement
Advertisement
Author Image

joginder kumar

View all posts

Advertisement