For the best experience, open
https://m.punjabitribuneonline.com
on your mobile browser.
Advertisement

ਸੰਗਰੂਰ ’ਚ ਸਿਆਸੀ ਧਿਰਾਂ ਦਾ ਉਤਰਾਅ-ਚੜ੍ਹਾਅ ਵਾਲਾ ਰਿਹੈ ਵੋਟ ਬੈਂਕ

08:50 AM May 02, 2024 IST
ਸੰਗਰੂਰ ’ਚ ਸਿਆਸੀ ਧਿਰਾਂ ਦਾ ਉਤਰਾਅ ਚੜ੍ਹਾਅ ਵਾਲਾ ਰਿਹੈ ਵੋਟ ਬੈਂਕ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਈ
ਸੰਗਰੂਰ ਲੋਕ ਸਭਾ ਹਲਕੇ ’ਚ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ। ਸਿਆਸੀ ਧਿਰਾਂ ਦੇ ਉਮੀਦਵਾਰ ‘ਵੋਟਾਂ ਦੀ ਪੱਕੀ ਫਸਲ’ ਜੁਟਾਉਣ ਲਈ ਚੋਣ ਪਿੜ ਵਿਚ ਸਰਗਰਮੀ ਨਾਲ ਜੁਟ ਗਏ ਹਨ। ਪ੍ਰਮੁੱਖ ਸਿਆਸੀ ਧਿਰਾਂ ’ਚ ਅਕਾਲੀ ਦਲ (ਅ) ਵੱਲੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾਂ, ਬਸਪਾ ਵੱਲੋਂ ਡਾ. ਮੱਖਣ ਸਿੰਘ ਚੋਣ ਮੈਦਾਨ ’ਚ ਨਿੱਤਰੇ ਹਨ ਜਦੋਂਕਿ ਭਾਜਪਾ ਵੱਲੋਂ ਹਾਲੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ। ਜੇਕਰ ਪਿਛਲੇ ਅੱਠ ਸਾਲਾਂ ਦੌਰਾਨ ਤਿੰਨ ਵਾਰ (2014, 2019, 2022) ਹੋਈ ਸੰਗਰੂਰ ਸੰਸਦੀ ਸੀਟ ਦੇ ਚੋਣ ਨਤੀਜੇ ਉਪਰ ਝਾਤ ਮਾਰੀਏ ਤਾਂ ਪ੍ਰਮੁੱਖ ਸਿਆਸੀ ਧਿਰਾਂ ਦੇ ਵੋਟ ਬੈਂਕ ਵਿਚ ਕਾਫ਼ੀ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ 2014 ’ਚ 48.47 ਫ਼ੀਸਦੀ ਤੇ 2019 ’ਚ 37.43 ਫੀਸਦੀ ਵੋਟ ਮਿਲੇ ਅਤੇ ਜਿੱਤ ਪ੍ਰਾਪਤ ਕੀਤੀ। 2022 ਦੀ ਜ਼ਿਮਨੀ ਚੋਣ ’ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 34.79 ਫੀਸਦੀ ਵੋਟ ਮਿਲੇ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੋਂ 35.61 ਫੀਸਦੀ ਵੋਟ ਦੇ ਮੁਕਾਬਲੇ ਥੋੜੇ ਫਰਕ ਨਾਲ ਹਾਰ ਗਏ ਸਨ।
ਕਾਂਗਰਸ ਨੂੰ 2014 ਵਿਚ 17.50 ਫੀਸਦੀ ਵੋਟ ਮਿਲੇ ਸਨ। 2019 ਦੀ ਚੋਣ ’ਚ ਪਾਰਟੀ ਉਮੀਦਵਾਰ ਨੂੰ 27.43 ਫੀਸਦੀ ਵੋਟ, ਜਦੋਂਕਿ 2022 ਦੀ ਜ਼ਿਮਨੀ ਚੋਣ ’ਚ 11.21 ਵੋਟ ਮਿਲੇ ਅਤੇ ਪਾਰਟੀ ਤੀਜੇ ਸਥਾਨ ’ਤੇ ਰਹੀ। 2009 ’ਚ ਪਾਰਟੀ ਨੂੰ ਜਿੱਤ ਮਿਲੀ ਸੀ। ਇਸ ਤੋਂ ਬਾਅਦ ਕਾਂਗਰਸ ਨੂੰ ਜਿੱਤ ਨਸੀਬ ਨਹੀਂ ਹੋਈ। ਕਾਂਗਰਸ ਦੀ ਹਾਰ ਵਾਲਾ ਦਾਗ ਧੋਣ ਲਈ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੈਦਾਨ ਵਿੱਚ ਹਨ, ਜੋ ਚਾਰ ਜੂਨ ਦੇ ਨਤੀਜੇ ਦੱਸਣਗੇ ਕਿ ਸਾਫ ਹੋਇਆ ਹੈ ਕਿ ਨਹੀਂ।
ਸ਼੍ਰੋਮਣੀ ਅਕਾਲੀ ਦਲ ਨੂੰ 2014 ਦੀ ਚੋਣ ’ਚ 29.23 ਫੀਸਦੀ ਵੋਟ ਮਿਲੇ ਸਨ, ਜੋ ਕਿ 2019 ’ਚ ਘੱਟ ਕੇ 23.83 ਫੀਸਦੀ ਰਹਿ ਗਏ। ਉਥੇ ਹੀ ਪਾਰਟੀ ਨੂੰ 2022 ਦੀ ਜ਼ਿਮਨੀ ਚੋਣ ’ਚ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪਾਰਟੀ ਉਮੀਦਵਾਰ ਨੂੰ ਸਿਰਫ਼ 6.25 ਫੀਸਦੀ ਵੋਟ ਹੀ ਮਿਲੇ ਅਤੇ ਗੱਡੀ ਪੰਜਵੇਂ ਸਥਾਨ ’ਤੇ ਪਹੁੰਚ ਗਈ। 2022 ਦੀ ਚੋਣ ’ਚ ਅਕਾਲੀ ਦਲ ਉਮੀਦਵਾਰ ਤੋਂ ਵੱਧ 9.33 ਫੀਸਦੀ ਵੋਟ ਭਾਜਪਾ ਉਮੀਦਵਾਰ ਨੂੰ ਮਿਲੇ ਸੀ, ਜੋ ਕਿ ਚੌਥੇ ਸਥਾਨ ’ਤੇ ਰਿਹਾ ਸੀ। ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ 2004 ਵਿੱਚ 34.2 ਫੀਸਦੀ ਵੋਟ ਪ੍ਰਾਪਤ ਕਰਕੇ ਜਿੱਤੇ ਸਨ, ਜਿਸ ਤੋਂ ਬਾਅਦ ਅਕਾਲੀ ਦਲ ਨੂੰ ਜਿੱਤ ਨਸੀਬ ਨਹੀਂ ਹੋਈ। ਮੌਜੂਦਾ ਚੋਣ ’ਚ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਸਾਹਮਣੇ ਢੀਂਡਸਾ ਧੜੇ ਦੀ ਨਾਰਾਜ਼ਗੀ ਦੇ ਨਾਲ-ਨਾਲ ਕਈ ਚੁਣੌਤੀਆਂ ’ਚੋਂ ਨਿਕਲਿਆ ਪਵੇਗਾ।
ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸੰਨ 1999 ’ਚ 41.7 ਫੀਸਦੀ ਵੋਟ ਪ੍ਰਾਪਤ ਕਰਕੇ ਚੋਣ ਜਿੱਤੀ ਸੀ। 2004 ’ਚ 25.9 ਫੀਸਦੀ, 2009 ’ਚ 3.62 ਫੀਸਦੀ, 2019 ’ਚ 4.37 ਫੀਸਦੀ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2022 ਦੀ ਜ਼ਿਮਨੀ ਚੋਣ 35.61 ਫੀਸਦੀ ਵੋਟਾਂ ਨਾਲ ਜਿੱਤੀ।

Advertisement

Advertisement
Author Image

joginder kumar

View all posts

Advertisement
Advertisement
×