For the best experience, open
https://m.punjabitribuneonline.com
on your mobile browser.
Advertisement

‘ਆਪ’, ਕਾਂਗਰਸ ਤੇ ਭਾਜਪਾ ਦਾ ਵੋਟ ਬੈਂਕ ਵਧਿਆ

07:38 AM Jun 06, 2024 IST
‘ਆਪ’  ਕਾਂਗਰਸ ਤੇ ਭਾਜਪਾ ਦਾ ਵੋਟ ਬੈਂਕ ਵਧਿਆ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੀ ਵੋਟ ਫੀਸਦ ਵਿਚ ਉਤਰਾ-ਚੜ੍ਹਾਅ ਵੇਖਣ ਨੂੰ ਮਿਲਿਆ ਹੈ। ਸੰਨ 2022 ’ਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੁਕਾਬਲੇ ਸੰਨ 2024 ਦੀ ਮੌਜੂਦਾ ਲੋਕ ਸਭਾ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਵੋਟ ਫੀਸਦ ’ਚ ਵਾਧਾ ਹੋਇਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਫੀਸਦ ਘਟੀ ਹੈ। ਸਭ ਤੋਂ ਵੱਧ ਖੋਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਸਤਰ ਦੇ ਵੋਟ ਬੈਂਕ ਨੂੰ ਲੱਗਿਆ ਹੈ ਜਿਸਦੀ ਸੰਨ 2022 ਦੇ ਮੁਕਾਬਲੇ ਵੋਟ ਫੀਸਦ 17.07 ਘਟੀ ਹੈ। ਸੰਨ 2022 ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.61 ਫੀਸਦੀ ਵੋਟ ਮਿਲੀ ਸੀ ਅਤੇ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ ਪਰ ਦੋ ਸਾਲਾਂ ਦੌਰਾਨ ਹੀ ਕਰੀਬ ਅੱਧੀ ਵੋਟ ਪਾਰਟੀ ਹੱਥੋਂ ਖਿਸਕ ਗਈ ਹੈ। ਮੌਜੂਦਾ 2024 ਦੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਨੂੰ 18.55 ਫੀਸਦੀ ਵੋਟ ਹੀ ਮਿਲੇ ਹਨ।
ਆਮ ਆਦਮੀ ਪਾਰਟੀ ਨੂੰ ਸੰਨ 2022 ’ਚ 34.79 ਫੀਸਦੀ ਵੋਟ ਮਿਲੀ ਸੀ ਜਿਸਨੂੰ ਸਿਰਫ਼ 0.82 ਫੀਸਦੀ ਵੋਟ ਨਾਲ ਹਾਰ ਝੱਲਣੀ ਪਈ ਸੀ। ਮੌਜੂਦਾ ਲੋਕ ਸਭਾ ਚੋਣ ’ਚ ‘ਆਪ’ ਨੂੰ 36.06 ਫੀਸਦੀ ਵੋਟ ਪ੍ਰਾਪਤ ਹੋਈ ਹੈ ਜੋ ਕਿ 2022 ਦੇ ਮੁਕਾਬਲੇ 1.27 ਫੀਸਦੀ ਵੋਟ ਵਧੀ ਹੈ। ਉਂਝ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਆਪਣੇ ਮੁੱਖ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਤੋਂ 17.09 ਫੀਸਦੀ ਵੱਧ ਵੋਟ ਹਾਸਲ ਕਰਕੇ ਵੱਡੀ ਲੀਡ ਨਾਲ ਚੋਣ ਜਿੱਤੀ ਹੈ।
ਕਾਂਗਰਸ ਪਾਰਟੀ ਦੇ ਵੋਟ ਬੈਂਕ ਵਿੱਚ ਸੰਨ 2022 ਦੇ ਮੁਕਾਬਲੇ 7.76 ਫੀਸਦੀ ਵਾਧਾ ਹੋਇਆ ਹੈ। ਸੰਨ 2022 ਦੀ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਨੂੰ 11.21 ਫੀਸਦੀ ਵੋਟ ਮਿਲੇ ਸਨ ਪਰ ਮੌਜੂਦਾ 2024 ਦੀ ਚੋਣ ਵਿਚ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 18.97 ਫੀਸਦੀ ਵੋਟ ਮਿਲੇ ਹਨ। ਭਾਵੇਂ ਵੋਟ ਬੈਂਕ ’ਚ ਵਾਧਾ ਹੋਇਆ ਹੈ ਪਰ ਇਹ ਵਾਧਾ ਜਿੱਤ ਦਿਵਾਉਣ ਦੇ ਸਮਰੱਥ ਨਹੀਂ ਹੋਇਆ। ਭਾਜਪਾ ਦਾ ਵੋਟ ਬੈਂਕ ਵੀ ਸੰਨ 2022 ਦੇ ਮੁਕਾਬਲੇ 3.37 ਫੀਸਦੀ ਵਧਿਆ ਹੈ। ਸੰਨ 2022 ’ਚ ਭਾਜਪਾ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਇਕੱਲਿਆਂ ਆਪਣੇ ਦਮ ’ਤੇ ਲੜੀ ਸੀ ਜਿਸ ਵਿਚ ਭਾਜਪਾ ਨੂੰ ਸਿਰਫ਼ 9.33 ਫੀਸਦੀ ਵੋਟ ਮਿਲੇ ਸਨ। ਮੌਜੂਦਾ 2024 ਦੀ ਚੋਣ ਵਿਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ 12.7 ਫੀਸਦੀ ਵੋਟ ਮਿਲੇ ਹਨ ਅਤੇ ਪਾਰਟੀ ਚੌਥੇ ਸਥਾਨ ’ਤੇ ਰਹੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਆਧਾਰ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਸੰਨ 2022 ਦੀ ਲੋਕ ਸਭਾ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 6.25 ਫੀਸਦੀ ਵੋਟ ਮਿਲੇ ਸਨ ਜਦੋਂਕਿ ਮੌਜੂਦਾ 2024 ਦੀ ਚੋਣ ’ਚ ਸਿਰਫ਼ 6.19 ਫੀਸਦ ਵੋਟ ਮਿਲੇ ਹਨ। ਭਾਵ ਵੋਟ ਫੀਸਦੀ ਵਧਣ ਦੀ ਬਜਾਏ ਮਾਮੂਲੀ 0.06 ਘਟਿਆ ਹੀ ਹੈ ਅਤੇ ਅਕਾਲੀ ਦਲ ਦਾ ਪੰਜਵਾਂ ਸਥਾਨ ਜਿਉਂ ਦੀ ਤਿਉਂ ਬਰਕਾਰ ਹੈ।

Advertisement

Advertisement
Author Image

sukhwinder singh

View all posts

Advertisement
Advertisement
×