For the best experience, open
https://m.punjabitribuneonline.com
on your mobile browser.
Advertisement

ਕਿਰਤੀਆਂ ਦੀ ਆਵਾਜ਼

07:57 AM Jul 28, 2020 IST
ਕਿਰਤੀਆਂ ਦੀ ਆਵਾਜ਼
Advertisement

Advertisement

ਜਗਤਾਰ ਸਿੰਘ ਲਾਂਬਾ 

Advertisement

ਛੇਹਰਟਾ ਵਿਖੇ ਏਕਤਾ ਭਵਨ ਬੰਦ ਹੈ। ਹੁਣ ਇੱਥੇ ਪਹਿਲਾਂ ਵਾਂਗ ਆਵਾਜਾਈ ਅਤੇ ਕਾਮਰੇਡਾਂ ਦੀਆਂ ਰੌਣਕਾਂ ਨਹੀਂ ਹਨ। ਲੋਕਾਂ ਦੀ ਆਵਾਜਾਈ ਵੀ ਘਟ ਗਈ ਹੈ। ਕਦੇ 24 ਘੰਟੇ ਲੋਕਾਂ ਅਤੇ ਸਮਰਥਕਾਂ ਦੀ ਆਵਾਜਾਈ ਦੇਖਣ ਵਾਲਾ ਇਹ ਏਕਤਾ ਭਵਨ ਸਤਪਾਲ ਡਾਂਗ ਤੇ ਵਿਮਲਾ ਡਾਂਗ ਦੀ ਮੌਤ ਮਗਰੋਂ ਉਦਾਸ ਹੈ।

ਸੀਪੀਆਈ ਦੇ ਉੱਘੇ ਆਗੂ ਸਤਪਾਲ ਡਾਂਗ ਲਗਪਗ 93 ਵਰ੍ਹਿਆਂ ਦੀ ਉਮਰ ਵਿਚ 6 ਜੂਨ 2013 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਜਦੋਂਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਵਿਮਲਾ ਡਾਂਗ 2009 ਵਿਚ ਚਲਾਣਾ ਕਰ ਗਏ ਸਨ। ਸ੍ਰੀ ਡਾਂਗ ਨੇ ਇੱਥੋਂ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਤੋਂ 1967, 1969, 1972 ਅਤੇ 1977 ਵਿਚ ਚੋਣ ਜਿੱਤੀ ਸੀ ਅਤੇ ਵਿਮਲਾ ਡਾਂਗ ਹੋਰਾਂ ਨੇ 1982 ਵਿਚ ਵਿਧਾਨ ਸਭਾ ਚੋਣ ਜਿੱਤੀ। ਲਗਪਗ ਅੱਧੀ ਸਦੀ ਤੋਂ ਵੱਧ ਇਹ ਇਲਾਕਾ ਕਾਮਰੇਡਾਂ ਦਾ ਵੱਡਾ ਗੜ੍ਹ ਬਣਿਆ ਰਿਹਾ ਜਿੱਥੇ ਘਰ-ਘਰ ਵਿਚ ਡਾਂਗ ਜੋੜੇ ਦਾ ਦਿਲੋਂ ਸਤਿਕਾਰ ਹੁੰਦਾ ਸੀ। ਅਜਿਹਾ ਨਹੀਂ ਕਿ ਇਨ੍ਹਾਂ ਨੂੰ ਹੁਣ ਲੋਕ ਭੁੱਲ ਗਏ ਹਨ, ਪਰ ਉਨ੍ਹਾਂ ਤੋਂ ਬਾਅਦ ਖੱਬੇ ਪੱਖੀਆਂ ਦੀ ਪਹਿਲਾਂ ਵਰਗੀ ਸਾਖ ਕਾਇਮ ਨਹੀਂ ਰਹਿ ਸਕੀ।

ਛੇਹਰਟਾ ਵਿਖੇ ਏਕਤਾ ਭਵਨ ਦੀ ਤਸਵੀਰ।

ਸ੍ਰੀ ਸਤਪਾਲ ਡਾਂਗ ਦਾ ਜਨਮ 4 ਅਕਤੂਬਰ 1920 ਨੂੰ ਪਾਕਿਸਤਾਨ ਦੇ ਗੁੱਜਰਾਂਵਾਲਾ ਵਿਚ ਹੋਇਆ। ਉਨ੍ਹਾਂ ਨੇ ਸਕੂਲੀ ਸਿੱਖਿਆ ਲਾਹੌਰ ਤੋਂ ਪ੍ਰਾਪਤ ਕੀਤੀ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਕੁੱਦ ਪਏ। ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੇ ਅਤੇ ਮਗਰੋਂ ਸੀਪੀਆਈ ਨਾਲ ਜੁੜ ਗਏ ਜਿਸ ਦਾ ਸਾਥ ਉਨ੍ਹਾਂ ਮੌਤ ਤਕ ਨਿਭਾਇਆ। ਵਿਦਿਆਰਥੀ ਜੀਵਨ ਦੌਰਾਨ ਹੀ ਉਹ ਮੁੰਬਈ ਆ ਗਏ ਜਿੱਥੇ ਉਹ 1940 ਵਿਚ  ਸੀਪੀਆਈ ਦੇ ਸਰਗਰਮ ਕਾਰਕੁੰਨ ਰਹੇ। 25 ਸਾਲ ਦੀ ਉਮਰ ਵਿਚ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਬਣੇ। ਇਸ ਸਮੇਂ ਦੌਰਾਨ ਹੀ ਉਨ੍ਹਾਂ ਵਿਮਲਾ ਬਾਕਿਆ ਨਾਲ ਰਲ ਕੇ ਪਾਰਟੀ ਲਈ ਕੰਮ ਕੀਤਾ ਅਤੇ 1952 ਵਿਚ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਪਾਰਟੀ ਲਈ ਕੰਮ ਕਰਨ ਲਈ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਆ ਗਏ ਅਤੇ ਮੌਤ ਤਕ ਦੋਵੇਂ ਇੱਥੇ ਹੀ ਰਹੇ।

ਲਗਪਗ 33 ਸਾਲ ਡਾਂਗ ਪਰਿਵਾਰ ਨਾਲ ਜੁੜੇ ਰਹੇ ਕਾਮਰੇਡ ਹਰਭਜਨ ਸਿੰਘ ਹਵਾਈ ਫ਼ੌਜ ਵਿਚੋਂ ਸੇਵਾਮੁਕਤ ਹੋਣ ਮਗਰੋਂ 1975 ਵਿਚ ਸੀਪੀਆਈ ਨਾਲ ਜੁੜੇ ਸਨ। ਪਾਰਟੀ ਦੇ ਜ਼ਿਲ੍ਹਾ ਸਕੱਤਰ ਹੁੰਦਿਆਂ ਉਹ ਸ੍ਰੀ ਡਾਂਗ ਦੇ ਨੇੜੇ ਆਏ। ਉਨ੍ਹਾਂ ਕੋਲੋਂ ਬੜਾ ਕੁਝ ਸਿੱਖਣ ਦਾ ਮੌਕਾ ਮਿਲਿਆ। ਇਹ ਉਨ੍ਹਾਂ ਦਾ ਵਡੱਪਣ ਸੀ ਕਿ ਉਹ ਆਪਣੀ ਟੀਮ ਨੂੰ ਵੀ ਕੁਸ਼ਲ ਅਤੇ ਮਨੋਬਲ ਨਾਲ ਭਰੇ ਆਗੂਆਂ ਵਜੋਂ ਵਿਚਰਨ ਦਾ ਪੂਰਾ ਮੌਕਾ ਦਿੰਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਸੀਪੀਆਈ ਨੂੰ ਕਈ ਚੰਗੇ ਲੀਡਰ ਦਿੱਤੇ। ਇਸ ਦੌਰਾਨ ਕਾਮਰੇਡ ਹਰਭਜਨ ਸਿੰਘ, ਡਾਂਗ ਪਰਿਵਾਰ ਦੇ ਭਰੋਸੇਯੋਗ ਸਾਥੀ ਬਣ ਚੁੱਕੇ ਸਨ ਅਤੇ ਅਤਿਵਾਦ ਵੇਲੇ ਉਨ੍ਹਾਂ ਦੀ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਸਾਂਭੀ ਜੋ ਉਨ੍ਹਾਂ ਨੇ ਸਫਲਤਾ ਨਾਲ ਨਿਭਾਈ। ਸੁਰੱਖਿਆ ਟੀਮ ਵਿਚ ਸੀਪੀਆਈ ਦੀ ਦਿਹਾਤੀ ਟੀਮ ਦੇ ਲਗਪਗ 23 ਨੌਜਵਾਨ ਸ਼ਾਮਲ ਸਨ ਜਨਿ੍ਹਾਂ ਨੂੰ ਲੋੜੀਂਦੀ ਸਿਖਲਾਈ ਵੀ ਉਨ੍ਹਾਂ ਨੇ ਦਿੱਤੀ।

ਸ੍ਰੀ ਡਾਂਗ ਨਾਲ ਬਿਤਾਏ ਸਮੇਂ ਦੀਆ ਯਾਦਾਂ ਨੂੰ ਫਰੋਲਦਿਆਂ ਉਹ ਦੱਸਦੇ ਹਨ ਕਿ ਉਹ ਇਕ ਨਿਡਰ, ਨਿਧੜਕ, ਨਿਸ਼ਕਾਮ ਅਤੇ ਸਵੈ-ਵਿਸ਼ਵਾਸ ਨਾਲ ਭਰੇ ਆਗੂ ਸਨ। ਕਿੰਨੇ ਵੀ ਵੱਡੇ ਰੁਤਬੇ ਦਾ ਅਧਿਕਾਰੀ ਜਾਂ ਆਗੂ ਹੋਵੇ, ਉਹ ਕਦੇ ਵੀ ਗੱਲਬਾਤ ਕਰਦਿਆਂ ਉਸ ਦੇ ਰੁਤਬੇ ਦੇ ਪ੍ਰਭਾਵ ਹੇਠ ਨਹੀਂ ਆਉਂਦੇ ਸਨ ਅਤੇ ਆਪਣੀ ਗੱਲ ਬਨਿਾਂ ਕਿਸੇ ਡਰ ਤੇ ਝਿਜਕ ਦੇ ਉਸ ਦੇ ਸਾਹਮਣੇ ਰੱਖਦੇ। 1992-93 ਵਿਚ ਮੁੱਖ ਮੰਤਰੀ ਹੁੰਦਿਆਂ ਬੇਅੰਤ ਸਿੰਘ ਉਨ੍ਹਾਂ ਕੋਲ ਏਕਤਾ ਭਵਨ ਛੇਹਰਟਾ ਵਿਖੇ ਆਏ। ਉਸ ਵੇਲੇ ਨਗਰ ਨਿਗਮ ਦੀਆਂ ਚੋਣਾਂ ਦਾ ਸਮਾਂ ਚੱਲ ਰਿਹਾ ਸੀ। ਉਹ ਚਾਹੁੰਦੇ ਸਨ ਕਿ ਸੀਪੀਆਈ, ਕਾਂਗਰਸ ਨੂੰ ਸਹਿਯੋਗ ਦੇਵੇ। ਸ੍ਰੀ ਡਾਂਗ ਨੇ ਮੁੱਖ ਮੰਤਰੀ ਨਾਲ ਲੰਮੀ ਗੱਲਬਾਤ ਕੀਤੀ, ਪਰ ਅਖੀਰ ਵਿਚ ਆਖਿਆ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਕਰੇਗੀ। ਅਜਿਹੀਆਂ ਕਈ ਮਿਸਾਲਾਂ ਹਨ ਕਿ ਉੱਚ ਅਧਿਕਾਰੀ ਤੇ ਸਿਆਸੀ ਆਗੂ ਪਾਰਟੀ ਨੂੰ ਛੱਡ ਕੇ ਉਨ੍ਹਾਂ ਦਾ ਸਤਿਕਾਰ ਕਰਦੇ ਸਨ।  ਉਹ ਨਿਸ਼ਕਾਮ ਲੋਕ ਸੇਵਾ ਕਰਨ ਵਾਲੇ ਆਗੂ ਸਨ। ਸਾਰੀ ਜ਼ਿੰਦਗੀ ਉਨ੍ਹਾਂ ਨੇ ਆਪਣਾ ਕੋਈ ਨਿੱਜੀ ਘਰ ਨਹੀਂ ਬਣਾਇਆ, ਪਹਿਲਾਂ ਨਰਾਇਣਗੜ੍ਹ ਤੇ ਫਿਰ ਹੋਰ ਥਾਵਾਂ ’ਤੇ ਰਹੇ ਅਤੇ ਅਤਿਵਾਦ ਵੇਲੇ ਸੁਰੱਖਿਆ ਕਾਰਨਾਂ ਕਰਕੇ ਏਕਤਾ ਭਵਨ ਵਿਚ ਰਹਿਣ ਲਈ ਆ ਗਏ। ਘਰ ਵਿਚ ਉਨ੍ਹਾਂ ਨੇ ਇਸ ਲਈ ਛੱਤ ਵਾਲਾ ਪੱਖਾ ਨਹੀਂ ਲਵਾਇਆ ਸੀ ਕਿਉਂਕਿ ਮਜ਼ਦੂਰਾਂ ਦੇ ਘਰਾਂ ਵਿਚ ਪੱਖੇ ਨਹੀਂ ਹੁੰਦੇ ਸਨ। ਉਹ ਨਵੇਂ ਅਤੇ ਮਹਿੰਗੇ ਕੱਪੜੇ ਵੀ ਨਹੀਂ ਖ਼ਰੀਦਦੇ ਸਨ ਸਗੋਂ ਸ੍ਰੀਮਤੀ ਵਿਮਲਾ ਡਾਂਗ ਹੀ ਉਨ੍ਹਾਂ ਲਈ ਹਾਲ ਬਾਜ਼ਾਰ ਵਿਚੋਂ ਐਤਵਾਰ ਨੂੰ ਫੁੱਟਪਾਥ ’ਤੇ ਫੜੀ ਲਾ ਕੇ ਵੇਚੇ ਜਾਂਦੇ ਪੁਰਾਣੇ ਕੱਪੜੇ ਖ਼ਰੀਦ ਕੇ ਲਿਆਉਂਦੇ। ਇਨ੍ਹਾਂ ਕੱਪੜਿਆਂ ਨੂੰ ਬਾਅਦ ਵਿਚ ਕਾਮਰੇਡ ਅਜੀਤ ਸਿੰਘ ਕਠਾਨੀਆ ਜੋ ਦਰਜੀ ਵੀ ਸਨ, ਉਨ੍ਹਾਂ ਦੇ ਮਾਪ ਦਾ ਤਿਆਰ ਕਰ ਦਿੰਦਾ। ਸਤਪਾਲ ਡਾਂਗ ਤੇ ਵਿਮਲਾ ਡਾਂਗ ਦੋਵਾਂ ਨੂੰ ਪੈਨਸ਼ਨ ਵਜੋਂ ਲਗਪਗ 38 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਕਮ ਮਿਲਦੀ ਸੀ, ਪਰ ਉਹ ਇਹ ਸਾਰੀ ਰਕਮ ਪਾਰਟੀ ਫੰਡ ਵਜੋਂ ਜਮ੍ਹਾਂ ਕਰਵਾ ਦਿੰਦੇ ਅਤੇ ਪਾਰਟੀ ਵੱਲੋਂ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਮਿਹਨਤਾਨੇ ਨਾਲ ਹੀ ਆਪਣਾ ਗੁਜ਼ਾਰਾ ਕਰਦੇ। ਇਹ ਸਿਲਸਿਲਾ ਸਾਰੀ ਉਮਰ ਚੱਲਦਾ ਰਿਹਾ।

ਦੋਵੇਂ ਜੀਅ ਇੰਨੇ ਮਿਲਣਸਾਰ ਸੁਭਾਅ ਦੇ ਸਨ ਕਿ ਹਰ ਕਿਸੇ ਦੇ ਧੁਰ ਅੰਦਰ ਤਕ ਉਤਰ ਜਾਂਦੇ। ਕੋਈ ਪਾਰਟੀ ਵਰਕਰ ਬਿਮਾਰ ਹੁੰਦਾ ਤਾਂ ਉਸ ਦੇ ਘਰ ਪਤਾ ਲੈਣ ਚਲੇ ਜਾਂਦੇ ਅਤੇ ਜੇਕਰ ਕੋਈ ਵਰਕਰ ਘਰ ਆ ਗਿਆ ਤਾਂ ਉਸ ਨੂੰ ਰੋਟੀ ਵੀ ਖੁਆਉਂਦੇ। ਜੇਕਰ  ਸ੍ਰੀ ਡਾਂਗ ਘਰ ਵਿਚ ਹੁੰਦੇ ਤਾਂ ਖ਼ੁਦ ਸਬਜ਼ੀ ਕੱਟ ਕੇ ਘਰ ਵਿਚ ਮਦਦ ਕਰਦੇ। ਉਹ ਇਕ ਸ਼ਾਹੂਕਾਰ ਪਰਿਵਾਰ ਨਾਲ ਸਬੰਧਿਤ ਸਨ, ਪਰ ਉਨ੍ਹਾਂ ਆਪਣਾ ਸਾਰਾ ਜੀਵਨ ਸਾਧਾਰਨ ਵਿਅਕਤੀ ਵਾਂਗ ਬਿਤਾਇਆ। ਉਹ ਇਕ ਆਦਰਸ਼ ਆਗੂ ਸਨ।

ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਆਸਲ ਵੀ 1978 ਵਿਚ ਵਿਦਿਆਰਥੀ ਜੀਵਨ ਸਮੇਂ ਹੀ ਪਾਰਟੀ ਨਾਲ ਜੁੜ ਗਏ ਸਨ, ਪਰ ਪੜ੍ਹਾਈ ਖ਼ਤਮ ਕਰਨ ਮਗਰੋਂ 1983 ਤੋਂ ਲੈ ਕੇ ਆਖ਼ਰੀ ਸਮੇਂ ਤਕ ਸ੍ਰੀ ਡਾਂਗ ਨਾਲ ਰਹੇ। ਡਾਂਗ ਹੋਰਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਅਤਿਵਾਦ ਪੀੜਤਾਂ ਨੂੰ ਸਰਕਾਰੀ ਮਦਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਕੀਤੇ ਕੰਮ ਹਮੇਸ਼ਾਂ ਯਾਦ ਰੱਖੇ ਜਾਣਗੇ। ਦਿੱਲੀ ਦੰਗਾ ਪੀੜਤਾਂ ਵਾਂਗ ਅਤਿਵਾਦ ਪੀੜਤ ਪਰਿਵਾਰਾਂ ਨੂੰ ਵੀ ਸਾਰੀਆਂ ਸਹੂਲਤਾਂ ਦਿਵਾਉਣ ਲਈ ਜੱਦੋਜਹਿਦ ਕੀਤੀ। ਫ਼ਿਰਕੂ ਏਕਤਾ ਨੂੰ ਕਾਇਮ ਰੱਖਣ ਲਈ ਯਤਨ ਜਾਰੀ ਰੱਖੇ। ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁਲੀਸ ਦੇ ਇਕ ਡੀਆਈਜੀ ਨੂੰ ਗੋਲੀ ਮਾਰੀ ਗਈ ਸੀ ਤਾਂ ਉਸ ਤੋਂ ਅਗਲੇ ਦਨਿ ਇਸ ਖ਼ਿਲਾਫ਼ ਮਾਰਚ ਕੱਢਿਆ ਸੀ। ਉਹ ਅਤਿਵਾਦ ਦੇ ਸਖ਼ਤ ਖ਼ਿਲਾਫ਼ ਸਨ। ਇਸੇ ਕਾਰਨ ਉਨ੍ਹਾਂ ਸਮੇਤ ਕਈ ਆਗੂ ਉਸ ਵੇਲੇ ਅਤਿਵਾਦੀਆਂ ਦੀ ‘ਹਿੱਟ ਲਿਸਟ’ ’ਤੇ ਸਨ। ਉਹ ਇਸ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਅਤੇ ਲਿਖਦੇ ਸਨ। ਪਾਰਟੀ ਵੱਲੋਂ ਸ੍ਰੀ ਡਾਂਗ ਦੀ ਯਾਦਗਾਰ ਵਜੋਂ ਛੇਹਰਟਾ ਵਿਚ ਏਕਤਾ ਭਵਨ ਵਿਚ ਇਕ ਹਾਲ ਉਨ੍ਹਾਂ ਦੇ ਨਾਂ ’ਤੇ ਬਣਾਉਣ ਦੀ ਯੋਜਨਾ ਹੈ।

ਪਾਰਟੀ ਦੇ ਸਟੇਟ ਕਮੇਟੀ ਮੈਂਬਰ ਅਤੇ ਸੂਬੇ ਦੀ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਦੁਧਾਲਾ ਨੇ ਵੀ ਸ੍ਰੀ ਡਾਂਗ ਨਾਲ ਸੁਰੱਖਿਆ ਟੀਮ ਦੇ ਮੈਂਬਰ ਵਜੋਂ ਕਈ ਵਰ੍ਹੇ ਬਿਤਾਏ ਹਨ। ਉਹ ਦੱਸਦੇ ਹਨ ਕਿ ਸ੍ਰੀ ਡਾਂਗ ਆਪਣੇ ਵਰਕਰਾਂ ਅਤੇ ਸਾਥੀਆਂ  ਨਾਲ ਹਮੇਸ਼ਾਂ ਬਰਾਬਰੀ ਵਾਲਾ ਵਿਹਾਰ ਕਰਦੇ ਸਨ। ਰੋਟੀ ਖਾਣ ਸਮੇਂ ਉਹ ਪਹਿਲਾਂ ਇਹ ਪਤਾ ਕਰਦੇ ਕਿ ਉਨ੍ਹਾਂ ਦੇ ਸਾਥੀਆਂ ਨੇ ਖਾਣਾ ਖਾ ਲਿਆ ਜਾਂ ਨਹੀਂ। ਉਹ ਹਰ ਲੋੜਵੰਦ ਦੇ ਕੰਮ ਆਉਂਦੇ ਅਤੇ ਖ਼ਾਸਕਰ ਲਤਾੜੇ ਜਾਂ ਧੱਕੇ ਦਾ ਸ਼ਿਕਾਰ ਹੋਏ ਲੋਕਾਂ ਦੇ ਨਾਲ ਢਾਲ ਬਣ ਕੇ ਖੜ੍ਹਦੇ। ਕਿਸੇ ਦਾ ਵੀ ਕੰਮ ਕਰਵਾਉਣਾ ਹੁੰਦਾ ਤਾਂ ਉਸ ਦੀ ਪੂਰੀ ਪੈਰਵਾਈ ਕਰਦੇ। ਰੋਜ਼ ਦਾ ਕੰਮ ਰੋਜ਼ ਪੂਰਾ ਕਰਕੇ ਹੀ ਸੌਂਦੇ। ਪੁਤਲੀਘਰ ਦਫ਼ਤਰ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਹੇਠਲੇ ਹਿੱਸੇ ਵਿਚ ਸੁਰੱਖਿਆ ਟੀਮ ਦੇ ਮੈਂਬਰ ਅਤੇ ਉੱਪਰ ਇਕ ਬੈਂਚ ’ਤੇ ਸ੍ਰੀ ਡਾਂਗ ਸੌਂਦੇ ਸਨ। ਉਨ੍ਹਾਂ ਦੇ ਨਾਲ ਇਕ ਵਕੀਲ ਕਾਮਰੇਡ ਵੀ ਸੀ ਜੋ ਇਕ ਰਾਤ ਉਸ ਬੈਂਚ ’ਤੇ ਸੌਂ ਗਿਆ। ਰਾਤ ਨੂੰ ਕੰਮ ਖ਼ਤਮ ਕਰਨ ਮਗਰੋਂ ਜਦੋਂ ਸ੍ਰੀ ਡਾਂਗ ਆਏ ਤਾਂ ਉੱਥੇ ਉਸ ਨੂੰ ਸੁੱਤਿਆਂ ਦੇਖ ਕੇ ਉਸ ਨੂੰ ਉਠਾਉਣ ਦੀ ਥਾਂ ਖ਼ੁਦ ਉਸ ਦੀ ਥਾਂ ’ਤੇ ਜਾ ਕੇੇ ਸੌਂ ਗਏ।

ਸੰਪਰਕ: 94173-57400

ਸਤਪਾਲ ਡਾਂਗ ਦੀ ਵਸੀਅਤ:

ਸ੍ਰੀ ਡਾਂਗ ਨੇ ਆਪਣੇ ਜਿਉਂਦੇ ਜੀਅ 2006 ਵਿਚ ਵਸੀਅਤ ਕਰ ਦਿੱਤੀ ਸੀ। ਇਸ ਵਿਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਅਗਨ ਭੇਂਟ ਕਰਨ ਸਮੇਂ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ। ਉਨ੍ਹਾਂ ਦੀ ਖੱਬੀ ਅੱਖ ਦਾਨ ਕਰ ਦਿੱਤੀ ਜਾਵੇ ਅਤੇ ਅਸਥੀਆਂ ਨੇੜੇ ਕਿਸੇ ਦਰਿਆ ਵਿਚ ਪ੍ਰਵਾਹ ਕੀਤੀਆਂ ਜਾਣ।

Advertisement
Tags :
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement