ਉਮੀਦ ਦੀ ਆਵਾਜ਼
ਡਾ. ਡੀ. ਪੀ. ਸਿੰਘ
ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ ਅੰਦਰ ਪ੍ਰਾਚੀਨ ਇਤਿਹਾਸ ਅਤੇ ਨਵੇਂ ਜ਼ਮਾਨੇ ਦੀ ਸੋਚ ਟਕਰਾ ਰਹੇ ਸਨ। ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਲੰਬੇ ਸੰਘਰਸ਼ ਦੀਆਂ ਤਿੰਨ ਪ੍ਰਮੁੱਖ ਧਿਰਾਂ ਸਨ - ਹਮਾਸ, ਇਜ਼ਰਾਈਲ ਅਤੇ ਪੀ.ਐੱਲ.ਓ.। ਇਸ ਇਜ਼ਰਾਇਲੀ-ਫਲਸਤੀਨੀ ਸੰਘਰਸ਼ ਵਿੱਚ ਉਲਝੇ ਖੇਤਰ ਵਿਖੇ ਸਬੱਬੀਂ ਤਿੰਨ ਵਿਅਕਤੀਆਂ ਦਾ ਮੇਲ ਹੋ ਗਿਆ। ਇਤਫਾਕ ਹੀ ਸੀ ਕਿ ਇਹ ਤਿੰਨੋਂ ਵਿਅਕਤੀ ਇਨ੍ਹਾਂ ਤਿੰਨ ਧਿਰਾਂ ਦੀ ਨੁਮਾਇੰਦਗੀ ਕਰ ਰਹੇ ਸਨ।
ਯੂਸਫ਼ ਇੱਕ ਫਲਸਤੀਨੀ ਨੌਜਵਾਨ ਸੀ ਜੋ ਹਮਾਸ ਦਾ ਮੈਂਬਰ ਸੀ। ਉਹ ਗਾਜ਼ਾ ਪੱਟੀ ਵਿੱਚ ਵੱਡਾ ਹੋਇਆ ਸੀ ਅਤੇ ਉਸ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਜ਼ਰਾਇਲੀ ਨਾਕਾਬੰਦੀ ਦੀਆਂ ਮੁਸ਼ਕਲਾਂ ਨੂੰ ਸਹਿਣ ਕਰਦਿਆਂ ਦੇਖਿਆ ਸੀ। ਉਹ ਮੌਜੂਦਾ ਹਾਲਾਤ ਦੇ ਮੁਕਾਬਲੇ ਦਾ ਮੁਦਈ ਸੀ ਅਤੇ ‘ਵਿਰੋਧ’ ਇੱਕ ਅਜਿਹਾ ਸ਼ਬਦ ਜੋ ਅਕਸਰ ਉਸ ਦੇ ਦਿਮਾਗ਼ ਵਿੱਚ ਗੂੰਜਦਾ ਰਹਿੰਦਾ ਸੀ। ਉਸ ਦੇ ਦੋਸਤ ਉਸ ਨੂੰ ‘ਸਿਰੜੀ ਯੂਸਫ਼’ ਕਹਿੰਦੇ ਸਨ ਕਿਉਂਕਿ ਉਹ ਹਮੇਸ਼ਾਂ ਪੱਕੇ ਇਰਾਦੇ ਦਾ ਮਾਲਕ ਸੀ।
ਤੀਹ ਕੁ ਸਾਲਾ ਸਾਰਾ ਇੱਕ ਇਜ਼ਰਾਇਲੀ ਔਰਤ ਸੀ। ਉਹ ਤਲਅਵੀਵ ਸ਼ਹਿਰ ਦੀ ਜੰਮਪਲ ਸੀ। ਉਹ ਇਜ਼ਰਾਇਲੀ ਫ਼ੌਜ ਵਿੱਚ ਨੌਕਰੀ ਕਰ ਚੁੱਕੀ ਸੀ ਅਤੇ ਇਸ ਖੇਤਰ ਵਿੱਚ ਫੈਲੇ ਤਣਾਅ ਨੂੰ ਉਸ ਨੇ ਹੱਡੀਂ ਹੰਢਾਇਆ ਸੀ। ਉਸ ਦਾ ਪਰਿਵਾਰ ਤੇ ਦੋਸਤ ਗਾਜ਼ਾ ਪੱਟੀ ਤੋਂ ਅਕਸਰ ਹੁੰਦੇ ਰਾਕੇਟੀ ਹਮਲਿਆਂ ਦੇ ਪਰਛਾਵਿਆਂ ਹੇਠ ਜੀਵਨ ਬਸਰ ਕਰ ਰਹੇ ਸਨ। ਸਾਰਾ ਆਪਣੇ ਲੋਕਾਂ ਦੀ ਸੁਰੱਖਿਆ ਬਾਰੇ ਬਹੁਤ ਭਾਵੁਕ ਸੀ। ਉਹ ਖੁਸ਼ਹਾਲ ਤੇ ਸੁਰੱਖਿਅਤ ਇਜ਼ਰਾਈਲ ਦੀ ਸਾਕਾਰਤਾ ਲਈ ਵਚਨਬੱਧ ਸੀ।
ਅਹਿਮਦ, ਇੱਕ ਤਜਰਬੇਕਾਰ ਡਿਪਲੋਮੈਟ ਸੀ। ਉਸ ਨੇ ਪੀ. ਐੱਲ.ਓ. ਦੇ ਪ੍ਰਤੀਨਿਧੀ ਵਜੋਂ ਅੰਤਰਰਾਸ਼ਟਰੀ ਸਬੰਧਾਂ ਦੀਆਂ ਗੁੰਝਲਾਂ ਨੂੰ ਹੱਲ ਕਰਨ ਵਿੱਚ ਕਈ ਸਾਲ ਬਿਤਾਏ ਸਨ। ਉਹ ਇਸ ਖਿੱਤੇ ਵਿਖੇ ਜੰਗਬੰਦੀ ਦੀ ਹਰ ਕੋਸ਼ਿਸ਼ ਅਤੇ ਸ਼ਾਂਤੀ ਪ੍ਰਕਿਰਿਆ ਵਿੱਚ ਮੌਜੂਦ ਹਰ ਮੁਸ਼ਕਿਲ ਬਾਰੇ ਬਾਖੂਬੀ ਜਾਣਦਾ ਸੀ। ਉਹ ਇੱਕ ਸ਼ਾਂਤ-ਸੁਭਾਅ ਵਾਲਾ ਵਿਚਾਰਵਾਨ ਵਿਅਕਤੀ ਸੀ ਜੋ ਆਪਸੀ ਗੱਲਬਾਤ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਸੀ।
ਮੱਧ ਪੂਰਬ ਵਿਖੇ ਹੋਈ ਇੱਕ ਅੰਤਰਰਾਸ਼ਟਰੀ ਕਾਨਫਰੰਸ ਦੀ ਇੱਕ ਸ਼ਾਮ ਉਨ੍ਹਾਂ ਦੀ ਮੁਲਾਕਾਤ ਹੋ ਗਈ। ਕਾਨਫਰੰਸ ਦਾ ਇਹ ਤੀਸਰਾ ਦਿਨ ਸੀ ਜਦ ਉਹ ਤਿੰਨੋਂ ਇੱਕ ਕੈਫੇ ਵਿਖੇ ਅਚਾਨਕ ਮਿਲ ਗਏ। ਸਾਰਾ ਮਨ ਆਈ ਗੱਲ ਕਹਿਣ ਤੋਂ ਕਦੇ ਝਿਜਕਦੀ ਨਹੀਂ ਸੀ। ਮਿਲਣੀ ਦੌਰਾਨ ਪਸਰੀ ਚੁੱਪ ਨੂੰ ਤੋੜਦਿਆਂ ਉਹ ਬੋਲੀ, ‘‘ਯੂਸਫ਼! ਮੈਨੂੰ ਸਮਝ ਨਹੀਂ ਆਉਂਦੀ ਕਿ ਹਮਾਸ ਹਿੰਸਾ ਦੀ ਵਰਤੋਂ ਕਰਨ ਉੱਤੇ ਜ਼ੋਰ ਕਿਉਂ ਦਿੰਦਾ ਹੈ। ਜੇਕਰ ਤੁਸੀਂ ਇਨ੍ਹਾਂ ਹਮਲਿਆਂ ਨੂੰ ਛੱਡ ਦਿਓ ਤਾਂ ਅਸੀਂ ਰਲ-ਮਿਲ ਕੇ ਸ਼ਾਂਤੀ ਨਾਲ ਰਹਿਣ ਦਾ ਰਸਤਾ ਲੱਭ ਸਕਦੇ ਹਾਂ।’’
ਯੂਸਫ਼ ਨੇ ਨਿਰਾਸ਼ਾ ਪਰ ਦ੍ਰਿੜਤਾ ਭਰੀ ਨਜ਼ਰ ਨਾਲ ਉਸ ਵੱਲ ਦੇਖਿਆ। ‘‘ਸਾਰਾ! ਅਸੀਂ ਕਈ ਪੀੜ੍ਹੀਆਂ ਤੋਂ ਵਿਦੇਸ਼ੀ ਕਬਜ਼ੇ ਹੇਠ ਜੀਅ ਰਹੇ ਹਾਂ। ਅਸੀਂ ਸ਼ਾਂਤੀ ਭਰੇ ਢੰਗ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਅਜਿਹੀ ਗੱਲਬਾਤ ਹਮੇਸ਼ਾਂ ਹੋਰ ਪਾਬੰਦੀਆਂ ਤੇ ਬੰਦੋਬਸਤਾਂ ਨੂੰ ਜਨਮ ਦਿੰਦੀ ਹੈ। ਵਿਰੋਧ ਤੋਂ ਬਿਨਾਂ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਦਾ ਕੋਈ ਹੋਰ ਤਰੀਕਾ ਨਜ਼ਰ ਹੀ ਨਹੀਂ ਆਉਂਦਾ।’’
ਅਹਿਮਦ, ਕੌਫ਼ੀ ਦਾ ਘੁੱਟ ਭਰਦਿਆਂ ਸਹਿਜ ਨਾਲ ਬੋਲਿਆ, ‘‘ਸਾਰਾ, ਯੁਸਫ਼! ਤੁਹਾਡੇ ਦੋਵਾਂ ਦੇ ਵਿਚਾਰਾਂ ਦਾ ਆਧਾਰ ਤੁਹਾਡੇ ਲੋਕਾਂ ਦੇ ਆਪੋ ਆਪਣੇ ਇਤਿਹਾਸ ਨਾਲ ਜੁੜਿਆ ਹੋਇਆ ਹੈ। ਅਸੀਂ ਪੀ.ਐੱਲ.ਓ. ਵਿਖੇ ਰਾਜਨੀਤਕ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਇਹ ਆਸਾਨ ਕੰਮ ਨਹੀਂ ਹੈ। ਅਸੀਂ ਗੱਲਬਾਤ ਦੇ ਸਾਂਝੇ ਆਧਾਰ ਨੂੰ ਲੱਭਣ ਦੇ ਮਹੱਤਵ ਨੂੰ ਸਮਝਦੇ ਹਾਂ। ਸ਼ਾਂਤੀ ਸੰਭਵ ਤਾਂ ਹੈ ਪਰ ਇਸ ਲਈ ਆਪਸੀ ਸਹਿਮਤੀ ਦੀ ਲੋੜ ਹੈ।’’
ਸਾਰਾ ਨੇ ਡੂੰਘਾ ਸਾਹ ਲੈਂਦਿਆ ਕਿਹਾ, ‘‘ਮੈਂ ਜਾਣਦੀ ਹਾਂ ਕਿ ਕੋਈ ਸੌਖਾ ਹੱਲ ਨਹੀਂ ਹੈ ਪਰ ਹਿੰਸਾ ਸਿਰਫ਼ ਹੋਰ ਹਿੰਸਾ ਨੂੰ ਹੀ ਜਨਮ ਦਿੰਦੀ ਹੈ। ਯੂਸਫ਼! ਮੈਂ ਇਸ ਮਸਲੇ ਬਾਰੇ ਸੋਚ ਸੋਚ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਚਿੰਤਾ ਵਿੱਚ ਹਾਂ।’’
ਯੂਸਫ਼ ਨੇ ਦੋਹਾਂ ਪੱਖਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਸਿਰ ਹਿਲਾਇਆ। ‘‘ਸਾਰਾ! ਤੇਰੀ ਚਿੰਤਾ ਸਹੀ ਹੈ। ਅਸੀਂ ਵੀ ਅਜਿਹੇ ਹੀ ਡਰ ਅਤੇ ਅਸੁਰੱਖਿਆ ਦਾ ਸ਼ਿਕਾਰ ਹਾਂ ਪਰ ਸਵੈ-ਨਿਰਣੇ ਦਾ ਹੱਕ ਵੀ ਤਾਂ ਸਾਡਾ ਜਨਮ-ਸਿੱਧ ਅਧਿਕਾਰ ਹੈ। ਸੱਚ ਹੀ ਇਹ ਇੱਕ ਬਹੁਤ ਮੁਸ਼ਕਿਲ ਹਾਲਤ ਹੈ।’’
ਹਲਕੀ ਜਿਹੀ ਮੁਸਕਰਾਹਟ ਨਾਲ ਅਹਿਮਦ ਬੋਲਿਆ, ‘‘ਅਸਲ ਵਿੱਚ ਇਸ ਖਿੱਤੇ ਦਾ ਇਹ ਮਸਲਾ ਦੁਨੀਆ ਦੇ ਸਭ ਤੋਂ ਜਟਿਲ ਸੰਘਰਸ਼ਾਂ ਵਿੱਚੋਂ ਇੱਕ ਹੈ ਪਰ ਇਸ ਤਰ੍ਹਾਂ ਆਪਸ ਵਿੱਚ ਗੱਲ ਕਰਨਾ, ਇੱਕ ਦੂਜੇ ਦੇ ਪੱਖਾਂ ਨੂੰ ਸਮਝਣਾ, ਉੱਜਲ ਭਵਿੱਖ ਵੱਲ ਇੱਕ ਚੰਗਾ ਕਦਮ ਹੈ।’’
ਉਸ ਪਲ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੇ ਆਪਣੇ ਲੋਕਾਂ ਦੁਆਰਾ ਰਚੇ ਪੱਖਪਾਤੀ ਇਤਿਹਾਸ ਉੱਤੇ ਆਧਾਰਿਤ ਹਨ। ਤਦ ਹੀ ਉਨ੍ਹਾਂ ਸਾਰਿਆਂ ਨੇ ਧਰਤੀ ਦੇ ਇਸ ਖਿੱਤੇ ਵਿੱਚ ਸ਼ਾਂਤੀ ਦੀ ਅਹਿਮ ਲੋੜ ਮਹਿਸੂਸ ਕੀਤੀ। ਬੇਸ਼ੱਕ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਹਾਲਾਤ ਹਮੇਸ਼ਾਂ ਵਾਂਗ ਹੀ ਚੁਣੌਤੀਪੂਰਣ ਬਣੇ ਹੋਏ ਸਨ ਪਰ ਸ਼ਾਂਤੀ ਲਈ ਬੇਤਾਬ ਇਸ ਖੇਤਰ ਵਿੱਚ ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਆਪਸੀ ਗੱਲਬਾਤ ਉਮੀਦ ਦੀ ਇੱਕ ਹਲਕੀ ਜਿਹੀ ਕਿਰਨ ਵਾਂਗ ਨਜ਼ਰ ਆ ਰਹੀ ਸੀ।
***
ਕਾਨਫਰੰਸ ਦੇ ਅਗਲੇ ਦਿਨਾਂ ਦੌਰਾਨ ਵੀ ਯੂਸਫ਼, ਸਾਰਾ ਅਤੇ ਅਹਿਮਦ ਦੀ ਆਪਸੀ ਗੱਲਬਾਤ ਜਾਰੀ ਰਹੀ। ਉਨ੍ਹਾਂ ਇੱਕ ਦੂਜੇ ਨਾਲ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਅਜਿਹੇ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਨਾ ਸਿਰਫ਼ ਆਪੋ-ਆਪਣੇ ਪੱਖਾਂ ਦੀਆਂ ਗੱਲਾਂ ਤੇ ਤੱਥ ਸਾਂਝੇ ਕੀਤੇ, ਸਗੋਂ ਇੱਕ ਚੰਗੇਰੇ ਭਵਿੱਖ ਲਈ ਸ਼ੁੱਭਇੱਛਾਵਾਂ ਦੀ ਸਾਂਝ ਵੀ ਪਾਈ। ਇੱਕ ਸ਼ਾਮ ਭੂਮੱਧ ਸਾਗਰ ਦੇ ਸ਼ਾਂਤ ਪਾਣੀਆਂ ਵਾਲੀ ਬੀਚ ਦੇ ਕਿਨਾਰੇ ਬੈਠ, ਉਨ੍ਹਾਂ ਨੇ ਨਾ ਸਿਰਫ਼ ਸਹੀ ਇਤਿਹਾਸਕ ਜਾਣਕਾਰੀ ਦੇ ਮਹੱਤਵ ਬਾਰੇ ਚਰਚਾ ਕੀਤੀ, ਸਗੋਂ ਆਪਣੇ ਪਰਿਵਾਰਾਂ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਸਾਰਾ ਨੇ ਆਪਣੇ ਛੋਟੇ ਭਤੀਜਿਆਂ ਤੇ ਭਤੀਜੀਆਂ ਬਾਰੇ ਗੱਲਾਂ ਕਰਦਿਆਂ, ਉਨ੍ਹਾਂ ਦੀ ਅਜਿਹੇ ਭਵਿੱਖਮਈ ਸੰਸਾਰ ਦੀ ਖ਼ਾਹਸ਼, ਜਿੱਥੇ ਖ਼ਤਰੇ ਤੇ ਡਰ ਵਾਲੇ ਹਾਲਾਤ ਤੋਂ ਮੁਕਤੀ ਹੋਵੇ, ਬਾਰੇ ਦੱਸ ਪਾਈ। ਯੂਸਫ਼ ਨੇ ਇੱਕ ਆਜ਼ਾਦ ਅਤੇ ਖੁਸ਼ਹਾਲ ਫਲਸਤੀਨ ਬਾਰੇ ਆਪਣੇ ਸੁਪਨਿਆਂ ਦੀ ਚਰਚਾ ਕੀਤੀ। ਇੱਕ ਅਜਿਹਾ ਫਲਸਤੀਨ ਜਿੱਥੇ ਉਹ ਲੜਾਈ ਦੇ ਦਾਨਵ ਦੇ ਖੌਫ਼ ਤੋਂ ਮੁਕਤ ਆਪਣੇ ਪਰਿਵਾਰ ਨੂੰ ਪਾਲ ਸਕਦਾ ਹੋਵੇ। ਅਹਿਮਦ ਨੇ ਆਪਣੇ ਪਿਤਾ ਤੋਂ ਸਿੱਖੇ ਉਹ ਸਬਕ ਸਾਂਝੇ ਕੀਤੇ ਜੋ ਉਸ ਦੇ ਪਿਤਾ ਨੇ ਯੁੱਧ ਦੇ ਔਕੜਾਂ ਵਿੱਚ ਅਨੁਭਵ ਕੀਤੇ ਸਨ ਅਤੇ ਇਨ੍ਹਾਂ ਸਬਕਾਂ ਨੇ ਹੀ ਉਸ ਨੂੰ ਸੰਵਾਦ ਦੀ ਕੀਮਤ ਸਮਝਾਈ ਸੀ।
ਜਿਵੇਂ-ਜਿਵੇਂ ਉਨ੍ਹਾਂ ਵਿੱਚ ਗੱਲਬਾਤ ਦੀ ਸਾਂਝ ਵਧਦੀ ਗਈ, ਉਨ੍ਹਾਂ ਦੇ ਮਨ ਵਿੱਚ ਅਜਿਹੀ ਦੁਨੀਆ ਦਾ ਸੁਪਨਾ ਸਾਕਾਰ ਹੋਣ ਲੱਗਾ ਜਿੱਥੇ ਹਰ ਰੋਜ਼ ਦੇ ਜੰਗ ਦੇ ਡਰ ਦੀ ਥਾਂ ਸ਼ਾਂਤਮਈ ਤੇ ਸਹਿਹੋਂਦ ਭਰਪੂਰ ਸੰਸਾਰ ਹੋਂਦਮਈ ਸੀ। ਹੁਣ ਸਾਰਾ ਉਨ੍ਹਾਂ ਕਾਰਨਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਜਿਨ੍ਹਾਂ ਨੇ ਨੌਜਵਾਨ ਫਲਸਤੀਨੀਆਂ ਨੂੰ ਹਮਾਸ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਸੀ। ਹੁਣ ਤਾਂ ਯੂਸਫ਼ ਨੂੰ ਵੀ ਬਹੁਗਿਣਤੀ ਇਜ਼ਰਾਇਲੀਆਂ ਦੀ ਸੁਰੱਖਿਅਤ ਅਤੇ ਸਥਾਈ ਭਵਿੱਖ ਲਈ ਮੂਲ ਚਾਹਤ ਦੀ ਸਮਝ ਆ ਚੁੱਕੀ ਸੀ। ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਜਨਮ ਲੈ ਰਹੇ ਸ਼ਾਂਤਮਈ ਭਵਿੱਖ ਦੇ ਅੰਕੁਰ ਨੂੰ ਮੌਲਣ ਵਾਸਤੇ ਲੋੜੀਂਦੇ ਹਾਲਾਤ ਦੇ ਨਿਰਮਾਣ ਲਈ ਅਹਿਮਦ ਨੇ ਕੂਟਨੀਤੀ ਦੀ ਸੰਭਾਵਨਾ ਭਾਂਪ ਲਈ।
ਕਾਨਫਰੰਸ ਦੀ ਆਖ਼ਰੀ ਸ਼ਾਮ ਜਦੋਂ ਉਹ ਆਪਣੇ ਹੋਟਲ ਦੀ ਛੱਤ ’ਤੇ ਖੜ੍ਹੇ, ਸ਼ਹਿਰ ਨੂੰ ਦੇਖ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਨਿਰਣਾ ਕਰ ਲਿਆ। ਉਨ੍ਹਾਂ ਅਹਿਦ ਕੀਤਾ ਕਿ ਉਹ ਆਪਣੇ-ਆਪਣੇ ਭਾਈਚਾਰਿਆਂ ਵਿੱਚ ਸਹੀ ਜਾਣਕਾਰੀ ਦੇ ਪ੍ਰਸਾਰ ਅਤੇ ਵਿਭਿੰਨ ਭਾਈਚਾਰਿਆਂ ਵਿੱਚ ਸੰਵਾਦ ਸਥਾਪਤੀ ਲਈ ਦ੍ਰਿੜਤਾ ਨਾਲ ਕੰਮ ਕਰਨਗੇ। ਉਨ੍ਹਾਂ ਦਾ ਯਕੀਨ ਸੀ ਕਿ ਅਜਿਹੇ ਸੰਵਾਦ ਭਾਵੇਂ ਛੋਟੇ ਛੋਟੇ ਵੀ ਹੋਣ ਪਰ ਸ਼ਾਂਤੀ ਦੇ ਰਾਹ ਉੱਤੇ ਅੱਗੇ ਵਧਣ ਲਈ ਬੀਜ ਦਾ ਰੋਲ ਅਦਾ ਕਰ ਸਕਦੇ ਹਨ। ਇਸ ਦਿਸ਼ਾ ਵਿੱਚ ਉਨ੍ਹਾਂ ਦੇ ਸਿਰਤੋੜ ਯਤਨਾਂ ਸਦਕਾ ਆਪੋ-ਆਪਣੇ ਭਾਈਚਾਰਿਆਂ ਵਿੱਚ ਉਨ੍ਹਾਂ ਦੇ ਕੰਮ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਸਾਂਝੇ ਸਮਾਗਮ ਕੀਤੇ, ਇਜ਼ਰਾਇਲਆਂ ਅਤੇ ਫਲਸਤੀਨੀਆਂ ਨੂੰ ਉਨ੍ਹਾਂ ਦੇ ਤਜਰਬਿਆਂ, ਡਰਾਂ ਅਤੇ ਉਮੀਦਾਂ ਉੱਤੇ ਚਰਚਾ ਕਰਨ ਲਈ ਇਕੱਠੇ ਕੀਤਾ। ਬੇਸ਼ੱਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਚੁਣੌਤੀਆਂ ਭਰਪੂਰ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਦੇ ਸ਼ੱਕਾਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ, ਉਹ ਦ੍ਰਿੜ ਰਹੇ। ਉਨ੍ਹਾਂ ਦੋਵਾਂ ਪੱਖਾਂ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਆਪਸੀ ਗੱਲਬਾਤ ਹੀ ਸ਼ਾਂਤੀ ਪ੍ਰਾਪਤੀ ਦਾ ਸਹੀ ਰਸਤਾ ਹੈ।
ਸਮੇਂ ਦੇ ਗੁਜ਼ਰਨ ਨਾਲ ਯੂਸਫ਼, ਸਾਰਾ ਅਤੇ ਅਹਿਮਦ ਇਜ਼ਰਾਈਲ ਅਤੇ ਫਲਸਤੀਨ ਦੀ ਆਪਸੀ ਸਾਂਝ ਦੇ ਪ੍ਰਤੀਕ ਬਣ ਗਏ। ਉਹ ਇਹ ਸਾਬਤ ਕਰਨ ਲਈ ਦ੍ਰਿੜ ਸਨ ਕਿ ਹਾਲਾਤ ਤੇ ਇਤਿਹਾਸ ਦੀ ਸਹੀ ਸਮਝ, ਮਾਨਵੀ ਹਮਦਰਦੀ ਅਤੇ ਹੋਰਨਾਂ ਲਈ ਆਦਰ ਡੂੰਘੇ ਪਾੜਿਆਂ ਨੂੰ ਵੀ ਪੂਰ ਸਕਦੇ ਹਨ। ਬੇਸ਼ੱਕ ਇਜ਼ਰਾਇਲ-ਫਲਸਤੀਨੀ ਸੰਘਰਸ਼ ਇੱਕ ਮੁਸ਼ਕਿਲ ਤੇ ਸਥਾਈ ਚੁਣੌਤੀ ਸੀ ਪਰ ਉਨ੍ਹਾਂ ਦੇ ਸੁਲਝੇ ਹੋਏ ਵਿਚਾਰ ਅਤੇ ਆਪਸੀ ਸਹਿਯੋਗ ਦੀਆਂ ਕਹਾਣੀਆਂ ਨੇ ਹੋਰਨਾਂ ਨੂੰ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੀ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਜਿਸ ਨੇ ਉਨ੍ਹਾਂ ਦੇ ਵਿਸ਼ਵਾਸ ਤੇ ਉਮੀਦ ਨੂੰ ਹੋਰ ਪੱਕਾ ਕਰ ਦਿੱਤਾ ਕਿ ਕਿਸੇ ਨਾ ਕਿਸੇ ਦਿਨ, ਉਨ੍ਹਾਂ ਦੇ ਵਿਚਾਰ ਉਨ੍ਹਾਂ ਦੇ ਖਿੱਤੇ ਦੇ ਮਸਲਿਆਂ ਦੇ ਸ਼ਾਂਤੀਪੂਰਨ ਹੱਲ ਦਾ ਆਧਾਰ ਬਣ ਸਕਦੇ ਹਨ, ਤਦ ਉਨ੍ਹਾਂ ਦੇ ਇਸ ਦੇਸ਼, ਜਿਸ ਨੂੰ ਉਹ ਆਪਣੀ ਮਾਤ-ਭੂਮੀ ਮੰਨਦੇ ਹਨ, ਦੇ ਸਮੂਹ ਲੋਕਾਂ ਦੇ ਆਪਸੀ ਸੰਘਰਸ਼ ਅਤੇ ਦੁੱਖਾਂ ਦਾ ਅੰਤ ਹੋ ਜਾਵੇਗਾ।
***
ਜਿਵੇਂ ਹੀ ਯੂਸਫ਼, ਸਾਰਾ ਅਤੇ ਅਹਿਮਦ ਨੇ ਸਹੀ ਜਾਣਕਾਰੀ, ਇਤਿਹਾਸ ਦੀ ਸਹੀ ਸਮਝ ਅਤੇ ਸ਼ਾਂਤੀ ਨੂੰ ਵਧਾਉਣ ਲਈ ਆਪਣੇ ਸਾਂਝੇ ਯਤਨ ਜਾਰੀ ਰੱਖੇ, ਉਨ੍ਹਾਂ ਦੇ ਯਤਨਾਂ ਦੀ ਚਰਚਾ ਉਨ੍ਹਾਂ ਦੇ ਨਿੱਜੀ ਇਕੱਠਾਂ ਦੀਆਂ ਸੀਮਾਵਾਂ ਤੋਂ ਪਾਰ ਫੈਲਣ ਲੱਗੀ। ਉਹ, ਇਸ ਖਿੱਤੇ ਵਿਖੇ ‘ਉਮੀਦ ਦੀ ਆਵਾਜ਼’ ਵਜੋਂ ਜਾਣੇ ਜਾਣ ਲੱਗ ਪਏ। ਸਮੇਂ ਨਾਲ ਉਨ੍ਹਾਂ ਦੇ ਮਾਨਵੀ ਏਕਤਾ ਅਤੇ ਸ਼ਾਂਤਮਈ ਸੰਵਾਦ ਦਾ ਸੁਨੇਹਾ ਅੰਤਰਰਾਸ਼ਟਰੀ ਪੱਧਰ ਤੱਕ ਗੂੰਜਣ ਲੱਗਾ। ਇੱਕ ਦਿਨ ਉਨ੍ਹਾਂ ਦੀ ਕੋਸ਼ਿਸ਼ਾਂ ਨੂੰ ਇੱਕ ਵੱਡੀ ਸਫਲਤਾ ਦਾ ਮੌਕਾ ਮਿਲ ਹੀ ਗਿਆ। ਇੱਕ ਪ੍ਰਮੁੱਖ ਗਲੋਬਲ ਸੰਸਥਾ ਨੇ ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਸ਼ਾਂਤੀ ਸੰਮੇਲਨ ਵਿੱਚ ਬੋਲਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਇਸ ਮੌਕੇ ਨਾ ਸਿਰਫ਼ ਆਪਣੇ ਨਿੱਜੀ ਤਜਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ, ਸਗੋਂ ਇਜ਼ਰਾਈਲ-ਫਲਸਤੀਨ ਖਿੱਤੇ ਵਿੱਚ ਸ਼ਾਂਤੀ ਦੀ ਸਥਾਪਨਾ ਬਾਰੇ ਦੁਨੀਆ ਨੂੰ ਇੱਕ ਸ਼ਕਤੀਸ਼ਾਲੀ ਸੰਦੇਸ਼ ਭੇਜਣ ਦੇ ਮਹੱਤਵਪੂਰਨ ਮੌਕੇ ਵਜੋਂ ਵਰਤਣ ਦਾ ਨਿਰਣਾ ਕੀਤਾ।
ਸਿਖਰ ਸੰਮੇਲਨ ਦੇ ਅਹਿਮ ਮੰਚ ’ਤੇ ਖੜ੍ਹ ਕੇ ‘ਉਮੀਦ ਦੀ ਆਵਾਜ਼’ ਦੇ ਤਿੰਨੋਂ ਪ੍ਰਮੁੱਖ ਮੈਂਬਰਾਂ ਨੇ ਵਾਰੀ-ਵਾਰੀ ਬੋਲਦਿਆਂ ਸਰੋਤਿਆਂ ਨੂੰ ਬਹੁਤ ਹੀ ਸੰਵੇਦਨਾ ਭਰਪੂਰ ਢੰਗ ਨਾਲ ਸੰਬੋਧਿਤ ਕੀਤਾ। ਇਸ ਮੰਚ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਯੂਸਫ਼ ਨੇ ਕਿਹਾ, ‘‘ਗਾਜ਼ਾ ਵਿੱਚ ਅਸੀਂ ਕਈ ਪੀੜ੍ਹੀਆਂ ਤੋਂ ਜੰਗੀ ਹਾਲਾਤ ਦੇ ਦੁਖਾਂਤ ਅਤੇ ਗੰਭੀਰ ਮਾਨਵੀ ਸੰਕਟ ਨੂੰ ਭੁਗਤ ਰਹੇ ਹਾਂ ਪਰ ਮੇਰੀ ਧਾਰਨਾ ਹੈ ਕਿ ਤਬਦੀਲੀ ਸੰਭਵ ਹੈ। ਅਸੀਂ ਸਭ ਇਸ ਖਿੱਤੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਚਾਹਵਾਨ ਹਾਂ। ਸਾਡੇ ਬੱਚੇ ਤੇ ਅਗਲੇਰੀਆਂ ਪੀੜ੍ਹੀਆਂ ਹਿੰਸਾ ਤੋਂ ਮੁਕਤ ਭਵਿੱਖ ਦੀਆਂ ਹੱਕਦਾਰ ਹਨ।’’
ਆਪਣੀ ਪੇਸ਼ਕਾਰੀ ਦੌਰਾਨ ਸਾਰਾ ਦੇ ਬੋਲ ਸਨ, ‘‘ਇੱਕ ਇਜ਼ਰਾਇਲੀ ਹੋਣ ਦੇ ਨਾਤੇ, ਮੈਂ ਦੋਵਾਂ ਪਾਸਿਆਂ ਉੱਤੇ ਜੰਗੀ ਹਾਲਾਤ ਦੇ ਵਿਨਾਸ਼ਕਾਰੀ ਪ੍ਰਭਾਵ ਨੂੰ ਦੇਖਿਆ ਹੈ। ਸਾਨੂੰ ਬਿਨਾਂ ਕਿਸੇ ਡਰ ਦੇ ਸ਼ਾਂਤੀ ਨਾਲ ਇਕੱਠੇ ਰਹਿਣ ਦਾ ਤਰੀਕਾ ਲੱਭਣਾ ਚਾਹੀਦਾ ਹੈ। ਇਜ਼ਰਾਇਲੀਆਂ ਦੀ ਬਹੁਗਿਣਤੀ ਸ਼ਾਂਤਮਈ ਜੀਵਨ ਲਈ ਖਾਹਸ਼ਮੰਦ ਹੈ।’’
‘ਉਮੀਦ ਦੀ ਆਵਾਜ਼’ ਦੇ ਸੁਨੇਹੇ ਦੇ ਕੇਂਦਰੀ ਭਾਵ ਨੂੰ ਪ੍ਰਗਟ ਕਰਦੇ ਅਹਿਮਦ ਦੇ ਬੋਲ ਸਨ, ‘‘ਆਪਸੀ ਗੱਲਬਾਤ ਅਤੇ ਇੱਕ ਦੂਜੇ ਦੀਆਂ ਚਿੰਤਾਵਾਂ ਦੀ ਸਹੀ ਸਮਝ ਦੇ ਜ਼ਰੀਏ, ਅਸੀਂ ਭਰੋਸੇ ਦਾ ਆਧਾਰ ਕਾਇਮ ਕਰ ਸਕਦੇ ਹਾਂ। ਸ਼ਾਂਤੀ ਦਾ ਰਸਤਾ ਮੁਸ਼ਕਿਲਾਂ ਭਰਪੂਰ ਤਾਂ ਹੋ ਸਕਦਾ ਹੈ ਪਰ ਇਹ ਅਸੰਭਵ ਨਹੀਂ ਹੈ। ਇਜ਼ਰਾਈਲ-ਫਲਸਤੀਨ ਖਿੱਤੇ ਵਿਖੇ ਰਹਿਣ ਵਾਲੇ ਸਾਰੇ ਲੋਕਾਂ ਦੇ ਮਾਨਵੀ ਅਧਿਕਾਰਾਂ ਦੀ ਪਛਾਣ ਇਸ ਰਸਤੇ ਦਾ ਮੁੱਢ ਬੰਨ੍ਹਦੀ ਹੈ।’’
ਉਨ੍ਹਾਂ ਦੇ ਸੰਵੇਦਨਾ ਭਰਪੂਰ ਸ਼ਬਦਾਂ ਨੇ ਸਰੋਤਿਆਂ ਦੇ ਮਨਾਂ ਨੂੰ ਛੂਹ ਲਿਆ। ਸਮੂਹ ਸਰੋਤਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਆਵਾਜ਼ ਨਾਲ ‘ਉਮੀਦ ਦੀ ਆਵਾਜ਼’ ਦੇ ਬੁਲਾਰਿਆਂ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਦੇ ਸੰਦੇਸ਼ ਤੋਂ ਪ੍ਰੇਰਿਤ ਹੋ ਕੇ ਅੰਤਰਰਾਸ਼ਟਰੀ ਨੇਤਾਵਾਂ ਅਤੇ ਡਿਪਲੋਮੈਟਾਂ ਨੇ, ਉਹ ਕਾਰਜ ਤਰਜੀਹੀ ਤੌਰ ਉੱਤੇ ਕਰਨ ਦਾ ਵਾਅਦਾ ਕੀਤਾ ਜੋ ਇਸ ਖੇਤਰ ਵਿਖੇ ਆਪਸੀ ਸੰਵਾਦ ਅਤੇ ਸ਼ਾਂਤੀ ਬਹਾਲੀ ਲਈ ਤੁਰੰਤ ਧਿਆਨ ਮੰਗਦੇ ਸਨ। ਸਮੇਂ ਨਾਲ ਸਰਕਾਰੀ ਤੇ ਗ਼ੈਰਸਰਕਾਰੀ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਇਜ਼ਰਾਇਲੀ ਅਤੇ ਫਲਸਤੀਨੀ ਸਰਕਾਰਾਂ ਵਿਚਕਾਰ ਆਪਸੀ ਸੰਵਾਦ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਕਾਰਜ ਆਰੰਭ ਹੋਣ ਨਾਲ ਆਮ ਲੋਕਾਂ ਵਿੱਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਨਵਾਂ ਉਤਸ਼ਾਹ ਮਿਲਿਆ। ਦੋਵਾਂ ਪਾਸਿਆਂ ਦੇ ਸਕੂਲਾਂ ਵਿਖੇ ਸਾਂਝੇ ਵਿਦਿਅਕ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ਨੇ ਨੌਜਵਾਨ ਪੀੜ੍ਹੀ ਵਿੱਚ ਆਪਸੀ ਸਾਂਝ ਤੇ ਸਮਝ ਨੂੰ ਉਤਸ਼ਾਹਿਤ ਕੀਤਾ। ਸੱਭਿਆਚਾਰਕ ਆਦਾਨ-ਪ੍ਰਦਾਨ ਕਾਰਜਾਂ ਨੇ ਆਪਸੀ ਵਿੱਥ ਨੂੰ ਭਰਨ ਅਤੇ ਦੋਵਾਂ ਭਾਈਚਾਰਿਆਂ ਵਿਚਕਾਰ ਪਿਆਰ ਤੇ ਵਿਸ਼ਵਾਸ ਭਰਪੂਰ ਸਬੰਧ ਕਾਇਮ ਕਰਨ ਵਿੱਚ ਅਹਿਮ ਆਧਾਰ ਪ੍ਰਦਾਨ ਕੀਤਾ।
ਬੇਸ਼ੱਕ, ਚੁਣੌਤੀਆਂ ਦਾ ਦੌਰ ਅਜੇ ਵੀ ਕਾਇਮ ਸੀ। ਦੋਵਾਂ ਪਾਸਿਆਂ ਦੀਆਂ ਕੱਟੜਪੰਥੀ ਆਵਾਜ਼ਾਂ ਨੇ ਸ਼ਾਂਤੀ ਸਥਾਪਤੀ ਦੇ ਸਮੂਹ ਯਤਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਜੰਗੀ ਹਾਲਾਤ ਨੂੰ ਕਾਇਮ ਰੱਖਣ ਦੀ ਜੀਅ ਤੋੜ ਕੋਸ਼ਿਸ਼ ਕੀਤੀ ਪਰ ਯੂਸਫ਼, ਸਾਰਾ ਅਤੇ ਅਹਿਮਦ ਦੇ ਵਿਚਾਰਾਂ ਦੀ ਸਾਂਝ ਅਤੇ ਨਿਰੰਤਰ ਵਚਨਬੱਧਤਾ ਨੇ ‘ਉਮੀਦ ਦੀ ਆਵਾਜ਼’ ਕਾਇਮ ਰੱਖੀ। ਉਨ੍ਹਾਂ ਦੇ ਯਤਨ ਬੇਸ਼ੱਕ ਤੁਰੰਤ ਵੱਡੀਆਂ ਤਬਦੀਲੀਆਂ ਲਿਆ ਸਕਣ ਦੇ ਸਮਰੱਥ ਤਾਂ ਨਹੀਂ ਸਨ ਪਰ ਇਹ ਯਤਨ ਉਨ੍ਹਾਂ ਵਿਅਕਤੀਆਂ ਦੀ ਸ਼ਕਤੀ ਦਾ ਸਬੂਤ ਸਨ ਜਿਨ੍ਹਾਂ ਨੇ ਦੋ ਕੌਮਾਂ ਵਿਚਕਾਰਲੀਆਂ ਵੰਡੀਆਂ ਨੂੰ ਘੱਟ ਕਰਨ ਅਤੇ ਨਫ਼ਰਤਾਂ ਦੇ ਮਾਹੌਲ ਨੂੰ ਬਦਲਣ ਦੀ ਹਿੰਮਤ ਕੀਤੀ ਸੀ। ‘ਉਮੀਦ ਦੀ ਆਵਾਜ਼’ ਕਾਰਕੁੰਨ ਪਰਿਪੱਕ ਸਨ ਕਿ ਉਨ੍ਹਾਂ ਦੀ ਮੰਜ਼ਿਲ ਦਾ ਸਫ਼ਰ ਬੇਸ਼ੱਕ ਕਾਫ਼ੀ ਲੰਮਾ ਹੈ ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਦੁਆਰਾ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਧਰਤੀ ਦੇ ਇਸ ਖਿੱਤੇ ਵਿੱਚ ਇੱਕ ਦਿਨ ਜ਼ਰੂਰ ਸੰਘਰਸ਼ ਦਾ ਖਾਤਮਾ ਹੋ ਕੇ ਆਪਸੀ ਭਾਈਚਾਰੇ ਤੇ ਸ਼ਾਂਤੀ ਦੀ ਸਥਾਪਤੀ ਹੋ ਸਕੇਗੀ।
***
ਸਮੇਂ ਨਾਲ ‘ਉਮੀਦ ਦੀ ਆਵਾਜ਼’ ਅਤੇ ਕਈ ਹੋਰ ਸੰਸਥਾਵਾਂ ਦੇ ਯਤਨਾਂ ਨੇ ਇਜ਼ਰਾਇਲੀ-ਫਲਸਤੀਨੀ ਖੇਤਰ ਵਿੱਚ ਇੱਕ ਖ਼ਾਸ ਫ਼ਰਕ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਬੇਸ਼ੱਕ ਆਪਸੀ ਵਿਵਾਦ ਦਾ ਹੱਲ ਅਜੇ ਵੀ ਸਪੱਸ਼ਟ ਨਜ਼ਰ ਨਹੀਂ ਸੀ ਆ ਰਿਹਾ ਪਰ ਸ਼ਾਂਤੀ ਬਹਾਲੀ ਦੀ ਦਿਸ਼ਾ ਵੱਲ ਕਈ ਕਦਮ ਪੁੱਟੇ ਜਾ ਰਹੇ ਸਨ ਅਤੇ ਚੇਤਨ ਆਸ਼ਾਵਾਦ ਦੀ ਭਾਵਨਾ ਦਾ ਬੋਲਬਾਲਾ ਹਰ ਪਾਸੇ ਹੋਣ ਲੱਗ ਪਿਆ ਸੀ। ਆਪਸੀ ਸੰਵਾਦ ਅਤੇ ਸ਼ਾਂਤੀ ਬਹਾਲੀ ਲਈ ਸੁਯੋਗ ਕਾਰਜਾਂ ਵਾਸਤੇ ਅੰਤਰਰਾਸ਼ਟਰੀ ਸਮਰਥਨ ਵਧਣ ਲੱਗ ਪਿਆ ਸੀ। ਇਜ਼ਰਾਇਲੀ ਅਤੇ ਫਲਸਤੀਨੀ ਨੇਤਾਵਾਂ ਵਿਚਕਾਰ ਗੱਲਬਾਤ ਫਿਰ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਸ਼ਾਂਤੀ ਬਹਾਲੀ ਅਤੇ ਲੜਾਈ ਝਗੜੇ ਦੇ ਕੰਮਾਂ ਸਬੰਧੀ ਸੰਜਮ ਵਰਤਣ ਦੀਆਂ ਆਵਾਜ਼ਾਂ ਤੇਜ਼ ਹੋਣ ਲੱਗ ਪਈਆਂ ਸਨ। ਲੰਬੇ ਸਮੇਂ ਤੋਂ ਹਿੰਸਾ ਦੇ ਚੱਕਰ ਨੂੰ ਜਾਰੀ ਰੱਖ ਰਹੇ ਕੱਟੜਪੰਥੀ ਬਿਰਤਾਂਤ ਹੌਲੀ ਹੌਲੀ ਪੇਤਲੇ ਹੁੰਦੇ ਜਾ ਰਹੇ ਸਨ।
ਆਪਸੀ ਮਿਲਵਰਤਨ ਵੱਲ ਵੱਲ ਛੋਟੇ ਛੋਟੇ ਕਦਮ ਚੁੱਕੇ ਜਾਣ ਲੱਗ ਪਏ ਸਨ। ਦਹਾਕਿਆਂ ਦੇ ਸੰਘਰਸ਼ ਕਾਰਨ ਵਿੱਛੜੇ ਪਰਿਵਾਰ ਮੁੜ ਹੁਣ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਜ਼ਰਾਇਲੀ ਅਤੇ ਫਲਸਤੀਨੀ ਬੱਚੇ ਨਾ ਸਿਰਫ਼ ਸਾਂਝੇ ਸਕੂਲਾਂ ਵਿੱਚ ਸਗੋਂ ਪੂਰੇ ਖੇਤਰ ਦੀਆਂ ਪਾਰਕਾਂ ਅਤੇ ਖੇਡ ਦੇ ਮੈਦਾਨਾਂ ਵਿੱਚ ਇਕੱਠੇ ਖੇਡਣ ਲੱਗ ਪਏ ਸਨ। ਸਾਂਝੇ ਆਰਥਿਕ ਉੱਦਮਾਂ ਦੇ ਵਾਧੇ ਨੇ ਆਪਸੀ ਸਹਿਯੋਗ ਅਤੇ ਅੰਤਰ-ਨਿਰਭਰਤਾ ਨੂੰ ਉਤਸ਼ਾਹ ਬਖ਼ਸ਼ਿਆ ਸੀ।
ਨੌਜਵਾਨ ਪੀੜ੍ਹੀ ਸ਼ਾਂਤੀਪੂਰਨ ਸਹਿਹੋਂਦ ਦੇ ਵਿਚਾਰ ਦੀ ਧਾਰਨਾ ਨਾਲ ਇੱਕ ਵੱਖਰੇ ਮਾਹੌਲ ਵਿੱਚ ਵਧ ਫੁੱਲ ਰਹੀ ਸੀ। ਹੁਣ ਉਹ ਪੁਰਾਣੀਆਂ ਦੁਸ਼ਮਣੀਆਂ ਨੂੰ ਖ਼ਤਮ ਕਰਦੇ ਹੋਏ, ਅਜਿਹੇ ਭਵਿੱਖ ਦਾ ਸੁਪਨਾ ਸਾਕਾਰ ਕਰਣ ਲਈ ਤਤਪਰ ਸਨ ਜਿੱਥੇ ਉਨ੍ਹਾਂ ਦੇ ਭਾਈਚਾਰਿਆਂ ਨੂੰ ਵੰਡਣ ਵਾਲੀਆਂ ਲਕੀਰਾਂ ਹਮੇਸ਼ਾਂ ਲਈ ਮਿਟ ਜਾਣਗੀਆਂ। ਇਹ ਜਾਣਦੇ ਹੋਏ ਕਿ ਅੱਗੇ ਦਾ ਰਸਤਾ ਲੰਬਾ ਅਤੇ ਅਨਿਸ਼ਚਿਤ ਹੈ, ਫਿਰ ਵੀ ਯੂਸਫ਼, ਸਾਰਾ ਅਤੇ ਅਹਿਮਦ ਦੀ ਰਹਿਨੁਮਾਈ ਵਿੱਚ ‘ਉਮੀਦ ਦੀ ਆਵਾਜ਼’ ਸੰਸਥਾ ਦੇ ਅਣਥੱਕ ਕਾਰਜ ਨਿਰੰਤਰ ਜਾਰੀ ਰਹੇ। ਇੰਝ ਉਨ੍ਹਾਂ ਦੀ ਕਹਾਣੀ ਸ਼ਾਂਤਮਈ ਭਵਿੱਖ ਦੀ ਆਸ ਦਾ ਚਿੰਨ੍ਹ ਬਣ ਗਈ ਜੋ ਇਸ ਵਿਚਾਰ ਦਾ ਪ੍ਰਤੱਖ ਸਬੂਤ ਸੀ ਕਿ ਆਪਸੀ ਸੰਵਾਦ, ਹਮਦਰਦੀ ਅਤੇ ਸੰਵੇਦਨਾਤਮਕ ਸਮਝ ਅਹਿਮ ਤਬਦੀਲੀ ਲਿਆ ਸਕਣ ਦੇ ਸਮਰੱਥ ਹਨ।
ਸਮੇਂ ਨਾਲ ਇਜ਼ਰਾਈਲ-ਫਲਸਤੀਨ ਸੰਘਰਸ਼ ਹੁਣ ਓਨਾ ਗੁੰਝਲਦਾਰ ਮੁੱਦਾ ਨਹੀਂ ਸੀ ਰਿਹਾ ਜੋ ਪਹਿਲਾਂ ਜਾਪਦਾ ਸੀ। ਅਜਿਹਾ ਸਪੱਸ਼ਟ ਨਜ਼ਰ ਆਉਣ ਲੱਗ ਪਿਆ ਸੀ ਕਿ ਚੁਣੌਤੀਆਂ ਦੇ ਬਾਵਜੂਦ, ਇੱਕ ਉੱਜਲ ਤੇ ਸ਼ਾਂਤੀ ਭਰਪੂਰ ਭਵਿੱਖ ਜ਼ਿਆਦਾ ਦੂਰ ਨਹੀਂ। ‘ਉਮੀਦ ਦੀ ਆਵਾਜ਼’ ਅਤੇ ਉਸ ਵਰਗੇ ਉਦੇਸ਼ ਵਾਲੀਆਂ ਹੋਰ ਅਨੇਕ ਸੰਸਥਾਵਾਂ, ਸ਼ਾਂਤੀਪੂਰਨ ਭਵਿੱਖ ਦੇ ਸੰਕਲਪ ਲਈ ਦ੍ਰਿੜ ਸਨ ਅਤੇ ਉਹ ਅਜਿਹੇ ਰਾਹਾਂ ਦੇ ਨਿਰਮਾਣ ਵਿੱਚ ਲਗਾਤਾਰ ਯਤਨਸ਼ੀਲ ਸਨ ਜੋ ਰਾਹ ਜਟਿਲ ਹੋਣ ਦੇ ਬਾਵਜੂਦ, ਸੁਲ੍ਹਾ-ਸਫਾਈ ਅਤੇ ਆਪਸੀ ਭਾਈਚਾਰਕ ਪਿਆਰ ਨਾਲ ਭਰੇ ਹੋਏ ਸਨ।
ਈਮੇਲ: email: drdpsn@hotmail.com