For the best experience, open
https://m.punjabitribuneonline.com
on your mobile browser.
Advertisement

ਖਲਨਾਇਕਾ

07:33 AM Nov 19, 2023 IST
ਖਲਨਾਇਕਾ
Advertisement

ਗੋਵਿੰਦ ਉਪਾਧਿਆਏ

Advertisement

ਹਿੰਦੀ ਕਹਾਣੀ

ਨੈਨਾ ਚੱਕਰਵਰਤੀ ਪਿਛਲੇ ਦੋ-ਤਿੰਨ ਦਿਨਾਂ ਤੋਂ ਥਾਣੇ ਦਾ ਚੱਕਰ ਲਾ ਰਹੀ ਸੀ। ਉਹਦੇ ਬੌਸ ਵਿਵੇਕ ਅਗਰਵਾਲ ਦੇ ਗਾਇਬ ਹੋਣ ਕਰਕੇ ਨੈਨਾ ਚੱਕਰਵਰਤੀ ਦਾ ਨਾਂ ਜੋੜ ਦਿੱਤਾ ਗਿਆ ਸੀ। ਇਸ ਪੂਰੇ ਰੌਲ਼ੇ ਵਿੱਚ ਉਹਨੂੰ ਖਲਨਾਇਕਾ ਬਣਾ ਦਿੱਤਾ ਗਿਆ ਸੀ। ਉਹ ਸਾਰਾ ਦਿਨ ਥਾਣੇ ਵਿੱਚ ਬੈਠੀ ਰਹਿੰਦੀ। ਸ਼ਾਮ ਨੂੰ ਸਬ ਇੰਸਪੈਕਟਰ ਮਧੂ ਚੰਦਰਾ ਉਹਨੂੰ ਕੁਝ ਸਵਾਲ ਕਰਦੀ। ਮਧੂ ਚੰਦਰਾ ਤੋਂ ਉਹ ਤਿੰਨ-ਚਾਰ ਸਾਲ ਵੱਡੀ ਹੋਵੇਗੀ। ਅਜੇ ਤੱਕ ਤਾਂ ਉਹਦਾ ਲਹਿਜਾ ਦੋਸਤਾਨਾ ਹੀ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਨੈਨਾ ਦੇ ਜੀਵਨ ਵਿੱਚ ਭੂਚਾਲ ਆ ਗਿਆ ਹੈ। ਉਹ ਸਥਾਨਕ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਬਣੀ ਹੋਈ ਹੈ। ਅਖ਼ਬਾਰਾਂ ਦੇ ਆਪਸੀ ਮੁਕਾਬਲੇ ਨੇ ਨੈਨਾ ਨੂੰ ਇੱਕ ਘਟੀਆ ਆਚਰਣ ਵਾਲੀ ਅਪਰਾਧੀ ਲੜਕੀ ਬਣਾ ਕੇ ਪੇਸ਼ ਕੀਤਾ ਹੈ। ਵਿਵੇਕ ਅਗਰਵਾਲ ਨਾਲ ਉਹਦੇ ਸੰਬੰਧਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਰੋਮਾਂਟਿਕ ਕਿੱਸੇ ਛਾਪੇ ਜਾ ਰਹੇ ਹਨ। ਇੱਕ ਅਖਬਾਰ ਵਾਲ਼ੇ ਨੇ ਤਾਂ ਦੋਵਾਂ ਦੀ ਹੋਟਲ ਗੇਲਾਰਡ-ਇਨ ਤੋਂ ਨਿਕਲਦੇ ਹੋਇਆਂ ਦੀ ਤਸਵੀਰ ਵੀ ਆਪਣੀ ਖ਼ਬਰ ਦੀ ਦੇ ਨਾਲ਼ ਛਾਪੀ ਸੀ। ਦੂਜਾ ਅਖ਼ਬਾਰ ਉਸ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ। ਉਹਨੇ ਤਾਂ ਨੈਨਾ ਦੇ ਲਾਈਫ਼ ਸਟਾਈਲ ਨੂੰ ਲੈ ਕੇ ਸੁਆਲ ਚੁੱਕ ਦਿੱਤਾ ਸੀ। ਅਖ਼ਬਾਰ ਦਾ ਕਹਿਣਾ ਸੀ ਕਿ ਵਿੱਠਲ ਨਗਰ ਦੇ ਜਿਸ ਮਹਿੰਗੇ ਫਲੈਟ ਵਿੱਚ ਉਹ ਰਹਿੰਦੀ ਹੈ, ਵਿਵੇਕ ਨੇ ਹੀ ਉਹਨੂੰ ਦਿੱਤਾ ਸੀ। ਜਿਸ ਕਾਰ ਰਾਹੀਂ ਉਹ ਆਉਂਦੀ-ਜਾਂਦੀ ਹੈ, ਵਿਵੇਕ ਅਗਰਵਾਲ ਦੀ ਹੈ। ਮਾਮੂਲੀ ਜਿਹੀ ਸੇਲਜ਼ ਗਰਲ ਤੋਂ ਸੀਨੀਅਰ ਮਾਰਕਿਟਿੰਗ ਮੈਨੇਜਰ ਬਣਨ ਦੇ ਚਟਪਟੇ ਕਿੱਸੇ ਰੋਜ਼ ਛਪ ਰਹੇ ਸਨ। ਉਹਦੀ ਥਾਂ ਕੋਈ ਹੋਰ ਕੁੜੀ ਹੁੰਦੀ ਤਾਂ ਡਿਪਰੈਸ਼ਨ ਵਿੱਚ ਚਲੀ ਗਈ ਹੁੰਦੀ। ਪਰ ਨੈਨਾ ਬਹੁਤ ਮਜ਼ਬੂਤ ਹੈ। ਮਧੂ ਚੰਦਰਾ ਉਹਦੀ ਇਸੇ ਗੱਲ ਤੋਂ ਤਾਂ ਪ੍ਰਭਾਵਿਤ ਸੀ। ਸ਼ੁਰੂ ਵਿੱਚ ਵਿਵੇਕ ਅਗਰਵਾਲ ਨੂੰ ਮਿਲਣ-ਗਿਲਣ ਵਾਲਿਆਂ ਬਾਰੇ ਹੀ ਉਸ ਤੋਂ ਜਾਣਕਾਰੀ ਲੈਂਦੀ ਰਹੀ ਸੀ। ਫਿਰ ਉਸ ਨੇ ਨੈਨਾ ਅਤੇ ਵਿਵੇਕ ਦੇ ਸੰਬੰਧਾਂ ਨੂੰ ਵੀ ਟਟੋਲਣਾ ਸ਼ੁਰੂ ਕਰ ਦਿੱਤਾ। ਨੈਨਾ ਦੇ ਬੁੱਲ੍ਹਾਂ ’ਤੇ ਹਲਕੀ ਮੁਸਕਾਨ ਫ਼ੈਲ ਗਈ, ‘‘ਮੈਡਮ...ਪਲੀਜ਼...। ਮਿਸਟਰ ਵਿਵੇਕ ਅਗਰਵਾਲ ਸਿਰਫ਼ ਮੇਰੇ ਬੌਸ ਹਨ। ਸਾਡੇ ਦੋਵਾਂ ਦੇ ਰਿਸ਼ਤੇ ਬਿਲਕੁਲ ਰਸਮੀ ਹਨ। ਅਗਰਵਾਲ ਸਾਹਿਬ ਦੀ ਨਿੱਜੀ ਜ਼ਿੰਦਗੀ ਨਾਲ ਮੇਰਾ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ। ਉਨ੍ਹਾਂ ਕੋਲ ਕੌਣ ਆਉਂਦਾ-ਜਾਂਦਾ ਸੀ, ਉਹ ਕਿਸਨੂੰ ਮਿਲਦੇ-ਗਿਲਦੇ ਸਨ- ਇਹ ਦੋ ਹੀ ਜਣੇ ਦੱਸ ਸਕਦੇ ਹਨ- ਇੱਕ ਉਨ੍ਹਾਂ ਦੀ ਪਤਨੀ ਅਤੇ ਦੂਜੀ ਸੈਕਟਰੀ ਅਨੀਤਾ ਦੇਸ਼ਮੁਖ...।’’
ਸਬ ਇੰਸਪੈਕਟਰ ਮਧੂ ਨੇ ਬੜੀ ਗੰਭੀਰਤਾ ਨਾਲ਼ ਕਿਹਾ, ‘‘ਸੌਰੀ ਨੈਨਾ, ਮੇਰੀ ਮਜਬੂਰੀ ਹੈ। ਮੰਜੁਲਾ ਅਗਰਵਾਲ ਨੇ ਆਪਣੀ ਐਫਆਈਆਰ ਵਿੱਚ ਤੇਰੇ ’ਤੇ ਸ਼ੱਕ ਪ੍ਰਗਟ ਕੀਤਾ ਹੈ। ਇਸ ਕਰਕੇ ਅਸੀਂ ਘਟਨਾ ਦੀ ਤਹਿ ਵਿੱਚ ਜਾਣ ਲਈ ਪੁੱਛਗਿੱਛ ਤਾਂ ਕਰਾਂਗੇ ਹੀ।’’
ਮੰਜੁਲਾ ਅਗਰਵਾਲ ਹੀ ਮੰਜੁਲਾ ਇਲੈਕਟ੍ਰਾਨਿਕਸ ਦੀ ਮਾਲਕਣ ਸੀ ਜਿਸ ਵਿੱਚ ਨੈਨਾ ਨੌਕਰੀ ਕਰ ਰਹੀ ਸੀ। ਇਹ ਕੰਪਨੀ ਬਹੁਮੰਜ਼ਿਲਾ ਇਮਾਰਤਾਂ ਵਿੱਚ ਸੈਂਟਰਲ ਏਅਰਕੰਡੀਸ਼ਨਡ ਪਲਾਂਟ ਲਾਉਣ ਤੋਂ ਇਲਾਵਾ ਉਹਦੀ ਸਾਲਾਨਾ ਮੁਰੰਮਤ ਦਾ ਠੇਕਾ ਲੈਂਦੀ ਸੀ। ਕੰਪਨੀ ਦਾ ਵਧੀਆ ਟਰਨਓਵਰ ਸੀ, ਪਰ ਕੋਰੋਨਾ ਮਹਾਂਮਾਰੀ ਵਿੱਚ ਕੰਪਨੀ ਦੀ ਐਸੀ ਦੀ ਤੈਸੀ ਹੋ ਗਈ ਸੀ। ਨਵੇਂ ਆਰਡਰ ਮਿਲ ਨਹੀਂ ਸਨ ਰਹੇ। ਪੁਰਾਣੇ ਆਰਡਰ ਅਧੂਰੇ ਪਏ ਸਨ ਅਤੇ ਪੇਮੈਂਟ ਫਸੀ ਹੋਈ ਸੀ। ਬੈਂਕ ਦਾ ਕਰਜ਼ਾ ਆਪਣੀ ਹੱਦ ਪਾਰ ਕਰ ਚੁੱਕਾ ਸੀ। ਕਰਮਚਾਰੀਆਂ ਦੀ ਤਨਖ਼ਾਹ ਦੇਣੀ ਮੁਸ਼ਕਿਲ ਹੋ ਗਈ ਸੀ।
ਮੰਜੁਲਾ ਨੂੰ ਇਹ ਕੰਪਨੀ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ। ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜ਼ਿਆਦਾ ਸਹੀ ਹੋਵੇਗਾ ਕਿ ਵਿਵੇਕ ਅਗਰਵਾਲ ਨੂੰ ਮੰਜੁਲਾ ਵਰਗੀ ਸਾਧਾਰਨ ਨੈਣ-ਨਕਸ਼ ਵਾਲੀ ਨੱਕਚੜੀ ਔਰਤ ਨਾਲ ਵਿਆਹ ਕਰਨ ਬਦਲੇ ਇਹ ਕੰਪਨੀ ਦ‍ਾਜ ਵਿੱਚ ਮਿਲੀ ਸੀ, ਜੀਹਦਾ ਮਾਲਕਾਨਾ ਹੱਕ ਮੰਜੁਲਾ ਕੋਲ ਸੀ। ਵਿਵੇਕ ਯੋਗਤਾ ਪ੍ਰਾਪਤ ਇੰਜੀਨੀਅਰ ਸੀ ਅਤੇ ਕੰਪਨੀ ਦਾ ਤਕਨੀਕੀ ਪਹਿਲੂ ਵੇਖਦਾ ਸੀ। ਉਹ ਜਨਰਲ ਮੈਨੇਜਰ ਸੀ। ਡਾਇਰੈਕਟਰ ਤਾਂ ਮੰਜੁਲਾ ਅਗਰਵਾਲ ਹੀ ਸੀ। ਮੰਜੁਲਾ ਮੈਡਮ ਦੇ ਪਿਤਾ ਦੇ ਜ਼ਮਾਨੇ ਵਿੱਚ ਕੰਪਨੀ ਦਾ ਘੇਰਾ ਬਹੁਤ ਛੋਟਾ ਸੀ, ਵਿਵੇਕ ਸਰ ਦੀ ਸੂਝਬੂਝ ਅਤੇ ਕੁਸ਼ਲਤਾ ਨੇ ਹੀ ਕੰਪਨੀ ਨੂੰ ਇੰਨਾ ਵਿਸਥਾਰ ਦਿੱਤਾ ਸੀ।
ਨੈਨਾ ਪੰਜ ਸਾਲ ਪਹਿਲਾਂ ਅਸਿਸਟੈਂਟ ਮੈਨੇਜਰ (ਮਾਰਕਿਟਿੰਗ) ਦੀ ਨੌਕਰੀ ਲਈ ਚੁਣੀ ਗਈ ਸੀ। ਉਦੋਂ ਉਹ ਐਮਬੀਏ ਕਰਕੇ ਨਿਕਲੀ ਹੀ ਸੀ। ਉਹਦੀ ਚੋਣ ਖ਼ੁਦ ਮੰਜੁਲਾ ਅਗਰਵਾਲ ਨੇ ਕੀਤੀ ਸੀ। ਮੰਜੁਲਾ ਇਲੈਕਟ੍ਰਾਨਿਕਸ ਲਿਮਿਟਡ ਵਿੱਚ ਨੌਕਰੀ ਕਰਨ ਦਾ ਇੱਕੋ ਹੀ ਕਾਰਨ ਸੀ ਕਿ ਕੰਪਨੀ ਉਹਦੇ ਪੈਤ੍ਰਿਕ ਸ਼ਹਿਰ ਵਿੱਚ ਸੀ। ਇਸ ਨੌਕਰੀ ਦਾ ਮਤਲਬ ਸੀ ਕਿ ਮੰਮੀ-ਪਾਪਾ ਦਾ ਸਾਥ ਬਣਿਆ ਰਹੇਗਾ। ਉਂਜ ਵੀ ਉਹ ਬੁੱਢੇ ਹੋ ਗਏ ਸਨ ਅਤੇ ਉਨ੍ਹਾਂ ਨੂੰ ਨੈਨਾ ਦੀ ਲੋੜ ਸੀ। ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਪਾਪਾ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਸਨ। ਸੇਵਾਮੁਕਤੀ ਸਮੇਂ ਉਹ ਆਪਣੇ ਵਿਭਾਗ ਵਿੱਚ ਨਿਰਦੇਸ਼ਕ ਸਨ। ਮੰਮੀ ਦੋ ਸਾਲ ਪਹਿਲਾਂ ਤੱਕ ਇੰਟਰ ਕਾਲਜ ਵਿੱਚ ਪ੍ਰਿੰਸੀਪਲ ਸੀ। ਜਿਸ ਫਲੈਟ ਨੂੰ ਅਖ਼ਬਾਰ ਵਾਲੇ ਵਿਵੇਕ ਅਗਰਵਾਲ ਦਾ ਦੱਸ ਰਹੇ ਸਨ, ਉਹ ਬਾਰਾਂ ਸਾਲ ਪਹਿਲਾਂ ਨੈਨਾ ਦੇ ਪਾਪਾ ਨੇ ਬੁੱਕ ਕਰਵਾਇਆ ਸੀ। ਬੁਕਿੰਗ ਤੋਂ ਚਾਰ ਸਾਲ ਪਿੱਛੋਂ ਬਣ ਕੇ ਤਿਆਰ ਹੋਇਆ ਅਤੇ ਉਨ੍ਹਾਂ ਨੂੰ ਕਬਜ਼ਾ ਮਿਲਿਆ ਸੀ। ਅੱਠ ਸਾਲਾਂ ਤੋਂ ਉਹ ਹੁਣ ਉੱਥੇ ਰਹਿ ਰਹੇ ਸਨ।
ਗੈਲਾਰਡ-ਇਨ ਦੀ ਜੋ ਫੋਟੋ ਅਖ਼ਬਾਰ ਵਾਲਿਆਂ ਨੇ ਛਾਪੀ ਸੀ ਉਹ ਇੱਕ ਮੀਟਿੰਗ ਤੋਂ ਵਾਪਸ ਮੁੜਨ ਦੀ ਤਸਵੀਰ ਸੀ। ਗੈਲਾਰਡ-ਇਨ ਦੀ ਨੌਂ-ਮੰਜ਼ਿਲੀ ਇਮਾਰਤ ਵਿੱਚ ਨਵਾਂ ਸੈਂਟਰਲ ਏਸੀ ਲੱਗਣਾ ਸੀ। ਉਹਦਾ ਕਾਨਟ੍ਰੈਕਟ ਮੰਜੁਲਾ ਇਲੈਕਟ੍ਰਾਨਿਕਸ ਨੂੰ ਮਿਲਿਆ ਸੀ, ਪੁਰਾਣੇ ਸੈਂਟਰਲ ਏਸੀ ਦੀ ਥਾਂ ਨਵਾਂ ਲੁਆਉਣਾ ਸੀ। ਬਿਨਾਂ ਤੋੜਭੰਨ ਕੀਤੇ ਇਹ ਕਰਨਾ ਕੁਝ ਮੁਸ਼ਕਿਲ ਸੀ। ਉਸੇ ਸਮੇਂ ਵਿਵੇਕ ਅਗਰਵਾਲ ਅਤੇ ਨੈਨਾ ਨੂੰ ਕਈ ਵਾਰ ਗੈਲਾਰਡ-ਇਨ ਵਿੱਚ ਆਉਣਾ ਜਾਣਾ ਪਿਆ।
ਪਰ ਇਹ ਸਭ ਗੱਲਾਂ ਕੋਈ ਸੁਣਨ-ਸਮਝਣ ਵਾਲਾ ਨਹੀਂ ਸੀ। ਮਧੂ ਚੰਦਰਾ ਨੇ ਜ਼ਰੂਰ ਸਮਝ ਲਿਆ ਸੀ ਕਿ ਲੜਕੀ ਬੇਕਸੂਰ ਹੈ ਅਤੇ ਮੰਜੁਲਾ ਇਸ ਤੋਂ ਆਪਣੀ ਕੋਈ ਪੁਰਾਣੀ ਖੁੰਧਕ ਕੱਢ ਰਹੀ ਹੈ।
ਮਧੂ ਨੇ ਪੁੱਛਿਆ ਵੀ ਸੀ, ‘‘ਮੰਜੁਲਾ ਕਿਹੋ ਜਿਹੀ ਔਰਤ ਹੈ? ਮੇਰਾ ਮਤਲਬ ਉਹਦੇ ਸੁਭਾਅ ਤੋਂ ਹੈ।’’
‘‘ਜਿਹੋ ਜਿਹੀਆਂ ਨੱਕਚੜੀਆਂ ਔਰਤਾਂ ਹੁੰਦੀਆਂ ਨੇ। ਉਹਨੂੰ ਆਪਣੇ ਪੈਸੇ ਦਾ ਘੁਮੰਡ ਹੈ ਤੇ ਉਹ ਵਿਖਾਵਾ-ਪਸੰਦ ਵੀ ਹੈ। ਕਦੋਂ ਕੀਹਨੂੰ ਸਿਰ ’ਤੇ ਚੜ੍ਹਾ ਲਵੇਗੀ ਅਤੇ ਕਦੋਂ ਉਹਨੂੰ ਸਭ ਦੇ ਸਾਹਮਣੇ ਜ਼ਲੀਲ ਕਰ ਦੇਵੇਗੀ... ਕੁਝ ਕਿਹਾ ਨਹੀਂ ਜਾ ਸਕਦਾ। ਵਿਵੇਕ ਅਗਰਵਾਲ ਵੀ ਉਸ ਤੋਂ ਘਬਰਾਉਂਦੇ ਹਨ। ਉਨ੍ਹਾਂ ਨੂੰ ਵੀ ਮੰਜੁਲਾ ਇਹ ਅਹਿਸਾਸ ਦਿਵਾਉਂਦੀ ਰਹਿੰਦੀ ਹੈ ਕਿ ਉਹ ਮਾਲਕ ਨਹੀਂ, ਨੌਕਰ ਹੈ। ਥੋੜ੍ਹੀ ਸ਼ੱਕੀ...। ਕੰਪਨੀ ਵਿੱਚ ਕੰਮ ਕਰਨ ਵਾਲੀ ਹਰ ਸੋਹਣੀ ਔਰਤ ’ਤੇ ਉਹਨੂੰ ਸ਼ੱਕ ਹੈ ਕਿ ਕਿਤੇ ਉਹਦੇ ਪਤੀ ਨਾਲ ਉਹਦਾ ਚੱਕਰ-ਚੁੱਕਰ ਤਾਂ ਨਹੀਂ ਹੈ। ਸਿਰਫ਼ ਅਨੀਤਾ ਦੇਸ਼ਮੁਖ ਉਹਦੇ ਇਸ ਸ਼ੱਕ ਦੇ ਘੇਰੇ ਤੋਂ ਬਾਹਰ ਹੈ। ਪਹਿਲੀ ਗੱਲ ਤਾਂ ਦੇਸ਼ਮੁਖ ਮੈਡਮ ਉਨ੍ਹਾਂ ਦੇ ਪਿਤਾ ਦੇ ਜ਼ਮਾਨੇ ਤੋਂ ਕੰਮ ਕਰ ਰਹੀ ਹੈ ਅਤੇ ਦੂਜੀ ਸਭ ਤੋਂ ਵੱਡੀ ਗੱਲ ਕਿ ਉਹ ਪਚਵੰਜਾ ਤੋਂ ਵੀ ਵੱਧ ਉਮਰ ਦੀ ਹੈ।’’
ਮਧੂ ਚੰਦਰਾ ਨੇ ਇੱਕ ਡੂੰਘਾ ਸਾਹ ਲੈਂਦਿਆਂ ਸਿਰ ਹਿਲਾਇਆ, ਜਿਵੇਂ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੀ ਹੋਵੇ! ਫਿਰ ਕੁਝ ਸੋਚ ਕੇ ਬੋਲੀ, ‘‘ਮੈਡਮ ਜੀ, ਇੱਕ ਗੱਲ ਮੈਨੂੰ ਸਮਝਾਓ। ਤੁਹਾਡੀ ਉਮਰ ਤੀਹ ਦੇ ਆਸਪਾਸ ਹੋਵੇਗੀ। ਕੰਪਨੀ ਬਹੁਤ ਵੱਡੀ ਨਹੀਂ ਤਾਂ ਛੋਟੀ ਵੀ ਨਹੀਂ ਹੈ। ਤੁਸੀਂ ਇੰਨੀ ਘੱਟ ਉਮਰ ਵਿੱਚ ਸੀਨੀਅਰ ਸੇਲਜ਼ ਮੈਨੇਜਰ ਕਿਵੇਂ ਬਣ ਗਏ...?’’
ਨੈਨਾ ਨੇ ਮਧੂ ਚੰਦਰਾ ਦੀਆਂ ਅੱਖਾਂ ਵਿੱਚ ਵੇਖਿਆ। ਮਧੂ ਨੂੰ ਲੱਗਿਆ ਕਿ ਨੈਨਾ ਕੋਲ ਇਹਦਾ ਕੋਈ ਜਵਾਬ ਨਹੀਂ ਹੋਵੇਗਾ। ਨੈਨਾ ਨੇ ਗਲਾ ਸਾਫ਼ ਕਰਦਿਆਂ ਦੱਸਣਾ ਸ਼ੁਰੂ ਕੀਤਾ, ‘‘ਇਹ ਬੜੀ ਸਾਧਾਰਨ ਜਿਹੀ ਗੱਲ ਹੈ। ਮੈਂ ਜਦੋਂ ਇਸ ਕੰਪਨੀ ਵਿੱਚ ਅਸਿਸਟੈਂਟ ਸੇਲਜ਼ ਮੈਨੇਜਰ ਜਾਇਨ ਕੀਤਾ ਸੀ, ਅਸੀਂ ਦੋ ਕੁੜੀਆਂ ਸਾਂ। ਦੂਜੀ ਸਾਊਥ ਇੰਡੀਅਨ ਸੀ। ਇੱਕ ਸਾਲ ਪਿੱਛੋਂ ਉਹ ਗਲਫ਼ ਚਲੀ ਗਈ। ਸੀਨੀਅਰ ਸੇਲਜ਼ ਮੈਨੇਜਰ ਸਨ ਸੁਭਾਸ਼ ਤਿਆਗੀ। ਉਹ ਕੋਰੋਨਾ ਦੀ ਲਪੇਟ ’ਚ ਆ ਗਏ। ਪਹਿਲੀ ਲਹਿਰ ਵਿੱਚ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮਹਾਂਮਾਰੀ ਵਿੱਚ ਸਾਡੀ ਕੰਪਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦੋ ਸਾਲ ਦਾ ਟਾਰਗੈੱਟ ਜ਼ੀਰੋ ਸਮਝੋ... ਅਜਿਹੀ ਹਾਲਤ ਵਿੱਚ ਕੰਪਨੀ ਨੂੰ ਲੱਗਿਆ ਕਿ ਕਿਸੇ ਨਵੇਂ ਆਦਮੀ ਨੂੰ ਮੋਟੇ ਪੈਕੇਜ ’ਤੇ ਨੌਕਰੀ ’ਤੇ ਰੱਖਣ ਨਾਲੋਂ ਚੰਗਾ ਹੈ ਕਿ ਮੈਨੂੰ ਹੀ ਇਹ ਅਹੁਦਾ ਦੇ ਦਿੱਤਾ ਜਾਵੇ। ਸਥਿਤੀਆਂ ਬਦਲਣਗੀਆਂ ਤਾਂ ਹੋ ਸਕਦਾ ਹੈ ਕੁਝ ਫੇਰ-ਬਦਲ ਹੋ ਜਾਏ। ਸੇਲਜ਼ ਵਿੱਚ ਤਿੰਨ ਜਣੇ ਹੋਰ ਹਨ। ਭੱਜ-ਦੌੜ ਵਾਲਾ ਕੰਮ ਉਹੀ ਵੇਖਦੇ ਹਨ ਅਤੇ ਤਿੰਨਾਂ ਦਾ ਅਹੁਦਾ ਸੇਲਜ਼ ਮੈਨੇਜਰ ਦਾ ਹੀ ਹੈ। ਜਿਨ੍ਹਾਂ ਨੂੰ ਵਧੀਆ ਮੌਕਾ ਮਿਲੇਗਾ, ਖਿਸਕ ਜਾਵੇਗਾ। ਆਪਣੀ ਮਜਬੂਰੀ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਹ ਕਿਹੜਾ ਸਰਕਾਰੀ ਨੌਕਰੀ ਹੈ ਕਿ ਅਹੁਦਾ ਵਧਣ ਨਾਲ ਸੈਲਰੀ ਵੀ ਵਧ ਜਾਣੀ ਹੈ। ਜਿਵੇਂ ਤੁਹਾਡੇ ਮੋਢੇ ’ਤੇ ਸਟਾਰ ਵਧੇਗਾ ਤਾਂ ਅਹੁਦੇ ਨਾਲ ਰੁਤਬਾ ਅਤੇ ਪੈਸਾ ਵੀ ਵਧੇਗਾ ਹੀ...। ਉਂਜ ਵੀ ਸੇਲਜ਼ ਵਿੱਚ ਟਰਨਓਵਰ ਨਾਲ ਇੰਸੈਂਟਿਵ ਵਧਣਾ ਹੈ, ਉਹੀ ਸਾਡੀ ਕਮਾਈ ਹੈ...।’’ ਮਧੂ ਚੰਦਰਾ ਨੇ ਮੁਸਕਰਾਉਂਦੇ ਹੋਏ ਸਹਿਮਤੀ ਵਿੱਚ ਸਿਰ ਹਿਲਾਇਆ, ‘‘ਮੈਡਮ ਜੀ, ਤੁਹਾਡੀਆਂ ਗੱਲਾਂ ਵਿੱਚ ਦਮ ਤਾਂ ਹੈ। ਠੀਕ ਕਹਿ ਰਹੇ ਹੋ...। ਤੁਹਾਡੇ ਕੋਲ ਤਾਂ ਹਰ ਗੱਲ ਦਾ ਜਵਾਬ ਹੈ।’’
‘‘ਸੇਲਜ਼ ਦੀ ਬੰਦੀ ਹਾਂ ਮੈਡਮ... ਮੇਰਾ ਤਾਂ ਇਹੋ ਕਿੱਤਾ ਹੈ। ਆਪਣੇ ਕਲਾਇੰਟ ਦੀਆਂ ਸਾਰੀਆਂ ਸ਼ੰਕਾਵਾਂ ਦਾ ਹੱਲ ਕਰਨਾ...।’’ ਸਾਰੇ ਤਣਾਵਾਂ ਦੇ ਬਾਵਜੂਦ ਵੀ ਨੈਨਾ ਹੱਸਣ ਲੱਗੀ।
ਮਧੂ ਚੰਦਰਾ ਨੇ ਆਪਣੀ ਟੋਪੀ ਸਿਰ ’ਤੇ ਰੱਖਦਿਆਂ ਕਿਹਾ, ‘‘ਓਕੇ... ਠੀਕ ਹੈ, ਨੈਨਾ ਜੀ, ਹੁਣ ਤੁਸੀਂ ਜਾਓ। ਕੋਈ ਖ਼ਾਸ ਗੱਲ ਹੋਈ ਤਾਂ ਬੁਲਾਵਾਂਗੀ। ਉਂਜ ਮੇਰੀ ਕਾਲ ਜ਼ਰੂਰ ਰਿਸੀਵ ਕਰ ਲੈਣਾ।’’
ਨੈਨਾ ਨੇ ਧੰਨਵਾਦ ਕਰਦਿਆਂ ਆਪਣਾ ਬੈਗ ਚੁੱਕਿਆ ਅਤੇ ਬਾਹਰ ਆ ਗਈ। ਅੱਜ ਸਬ ਇੰਸਪੈਕਟਰ ਮਧੂ ਚੰਦਰਾ ਚੰਗੇ ਮੂਡ ਵਿੱਚ ਸੀ। ਉਹਦਾ ਵਿਹਾਰ ਕਾਫ਼ੀ ਦੋਸਤਾਨਾ ਸੀ। ਨੈਨਾ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਸਮਾਂ ਵੇਖਿਆ। ਅਜੇ ਤਿੰਨ ਵੱਜ ਰਹੇ ਸਨ। ਆਫ਼ਿਸ ਦਾ ਇੱਕ ਚੱਕਰ ਲਾਇਆ ਜਾ ਸਕਦਾ ਸੀ। ਪਾਪਾ ਤਾਂ ਮਨ੍ਹਾਂ ਕਰ ਰਹੇ ਸਨ, ‘‘ਛੱਡ ਪਰ੍ਹੇ ਏਸ ਕੰਪਨੀ ਨੂੰ... ਜਿੱਥੋਂ ਦੀ ਮਾਲਕਣ ਹੀ ਤੇਰੀ ਦੁਸ਼ਮਣ ਹੈ, ਉੱਥੇ ਨੌਕਰੀ ਕਰਨੀ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਕਿ ਕੋਈ ਅਣਹੋਣੀ ਹੋਵੇ, ਇਸ ਕੰਪਨੀ ਨੂੰ ਛੱਡਣਾ ਹੀ ਚੰਗਾ ਹੈ।’’
ਨੈਨਾ ਬਾਰੇ ਅਖ਼ਬਾਰਾਂ ਵਿੱਚ ਜੋ ਕੁਝ ਵੀ ਛਪ ਰਿਹਾ ਹੈ, ਪਾਪਾ ਉਸ ਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਹੈ। ਅੱਜ ਨਹੀਂ ਤਾਂ ਕੱਲ੍ਹ ਸਚਾਈ ਸਾਹਮਣੇ ਆ ਹੀ ਜਾਵੇਗੀ। ਫਿਰ ਹਾਲਾਤ ਆਪਣੇ ਆਪ ਬਦਲ ਜਾਣਗੇ। ਪਰ ਮੰਜੁਲਾ ਅਗਰਵਾਲ ਦਾ ਵਿਹਾਰ ਬਹੁਤ ਅੱਖਰਨ ਵਾਲਾ ਸੀ। ਜਿੱਥੋਂ ਤੱਕ ਨੈਨਾ ਸੋਚ ਸਕਦੀ ਸੀ, ਉਹਨੂੰ ਲੱਗਦਾ ਸੀ ਕਿ ਮੰਜੁਲਾ ਨੂੰ ਉਹਦੀ ਸ਼ਖ਼ਸੀਅਤ ਨਾਲ ਹੀ ਈਰਖਾ ਸੀ। ਅਤੇ ਅੱਜ ਜਦੋਂ ਉਹਨੂੰ ਮੌਕਾ ਮਿਲਿਆ ਹੈ ਤਾਂ ਸਾਰੀਆਂ ਪੀੜਾਂ ਪਿਘਲ ਕੇ ਇਲਜ਼ਾਮਾਂ ਦੇ ਰੂਪ ਵਿੱਚ ਨੈਨਾ ਦੀ ਸ਼ਖ਼ਸੀਅਤ ’ਤੇ ਚਿਪਕ ਗਈਆਂ ਹਨ।
ਨੈਨਾ ਚੱਕਰਵਰਤੀ ਖ਼ੁਦ ਨਹੀਂ ਸਮਝ ਸਕੀ ਸੀ ਕਿ ਆਖ਼ਰ ਵਿਵੇਕ ਸਰ ਕਿੱਥੇ ਅੰਤਰ-ਧਿਆਨ ਹੋ ਗਏ? ਜਿੱਥੋਂ ਤੱਕ ਉਹ ਉਨ੍ਹਾਂ ਨੂੰ ਜਾਣਦੀ ਸੀ, ਉਹ ਜੀਨੀਅਸ ਸਨ। ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਮਾਸਟਰਜ਼ ਡਿਗਰੀ ਸੀ ਉਨ੍ਹਾਂ ਕੋਲ਼...। ਕੰਮ ਦਾ ਵੀ ਲੰਮਾ ਤਜਰਬਾ ਸੀ। ਸੱਚ ਤਾਂ ਇਹ ਸੀ ਕਿ ਮੰਜੁਲਾ ਮੈਡਮ ਨੇ ਕਦੇ ਉਨ੍ਹਾਂ ਨੂੰ ਖੁੱਲ੍ਹ ਕੇ ਕੁਝ ਕਰਨ ਹੀ ਨਹੀਂ ਦਿੱਤਾ ਸੀ। ਉਨ੍ਹਾਂ ਨੂੰ ਇੱਕ ਲਛਮਣ ਰੇਖਾ ਵਿੱਚ ਬੰਨ੍ਹ ਦਿੱਤਾ ਸੀ। ਉਸ ਤੋਂ ਬਾਹਰ ਉਨ੍ਹਾਂ ਨੂੰ ਪੈਰ ਹੀ ਨਹੀਂ ਰੱਖਣ ਦਿੱਤਾ ਸੀ। ਦੋ ਜਵਾਨ ਹੋ ਰਹੇ ਬੱਚਿਆਂ ਦੇ ਪਿਤਾ ਸਨ। ਇਸ ਦੇ ਬਾਵਜੂਦ ਮੈਡਮ ਨੂੰ ਉਨ੍ਹਾਂ ’ਤੇ ਜ਼ਰਾ ਵੀ ਭਰੋਸਾ ਨਹੀਂ ਸੀ। ਉਨ੍ਹਾਂ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਸੀ ਕਿ ਉਹ ਜ਼ਰਾ ਵੀ ਢਿੱਲੀ ਪਈ ਤਾਂ ਇਹ ਆਦਮੀ ਉਸ ਦੀ ਪਹੁੰਚ ਤੋਂ ਦੂਰ ਹੋ ਜਾਏਗਾ। ਨੈਨਾ ਚੱਕਰਵਰਤੀ ਨੂੰ ਲੱਗਦਾ ਕਿ ਮੰਜੁਲਾ ਮੈਡਮ ਨੇ ਆਪਣੇ ਦੁਆਲੇ ਕਾਲਪਨਿਕ ਕੰਧ ਖੜ੍ਹੀ ਕਰ ਲਈ ਹੈ ਅਤੇ ਉਹ ਉਸ ਕੰਧ ਨੂੰ ਤੋੜ ਕੇ ਨਿਕਲਣਾ ਨਹੀਂ ਚਾਹੁੰਦੀ। ਉਨ੍ਹਾਂ ਨੂੰ ਕਿਸੇ ਮਨੋਚਿਕਿਤਸਕ ਦੀ ਲੋੜ ਸੀ।
ਦਫ਼ਤਰ ਆ ਗਿਆ ਸੀ। ਕਾਰ ਤੋਂ ਉਤਰਦਿਆਂ ਹੀ ਨੈਨਾ ਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਲੋਕ ਉਹਨੂੰ ਘੂਰ ਰਹੇ ਹਨ। ਸਾਰੀਆਂ ਨਜ਼ਰਾਂ ਉਹਨੂੰ ਵਿੰਨ੍ਹਦੀਆਂ ਹੋਈਆਂ ਲੱਗ ਰਹੀਆਂ ਸਨ। ਪਹਿਲੀ ਵਾਰ ਉਹਦਾ ਸਵੈ-ਵਿਸ਼ਵਾਸ ਡਗਮਗਾਇਆ ਸੀ। ਉਹਨੇ ਮੋਢੇ ਨੂੰ ਝਟਕਿਆ ਅਤੇ ਖ਼ੁਦ ਨੂੰ ਸਹਿਜ ਬਣਾਉਣ ਦੀ ਕੋਸ਼ਿਸ਼ ਕਰਦਿਆਂ ਆਪਣੇ ਕੈਬਿਨ ਵੱਲ ਵਧੀ। ਵਰਕਸ਼ਾਪ ਤੋਂ ਪ੍ਰੈੱਸ ਮਸ਼ੀਨ ਦੇ ਚੱਲਣ ਦੀ ਆਵਾਜ਼ ਆ ਰਹੀ ਸੀ। ਪਾਰਕਿੰਗ ਤੋਂ ਉਹਦਾ ਕੈਬਿਨ ਸਿਰਫ਼ ਪੱਚੀ-ਤੀਹ ਕਦਮਾਂ ਦੀ ਦੂਰੀ ’ਤੇ ਹੋਵੇਗਾ, ਪਰ ਓਨੀ ਦੂਰੀ ਤੈਅ ਕਰਨੀ ਹੀ ਉਹਨੂੰ ਭਾਰੀ ਲੱਗ ਰਹੀ ਸੀ। ਕੈਬਿਨ ਵਿੱਚ ਪਹੁੰਚਦੇ ਹੀ ਕੁਰਸੀ ’ਤੇ ਧੜੰਮ ਕਰ ਕੇ ਬਹਿ ਗਈ, ‘‘ਉਫ਼, ਕਿੰਨਾ ਮੁਸ਼ਕਿਲ ਹੋ ਜਾਂਦਾ ਹੈ, ਝੂਠੇ ਇਲਜ਼ਾਮਾਂ ਦਾ ਭਾਰ ਢੋਣਾ...। ਸ਼ਾਇਦ ਪਾਪਾ ਠੀਕ ਕਹਿ ਰਹੇ ਸਨ ਕਿ ਉਹਨੂੰ ਇਹ ਨੌਕਰੀ ਛੱਡ ਦੇਣੀ ਚਾਹੀਦੀ ਹੈ। ਪਰ ਅਜਿਹਾ ਕਰਕੇ ਵੀ ਕੀ ਉਹ ਖਲਨਾਇਕਾ ਦੇ ਠੱਪੇ ਤੋਂ ਮੁਕਤੀ ਪਾ ਸਕੇਗੀ...? ਨਹੀਂ ਨਾ...! ਇਸ ਠੱਪੇ ਤੋਂ ਮੁਕਤੀ ਹੀ ਉਹਦਾ ਮੋਕਸ਼ ਹੈ। ਅਤੇ ਉਸ ਮੋਕਸ਼ ਨੂੰ ਪਾਉਣ ਲਈ ਅਜੇ ਉਹਨੇ ਉਡੀਕ ਕਰਨੀ ਹੈ! ‘ਵਿਕਟਰੀ ਆਫ ਟਰੁੱਥ’ (ਸੱਚ ਦੀ ਜਿੱਤ) ਤਾਂ ਇੱਕ ਦਿਨ ਹੋਣੀ ਹੀ ਹੈ! ਉਹਨੇ ਵਿਵੇਕ ਅਗਰਵਾਲ ਦੇ ‘ਪ੍ਰਗਟ’ ਹੋਣ ਤੱਕ ਉਡੀਕ ਕਰਨੀ ਹੈ! ਤੇ ਜੇ ਅਜਿਹਾ ਨਾ ਹੋਇਆ ਤਾਂ...?’’
ਨਹੀਂ...! ਨੈਨਾ ਕਿਸੇ ਵੀ ਤਰ੍ਹਾਂ ਦੇ ਨਾਕਾਰਤਮਕ ਵਿਚਾਰ ਬਾਰੇ ਨਹੀਂ ਸੋਚਣਾ ਚਾਹੁੰਦੀ। ਅਜਿਹੇ ਵਿਚਾਰ ਸਿਰਫ਼ ਕਮਜ਼ੋਰ ਬਣਾਉਂਦੇ ਹਨ। ਥਾਣੇ ਵਿੱਚ ਮਧੂ ਦੇ ਸਾਹਮਣੇ ਤਾਂ ਮਜ਼ਬੂਤ ਸੀ। ਫਿਰ ਆਫ਼ਿਸ ਵਿੱਚ ਅਚਾਨਕ ਇੰਨੀ ਕਮਜ਼ੋਰ ਕਿਵੇਂ ਹੋ ਗਈ? ਸ਼ਾਇਦ ਜਾਣੇ-ਪਛਾਣੇ ਚਿਹਰਿਆਂ ’ਤੇ ਉੱਗ ਆਏ ਕੰਡਿਆਂ ਨੂੰ ਵੇਖ ਕੇ...। ਉਹਨੇ ਆਪਣੇ-ਆਪ ਨੂੰ ਬਿਜ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੀ ਦੇਰ ਵਿੱਚ ਉਹ ਬਿਜ਼ੀ ਹੋ ਗਈ। ਉਹਨੇ ਆਪਣੇ ਅਧੀਨ ਕੰਮ ਕਰਨ ਵਾਲੇ ਤਿੰਨੇ ਅਸਿਸਟੈਂਟ ਸੇਲਜ਼ ਮੈਨੇਜਰਾਂ ਦੀ ਮੀਟਿੰਗ ਸੱਦੀ। ਇੱਕ ਆਊਟ ਆਫ ਸਟੇਸ਼ਨ ਸੀ। ਬਾਕੀ ਦੋਹਾਂ ਨਾਲ ਕਲਾਇੰਟਸ ਬਾਰੇ ਚਰਚਾ ਕੀਤੀ। ਉਨ੍ਹਾਂ ਨੂੰ ਭੁਗਤਾਨ ਲਈ ਦਬਾਅ ਪਾਉਣ ਦੀ ਗੱਲ ਕੀਤੀ ਅਤੇ ਕੁਝ ਗਾਹਕਾਂ ਤੋਂ ਸਿੱਧੇ ਭੁਗਤਾਨ ਲਈ ਕਿਹਾ...। ਦੋ ਗਾਹਕਾਂ ਨੂੰ ਕੁਝ ਇਤਰਾਜ਼ ਸੀ, ਉਨ੍ਹਾਂ ਤੋਂ ਕੱਲ੍ਹ ਦਾ ਸਮਾਂ ਲਿਆ। ਇਸ ਸਭ ਕਾਸੇ ਵਿੱਚ ਕਦੋਂ ਸੱਤ ਵੱਜ ਗਏ, ਪਤਾ ਹੀ ਨਾ ਲੱਗਾ। ਉਹਨੂੰ ਕੁਝ ਥਕਾਵਟ ਮਹਿਸੂਸ ਹੋ ਰਹੀ ਸੀ। ਸ਼ਾਇਦ ਅਚਾਨਕ ਵਾਪਰੇ ਘਟਨਾਕ੍ਰਮ ਕਰਕੇ। ਉਹਨੂੰ ਕੌਫ਼ੀ ਦੀ ਇੱਛਾ ਹੋ ਰਹੀ ਸੀ, ਪਰ ਆਪਣੀ ਇੱਛਾ ਨੂੰ ਦਬਾ ਕੇ ਉਹ ਕੈਬਿਨ ਤੋਂ ਬਾਹਰ ਨਿਕਲੀ।
ਅਗਲੇ ਦਿਨ ਉਹਨੇ ਸਭ ਤੋਂ ਪਹਿਲਾਂ ਮੋਬਾਈਲ ’ਤੇ ਸ਼ਹਿਰ ਦੇ ਸਾਰੇ ਅਖ਼ਬਾਰਾਂ ਵਿੱਚ ਵਿਵੇਕ ਅਗਰਵਾਲ ਸੰਬੰਧੀ ਖ਼ਬਰਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਅੱਜ ਦੇ ਅਖ਼ਬਾਰ ਵਿੱਚ ਉਹਦੇ ਬਾਰੇ ਕੁਝ ਖ਼ਾਸ ਨਹੀਂ ਛਪਿਆ ਸੀ। ਐੱਸ.ਆਈ. ਮਧੂ ਤਿਆਗੀ ਦੀ ਫੋਟੋ ਨਾਲ ਇੱਕ ਛੋਟੀ ਜਿਹੀ ਖਬਰ ਸੀ- ‘‘ਵਿਵੇਕ ਅਗਰਵਾਲ ਦਾ ਕੇਸ ਅਸੀਂ ਇੱਕ-ਦੋ ਦਿਨਾਂ ਵਿੱਚ ਸੁਲਝਾ ਲਵਾਂਗੇ। ਹੁਣ ਤੱਕ ਦੀ ਜਾਂਚ ਤੋਂ ਇਹੋ ਪਤਾ ਲੱਗਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ, ਨਾ ਹੀ ਕੋਈ ਪਿਆਰ-ਪਿਊਰ ਦਾ ਕਿੱਸਾ ਹੈ। ਸਗੋਂ ਮਾਮਲਾ ਕੁਝ ਹੋਰ ਹੈ। ਛੇਤੀ ਹੀ ਅਸੀਂ ਉਹਦੀ ਤਹਿ ਤੱਕ ਪਹੁੰਚ ਜਾਵਾਂਗੇ।’’
ਨੈਨਾ ਨੇ ਚੈਨ ਦਾ ਸਾਹ ਲਿਆ। ਸ਼ੁਰੂਆਤ ਚੰਗੀ ਸੀ ਤਾਂ ਦਿਨ ਵੀ ਚੰਗਾ ਨਿਕਲਿਆ। ਦੋਹਾਂ ਗਾਹਕਾਂ ਨਾਲ ਉਹਦਾ ਨਿੱਜੀ ਮਿਲਣਾ ਕਾਫ਼ੀ ਚੰਗਾ ਰਿਹਾ। ਉਨ੍ਹਾਂ ਨੂੰ ਸਮਝਾਉਣ ਵਿੱਚ ਸਫ਼ਲ ਰਹੀ। ਉਨ੍ਹਾਂ ਨੇ ਇੱਕ-ਦੋ ਦਿਨਾਂ ਵਿੱਚ ਭੁਗਤਾਨ ਦਾ ਭਰੋਸਾ ਦਿੱਤਾ ਸੀ। ਲੱਖਾਂ ਰੁਪਏ ਦਾ ਮਾਮਲਾ ਸੀ। ਸਾਰਾ ਦਿਨ ਭੱਜ-ਦੌੜ ਵਿੱਚ ਹੀ ਲੰਘ ਗਿਆ। ਘਰ ਮੁੜਦਿਆਂ ਅਚਾਨਕ ਮੋਬਾਈਲ ਦੀ ਘੰਟੀ ਵੱਜੀ। ਸਕਰੀਨ ’ਤੇ ਐੱਸ.ਆਈ. ਮਧੂ ਤਿਆਗੀ ਦਾ ਨਾਂ ਆਉਣ ਲੱਗਾ। ‘ਹਾਏ, ਇਹ ਨਵੀਂ ਮੁਸੀਬਤ ਕਿੱਥੋਂ ਆ ਗਈ। ਹੁਣ ਕੋਈ ਨਵਾਂ ਮਾਮਲਾ ਹੋਵੇਗਾ। ਨਹੀਂ ਤਾਂ ਏਸ ਵੇਲ਼ੇ ਫੋਨ ਕਰਨ ਦਾ ਕੋਈ ਮਤਲਬ ਨਹੀਂ ਬਣਦਾ।’ ਨੈਨਾ ਕਾਰ ਨੂੰ ਸਾਈਡ ’ਤੇ ਲਾਉਣ ਲੱਗੀ। ਫੋਨ ਬੰਦ ਹੋ ਗਿਆ ਸੀ। ਨੈਨਾ ਨੇ ਬੈਕ ਕਾਲ ਕੀਤੀ। ਉਧਰੋਂ ਫੋਨ ਚੁੱਕਿਆ ਗਿਆ, ‘‘ਓ ਬਈ ਮੈਡਮ ਜੀ, ਕਿੱਥੇ ਹੋ...? ਅੱਜ ਤੁਸੀਂ ਆਫ਼ਿਸ ਵੀ ਨਹੀਂ ਗਏ। ਘਰੇ ਵੀ ਨਹੀਂ ਮਿਲੇ। ਅਤੇ ਵਾਅਦੇ ਮੁਤਾਬਿਕ ਫੋਨ ਵੀ ਨਹੀਂ ਚੁੱਕਿਆ।’’
‘‘ਸੌਰੀ ਇੰਸਪੈਕਟਰ, ਕਾਰ ਡਰਾਈਵ ਕਰ ਰਹੀ ਸਾਂ। ਗੱਡੀ ਪਾਰਕ ਕਰਕੇ ਕਾਲ ਬੈਕ ਕਰ ਰਹੀ ਹਾਂ। ਕੰਪਨੀ ਨੂੰ ਆਰਥਿਕ ਤੰਗੀ ਤੋਂ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹਾਂ। ਦੋ ਕਲਾਇੰਟਸ ਕੋਲ ਮੋਟੀ ਰਕਮ ਫਸੀ ਹੋਈ ਹੈ। ਉਸੇ ਨੂੰ ਕਲੀਅਰ ਕਰਾਉਣ ਵਿੱਚ ਅੱਜ ਦਾ ਪੂਰਾ ਦਿਨ ਬੀਤ ਗਿਆ।’’ ਨੈਨਾ ਨੇ ਆਪਣੀ ਗੱਲ ਚੰਗੀ ਤਰ੍ਹਾਂ ਖ਼ਤਮ ਵੀ ਨਹੀਂ ਕੀਤੀ ਸੀ ਕਿ ਮਧੂ ਤਿਆਗੀ ਹੱਸਦੀ ਹੋਈ ਬੋਲੀ, “ਓ ਬਈ, ਕੋਈ ਗੱਲ ਨਹੀਂ ਨੈਨਾ ਜੀ, ਤੁਹਾਥੋਂ ਸਫ਼ਾਈ ਥੋੜ੍ਹੋ ਮੰਗ ਰਹੀ ਹਾਂ। ਮੈਂ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ। ਤੁਹਾਡੇ ਬੌਸ ਸ਼੍ਰੀਮਾਨ ਵਿਵੇਕ ਅਗਰਵਾਲ ਬਰਾਮਦ ਹੋ ਗਏ ਹਨ ਅਤੇ ਇਸ ਵੇਲ਼ੇ ਥਾਣੇ ਵਿੱਚ ਹਨ। ਹੁਣ ਤੁਸੀਂ ਟੈਨਸ਼ਨ ਤੋਂ ਮੁਕਤ ਹੋ ਜਾਓ...।’’
ਮਧੂ ਤਿਆਗੀ ਦੀਆਂ ਗੱਲਾਂ ਨੇ ਨੈਨਾ ਦੇ ਦਿਮਾਗ਼ ਵਿੱਚ ਹਲਚਲ ਮਚਾ ਦਿੱਤੀ। ਅਚਾਨਕ ਕਈ ਸੁਆਲ ਦਿਮਾਗ਼ ਵਿੱਚ ਬਣਨ-ਵਿਗੜਨ ਲੱਗੇ। ਆਖ਼ਰ ਵਿਵੇਕ ਸਰ ਦੇ ਗਾਇਬ ਹੋਣ ਪਿੱਛੇ ਕੀਹਦਾ ਹੱਥ ਹੈ? ਤੇ ਪੁਲੀਸ ਕਿਸ ਤਰ੍ਹਾਂ ਉਨ੍ਹਾਂ ਕੋਲ ਪਹੁੰਚੀ? ਪਰ ਮਧੂ ਤਿਆਗੀ ਨੇ ਕੁਝ ਜਾਣਨ ਦਾ ਮੌਕਾ ਹੀ ਕਿੱਥੇ ਦਿੱਤਾ...? ਆਪਣੀ ਗੱਲ ਕਹਿਣ ਪਿੱਛੋਂ ਹੀ ਫੋਨ ਕੱਟ ਦਿੱਤਾ।
ਨੈਨਾ ਦੇ ਦਿਮਾਗ ਵਿੱਚ ਇੱਕ ਵਾਰ ਆਇਆ ਕਿ ਥਾਣੇ ਜਾਇਆ ਜਾਵੇ। ਪਰ ਫਿਰ ਆਪਣਾ ਸਿਰ ਝਟਕਾ ਕੇ ਦਿਮਾਗ ਵਿੱਚ ਆਏ ਇਸ ਵਿਚਾਰ ਨੂੰ ਝੱਟ ਛੱਡ ਦਿੱਤਾ। ‘ਕੀ ਲੋੜ ਹੈ ਜਾਣ ਦੀ...? ਆ ਬੈਲ ਮੁਝੇ ਮਾਰ...। ਜੋ ਵੀ ਹੋਵੇਗਾ, ਸਵੇਰੇ ਵੇਖਿਆ ਜਾਵੇਗਾ।’ ਦਿਮਾਗ਼ ਵਿੱਚ ਕਈ ਦਿਨਾਂ ਤੋਂ ਜਮ੍ਹਾਂ ਤਣਾਅ ਪਿਘਲਣ ਲੱਗਿਆ ਸੀ। ਨੈਨਾ ਖ਼ੁਦ ਨੂੰ ਕਾਫ਼ੀ ਹਲਕਾ ਮਹਿਸੂਸ ਕਰ ਰਹੀ ਸੀ। ਉਹਦੇ ਲਈ ਇਹੋ ਬਹੁਤ ਸੀ ਕਿ ਵਿਵੇਕ ਸਰ ਠੀਕ-ਠਾਕ ਹਨ। ਉਂਜ ਵੀ ਸਾਰੇ ਦਿਨ ਦੀ ਭੱਜ-ਦੌੜ ਨੇ ਉਹਨੂੰ ਥਕਾ ਦਿੱਤਾ ਸੀ। ਕਈ ਦਿਨਾਂ ਪਿੱਛੋਂ ਉਹਨੂੰ ਇੱਕ ਚੈਨ-ਭਰੀ ਗੂੜ੍ਹੀ ਨੀਂਦ ਮਿਲਣ ਵਾਲੀ ਸੀ।
ਰੋਜ਼ ਵਾਂਗ ਸਵੇਰੇ ਉਹਨੇ ਸਭ ਤੋਂ ਪਹਿਲਾਂ ਈ-ਪੇਪਰ ਵੇਖਣੇ ਸ਼ੁਰੂ ਕੀਤੇ। ਸਥਾਨਕ ਅਖ਼ਬਾਰਾਂ ਵਿੱਚ ਵਿਵੇਕ ਅਗਰਵਾਲ ਦੇ ਮਿਲਣ ਦੀ ਖ਼ਬਰ ਵਿਸਥਾਰ ਨਾਲ ਛਪੀ ਸੀ। ਵਿਵੇਕ ਨੇ ਕਬੂਲ ਕੀਤਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਲੁਕਿਆ ਸੀ। ਉਨ੍ਹਾਂ ਨੇ ਪੈਸੇ ਦੀ ਤੰਗੀ ਕਾਰਨ ਕੁਝ ਬਾਹਰੀ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਜੋ ਹੁਣ ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਨਾਲ਼ ਦਬਾਅ ਪਾ ਰਹੇ ਸਨ। ਇਸ ਲਈ ਉਹ ਕੁਝ ਦਿਨ ਲੁਕ ਕੇ ਰਹਿਣਾ ਚਾਹੁੰਦੇ ਸਨ। ਇਹ ਗੱਲ ਉਨ੍ਹਾਂ ਦੀ ਸੈਕਟਰੀ ਅਨੀਤਾ ਦੇਸ਼ਮੁਖ ਨੂੰ ਪਤਾ ਸੀ। ਪਰ ਮੰਜੁਲਾ ਅਗਰਵਾਲ ਜ਼ਰੂਰ ਇਸ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਹਾਲਾਂਕਿ ਇਸ ਬਾਰੇ ਉਨ੍ਹਾਂ ਨੇ ਪਤਨੀ ਨਾਲ ਗੱਲ ਕਰਨੀ ਚਾਹੀ ਸੀ, ਪਰ ਉਹਨੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ...। ਉਦੋਂ ਉਨ੍ਹਾਂ ਦੇ ਦਿਮਾਗ਼ ਵਿੱਚ ਹੀ ਨਹੀਂ ਆਇਆ ਸੀ ਕਿ ਇੰਨਾ ਵੱਡਾ ਹੰਗਾਮਾ ਹੋ ਸਕਦਾ ਹੈ। ਜੇ ਮੰਜੁਲਾ ਨੇ ਐਫਆਈਆਰ ਨਾ ਕਰਾਈ ਹੁੰਦੀ ਤਾਂ ਪੁਲੀਸ ਅਤੇ ਮੀਡੀਆ ਕੋਲ ਇਹ ਮਾਮਲਾ ਪੁੱਜਦਾ ਹੀ ਨਾ। ਪੈਸੇ ਦਾ ਪ੍ਰਬੰਧ ਹੁੰਦੇ ਹੀ ਉਨ੍ਹਾਂ ਨੇ ਵਾਪਸ ਆ ਜਾਣਾ ਸੀ। ਜੇ ਕੋਰੋਨਾ ਨਾ ਆਇਆ ਹੁੰਦਾ ਅਤੇ ਉਨ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਨਾ ਹੁੰਦਾ ਤਾਂ ਅਜਿਹੀ ਨੌਬਤ ਹੀ ਨਾ ਆਉਂਦੀ।
ਦੋ ਅਖ਼ਬਾਰਾਂ ਵਿੱਚ ਨੈਨਾ ਬਾਰੇ ਵੀ ਲਿਖਿਆ ਸੀ। ਸੇਲਜ਼ ਮੈਨੇਜਰ ਨੈਨਾ ਚੱਕਰਵਰਤੀ ਦੇ ਚਰਿੱਤਰ ਬਾਰੇ ਜੋ ਟਿੱਪਣੀਆਂ ਕੀਤੀਆਂ ਗਈਆਂ ਸਨ, ਉਹ ਸਭ ਬਿਲਕੁਲ ਨਿਰਾਧਾਰ ਹਨ। ਨੈਨਾ ਇੱਕ ਖੁਸ਼ਹਾਲ ਪਰਿਵਾਰ ਦੀ ਪੜ੍ਹੀ-ਲਿਖੀ ਕੁੜੀ ਹੈ ਅਤੇ ਉਸ ਨੇ ਆਪਣੀ ਯੋਗਤਾ ਦੇ ਆਧਾਰ ’ਤੇ ਇਹ ਮੁਕਾਮ ਹਾਸਲ ਕੀਤਾ ਹੈ...। ਨੈਨਾ ਚੱਕਰਵਰਤੀ ਨੇ ਡੂੰਘਾ ਸਾਹ ਲਿਆ। ਆਖ਼ਰ ਦਸ ਦਿਨਾਂ ਦੇ ਰੋਮਾਂਚਕ ਨਾਟਕ ਦਾ ਅੰਤ ਹੋਇਆ।
ਨੈਨਾ ਚੱਕਰਵਰਤੀ ਪਹਿਲਾਂ ਵਾਂਗ ਹੀ ਆਫ਼ਿਸ ਗਈ। ਕਾਰ ਪਾਰਕ ਕੀਤੀ ਅਤੇ ਆਪਣੇ ਕੈਬਿਨ ਵਿੱਚ ਆ ਕੇ ਬਹਿ ਗਈ। ਆਰਾਮ ਨਾਲ ਲੈਪਟਾਪ ਖੋਲ੍ਹਿਆ ਅਤੇ ਕੀਬੋਰਡ ਨਾਲ ਉਹਦੀਆਂ ਉਂਗਲਾਂ ਖੇਡਣ ਲੱਗੀਆਂ। ਉਹਨੇ ਆਪਣੇ ਲਿਖੇ ਪੱਤਰ ਨੂੰ ਇੱਕ ਵਾਰ ਫੇਰ ਪੜ੍ਹਿਆ ਅਤੇ ਹਸਤਾਖ਼ਰ ਕਰ ਕੇ ਲਿਫ਼ਾਫ਼ੇ ਵਿੱਚ ਪਾ ਲਿਆ। ਇੰਟਰਕਾਮ ’ਤੇ ਅਨੀਤਾ ਦੇਸ਼ਮੁਖ ਨੂੰ ਮਿਲਣ ਦੀ ਆਗਿਆ ਮੰਗੀ। ਕੁਝ ਦੇਰ ਬਾਅਦ ਹੀ ਉਹ ਦੇਸ਼ਮੁਖ ਮੈਡਮ ਦੇ ਕੈਬਿਨ ਵਿੱਚ ਸੀ, ‘‘ਮੈਡਮ, ਇਹ ਮੇਰਾ ਅਸਤੀਫ਼ਾ ਹੈ। ਮੈਂ ਇਸ ਨੌਕਰੀ ਨੂੰ ਛੱਡ ਰਹੀ ਹਾਂ। ਮੈਨੂੰ ਉਮੀਦ ਹੈ ਕਿ ਹਾਲਾਤ ਛੇਤੀ ਹੀ ਆਮ ਵਰਗੇ ਹੋ ਜਾਣਗੇ ਅਤੇ ਮੇਰਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇਗਾ...।’’
‘‘ਕਿਉਂ ਨੈਨਾ...? ਹੁਣ ਤਾਂ ਸਭ ਕੁਝ ਠੀਕ ਹੋ ਗਿਆ ਹੈ। ਪਿਛਲੇ ਦਿਨੀਂ ਜਦੋਂ ਔਖਾ ਸਮਾਂ ਚੱਲ ਰਿਹਾ ਸੀ, ਉਦੋਂ ਤਾਂ ਤੂੰ ਲਗਾਤਾਰ ਆਉਂਦੀ ਰਹੀ। ਫਿਰ ਅਚਾਨਕ...?’’ ਦੇਸ਼ਮੁਖ ਮੈਡਮ ਲਿਫ਼ਾਫ਼ੇ ’ਚੋਂ ਉਹਦਾ ਅਸਤੀਫ਼ਾ ਕੱਢ ਕੇ ਪੜ੍ਹਦੀ ਹੋਈ ਬੋਲੀ।
‘‘ਮੈਡਮ, ਉਦੋਂ ਮੈਂ ਇਸ ਸ਼ਹਿਰ ਵਿੱਚ ਖਲਨਾਇਕਾ ਬਣਾ ਦਿੱਤੀ ਗਈ ਸਾਂ। ਇਸ ਲਈ ਸਚਾਈ ਸਾਹਮਣੇ ਆਉਣ ਤੱਕ ਮੈਂ ਲੜਨਾ ਸੀ। ਪਰ ਹੁਣ ਅਜਿਹਾ ਕੁਝ ਨਹੀਂ ਹੈ...।’’ ਨੈਨਾ ਨੇ ਹੱਥ ਮਿਲਾਇਆ ਅਤੇ ਤੇਜ਼ੀ ਨਾਲ ਪਾਰਕਿੰਗ ਵੱਲ ਚੱਲ ਪਈ।
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Advertisement

Advertisement
Author Image

Advertisement