ਨਾਭੇ ਦੇ ਪਿੰਡ ਵੀ ਪਾਣੀ ਦੀ ਮਾਰ ਹੇਠ ਆਏ
ਨਿੱਜੀ ਪੱਤਰ ਪ੍ਰੇਰਕ
ਨਾਭਾ, 12 ਜੁਲਾਈ
ਨਾਭਾ ਦੇ ਕਈ ਪਿੰਡਾਂ ਵਿੱਚ ਅੱਜ ਸਵੇਰੇ ਉੱਠਣ ਸਾਰ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਨੇ ਪਿੰਡ ਦੀਆਂ ਸੜਕਾਂ ’ਤੇ ਬਨਿਾਂ ਬਰਸਾਤ ਪਾਣੀ ਵਧਦਾ ਦੇਖਿਆ। ਪਿੰਡ ਕੋਟਲੀ, ਖੋਖ, ਅਗੌਲ, ਵਜੀਦਪੁਰ ਦੇ ਆਸ ਪਾਸ ਦੇ ਕਈ ਪਿੰਡਾਂ ਵਿੱਚ ਪਾਣੀ ਦੀ ਮਾਰ ਪਈ। ਪ੍ਰਸ਼ਾਸਨ ਮੁਤਾਬਕ ਫਤਹਿਗੜ੍ਹ ਦੀ ਤਰਫ਼ੋਂ ਬੇਹਿਸਾਬ ਪਾਣੀ ਸਰਹਿੰਦ ਡਰੇਨ ਵਿੱਚ ਆ ਰਿਹਾ ਹੈ। ਜ਼ਿਆਦਾ ਪਾਣੀ ਸੰਭਾਲਣ ਤੋਂ ਅਸਮਰਥ ਇਸ ਡਰੇਨ ਵਿੱਚੋਂ ਪਾਣੀ ਬਾਹਰ ਰੁੜ੍ਹ ਪਿਆ ਤੇ ਇੱਕ ਦੋ ਥਾਵੇਂ ਕਨਿਾਰੇ ਵੀ ਟੁੱਟ ਗਏ। ਇਸ ਕਾਰਨ ਪਾਣੀ ਪਿੰਡਾਂ ਵਿੱਚ ਆ ਪਹੁੰਚਿਆ। ਇਸ ਨਾਲ ਸੈਂਕੜੇ ਏਕੜ ਫ਼ਸਲ ਪਾਣੀ ਹੇਠ ਹੈ। ਕੋਟਲੀ ਅਤੇ ਖੋਖ ਵਿੱਚ ਰਿਹਾਇਸ਼ੀ ਇਲਾਕੇ ਵੀ ਪ੍ਰਭਾਵਿਤ ਰਹੇ। ਕਈ ਘਰਾਂ ਵਿੱਚੋਂ ਲੋਕਾਂ ਨੂੰ ਆਪਣਾ ਸਾਮਾਨ ਜਾਂ ਤਾਂ ਉੱਪਰਲੀ ਮੰਜ਼ਿਲ ’ਤੇ ਚੜ੍ਹਾਉਣਾ ਪਿਆ। ਕੁਝ ਪਰਿਵਾਰ ਸਾਮਾਨ ਟਰਾਲੀ ਵਿੱਚ ਪਾ ਕੇ ਦੂਜੇ ਪਿੰਡ ਰਿਸ਼ਤੇਦਾਰਾਂ ਦੇ ਵੀ ਗਏ।
ਐੱਸਡੀਐੱਮ ਤਰਸੇਮ ਚੰਦ ਨੇ ਦੱਸਿਆ ਕਿ ਇਸ ਵੱਡੀ ਮਾਤਰਾ ਪਾਣੀ ਦੇ ਬਹਾਅ ਨੂੰ ਰਸਤਾ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਦੂਜੇ ਪਾਸੇ, ਸੌਜਾ ਪਿੰਡ ਵਾਸੀਆਂ ਨੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫ਼ਤਰ ਬਾਹਰ ਧਰਨਾ ਲਗਾ ਦਿੱਤਾ ਕਿਉਂਕਿ ਪਿਛੇ ਮੂੰਡਖੇੜਾ ਪਿੰਡ ਵਿੱਚ ਕਿਸੇ ਨੇ ਕਥਿਤ ਨੱਕਾ ਤੋੜ ਕੇ ਅਗਲੇ ਪਿੰਡਾਂ ਵਿੱਚ ਪਾਣੀ ਭਰ ਦਿੱਤਾ। ਵਿਧਾਇਕ ਵੱਲੋਂ ਤੁਰੰਤ ਪ੍ਰਸ਼ਾਸਨ ਨੂੰ ਮਾਮਲੇ ਦੇ ਹੱਲ ’ਤੇ ਲਗਾਏ ਜਾਣ ਕਰ ਕੇ ਧਰਨਾ ਚੁੱਕ ਲਿਆ ਗਿਆ।