ਪਿੰਡਾਂ ਦੇ ਲੋਕਾਂ ਨੇ ਨਸ਼ਿਆਂ ਦੇ ਮੁੱਦੇ ’ਤੇ ਪੁਲੀਸ ਨੂੰ ਘੇਰਿਆ
ਪਰਮਜੀਤ ਸਿੰਘ
ਫਾਜ਼ਿਲਕਾ, 30 ਜੂਨ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਪਰ ਫਾਜ਼ਿਲਕਾ ਅਧੀਨ ਪੈਂਦੇ ਦਰਜਨਾਂ ਪਿੰਡਾਂ ਵਿੱਚ ਅੱਜ ਵੀ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ।
ਫਾਜ਼ਿਲਕਾ ਅਧੀਨ ਆਉਂਦੇ ਪਿੰਡ ਟਿਵਾਣਾ ਕਲਾਂ, ਬਸਤੀ ਦਿਲਾਵਰ ਸਿੰਘ ਅਤੇ ਬਾਰੇ ਕੇ ਦੇ ਵਾਸੀਆਂ ਨੇ ਜ਼ਿਲ੍ਹਾ ਪੁਲੀਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿੰਡ ਟਿਵਾਣਾ ਕਲਾਂ ਵਿੱਚ ਸ਼ਾਮ ਪੈਂਦਿਆਂ ਹੀ ਨਸ਼ਾ ਲੈਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਪੁਲੀਸ ਨੂੰ ਸੂਚਿਤ ਕਰਨ ’ਤੇ ਉਹ ਇਕ ਕਿਲੋਮੀਟਰ ਤੋਂ ਹੀ ਹੂਟਰ ਮਾਰਦੇ ਆਉਂਦੇ ਹਨ, ਜਿਸ ਨਾਲ ਦੋਸ਼ੀ ਤੁਰੰਤ ਫਰਾਰ ਹੋ ਜਾਂਦੇ ਹਨ।
ਪਿੰਡ ਬਾਰੇਕੇ ਦੇ ਸੇਵਾਮੁਕਤ ਪੁਲੀਸ ਇੰਸਪੈਕਟਰ ਪੰਜਾਬ ਸਿੰਘ, ਪਿੰਡ ਟਿਵਾਣਾ ਕਲਾਂ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ, ਜਤਿੰਦਰ ਸਿੰਘ, ਕਾਲਾ ਸਿੰਘ ਅਤੇ ਬਸਤੀ ਦਿਲਾਵਰ ਸਿੰਘ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਵਾਨੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਨਾਬਾਲਗ ਬੱਚਿਆਂ ਨੂੰ ਵੀ ਨਸ਼ੇ ਦੀ ਤਸਕਰੀ ’ਤੇ ਲਾ ਦਿੱਤਾ ਗਿਆ ਹੈ। ਪਿੰਡ ਟਿਵਾਣਾ ਕਲਾਂ ਦੇ ਸਰਪੰਚ ਨੇ ਥਾਣਾ ਸਿਟੀ ਜਲਾਲਾਬਾਦ ਦੇ ਐੱਸਐੱਚਓ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਥਾਣੇ ਵਿੱਚ ਇੱਕ ਵੱਡਾ ਨਸ਼ਾ ਤਸਕਰ ਬੇਖੌਫ ਲਗਾਤਾਰ ਆਉਂਦਾ ਹੈ, ਜੇਕਰ ਪੰਜਾਬ ਸਰਕਾਰ ਥਾਣਾ ਸਿਟੀ ਦੀ ਇੱਕ ਮਹੀਨੇ ਦੀ ਸੀਸੀਟੀਵੀ ਫੁਟੇਜ ਕਢਾਵੇ ਤਾਂ ਮਾਮਲਾ ਸਪੱਸ਼ਟ ਹੋ ਜਾਵੇਗਾ।
ਪੁਲੀਸ ਅਧਿਕਾਰੀਆਂ ਨੇ ਦੋਸ਼ ਨਕਾਰੇ
ਫਾਜ਼ਿਲਕਾ ਦੀ ਜ਼ਿਲ੍ਹਾ ਪੁਲੀਸ ਮੁਖੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਪੁਲੀਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ ਵਰਤ ਰਹੀ ਹੈ। ਪਿੰਡ ਵਾਸੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਪੜਤਾਲ ਕੀਤਿਆਂ ਉਹ ਕੁਝ ਨਹੀਂ ਕਹਿ ਸਕਦੇ। ਥਾਣਾ ਸਿਟੀ ਜਲਾਲਾਬਾਦ ਦੇ ਐੱਸਐੱਚਓ ਅੰਗਰੇਜ਼ ਕੁਮਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੰਡ ਦੇ ਸਰਪੰਚ ਦੀ ਕਿਸੇ ਪਿੰਡ ਦੇ ਨੌਜਵਾਨ ਨਾਲ ਨਰੇਗਾ ਕੰਮ ਨੂੰ ਲੈ ਕੇ ਤਕਰਾਰ ਹੋਈ ਹੈ, ਜਿਸ ਨੂੰ ਲੈ ਕੇ ਉਸ ਵੱਲੋਂ ਵਿਅਕਤੀ ’ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।