ਪਾੜ੍ਹਿਆਂ ਨੇ ਬੱਸ ਸੇਵਾ ਬਾਰੇ ਦਰਪੇਸ਼ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਜਨਵਰੀ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ੍ਹਾ ਸਕੱਤਰ ਰਾਮਬੀਰ ਸਿੰਘ ਮੰਗਾ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਪ੍ਰੀਤ ਲੌਗੋਵਾਲ ਦੀ ਅਗਵਾਈ ਹੇਠ ਸੁਨਾਮ ਅਤੇ ਸੰਗਰੂਰ ਦੀਆਂ ਵਿੱਦਿਅਕ ਸੰਸਥਾਵਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਬੱਸਾਂ ਸਬੰਧੀ ਆ ਰਹੀ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਿਨ੍ਹਾਂ ਰੂਟਾਂ ’ਤੇ ਸਰਕਾਰੀ ਬੱਸਾਂ ਨਹੀਂ ਲੱਗੀਆਂ ਅਤੇ ਜਿਨ੍ਹਾਂ ਪਿੰਡਾਂ ਵਿੱਚ ਬੱਸਾਂ ਲੱਗੀਆਂ ਹਨ, ਪਰ ਰੈਗੂਲਰ ਨਹੀਂ ਆਉਦੀਆਂ, ਉਹ ਰੈਗੂਲਰ ਕੀਤੀਆਂ ਜਾਣ। ਉਨ੍ਹਾਂ ਦਾ ਸਮਾਂ ਵਿੱਦਿਅਕ ਸੰਸਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਕੀਤਾ ਜਾਵੇ। ਜਿਵੇਂ ਸ਼ੇਰਪੁਰ ਤੋਂ ਸੰਗਰੂਰ, ਲੌਂਗੋਵਾਲ ਤੋਂ ਸੁਨਾਮ ਤੇ ਜਾਖਲ ਤੋਂ ਸੁਨਾਮ ਆਦਿ ਰੂਟਾਂ ਦੀਆਂ ਬੱਸਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਵਿਦਿਆਰਥੀਆਂ ਨੇ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਬੱਸ ਪਾਸ ਬਣਾਉਣ ਸਮੇਂ ਬੱਸ ਅੱਡੇ ’ਤੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਬੱਸ ਪਾਸ ਵਿੱਦਿਅਕ ਸੰਸਥਾਵਾਂ ਵਿੱਚ ਬਣਾਏ ਜਾਣ। ਤੀਸਰਾ ਸ਼ੇਰਪੁਰ ਤੋਂ ਸੰਗਰੂਰ, ਪ੍ਰਾਈਵੇਟ ਬੱਸਾਂ ਵਲਿਆਂ ਵੱਲੋਂ ਹੇੜੀਕੇ ਅਤੇ ਅਲਾਲ ਤੋਂ ਸੰਗਰੂਰ ਦੀ ਟਿਕਟ 50 ਰੁਪਏ ਲਈ ਜਾਂਦੀ ਹੈ ਜਦਕਿ ਟਿਕਟ 45 ਰੁਪਏ ਹੈ। ਇਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਮੰਗਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਆਕਾਸ਼ਦੀਪ ਜਵਾਹਰਵਾਲਾ, ਗੁਰੀ ਸੁਨਾਮ, ਅਰਸ਼ਦੀਪ ਕੌਰ, ਗਗਨ ਗੰਡੂਆਂ, ਗੁਰਪ੍ਰੀਤ ਕੌਰ ਹਾਜ਼ਰ ਸਨ।