ਗੈਸ ਫੈਕਟਰੀ ਖ਼ਿਲਾਫ਼ ਪੱਕੇ ਮੋਰਚੇ ’ਤੇ ਡਟੇ ਪਿੰਡ ਵਾਸੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਮਾਰਚ
ਇੱਥੋਂ ਨੇੜਲੇ ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਖ਼ਿਲਾਫ਼ ਲੱਗਿਆ ਮੋਰਚਾ ਅੱਜ ਦੂਜੇ ਦਿਨ ’ਚ ਦਾਖ਼ਲ ਹੋ ਗਿਆ। ਇਲਾਕਾ ਵਾਸੀ ਇਸ ਲੱਗ ਰਹੀ ਫੈਕਟਰੀ ਨੂੰ ਲੋਕਾਂ ਲਈ ਜਾਨ ਦਾ ਖੌਅ ਦੱਸ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ’ਚੋਂ ਪ੍ਰਦੂਸ਼ਣ ਪੈਦਾ ਹੋਵੇਗਾ। ਆਬਾਦੀ ਵਿੱਚ ਲੱਗਣ ਕਰ ਕੇ ਹਮੇਸ਼ਾ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹੇਗਾ। ਧਰਨਾਕਾਰੀਆਂ ਨੇ ਅੱਜ ਮੁੜ ਫੈਕਟਰੀ ਨੂੰ ਬਿਨਾਂ ਲੋੜੀਂਦੇ ਦਸਤਵੇਜ਼ ਅਤੇ ਪੰਚਾਇਤ ਤੋਂ ਇਤਰਾਜ਼ ਨਾ ਹੋਣ ਦਾ ਸਰਟੀਫਿਕੇਟ ਲਏ ਬਿਨਾਂ ਲਾਉਣ ਦਾ ਦੋਸ਼ ਲਾਇਆ।
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਸਿੰਘ ਭੂੰਦੜੀ ਤੋਂ ਇਲਾਵਾ ਅਮਰੀਕ ਸਿੰਘ ਰਾਮਾ, ਜਗਤਾਰ ਸਿੰਘ, ਹੈਪੀ ਨੂਰਵਾਲੀਆ, ਅਵਤਾਰ ਸਿੰਘ ਤਾਰੀ, ਤੇਜਿੰਦਰ ਸਿੰਘ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਫੈਕਟਰੀ ਬੰਦ ਕਰਵਾਉਣ ਤਕ ਜਾਰੀ ਰਹੇਗਾ। ਅੱਜ ਦੇ ਧਰਨੇ ’ਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ। ਇਸ ਤੋਂ ਇਲਾਵਾ ਬੀਕੇਯੂ (ਉਗਰਾਹਾਂ) ਦੇ ਜਸਵੰਤ ਸਿੰਘ ਭੱਟੀਆ, ਕਮਿੱਕਰ ਸਿੰਘ ਰਾਏਕੋਟ, ਪੇਂਡੂ ਮਜ਼ਦੂਰ ਯੂਨੀਅਨ ਦੇ ਮੱਖਣ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਗੈਸ ਫੈਕਟਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਲਾਕੇ ਦੀ ਆਬਾਦੀ ਦਾ ਰਹਿਣਾ ਦੁੱਭਰ ਹੋ ਜਾਵੇਗਾ। ਬੇਟ ਦੇ ਲੋਕ ਪਹਿਲਾਂ ਹੀ ਦਰਿਆਵਾਂ ਦੇ ਗੰਦੇ ਪਾਣੀ ਤੋਂ ਪੀੜਤ ਹਨ ਤੇ ਲਾਇਲਾਜ ਬਿਮਾਰੀਆਂ ਕਾਰਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਸਿਹਤ ਢਾਂਚੇ ਦਾ ਨਿੱਜੀਕਰਨ ਹੋਣ ਕਾਰਨ ਆਮ ਬੰਦੇ ਦਾ ਇਲਾਜ ਕਰਾਉਣਾ ਔਖਾ ਹੋਇਆ ਪਿਆ ਹੈ। ਕਿਸਾਨ ਆਗੂਆਂ ਨੇ ਜ਼ੀਰਾ ਫੈਕਟਰੀ ਬੰਦ ਕਰਵਾਉਣ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਹ ਫੈਕਟਰੀ ਹਰਗਿਜ਼ ਨਹੀਂ ਲੱਗਣ ਦਿੱਤੀ ਜਾਵੇਗੀ।