ਪੰਜਾਹ ਸਾਲ ਪੁਰਾਣੇ ਪਿੱਪਲ ਨੂੰ ਬਚਾਉਣ ਲਈ ਡਟੇ ਪਿੰਡ ਵਾਸੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਗਸਤ
ਭਵਾਨੀਗੜ੍ਹ-ਸਮਾਣਾ ਮੁੱਖ ਮਾਰਗ ਨੂੰ ਚੌੜਾ ਕਰਨ ਸਮੇਂ ਨੇੜਲੇ ਪਿੰਡ ਬਾਲਦ ਖੁਰਦ ਦੇ ਬੱਸ ਸਟੈਂਡ ਤੇ ਖੜ੍ਹੇ 50 ਸਾਲ ਪੁਰਾਣੇ ਪਿੱਪਲ ਦੇ ਦਰੱਖ਼ਤ ਨੂੰ ਪੁੱਟਣ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਸੜਕ ਜਾਮ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਗੁਰਦੇਵ ਸਿੰਘ ਆਲੋਅਰਖ, ਪਿੰਡ ਵਾਸੀ ਕਰਮਜੀਤ ਸਿੰਘ, ਹਰਦੀਪ ਸਿੰਘ, ਪ੍ਰਦੀਪ ਸਿੰਘ, ਓਮਕਾਰ ਸਿੰਘ, ਗੁਰੂ, ਸੁਖੀ ਸਿੰਘ, ਗੁਰਪਿੰਦਰ ਸਿੰਘ, ਜਗਸੀਰ ਸਿੰਘ, ਗੁਰਧਿਆਨ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਵੇਂ ਬੂਟੇ ਲਗਾ ਕੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਸੜਕਾਂ ਨੂੰ ਚੌੜਾ ਕਰਨ ਦੌਰਾਨ ਹਜ਼ਾਰਾਂ ਦਰੱਖਤ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਬਾਲਦ ਖੁਰਦ ਦੇ ਬੱਸ ਅੱਡੇ ਵਿਚ ਬਜ਼ੁਰਗਾਂ ਦੇ ਬੈਠਣ ਲਈ ਖੜ੍ਹੇ 50 ਸਾਲ ਪੁਰਾਣੇ ਪਿੱਪਲ ਦੇ ਦਰੱਖ਼ਤ ਨੂੰ ਵੀ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਵਿਰਾਸਤ ਇਸ ਪਿੱਪਲ ਦੇ ਰੁੱਖ ਕਿਸੇ ਕੀਮਤ ’ਤੇ ਨਹੀਂ ਪੁੱਟਣ ਦਿੱਤਾ ਜਾਵੇਗਾ।
ਇਸੇ ਦੌਰਾਨ ਵਣ ਵਿਭਾਗ ਦੇ ਅਧਿਕਾਰੀ ਸੁਰਿੰਦਰਪਾਲ ਸਿੰਘ ਅਤੇ ਸਿਮਰਨਜੀਤ ਕੌਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਉਚ ਅਧਿਕਾਰੀਆਂ ਨੂੰ ਭੇਜ ਰਹੇ ਹਨ। ਉਦੋਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।