ਪਾਵਰਕੌਮ ਮੁਲਾਜ਼ਮਾਂ ਦੀ ਮਦਦ ਲਈ ਅੱਗੇ ਆਏ ਪਿੰਡ ਵਾਸੀ
ਜਗਮੋਹਨ ਸਿੰਘ
ਘਨੌਲੀ, 14 ਸਤੰਬਰ
ਪੰਜਾਬ ਵਿੱਚ ਪਾਵਰਕੌਮ ਮੁਲਾਜ਼ਮਾਂ ਦੀ ਵੱਡੀ ਘਾਟ ਦੇ ਮੱਦੇਨਜ਼ਰ ਬਿਜਲੀ ਸਪਲਾਈ ਬਹਾਲ ਰੱਖਣ ਲਈ ਫੀਲਡ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੀ ਮਿਸਾਲ ਅੱਜ ਇੱਥੇ ਦਸਮੇਸ਼ ਨਗਰ ਕਲੋਨੀ ਘਨੌਲੀ ਪਿੰਡ ਵਿੱਚ ਉਦੋਂ ਦੇਖਣ ਨੂੰ ਮਿਲੀ, ਜਦੋਂ ਤਾਰਾਂ ’ਤੇ ਦਰੱਖਤ ਡਿੱਗਣ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ। ਨੁਕਸ ਅਜਿਹੀ ਜਗ੍ਹਾ ’ਤੇ ਪਿਆ ਜਿੱਥੇ ਕੋਈ ਮਸ਼ੀਨ ਨਹੀਂ ਸੀ ਜਾ ਸਕਦੀ, ਇਹ ਸਾਰਾ ਕੰਮ ਹੱਥੀਂ ਕਰਨਾ ਪੈਣਾ ਸੀ। ਪਾਵਰਕਾਮ ਕੋਲ ਜੇਈ ਅਤੇ ਏਜੇਈ ਤੋਂ ਇਲਾਵਾ ਮੌਕੇ ’ਤੇ ਕੰਮ ਕਰਨ ਲਈ ਸਿਰਫ਼ ਤਿੰਨ ਹੋਰ ਮੁਲਾਜ਼ਮ ਸਨ। ਉਨ੍ਹਾਂ ਨੂੰ ਵੱਖ-ਵੱਖ ਥਾਈਂ ਪਏ ਨੁਕਸ ਦੂਰ ਕਰਨ ਲਈ ਫੋਨ ਆ ਰਹੇ ਸਨ। ਇਸ ਦੌਰਾਨ ਜੇਈ ਨੂੰ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਫੋਨ ਆ ਰਹੇ ਸਨ ਤੇ ਬੰਦਿਆਂ ਦੀ ਘਾਟ ਕਾਰਨ ਖੰਭੇ ਦੀ ਸਟੇਅ ਲਗਾਉਣ ਲਈ ਏਜੇਈ ਨੂੰ ਟੋਆ ਪੁੱਟਣ ਲਈ ਖ਼ੁਦ ਕਹੀ ਚੁੱਕਣੀ ਪਈ।
ਜੇਈ ਨੂੰ ਟੋਆ ਪੁੱਟਦਿਆਂ ਦੇਖ ਨੇੜਲੇ ਘਰ ਦਾ ਵਸਨੀਕ ਨੌਜਵਾਨ ਗੁਰਪ੍ਰੀਤ ਸਿੰਘ ਖ਼ੁਦ ਬਿਜਲੀ ਮੁਲਾਜ਼ਮਾਂ ਦੀ ਮਦਦ ਲਈ ਪੁੱਜ ਗਿਆ। ਉਸ ਨੇ ਸੂਬੇਦਾਰ ਅਮਰੀਕ ਸਿੰਘ, ਸਾਬਕਾ ਬਿਜਲੀ ਮੁਲਾਜ਼ਮ ਨੰਦ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੂੰ ਵੀ ਮਦਦ ਲਈ ਬੁਲਾ ਲਿਆ। ਸੂਬੇਦਾਰ ਅਮਰੀਕ ਸਿੰਘ ਤੇ ਨੰਦ ਸਿੰਘ ਨੇ ਦੱਸਿਆ ਕਿ ਜੇ ਪਿੰਡ ਵਾਸੀ ਬਿਜਲੀ ਮੁਲਾਜ਼ਮਾਂ ਦੀ ਮੱਦਦ ਲਈ ਅੱਗੇ ਨਾ ਆਉਂਦੇ ਤਾਂ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਬਹੁਤ ਸਮਾਂ ਲੱਗ ਜਾਣਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਉਪ ਮੰਡਲ ਪੱਧਰ ਤੇ ਖੰਭੇ ਗੱਡਣ ਲਈ ਟੋਏ ਪੁੱਟਣ ਸਬੰਧੀ ਘੱਟੋ-ਘੱਟ ਇੱਕ ਟਰੈਕਟਰ ਜ਼ਰੂਰ ਮੁਹੱਈਆ ਕਰਵਾਇਆ ਜਾਵੇ।