ਮਤਾ ਨਾ ਪਾਉਣ ਦੇ ਦੋਸ਼ਾਂ ਸਬੰਧੀ ਗ੍ਰਾਮ ਪੰਚਾਇਤ ਨੇ ਕੀਤਾ ਪਿੰਡ ਵਾਸੀਆਂ ਦਾ ਇਕੱਠ
ਪੱਤਰ ਪ੍ਰੇਰਕ
ਘਨੌਲੀ, 11 ਜੂਨ
ਸੰਸਦ ਆਦਰਸ਼ ਪਿੰਡ ਘਨੌਲੀ ਦੇ ਗੰਧਲੇ ਪਾਣੀ ਦੇ ਮਸਲੇ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਜਿੱਥੇ ਵਿਰੋਧੀ ਧਿਰ ਵੱਲੋਂ ਗ੍ਰਾਮ ਪੰਚਾਇਤ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਪੰਚਾਇਤ ਵੱਲੋਂ ਮਤਾ ਨਾ ਪਾਏ ਜਾਣ ਕਾਰਨ ਨਵਾਂ ਟਿਊਬਵੈੱਲ ਲੱਗਣ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ, ਉੱਥੇ ਹੀ ਅੱਜ ਪੰਚਾਇਤ ਵੱਲੋਂ ਵੀ ਗੁਰਦੁਆਰੇ ਦੇ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਇਕੱਠ ਦੌਰਾਨ ਸਥਿਤੀ ਸਪੱਸ਼ਟ ਕਰਨ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਸੱਦਿਆ ਗਿਆ। ਇਸੇ ਦੌਰਾਨ ਵਿਰੋਧੀ ਧਿਰ ਦੇ ਵਿਅਕਤੀ ਵੀ ਮੌਕੇ ‘ਤੇ ਪੁੱਜ ਗਏ।
ਇਸ ਦੌਰਾਨ ਬੀਡੀਪੀਓ ਦਫਤਰ ਅਤੇ ਜਲ ਸਪਲਈ ਤੇ ਸੈਨੀਟੇਸ਼ਨ ਵਿਭਾਗ ਤੋਂ ਇਲਾਵਾ ਤਹਿਸੀਲਦਾਰ ਰੂਪਨਗਰ ਦੀ ਹਾਜ਼ਰੀ ‘ਚ ਸਰਪੰਚ ਕਮਲਜੀਤ ਕੌਰ ਦੇ ਸਹੁਰੇ ਗੁਰਿੰਦਰ ਸਿੰਘ ਗੋਗੀ ਨੇ ਪੰਚਾਇਤ ਦਾ ਪੱਖ ਰੱਖਦਿਆਂ ਦੱਸਿਆ ਕਿ ਪੰਚਾਇਤ ਦਾ ਕਾਰਵਾਈ ਰਜਿਸਟਰ ਅਪਰੈਲ ਮਹੀਨੇ ਤੋਂ ਪੰਚਾzwnj;ਇਤੀ ਰਾਜ ਵਿਭਾਗ ਕੋਲ ਜਮ੍ਹਾਂ ਹੋਣ ਕਾਰਨ ਮਤਾ ਨਹੀਂ ਪਾਇਆ ਜਾ ਸਕਿਆ ਤੇ ਜੇਕਰ ਉਨ੍ਹਾਂ ਨੂੰ ਰਜਿਸਟਰ ਮਿਲ ਜਾਵੇ ਤਾਂ ਪੰਚਾਇਤ ਮਤਾ ਪਾਉਣ ਲਈ ਸਹਿਮਤ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮ ਦਾ ਪ੍ਰਬੰਧ ਸਬੰਧਤ ਮਹਿਕਮੇ ਕੋਲ ਹੋਣ ਕਾਰਨ ਨਵਾਂ ਬੋਰ ਕਰਵਾਉਣ ਦਾ ਕੰਮ ਵੀ ਜਲ ਸਪਲਾਈ ਤੇ ਸੈਨੀਟੇਸ਼ਨ ਮਹਿzwnj;ਕਮਾ ਹੀ ਕਰਵਾਏ ਅਤੇ ਪੰਚਾਇਤ ਵਿਭਾਗ ਰਾਹੀਂ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪੈਸੇ ਵੀ ਗ੍ਰਾਮ ਪੰਚਾਇਤ ਘਨੌਲੀ ਨੂੰ ਦੇਣ ਦੀ ਬਜਾਇ ਸਬੰਧਤ ਮਹਿਕਮੇ ਨੂੰ ਦੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਦੇ ਫੰਡਾਂ ਦੀ ਲੋੜ ਪੈਂਦੀ ਹੈ ਤਾਂ ਸਾਰਾ ਪੈਸਾ ਗ੍ਰਾਮ ਪੰਚਾਇਤ ਘਨੌਲੀ ਤੋਂ ਲੈਣ ਦੀ ਬਜਾਇ ਤਿੰਨੋਂ ਪਿੰਡਾਂ ਦੀਆਂ ਪੰਚਾਇਤਾਂ ਵਿਚਾਲੇ ਬਰਾਬਰ ਵੰਡਿਆ ਜਾਵੇ ਕਿਉਂਕਿ ਇਸ ਸਕੀਮ ਦਾ ਪਾਣੀ ਤਿੰਨੋਂ ਪਿੰਡਾਂ ਦੇ ਵਸਨੀਕ ਵਰਤਦੇ ਹਨ।
ਪੰਚਾਇਤ ਦੇ ਨੁਮਾਇੰਦਿਆਂ ਤੇ ਵਿਰੋਧੀ ਧਿਰ ਦੇ ਨੁਮਾਇੰਦਿਆਂ ਵਿਚਾਲੇ ਕਾਫੀ ਬਹਿਸ ਹੋਈ। ਬੀਡੀਪੀਓ ਦਫਤਰ ਦੇ ਨੁਮਾਇੰਦੇ ਸੁਪਰਡੈਂਟ ਰਮਾਕਾਂਤ ਨੇ ਪਹਿਲਾਂ ਪੰਚਾਇਤ ਨੂੰ ਨਕਲ ਮਤਾ ਪਾ ਕੇ ਦੇਣ ਦੀ ਗੱਲ ਆਖੀ, ਪਰ ਪੰਚਾਇਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਮਤਾ ਸਿਰਫ ਆਪਣੇ ਕਾਰਵਾਈ ਰਜਿਸਟਰੀ ਵਿੱਚ ਹੀ ਪਾਉਣਗੇ। ਉਪਰੰਤ ਸੁਪਰਡੈਂਟ ਨੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਕਾਰਵਾਈ ਰਜਿਸਟਰ ਪੰਚਾਇਤ ਨੂੰ ਸੌਂਪ ਦਿੱਤਾ ਜਾਵੇਗਾ। ਇਸ ਦੌਰਾਨ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਮਾਈਕਲ ਨੇ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਚਾਇਤ ਵੱਲੋਂ ਦਿੱਤੀ ਜਾਣ ਵਾਲੀ ਦਰਖਾਸਤ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।