ਵਿਧਾਇਕ ਬਣਨ ’ਤੇ ਜਗਰੂਪ ਬਰਾੜ ਦੇ ਪਿੰਡ ਨੇ ਖੁਸ਼ੀ ਮਨਾਈ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 22 ਅਕਤੂਬਰ
ਬ੍ਰਿਟਿਸ਼ ਕੋਲੰਬੀਆਂ ’ਚ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਬਰਾੜ ਨਿਊ ਡੈਮੋਕ੍ਰੈਟਿਕ ਪਾਰਟੀ ਤੋਂ ਵਿਧਾਇਕ ਚੁਣੇ ਗਏ। ਉਨ੍ਹਾਂ ਦੀ ਜਿੱਤ ਦੀ ਖ਼ਬਰ ਪਤਾ ਲੱਗਦਿਆਂ ਹੀ ਪਿੰਡ ਦਿਉਣ ਦੇ ਵਸਨੀਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜਗਰੂਪ ਸਿੰਘ ਦਾ ਜਨਮ ਸਾਧਾਰਨ ਕਿਸਾਨ ਕਾਕਾ ਸਿੰਘ ਬਰਾੜ ਦੇ ਘਰ ਜੰਗੀਰ ਕੌਰ ਦੀ ਕੁੱਖੋਂਂ ਹੋਇਆ। ਜਗਰੂਪ ਸਿੰਘ ਬਰਾੜ ਦੇ ਵੱਡੇ ਭਰਾਤਾ ਠਾਣਾ ਸਿੰਘ ਬਰਾੜ ਦੇ ਘਰ ਅੱਜ ਪਿੰਡ ਵਾਸੀਆਂ ਵੱਲੋਂ ਵਧਾਈ ਦੇਣ ਦਾ ਤਾਂਤਾ ਲੱਗਾ ਰਿਹਾ। ਘਰ ਵਿੱਚ ਢੋਲ ਦੀ ਥਾਪ ’ਤੇ ਗਿੱਧੇ ਅਤੇ ਭੰਗੜੇ ਦੀ ਚੱਲ ਰਹੇ ਪ੍ਰਵਾਹ ਦੌਰਾਨ ਪਿੰਡ ਦੀਆਂ ਬੀਬੀਆਂ ਅਤੇ ਮਰਦਾਂ ਨੇ ਅਥਾਹ ਖੁਸ਼ੀ ਮਨਾਈ। ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਦੱਸਿਆ ਕਿ ਜਗਰੂਪ ਬਰਾੜ ਉਨ੍ਹਾਂ ਦੇ ਲੰਮੇ ਅਰਸੇ ਤੋਂ ਪਰਮ ਮਿੱਤਰ ਹਨ ਅਤੇ ਲੰਘੇ ਮਹੀਨੇ ਜਦੋਂ ਉਹ ਸਰੀ ਸ਼ਹਿਰ ’ਚ ਜਗਰੂਪ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਦੇ ਨਕਸ਼ੇ ’ਤੇ ਪਿੰਡ ਦਿਉਣ ਦਾ ਨਾਂਅ ਉੱਭਰਿਆ ਹੈ, ਜਿਸ ਕਰਕੇ ਜਗਰੂਪ ਦੇ ਨਗਰ ਵਾਸੀਆਂ ਅਤੇ ਸ਼ੁਭਚਿੰਤਕਾਂ ਨੂੰ ਫ਼ਖ਼ਰ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਚੋਂ ਭਰਾ ਬਲਵੰਤ ਸਿੰਘ ਬਰਾੜ, ਭਰਜਾਈ ਬਲਵੰਤ ਕੌਰ, ਭਤੀਜੇ ਹਰਕੰਤ ਸਿੰਘ ਬਰਾੜ, ਸੰਦੀਪ ਸਿੰਘ ਬਰਾੜ, ਜਗਮੀਤ ਸਿੰਘ ਬਰਾੜ, ਬਲਕਰਨ ਸਿੰਘ ਬਰਾੜ, ਅਜੈਬ ਸਿੰਘ ਬਰਾੜ, ਬਲਦੇਵ ਸਿੰਘ ਬਰਾੜ, ਲਖਵੀਰ ਸਿੰਘ ਬਰਾੜ ਅਤੇ ਰਣਜੀਤ ਸਿੰਘ ਬਰਾੜ ਨੇ ਮੁਬਾਕਰਬਾਦ ਦੇਣ ਲਈ ਘਰ ਪਹੁੰਚੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।