For the best experience, open
https://m.punjabitribuneonline.com
on your mobile browser.
Advertisement

ਜਿਸ ਪਿੰਡ ਦੀ ਜੂਹ ’ਚ ਕਦੇ ਨਾ ਹੋਈ ਚੋਣ..!

08:02 AM Oct 05, 2024 IST
ਜਿਸ ਪਿੰਡ ਦੀ ਜੂਹ ’ਚ ਕਦੇ ਨਾ ਹੋਈ ਚੋਣ
ਨੱਗਲ ਗੜ੍ਹੀਆਂ ਵਿੱਚ ਕਿਸੇ ਮਸਲੇ ’ਤੇ ਗੱਲਬਾਤ ਕਰਦੇ ਹੋਏ ਪਿੰਡ ਵਾਸੀ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਕਤੂਬਰ
ਇਸ ਵੇਲੇ ਪੰਜਾਬ ਦੀਆਂ ਪੰਚਾਇਤ ਚੋਣਾਂ ’ਚ ਸਾਰੇ ਪਾਸੇ ਲੜਾਈ ਝਗੜੇ ਹੋ ਰਹੇ ਹਨ ਪਰ ਬਲਾਕ ਮਾਜਰੀ ਦਾ ਛੋਟਾ ਜਿਹਾ ਪਿੰਡ ਵੱਡੀ ਇਬਾਰਤ ਲਿਖ ਰਿਹਾ ਹੈ। ਮੁਲਕ ਆਜ਼ਾਦ ਹੋਇਆ ਤਾਂ ਪਹਿਲੀ ਪੰਚਾਇਤੀ ਚੋਣ 1952 ਵਿਚ ਹੋਈ। ਉਦੋਂ ਤੋਂ ਹੀ ਬਲਾਕ ਮਾਜਰੀ ਦਾ ਪਿੰਡ ਨੱਗਲ ਗੜ੍ਹੀਆਂ ਪੰਚਾਇਤੀ ਚੋਣਾਂ ਦੇ ਝੰਜਟ ਤੋਂ ਆਜ਼ਾਦ ਹੈ। ਆਜ਼ਾਦੀ ਤੋਂ ਮਗਰੋਂ ਕਦੇ ਵੀ ਇਸ ਪਿੰਡ ਵਿਚ ਪੰਚਾਇਤੀ ਚੋਣ ਨਹੀਂ ਹੋਈ। ‘ਬਜ਼ੁਰਗਾਂ ਦਾ ਕਿਹਾ ਸਿਰ ਮੱਥੇ’ ਆਖ ਪਿੰਡ ਦੇ ਲੋਕ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣ ਲੈਂਦੇ ਹਨ। ਪਿੰਡ ਨੱਗਲ ਗੜ੍ਹੀਆਂ ਦੀ ਇਹ ਖ਼ੂਬੀ ਹੈ ਕਿ ਨਾ ਕਦੇ ਪੁਰਾਣੀ ਪੀੜ੍ਹੀ ਨੇ ਅਤੇ ਨਾ ਕਦੇ ਨਵੀਂ ਪੀੜ੍ਹੀ ਨੇ ਕੋਈ ਸ਼ਰੀਕੇਬਾਜ਼ੀ ਦੇਖੀ ਹੈ, ਜਦੋਂ ਪੰਚਾਇਤੀ ਚੋਣ ਆਉਂਦੀ ਹੈ ਤਾਂ ਪੂਰਾ ਪਿੰਡ ਇੱਕੋ ਮੋਰੀ ਨਿਕਲ ਜਾਂਦਾ ਹੈ। ਥੋੜ੍ਹੇ ਦਿਨ ਪਹਿਲਾਂ ਹੀ ਪਿੰਡ ਨੇ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਹੈ ਅਤੇ ਮਹਿਲਾ ਰਾਜਿੰਦਰ ਕੌਰ ਨੂੰ ਪਿੰਡ ਦੀ ਸਰਪੰਚੀ ਸੌਂਪੀ ਹੈ। ਪਹਿਲਾਂ ਉਸ ਦਾ ਸਹੁਰਾ ਗੁਰਬਖ਼ਸ਼ ਸਿੰਘ ਪਿੰਡ ਦਾ ਡੇਢ ਦਹਾਕਾ ਸਰਪੰਚ ਰਿਹਾ ਹੈ। ਪੰਜ ਮੈਂਬਰੀ ਪੰਚਾਇਤ ਵੀ ਸਹਿਮਤੀ ਨਾਲ ਬਣਦੀ ਹੈ। ਪਿੰਡ ਦੇ ਕਿਸੇ ਵੀ ਘਰ ਆਏ ਦੁੱਖ ਸੁੱਖ ਨੂੰ ਪੂਰਾ ਪਿੰਡ ਆਪਣਾ ਦੁੱਖ ਸੁੱਖ ਮੰਨਦਾ ਹੈ। ਜਦੋਂ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਆਉਂਦੀ ਹੈ ਤਾਂ ਪਿੰਡ ਵਿਚ ਕਦੇ ਵੋਟਾਂ ਵਾਲੇ ਦਿਨ ਵੱਖੋ ਵੱਖਰੇ ਸਿਆਸੀ ਧਿਰਾਂ ਦੇ ਬੂਥ ਨਹੀਂ ਲੱਗਦੇ ਹਨ। ਪਿੰਡ ਦੀ 520 ਲੋਕਾਂ ਦੀ ਅਬਾਦੀ ਹੈ ਜਦੋਂ ਕਿ 380 ਵੋਟਾਂ ਹਨ। ਪਿੰਡ ਦਾ ਵਾਸੀ ਸੁਰਿੰਦਰ ਸਿੰਘ ਆਖਦਾ ਹੈ ਕਿ ਜਦੋਂ ਪੰਚਾਇਤੀ ਚੋਣ ਆਉਂਦੀ ਹੈ ਤਾਂ ਪਿੰਡ ਦੇ ਬਜ਼ੁਰਗ ਅਗਵਾਈ ਕਰਦੇ ਹਨ।

Advertisement

ਸਿਆਸਤਦਾਨਾਂ ਵੱਲੋਂ ਹੌਸਲਾ-ਅਫਜ਼ਾਈ ਨਾ ਕਰਨ ’ਤੇ ਰੋਸ

ਇਸ ਪਿੰਡ ਦੇ 65 ਦੇ ਕਰੀਬ ਐਨਆਰਆਈ ਹਨ ਜਿਨ੍ਹਾਂ ਦੇ ਦਿਲ ’ਚ ਪਿੰਡ ਧੜਕਦਾ ਹੈ ਜੋ ਵਿਦੇਸ਼ਾਂ ਵਿਚ ਆਪਣੇ ਪਿੰਡ ਦੀ ਅਨੋਖੀ ਰੀਤ ’ਤੇ ਫ਼ਖਰ ਕਰਦੇ ਹਨ। ਪਿੰਡ ਦੇ 40 ਤੋਂ ਉਪਰ ਮੌਜੂਦਾ ਅਤੇ ਸਾਬਕਾ ਫ਼ੌਜੀ ਹਨ। ਜਦੋਂ ਨਵੀਂ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਤਾਂ ਸਮੁੱਚਾ ਪਿੰਡ ਚਾਹ ਪਾਰਟੀ ’ਤੇ ਇਕੱਠਾ ਹੁੰਦਾ ਹੈ। ਜਦੋਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੇ ਕਦੇ ਵੀ ਪਿੰਡ ਨੂੰ ਸ਼ਾਬਾਸ਼ ਨਹੀਂ ਦਿੱਤੀ ਹੈ। ਪਿੰਡ ਨੱਗਲ ਗੜ੍ਹੀਆਂ ਦੀ ਇਸ ਪ੍ਰਾਪਤੀ ਵਜੋਂ ਪਿੰਡ ਦੀ ਪੰਚਾਇਤ ਨੂੰ ਦੋ ਕੌਮੀ ਐਵਾਰਡ ਮਿਲ ਚੁੱਕੇ ਹਨ ਅਤੇ ਇੱਕ ਸਟੇਟ ਪੁਰਸਕਾਰ ਮਿਲ ਚੁੱਕਾ ਹੈ। ਸਮੁੱਚੇ ਪਿੰਡ ਵਿਚ ਸੀਵਰੇਜ ਪਿਆ ਹੋਇਆ ਹੈ ਅਤੇ ਹਾਲੇ ਵੀ ਵਿਕਾਸ ਦੇ ਕੰਮ ਚੱਲ ਰਹੇ ਹਨ।

Advertisement

ਪਿੰਡ ਦਾ ਸਾਂਝਾ ਸ਼ਮਸ਼ਾਨਘਾਟ ਤੇ ਕਮਿਊਨਿਟੀ ਸੈਂਟਰ

ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਆਖਦਾ ਹੈ ਕਿ ਪਹਿਲਾਂ ਪਿੰਡ ਵਿਚ ਦੋ ਸ਼ਮਸ਼ਾਨਘਾਟ ਹੁੰਦੇ ਸਨ ਅਤੇ ਹੁਣ ਇੱਕੋ ਸ਼ਮਸ਼ਾਨਘਾਟ ਕਰ ਦਿੱਤਾ ਹੈ। ਪਿੰਡ ਵਿਚ ਕਮਿਊਨਿਟੀ ਸੈਂਟਰ ਹੈ ਜਿੱਥੇ ਕੋਈ ਵੀ ਸਮਾਜਿਕ ਸਮਾਗਮ ਕਰ ਸਕਦਾ ਹੈ। ਲੋਕ ਦੱਸਦੇ ਹਨ ਕਿ ਪਿੰਡ ਦੇ ਟੋਭੇ ’ਤੇ ਨਾਜਾਇਜ਼ ਕਬਜ਼ਾ ਸੀ ਜੋ ਪੰਚਾਇਤ ਨੇ ਹਟਾ ਦਿੱਤਾ ਹੈ। ਜਰਨੈਲ ਸਿੰਘ ਆਖਦਾ ਹੈ ਕਿ ਪਿੰਡ ਦੇ ਮਸਲੇ ਪਿੰਡ ਵਿਚ ਹੀ ਨਜਿੱਠ ਲਏ ਜਾਂਦੇ ਹਨ। ਕੋਈ ਟਾਵਾਂ ਹੀ ਪੁਲੀਸ ਕੇਸ ਪਿੰਡ ਦੇ ਕਿਸੇ ਬਾਸ਼ਿੰਦੇ ’ਤੇ ਦਰਜ ਹੋਵੇਗਾ।

Advertisement
Author Image

joginder kumar

View all posts

Advertisement