ਸਿਆਸੀ ਆਗੂਆਂ ਦੇ ਵਿਚਾਰ ਵੱਖਰੇ ਪਰ ਪਹਿਰਾਵਾ ਇੱਕ
ਸੁਰਜੀਤ ਮਜਾਰੀ
ਬੰਗਾ, 30 ਮਈ
ਵਿਚਾਰਾਂ ਦੇ ਵਖਰੇਵੇਂ ਅਤੇ ਪਾਰਟੀਆਂ ਦੇ ਰੰਗ ਅੱਡ-ਅੱਡ ਹੋਣ ਦੇ ਬਾਵਜੂਦ ਸਿਆਸੀ ਆਗੂਆਂ ਨੇ ‘ਕੁੜਤੇ ਪਜਾਮੇ’ ਪਹਿਣਨ ਦੀ ਪਸੰਦ ਇੱਕ ਰੱਖੀ ਹੋਈ ਹੈ। ਚੋਣਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਹੋਰ ਸਮਾਗਮਾਂ ਵਿੱਚ ਵੀ ਸਿਆਸੀ ਆਗੂਆਂ ਦੀ ਜ਼ਿਆਦਾ ਗਿਣਤੀ ਕੁੜਤੇ ਪਜਾਮੇ ਪਹਿਣਨ ਨੂੰ ਪਹਿਲ ਦਿੰਦੀ ਹੈ।
ਕੁੜਤੇ ਪਜਾਮਿਆਂ ਦੀ ਸਿਲਾਈ ਲਈ ਆਗੂ ਰੁਤਬੇ ਮੁਤਾਬਕ ਟਿਕਾਣੇ ਦੀ ਪਸੰਦ ਕਰਦੇ ਹਨ। ਉਂਜ ਮੁਕਤਸਰੀ ਕੁੜਤੇ ਪਜਾਮੇ ਜ਼ਿਆਦਾ ਮਸ਼ਹੂਰ ਹੋਣ ਕਰ ਕੇ ਕਈ ਆਗੂ ਮੁਕਤਸਰ ਸਾਹਿਬ ਤੋਂ ਵੀ ਸਿਲਾਈ ਕਰਵਾਉਂਦੇ ਹਨ।
ਸਿਆਸੀ ਆਗੂਆਂ ਦੇ ਇਸ ਪਹਿਰਾਵੇ ਦੀ ਬਣਤਰ ਪੱਖ ਤੋਂ ਆਮ ਤੌਰ ’ਤੇ ਕੁੜਤੇ ਦਾ ਘੇਰਾ ਚੌਰਸ ਹੁੰਦਾ ਹੈ। ਜਿਹੜੇ ਆਗੂ ਚੂੜੀਆਂ ਵਾਲਾ ਪਜਾਮਾ ਪਸੰਦ ਕਰਦੇ ਹਨ ਉਹ ਕੁੜਤੇ ਵੀ ਗੋਲ ਘੇਰੇ ਵਾਲੇ ਪਸੰਦ ਕਰਦੇ ਹਨ।
ਜੇਸੀਟੀ ਕੱਪੜਾ ਮਿੱਲ ਦੇ ਕਰਮਚਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਸਿਆਸੀ ਨੇਤਾ ਥਾਨ ਹੀ ਖ਼ਰੀਦ ਕੇੇ ਲਿਜਾਂਦੇ ਹਨ। ਦਿੱਲੀ ਦੇ ਸਾਂਸਦ ਭਵਨ ਮਾਰਗ ’ਤੇ ਗੋਲ ਮਾਰਕੀਟ ’ਚ ਸਿਲਾਈ ਦਾ ਕੰਮ ਕਰਦੇ ਗੋਬਰਧਨ ਸਿਲਾਈ ਪੁਆਇੰਟ ਦੇ ਸੰਚਾਲਕ ਵਿਨੈ ਕਪੂਰ ਨੇ ਕਿਹਾ ਕਿ ਉਹ ਕੁੜਤੇੇ ਪਜਾਮੇ ਸਿਉਣ ਦਾ ਹੀ ਕੰਮ ਕਰਦੇ ਹਨ ਅਤੇ ਸਾਰਾ ਸਾਲ ਸਿਆਸੀ ਆਗੂਆਂ ਦੇ ਆਰਡਰ ਆਏ ਰਹਿੰਦੇ ਹਨ। ਕੋਟਕਪੂਰੇ ਤੋਂ ਬੰਗਾ ਆ ਕੇ ਕੁੜਤੇ ਪਜਾਮੇ ਸਿਲਾਈ ਕਰਨ ਦਾ ਕੰਮ ਕਰਨ ਲੱਗੇ ਜੱਸਲ ਟੇਲਰਜ਼ ਦੇ ਮਾਲਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਥਾਈ ਪੱਧਰ ’ਤੇ ਕੁੜਤੇ ਪਜਾਮਿਆਂ ਦੀ ਸਿਲਾਈ ਸੱਤ ਸੌ ਦੇ ਕਰੀਬ ਹੀ ਚੱਲਦੀ ਹੈ ਜੋ ਵੱਡੇ ਸ਼ਹਿਰਾਂ ’ਚ ਵਧ ਜਾਂਦੀ ਹੈ।