ਵਿਧਾਨ ਸਭਾ ਸਪੀਕਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਨਰਾਇਣਗੜ੍ਹ, 3 ਨਵੰਬਰ
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਨ ਸਭਾ ਸਪੀਕਰ ਅੱਜ ਜਨ ਸੰਵਾਦ ਪ੍ਰੋਗਰਾਮ ਤਹਤਿ ਪਿੰਡ ਹੁਸੈਨੀ, ਲੌਟਾਂ, ਮੁੰਨਾ ਮਾਜਰਾ ਵਿੱਚ ਪਿੰਡ ਵਾਸੀਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰ ਰਹੇ ਸਨ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਦੇ ਮਸਲੇ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਭਾਰਤ/ਚਿਰਾਯੂ ਯੋਜਨਾ, ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ, ਬੀ.ਪੀ.ਐਲ ਕਾਰਡ, ਅੰਤੋਦਿਆ ਪਰਿਵਾਰ ਉਤਸਾਹ ਯੋਜਨਾ ਆਦਿ ਸਕੀਮਾਂ ਦਾ ਲਾਭ ਪਿੰਡ ਵਾਸੀਆਂ ਨੂੰ ਦਿੱਤਾ ਜਾਵੇਗਾ। ਆਨਲਾਈਨ ਮਾਧਿਅਮ ਰਾਹੀਂ ਯੋਗ ਵਿਅਕਤੀ ਇਸ ਨੂੰ ਘਰ ਬੈਠੇ ਪ੍ਰਾਪਤ ਕਰ ਸਕਦਾ ਹੈ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪਿੰਡ ਵਾਸੀਆਂ ਨੂੰ ਜਨ ਸੰਵਾਦ ਪ੍ਰੋਗਰਾਮ ਤਹਤਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਨ ਸੰਵਾਦ ਪ੍ਰੋਗਰਾਮ ਦਾ ਮੁੱਖ ਮੰਤਵ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਜਾਣ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਾ ਹੈ। ਹਰਿਆਣਾ ਦੇ ਮੁੱਖ ਮੰਤਰੀ ਖੁਦ ਵੀ ਜਨਤਕ ਪ੍ਰੋਗਰਾਮਾਂ ਵਿੱਚ ਪਿੰਡ ਵਾਸੀਆਂ ਅਤੇ ਹੋਰਨਾਂ ਨਾਲ ਗੱਲਬਾਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਨ ਸੰਵਾਦ ਪ੍ਰੋਗਰਾਮਾਂ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੀਆਂ ਤਿੰਨ ਕਾਪੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿਚੋਂ ਇਕ ਉਹ ਆਪਣੇ ਕੋਲ ਰੱਖਣਗੇ, ਦੂਜੀ ਮੁੱਖ ਮੰਤਰੀ ਦਫ਼ਤਰ ਅਤੇ ਤੀਜੀ ਜ਼ਿਲ੍ਹੇ ਦੇ ਪ੍ਰਸਾਸ਼ਨ ਨੂੰ ਭੇਜੀ ਜਾਵੇਗੀ ਤਾਂ ਜੋ ਸ਼ਿਕਾਇਤ ਸਬੰਧਤ ਵਿਭਾਗ ਨੂੰ ਭੇਜੀ ਜਾ ਸਕੇ।