For the best experience, open
https://m.punjabitribuneonline.com
on your mobile browser.
Advertisement

ਬੁੱਢੇ ਦਰਿਆ ਦੀ ਜਾਂਚ ਸਬੰਧੀ ਵਿਧਾਇਕ ਵੱਲੋਂ ਪਾਈ ਵੀਡੀਓ ਨੇ ਚਰਚਾ ਛੇੜੀ

06:53 AM Sep 02, 2024 IST
ਬੁੱਢੇ ਦਰਿਆ ਦੀ ਜਾਂਚ ਸਬੰਧੀ ਵਿਧਾਇਕ ਵੱਲੋਂ ਪਾਈ ਵੀਡੀਓ ਨੇ ਚਰਚਾ ਛੇੜੀ
ਬੁੱਢੇ ਦਰਿਆ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਸਤੰਬਰ
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਬੁੱਢੇ ਦਰਿਆ ਵਿੱਚ ਦਿਨੋਂ-ਦਿਨ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਆਪਣੇ ਹੀ ਇੱਕ ਨੀਂਹ-ਪੱਥਰ ਤੋੜ ਦੇਣ ਅਤੇ ਹੁਣ ਬੁੱਢੇ ਦਰਿਆ ਵਿੱਚ ਕਿਸ਼ਤੀ ਲਿਜਾ ਕੇ ਜਾਂਚ ਕਰਨ ਵਾਲੀ ਸੋਸ਼ਲ ਮੀਡੀਆ ’ਤੇ ਪਾਈ ਵੀਡੀਓ ਅਤੇ ਫੋਟੋਆਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਵਿਧਾਇਕ ਦੇ ਇਸ ਵਰਤਾਰੇ ਦੀ ਵਾਤਾਵਰਨ ਪ੍ਰੇਮੀਆਂ ਅਤੇ ‘ਕਾਲੇ ਪਾਣੀ ਦਾ ਮੋਰਚਾ’ ਟੀਮ ਦੇ ਨੁਮਾਇੰਦਿਆਂ ਕੁਲਦੀਪ ਸਿੰਘ ਖਹਿਰਾ, ਜਸਕੀਰਤ ਸਿੰਘ ਅਤੇ ਕਪਿਲ ਅਰੋੜਾ ਨੇ ਜ਼ੋਰਦਾਰ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਪ੍ਰਦੂਸ਼ਣ ਫੈਲਾਉਣ ਵਾਲੀ ਇੰਡਸਟਰੀ ਦੇ ਖਿਲਾਫ਼ ਕਾਰਵਾਈ ਕਰਵਾਉਣਾ ਤਾਂ ਦੂਰ, ਇਨ੍ਹਾਂ ਵਿਰੁੱਧ ਪੱਕੇ ਸਬੂਤ ਹੋਣ ਦੇ ਬਾਵਜੂਦ ਇੱਕ ਸ਼ਬਦ ਨਹੀਂ ਬੋਲ ਰਹੇ। ਕੁਲਦੀਪ ਖਹਿਰਾ ਨੇ ਕਿਹਾ ਕਿ ਵਿਧਾਇਕ ਦੇ ਇਸ ਵਤੀਰੇ ਦੀ ‘ਕਾਲੇ ਪਾਣੀ ਦਾ ਮੋਰਚੇ’ ਦੀ ਪੂਰੀ ਟੀਮ ਨਿਖੇਧੀ ਕਰਦੀ ਹੈ ਅਤੇ ਇਸ ਨੂੰ ਕਾਲੇ ਪਾਣੀ ਦਾ ਸ਼ਿਕਾਰ ਹੋਏ ਲੋਕਾਂ ਨਾਲ ਮਜ਼ਾਕ ਕਰਾਰ ਦਿੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਧਾਇਕ ਦੇ ਇਸ ਵਰਤਾਰੇ ’ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਜ਼ਰੂਰ ਕਰਨ।
ਦੱਸਣਯੋਗ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣੀ ਫੇਸਬੁੱਕ ਪੇਜ ’ਤੇ ਕਿਸ਼ਤੀ ਰਾਹੀਂ ਬੁੱਢੇ ਦਰਿਆ ਵਿੱਚ ਉਤਰਨ ਦੀ ਵੀਡੀਓ ਅਤੇ ਫੋਟੋਆਂ ਪਾਈਆਂ ਗਈਆਂ ਹਨ। ਸ੍ਰੀ ਗੋਗੀ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਪਰ ਅੱਗੋਂ ਅਫਸਰਾਂ ਨੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਧਰ, ਪੱਖ ਜਾਣਨ ਲਈ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵ੍ਹਟਸਐੱਪ ਰਾਹੀਂ ਸੁਨੇਹਾ ਵੀ ਭੇਜਿਆ ਪਰ ਖਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਆਇਆ।

Advertisement

Advertisement
Advertisement
Author Image

Advertisement