ਮਜ਼ਦੂਰਾਂ ਦੇ ਸੰਘਰਸ਼ ਦੀ ਜਿੱਤ
ਪੱਤਰ ਪ੍ਰੇਰਕ
ਪਟਿਆਲਾ, 13 ਜੂਨ
ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦਾ ਦਦਹੇੜਾ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਲੱਗੇ ਮੋਰਚੇ ਦੇ ਤੀਜੇ ਦਿਨ ਜਿੱਤ ਹੋਈ ਹੈ। ਇਸ ਬਾਰੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ, ਇਕਾਈ ਆਗੂ ਅਮਰਜੀਤ ਦਦਹੇੜਾ, ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦਦਹੇੜਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਰਿਜ਼ਰਵ ਕੋਟੇ ਦੀ ਜ਼ਮੀਨ ਲਈ ਚੱਲ ਰਿਹਾ ਮੋਰਚਾ ਅੱਜ ਜੇਤੂ ਹੋ ਨਿੱਬੜਿਆ। ਪੰਚਾਇਤ ਸੈਕਟਰੀ ਵੱਲੋਂ ਮੋਰਚੇ ਵਾਲੀ ਥਾਂ ਤੇ ਪਹੁੰਚ ਕੇ ਰਿਜ਼ਰਵ ਕੋਟੇ ਦੀ 22 ਏਕੜ ਜ਼ਮੀਨ ਪੂਰੀ ਕਰਨ ਅਤੇ ਮਜ਼ਦੂਰਾਂ ਨੂੰ ਤਿੰਨ ਏਕੜ ਪਾਣੀ ਵਾਲੀ ਜ਼ਮੀਨ ਅਤੇ ਮੋਟਰ ਵਿੱਚੋਂ ਤੀਜਾ ਹਿੱਸਾ ਪਾਣੀ ਦੀ ਵਾਰੀ ਦੇਣ ਬਾਰੇ ਲਿਖਣ ‘ਤੇ ਸਹਿਮਤੀ ਮਤਾ ਪਾਇਆ। ਹੱਕੀ ਮੰਗਾਂ ਨੂੰ ਲੈ ਕੇ ਲਗਾਏ ਮਜ਼ਦੂਰਾਂ ਦੇ ਇਸ ਮੋਰਚੇ ਨੂੰ ਪਿੰਡ ਦਦਹੇੜਾ ਦੇ ਕਈ ਕਿਸਾਨੀ ਪਰਿਵਾਰਾਂ ਦਾ ਸਹਿਯੋਗ ਮਿਲਿਆ। ਅੰਤ ਵਿੱਚ ਮਜ਼ਦੂਰਾਂ ਵੱਲੋਂ ਮੋਰਚੇ ਨੂੰ ਜੇਤੂ ਐਲਾਨਦੇ ਹੋਏ ਮੋਰਚਾ ਸਮਾਪਤ ਕੀਤਾ ਗਿਆ। ਇਸ ਮੌਕੇ ਬਲਬੀਰ ਸਿੰਘ, ਮੇਜਰ ਸਿੰਘ, ਜੀਤ ਸਿੰਘ, ਸੁਰਿੰਦਰ ਸਿੰਘ ਹਾਜ਼ਰ ਰਹੇ।