ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਦਮ ਦੀ ਜਿੱਤ

06:27 AM Nov 30, 2023 IST

ਮੰਗਲਵਾਰ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ। ਇਹ ਮਜ਼ਦੂਰ 12 ਨਵੰਬਰ ਨੂੰ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਸ ਵਿਚ ਫਸ ਗਏ ਸਨ। ਉਨ੍ਹਾਂ ਤੱਕ 6 ਇੰਚ ਚੌੜੀ ਪਾਈਪ ਪਹੁੰਚਾ ਕੇ ਉਨ੍ਹਾਂ ਨੂੰ ਭੋਜਨ, ਪਾਣੀ, ਦਵਾਈਆਂ ਆਦਿ ਪਹੁੰਚਾਈਆਂ ਜਾ ਰਹੀਆਂ ਸਨ। 17 ਦਿਨ ਚੱਲੇ ਬਚਾਅ ਅਪਰੇਸ਼ਨ ਵਿਚ ਫ਼ੌਜ, ਐੱਨਡੀਆਰਐਫ, ਕੇਂਦਰੀ ਤੇ ਸੂਬਾ ਸਰਕਾਰ ਦੀਆਂ ਕਈ ਏਜੰਸੀਆਂ, ਪ੍ਰਸ਼ਾਸਨ, ਪੁਲੀਸ ਤੇ ਵਿਦੇਸ਼ੀ ਮਾਹਿਰਾਂ ਨੇ ਹਿੱਸਾ ਲਿਆ। ਬਹੁਤਾ ਕੰਮ ਮਸ਼ੀਨਾਂ ਰਾਹੀਂ ਕੀਤਾ ਗਿਆ ਪਰ ਅੰਤਿਮ ਪੜਾਅ ’ਤੇ ਮਸ਼ੀਨਾਂ ਜਵਾਬ ਦੇ ਗਈਆਂ ਤੇ ਨਿਰਾਸ਼ਾ ਫੈਲਣ ਲੱਗੀ। ਉਸ ਸਮੇਂ ਉਹ ਹੁਨਰਮੰਦ ਕਾਮੇ, ਜਿਹੜੇ ਕੋਲੇ ਦੀਆਂ ਖਾਣਾਂ ਵਿਚ ਹੱਥਾਂ ਨਾਲ ਖੁਦਾਈ ਕਰ ਕੇ ਕੋਲਾ ਕੱਢਦੇ ਰਹੇ ਹਨ, ਕੰਮ ਆਏ। ਇਹ ਮੁਹਿੰਮ ਉਨ੍ਹਾਂ ਦੀ ਕੁਸ਼ਲਤਾ ਤੇ ਹਿੰਮਤ ਸਦਕਾ ਸਿਰੇ ਲੱਗੀ। ਸੁਰੰਗ ਵਿਚ ਫਸੇ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਕੰਮ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਤੇ ਮਜ਼ਦੂਰ ਵਧਾਈ ਦੇ ਪਾਤਰ ਹਨ।
ਇਹ ਸੁਰੰਗ ਚਾਰ ਧਾਮ ਯੋਜਨਾ ਤਹਿਤ ਬਣਾਈ ਜਾ ਰਹੀ ਹੈ ਜਿਸ ਵਿਚ ਉੱਤਰਾਖੰਡ ਸਥਿਤ ਚਾਰ ਧਾਰਮਿਕ ਸਥਾਨਾਂ ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਤੇ ਬਦਰੀਨਾਥ ਨੂੰ ਆਪਸ ਵਿਚ ਹਰ ਮੌਸਮ ਵਿਚ ਚੱਲਣ ਵਾਲੀਆਂ ਸੜਕਾਂ ਰਾਹੀਂ ਜੋੜਿਆ ਜਾ ਰਿਹਾ ਹੈ। ਇਸ ਲਈ 900 ਕਿਲੋਮੀਟਰ ਲੰਮੀ ਦੋ ਲੇਨਾਂ ਵਾਲੀ ਸੜਕ ਬਣਾਈ ਜਾ ਰਹੀ ਹੈ ਜਿਸ ’ਤੇ 12000 ਕਰੋੜ ਰੁਪਏ ਖ਼ਰਚ ਆਉਣਗੇ। ਕੌਮੀ ਸ਼ਾਹਰਾਹ 134 ’ਤੇ ਬਣਾਈ 4.5 ਕਿਲੋਮੀਟਰ ਲੰਮੀ ਇਹ ਸੁਰੰਗ ਸਿਲਕਿਆਰਾ ਤੇ ਡੰਡਾਲਗਾਓਂ ਨੂੰ ਜੋੜੇਗੀ; ਇਸ ਦੇ ਮੁਕੰਮਲ ਹੋਣ ਨਾਲ ਸਫ਼ਰ ਕਰਨ ਦਾ ਸਮਾਂ ਇਕ ਘੰਟਾ ਘਟੇਗਾ। ਸੁਰੰਗ ਨੂੰ ਬਣਾਉਣ ਦਾ ਖਰਚਾ 1383.78 ਰੁਪਏ ਹੋਣ ਦਾ ਅਨੁਮਾਨ ਹੈ। 12 ਨਵੰਬਰ ਨੂੰ ਸੁਰੰਗ ਦਾ ਇਕ ਹਿੱਸਾ, ਜਿਹੜਾ ਸਿਲਕਿਆਰਾ ਵੱਲੋਂ 205 ਤੋਂ 206 ਮੀਟਰ ਦੂਰ ਸੀ, ਢਹਿ ਗਿਆ ਤੇ ਮਜ਼ਦੂਰ ਉਸ ਵਿਚ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਜ਼ਮੀਨ ਦੇ ਲੇਟਵੀਂ (horizontal) ਛੋਟੀ ਸੁਰੰਗ ਬਣਾਉਣ ਦੀ ਕੋਸ਼ਿਸ਼ ਆਰੰਭੀ ਗਈ। ਖੁਦਾਈ/ਡਰਿਲਿੰਗ ਕਰਨ ਵਾਲੀ ਅਮਰੀਕੀ ਆਊਗਰ (Auger) ਮਸ਼ੀਨ ਦੁਆਰਾ ਖੁਦਾਈ ਕੀਤੀ ਗਈ ਪਰ ਫਸੇ ਹੋਏ ਮਜ਼ਦੂਰਾਂ ਤਕ ਪਹੁੰਚਣ ਤੋਂ 10-12 ਮੀਟਰ ਪਹਿਲਾਂ ਇਹ ਮਸ਼ੀਨ ਰਸਤੇ ਵਿਚ ਲੋਹੇ ਦੇ ਟੋਟਿਆਂ ਨਾਲ ਟਕਰਾਉਣ ਕਾਰਨ ਟੁੱਟ ਗਈ ਤੇ ਕੰਮ ਬੰਦ ਹੋ ਗਿਆ। 10-12 ਮੀਟਰ ਦੀ ਖੁਦਾਈ ਕਰਨ ਲਈ ਉਹ ਮਜ਼ਦੂਰ ਲਿਆਉਣ ਦਾ ਸੁਝਾਅ ਦਿੱਤਾ ਗਿਆ ਜਿਨ੍ਹਾਂ ਨੂੰ ਮੇਘਾਲਿਆ ਵਿਚ ਹੱਥਾਂ ਨਾਲ ਕੋਲੇ ਕੱਢਣ ਦਾ ਤਜਰਬਾ ਹੋਵੇ। ਮੇਘਾਲਿਆ ਵਿਚ ਹੱਥਾਂ ਤੇ ਔਜ਼ਾਰਾਂ ਨਾਲ ਛੋਟੇ ਛੋਟੇ ਰਸਤੇ/ਮੋਰੀਆਂ ਬਣਾ ਕੇ ਕੋਲਾ ਕੱਢਿਆ ਜਾਂਦਾ ਰਿਹਾ ਹੈ ਜਿਸ ਨੂੰ ‘ਰੈਟ ਹੋਲ ਮਾਈਨਿੰਗ (Rat hole mining- ਚੂਹਿਆਂ ਦੀਆਂ ਖੁੱਡਾਂ ਵਰਗੀ ਖੁਦਾਈ)’ ਕਿਹਾ ਜਾਂਦਾ ਹੈ। ਇਹ ਕੰਮ ਕਾਫ਼ੀ ਜੋਖ਼ਮ ਭਰਿਆ ਹੈ। ਮੇਘਾਲਿਆ ਵਿਚ ਅਜਿਹੀ ਖੁਦਾਈ ਕਰਦਿਆਂ ਕਈ ਹਾਦਸੇ ਹੋਏ ਹਨ ਜਿਨ੍ਹਾਂ ਵਿਚ ਦਰਜਨਾਂ ਮਜ਼ਦੂਰਾਂ ਦੀਆਂ ਜਾਨਾਂ ਗਈਆਂ ਹਨ। 2014 ਵਿਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਅਜਿਹੀ ਖੁਦਾਈ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ। 12 ਮੈਂਬਰਾਂ ਦੀ ਹੱਥਾਂ ਨਾਲ ਖੁਦਾਈ ਕਰਨ ਵਾਲੀ ਟੀਮ ਨੇ 24 ਘੰਟੇ ਤੋਂ ਜ਼ਿਆਦਾ ਲਗਾਤਾਰ ਕੰਮ ਕਰਕੇ 10-12 ਮੀਟਰ ਦੀ ਖੁਦਾਈ ਮੁਕੰਮਲ ਕਰ ਲਈ। ਟੀਮ ਵਿਚ ਮੁੰਨਾ ਕੁਰੈਸ਼ੀ, ਮੋਨੂ ਕੁਮਾਰ, ਵਕੀਲ ਖਾਨ, ਫਿਰੋਜ਼, ਪਰਸਾਦੀ ਲੋਧੀ, ਵਿਪਨ ਤੇ ਹੋਰਨਾਂ ਨੇ ਆਪਣਾ ਕਮਾਲ ਦਿਖਾਇਆ। ਮਜ਼ਦੂਰਾਂ ਤੱਕ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਮੁੰਨਾ ਕੁਰੈਸ਼ੀ ਦਿੱਲੀ ਦੀ ਸੀਵਰ ਸਾਫ਼ ਕਰਨ ਵਾਲੀ ਕੰਪਨੀ ਵਿਚ ਕੰਮ ਕਰਦਾ ਹੈ। ਐੱਨਡੀਐਮਏ ਦੇ ਮੈਂਬਰ ਲੈਫਟੀਨੈਂਟ ਜਨਰਲ ਅਤਾ ਹਸਨੈਨ ਨੇ ਇਨ੍ਹਾਂ ਖੁਦਾਈਕਾਰਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ, ‘‘ਜਿੱਥੇ ਮਸ਼ੀਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਉੱਥੇ ਮਨੁੱਖ ਦੇ ਹੱਥ ਕੰਮ ਆਏ।’’
ਸੁਪਰੀਮ ਕੋਰਟ ਨੇ ਚਾਰ ਧਾਮ ਯੋਜਨਾ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ ਜਿਸ ਦੇ ਮੁਖੀ ਰਵੀ ਚੋਪੜਾ ਨੇ ਸੁਪਰੀਮ ਕੋਰਟ ਦੇ 14 ਦਸੰਬਰ 2021 ਦੇ ਉਸ ਫ਼ੈਸਲੇ ਦਾ ਵਿਰੋਧ ਕਰਦਿਆਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਤਹਿਤ ਸਰਬਉੱਚ ਅਦਾਲਤ ਨੇ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਚੌੜਾਈ 10 ਮੀਟਰ ਤਕ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਰਵੀ ਚੋਪੜਾ ਨੇ ਇਸ ਨੂੰ ‘ਹਿਮਾਲਿਆ ’ਤੇ ਹਮਲਾ’ ਦੱਸਿਆ ਸੀ। ਸੁਪਰੀਮ ਕੋਰਟ ਨੇ ਇਹ ਇਜਾਜ਼ਤ ਕੇਂਦਰ ਸਰਕਾਰ ਦੀ ਦੇਸ਼ ਦੀ ਸੁਰੱਖਿਆ ਲਈ ਸਰਹੱਦੀ ਸੜਕਾਂ ਮਜ਼ਬੂਤ ਕਰਨ ਤਹਿਤ ਦਿੱਤੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਹਿਮਾਲਿਆ ਦੀਆਂ ਪਹਾੜੀਆਂ ਕੱਚੀਆਂ ਹਨ ਅਤੇ ਉਨ੍ਹਾਂ ਵਿਚ ਸੁਰੰਗਾਂ ਬਣਾਉਂਦੇ ਸਮੇਂ ਬਹੁਤ ਧਿਆਨ ਰੱਖਣ ਦੀ ਲੋੜ ਹੈ।

Advertisement

Advertisement