ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਤੂ ਜਰਨੈਲ

10:35 PM Jun 23, 2023 IST

ਜਗਦੀਸ਼ ਕੌਰ ਮਾਨ

Advertisement

ਮੇਰੇ ਪਿਤਾ ਜੀ ਅੰਮ੍ਰਿਤਧਾਰੀ ਗੁਰਸਿੱਖ ਸਨ। ਉਨ੍ਹਾਂ ਦਾ ਉਹ ਦੋਸਤ ਜਿਨ੍ਹਾਂ ਦੀ ਮੈਂ ਗੱਲ ਦੱਸਣ ਲੱਗੀ ਹਾਂ, ਪੀਣ ਖਾਣ ਵਾਲੇ ਮੌਜੀ ਬੰਦੇ ਸਨ। ਫਿਰ ਵੀ ਦੋਹਾਂ ਦੀ ਦੋਸਤੀ ਇੰਨੀ ਸੋਹਣੀ ਤਰ੍ਹਾਂ ਨਿਭੀ ਜਾਂਦੀ ਸੀ। ਉਨ੍ਹਾਂ ਦੇ ਬੱਚਿਆਂ ਦਾ ਪਿਤਾ ਜੀ ਨੂੰ ‘ਤਾਇਆ ਜੀ ਤਾਇਆ ਜੀ’ ਕਰਦਿਆਂ ਦਾ ਮੂੰਹ ਸੁੱਕਦਾ ਸੀ ਅਤੇ ਪਿਤਾ ਜੀ ਦੇ ਉਹ ਜਿਗਰੀ ਦੋਸਤ ਸਾਡੇ ਬਹੁਤ ਪਿਆਰੇ ਚਾਚਾ ਜੀ ਸਨ। ਦੋਹਾਂ ਘਰਾਂ ਦਾ ਵਰਤ-ਵਰਤਾਰਾ ਆਹਲਾ ਦਰਜੇ ਦਾ ਸੀ; ਕਦੇ ਵੀ ਕੋਈ ਵਾਧ ਘਾਟ ਵਾਲੀ ਗੱਲ ਨਹੀਂ ਸੀ ਹੋਈ। ਸਾਡਾ ਇਕ ਦੂਜੇ ਦੇ ਘਰ ਦਿਨ ਰਾਤ ਦਾ ਆਉਣ ਜਾਣ ਸੀ। ਉਨ੍ਹਾਂ ਦੇ ਘਰ ਕੋਈ ਦੁੱਖ ਸੁੱਖ ਹੁੰਦਾ ਤਾਂ ਮੇਰੇ ਮਾਂ ਬਾਪ ਪੈਰ ਜੁੱਤੀ ਨਾ ਪਾਉਂਦੇ, ਇਵੇਂ ਹੀ ਸਾਡੇ ਘਰੋਂ ਕੋਈ ਖੁਸ਼ੀ ਗਮੀ ਦਾ ਸੁਨੇਹਾ ਮਿਲਣ ‘ਤੇ ਉਹ ਵੀ ਦੋਵੇਂ ਜੀਅ ਪਹੁੰਚਣ ਲੱਗੇ ਮਿੰਟ ਨਾ ਲਾਉਂਦੇ। ਦੋਹਾਂ ਪਰਿਵਾਰਾਂ ਵਿਚਕਾਰ ਨਿੱਘੀ ਅਤੇ ਮਿੱਠੀ ਜਿਹੀ ਦੋਸਤਾਨਾ ਸਾਂਝ ਸੀ। ਆਰਥਿਕ ਔਖ ਵੇਲੇ ਵੀ ਸਾਡੀ ਤਾਂ ‘ਮੁੱਲ੍ਹਾ ਦੀ ਦੌੜ ਮਸੀਤ ਤੱਕ’ ਵਾਲੀ ਗੱਲ ਹੀ ਸੀ।

ਇਕ ਦਿਨ ਸ਼ਹਿਰ ਆਏ ਚਾਚਾ ਜੀ ਪਿਤਾ ਜੀ ਨੂੰ ਬਾਜ਼ਾਰ ਵਿਚ ਮਿਲ ਗਏ। ਦੁਪਹਿਰ ਦਾ ਸਮਾਂ ਸੀ। ਸੂਰਜ ਦੀ ਭੱਠ ਵਾਂਗ ਤਪਦੀ ਟਿੱਕੀ ਨੇ ਸਾਰੇ ਜੀਵ ਜੰਤੂਆਂ ਨੂੰ ਬੌਂਦਲਾਇਆ ਪਿਆ ਸੀ। ਗਰਮੀ ਤੇ ਲੂਅ ਨਾਲ ਕਾਂ ਅੱਖ ਨਿਕਲ ਰਹੀ ਸੀ। ਦੋਵੇਂ ਦੋਸਤ ਇਕ ਹੋਟਲ ‘ਤੇ ਲੱਸੀ ਪੀਣ ਬੈਠ ਗਏ। ਠੰਢੀ ਲੱਸੀ ਨੇ ਤਪਦੇ ਜੁੱਸੇ ਠਾਰ ਦਿੱਤੇ ਸਨ ਤੇ ਹੁਣ ਉਹ ਕਾਫੀ ਰਾਹਤ ਮਹਿਸੂਸ ਕਰ ਰਹੇ ਸਨ। ਲੱਸੀ ਵਾਲੇ ਖਾਲੀ ਗਿਲਾਸ ਉਨ੍ਹਾਂ ਮੇਜ਼ ‘ਤੇ ਰੱਖ ਦਿੱਤੇ। ਪੈਸੇ ਦੇਣ ਲਈ ਜੇਬ ਵਿਚੋਂ ਬਟੂਆ ਕੱਢਣ ਲੱਗੇ ਪਿਤਾ ਜੀ ਨੂੰ ਚਾਚਾ ਜੀ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਆਪਣੇ ਬਟੂਏ ਵਿਚੋਂ ਦਸਾਂ ਦਾ ਨੋਟ ਕੱਢ ਕੇ ਦੁਕਾਨਦਾਰ ਵੱਲ ਵਧਾਇਆ। ਉਨ੍ਹੀਂ ਦਿਨੀਂ ਲੱਸੀ ਦਾ ਵੱਡਾ ਗਿਲਾਸ ਢਾਈ ਰੁਪਏ ਦਾ ਆਉਂਦਾ ਸੀ। ਜਦੋਂ ਹੋਟਲ ਵਾਲਾ ਦਸਾਂ ਦੇ ਨੋਟ ਵਿਚੋਂ ਪੰਜ ਰੁਪਏ ਕੱਟ ਕੇ ਬਾਕੀ ਬਚਦੇ ਪੰਜ ਰੁਪਏ ਚਾਚਾ ਜੀ ਨੂੰ ਮੋੜਨ ਲੱਗਾ ਤਾਂ ਰੱਬ ਜਾਣੇ ਚਾਚਾ ਜੀ ਨੂੰ ਕੋਈ ਭੁਲੇਖਾ ਲੱਗ ਗਿਆ ਜਾਂ ਮਨ ਵਿਚ ਕੋਈ ਖੋਟ ਆ ਗਈ, ਉਹ ਦੁਕਾਨਦਾਰ ਨੂੰ ਕਹਿਣ ਲੱਗੇ, “ਮੈਂ ਤਾਂ ਤੈਨੂੰ ਸੌ ਦਾ ਨੋਟ ਫੜਾਇਆ ਏ, ਮੈਨੂੰ ਤੂੰ ਨੱਬੇ ਰੁਪਏ ਹੋਰ ਮੋੜਨੇ ਹਨ।”

Advertisement

“ਨਹੀਂ ਜੀ, ਤੁਸੀਂ ਮੈਨੂੰ ਦਸਾਂ ਦਾ ਨੋਟ ਫੜਾਇਐ।” ਹੋਟਲ ਵਾਲੇ ਨੇ ਨਿਮਰਤਾ ਨਾਲ ਕਿਹਾ ਪਰ ਚਾਚਾ ਜੀ ਆਪਣੀ ਸੌ ਦੇ ਨੋਟ ਵਾਲੀ ਗੱਲ ‘ਤੇ ਅੜੇ ਰਹੇ। ਦੋਹਾਂ ਵਿਚਕਾਰ ਖੂਬ ਝੜਪ ਹੋਈ ਤੇ ਤਕਰਾਰ ਵਧ ਗਿਆ। ਤਮਾਸ਼ਬੀਨਾਂ ਦੀ ਭੀੜ ਇਕੱਠੀ ਹੋ ਗਈ। ਸ਼ਹਿਰਦਾਰੀ ਦਾ ਮਾਮਲਾ ਸੀ, ਬਾਜ਼ਾਰ ਦਾ ਏਕਾ ਦਿਖਾਉਦੇ ਹੋਏ ਬਹੁਤੇ ਦੁਕਾਨਦਾਰ ਹੋਟਲ ਵਾਲੇ ਦੇ ਪੱਖ ਵਿਚ ਬੋਲ ਰਹੇ ਸਨ। ਐਵੇਂ ਚਾਰ ਪੰਜ ਬੰਦੇ ਚਾਚਾ ਜੀ ਦਾ ਪੱਖ ਪੂਰ ਰਹੇ ਸਨ। ਵਾਹਵਾ ਰੌਲਾ ਪੈ ਗਿਆ ਸੀ।

ਸ਼ਹਿਰ ਵਿਚ ਤਾਂ ਮਾੜਾ ਜਿਹਾ ਫੋਨ ਘੁਮਾਉ, ਝੱਟ ਪੁਲੀਸ ਪਹੁੰਚ ਜਾਂਦੀ ਹੈ ਪਰ ਮਹਾਜਨ ਨੇ ਇਕ ਹੋਰ ਨਾਜ਼ੁਕ ਪੈਂਤੜਾ ਵਰਤਿਆ। ਉਹ ਪਿਤਾ ਜੀ ਨੂੰ ਸੰਬੋਧਿਤ ਹੋ ਕੇ ਬੋਲਿਆ, “ਸਰਦਾਰ ਜੀ! ਤੁਸੀਂ ਧਾਰਮਿਕ ਬਿਰਤੀ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਹੋ, ਤੁਸੀਂ ਆਪਣੇ ਗਾਤਰੇ ‘ਤੇ ਹੱਥ ਰੱਖ ਕੇ ਇਕ ਵਾਰ ਸਹੁੰ ਖਾ ਲਵੋ ਕਿ ਇਸ ਬੰਦੇ ਨੇ ਮੈਨੂੰ ਸੌ ਦਾ ਨੋਟ ਫੜਾਇਆ, ਮੈਂ ਇਸ ਨੂੰ ਹੁਣੇ ਨੱਬੇ ਰੁਪਏ ਹੋਰ ਮੋੜ ਦੇਵਾਂਗਾ।”

ਪਿਤਾ ਜੀ ਧਰਮ ਸੰਕਟ ਵਿਚ ਪੈ ਗਏ। ਜੇ ਉਹ ਗਾਤਰੇ ‘ਤੇ ਹੱਥ ਧਰ ਕੇ ‘ਹਾਂ’ ਕਹਿੰਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਵੱਲੋਂ ਬਖਸਿ਼ਸ਼ ਕੀਤੇ ਅੰਮ੍ਰਿਤ ਪਾਨ ਦੀ ਮਰਿਆਦਾ ਦਾ ਸਵਾਲ ਸੀ। ਇਸ ਦਾਤ ਨੂੰ ਉਹ ਗੁਰੂ ਜੀ ਦੀ ਅਨੂਠੀ ਬਖਸਿ਼ਸ਼ ਸਮਝਦੇ ਸਨ ਤੇ ਕਿਸੇ ਵੀ ਕੀਮਤ ‘ਤੇ ਉਨ੍ਹਾਂ ਗਾਤਰੇ ‘ਤੇ ਹੱਥ ਰੱਖਣ ਲਈ ਤਿਆਰ ਨਹੀਂ ਸੀ ਹੋਣਾ। ਦੂਜੇ ਪਾਸੇ ਸੋਨੇ ਦੇ ਕੰਗਣ ਵਰਗੇ ਅਣਮੁੱਲੇ ਯਾਰ ਦੀ ਯਾਰੀ ਟੁੱਟ ਰਹੀ ਸੀ। ਉਨ੍ਹਾਂ ਵਾਸਤੇ ਹਾਲਤ ਕਸੂਤੀ ਬਣੀ ਹੋਈ ਸੀ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਨ, ਕੀ ਨਾ ਕਰਨ।

ਕੁਝ ਚਿਰ ਦਿਮਾਗੀ ਉਲਝਣ ਵਿਚ ਰਹਿ ਕੇ ਪਿਤਾ ਜੀ ਬੋਲੇ, “ਮੇਰੇ ਸਾਹਮਣੇ ਤਾਂ ਭਾਈ ਸਾਹਿਬ ਨੇ ਤੁਹਾਨੂੰ ਦਸਾਂ ਦਾ ਨੋਟ ਹੀ ਫੜਾਇਆ ਹੈ, ਜੇ ਤੁਹਾਡਾ ਕੋਈ ਅਗਲਾ ਪਿਛਲਾ ਹਿਸਾਬ ਕਿਤਾਬ ਰਹਿੰਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ।” ਹੋਟਲ ਵਾਲੇ ਨੂੰ ਚਾਚਾ ਜੀ ਦੀ ਲਾਹ ਪਾਹ ਕਰਨ ਵਾਸਤੇ ਹੋਰ ਭਲਾ ਕੀ ਚਾਹੀਦਾ ਸੀ! ਉਹ ਚਾਚਾ ਜੀ ਨੂੰ ਰੱਜ ਕੇ ਬੁਰਾ ਭਲਾ ਬੋਲਿਆ। ਚਾਚਾ ਜੀ ਨਜ਼ਰਾਂ ਹੀ ਨਜ਼ਰਾਂ ਵਿਚ ਪਿਤਾ ਜੀ ‘ਤੇ ਖਾਮੋਸ਼ ਨਾਰਾਜ਼ਗੀ ਪ੍ਰਗਟ ਕਰ ਰਹੇ ਸਨ ਜਿਵੇਂ ਸਵਾਲ ਕਰ ਰਹੇ ਹੋਣ ਕਿ ਇਹ ਤੂੰ ਕੀ ਕੀਤਾ? ਬੱਸ ਇੰਨਾ ਕੁ ਹੀ ਪਿਆਰ ਸੀ ਮੇਰੇ ਨਾਲ ਕਿ ਅੱਜ ਔਖ ਸਮੇਂ ਮੇਰੇ ਨਾਲ ਨਹੀਂ ਖੜ੍ਹ ਸਕਿਆ? ਵਰ੍ਹਿਆਂ ਦੀ ਨਿੱਘੀ ਦੋਸਤੀ ਪਲਾਂ ਵਿਚ ਹੀ ਤੜੱਕ ਕਰ ਕੇ ਟੁੱਟ ਗਈ ਸੀ। ਉਸ ਘਟਨਾ ਤੋਂ ਬਾਅਦ ਉਹ ਕਦੇ ਵੀ ਸਾਡੇ ਘਰ ਨਹੀਂ ਆਏ ਤੇ ਨਾ ਹੀ ਅਸੀਂ ਕਦੇ ਉਨ੍ਹਾਂ ਦੇ ਘਰ ਗਏ ਹਾਂ।

ਕਦੇ ਕਦੇ ਇਹ ਪੁਰਾਣੀ ਘਟਨਾ ਚੇਤਿਆਂ ਵਿਚ ਆ ਖੜ੍ਹਦੀ ਹੈ ਅਤੇ ਸੋਚਦੀ ਹੀ ਰਹਿ ਜਾਂਦੀ ਹਾਂ ਕਿ ਪਿਤਾ ਜੀ ਨੇ ਸੱਚ/ਧਰਮ (ਫਰਜ਼) ਦੀ ਲਾਜ ਰੱਖਣ ਖਾਤਰ ਦੋਸਤੀ ਤੋੜ ਕੇ ਚੰਗਾ ਕੰਮ ਕੀਤਾ ਕਿ ਮਾੜਾ? ਸੋਚਦੀ ਸੋਚਦੀ ਇਸ ਨਤੀਜੇ ‘ਤੇ ਪਹੁੰਚਦੀ ਹਾਂ ਕਿ ਉਨ੍ਹਾਂ ਨੇ ਚੰਗਾ ਹੀ ਕੀਤਾ ਸੀ। ਉਹ ਗਰੀਬ ਜ਼ਰੂਰ ਸਨ ਪਰ ਹੱਕ ਸੱਚ ‘ਤੇ ਡਟ ਕੇ ਪਹਿਰਾ ਦੇਣ ਵਾਲੇ ਸਨ। ਅੱਜ ਆਪਣੇ ਆਪ ਨੂੰ ਧਰਮ ਦੇ ਸਰਬਰਾਹ ਕਹਾਉਣ ਵਾਲਿਆਂ ਵੱਲੋਂ ਧਰਮ ਦੇ ਨਾਂ ‘ਤੇ ਬੋਲੇ ਜਾਂਦੇ ਝੂਠ ਫਰੇਬ, ਬੇਅਦਬੀਆਂ, ਲੁੱਟਾਂ ਖਸੁੱਟਾਂ, ਧੋਖੇ ਤੇ ਦਲ ਬਦਲੀਆਂ ਦੇਖ ਕੇ ਮਨ ਦੁਖੀ ਹੁੰਦਾ ਹੈ ਤੇ ਆਪਣੇ ਪਿਤਾ ਜੀ ਵਾਸਤੇ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ।
ਸੰਪਰਕ: 78146-98117

Advertisement