ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈ ਥਾਣੇ ਅੱਗੇ ਧਰਨਾ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 18 ਜੁਲਾਈ
ਇੱਥੋਂ ਲਾਗਲੇ ਪਿੰਡ ਬੌੜ੍ਹਾਈ ਕਲਾਂ ਦੇ ਮਜ਼ਦੂਰ ਗੁਰਮੀਤ ਸਿੰਘ ਦੇ ਆਪਣੇ ਸਹੁਰੇ ਪਿੰਡ ਦਲੀਜ ਕਲਾਂ ਤੋਂ ਲਾਪਤਾ ਹੋ ਜਾਣ ਤੋਂ ਵੀਹ ਦਨਿ ਬਾਅਦ ਅੱਜ ਉਸ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਇੱਥੋਂ ਦੇ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਪ੍ਰਦਰਸ਼ਨਾਰੀ ਮੰਗ ਕਰ ਰਹੇ ਸਨ ਕਿ ਲਾਪਤਾ ਹੋਏ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਜਿਹੜੇ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਗੁਰਮੀਤ ਸਿੰਘ ਨੂੰ ਆਜ਼ਾਦ ਕਰਵਾਇਆ ਜਾਵੇ।
ਥਾਣਾ ਮੁਖੀ ਸਦਰ ਇੰਦਰ ਜੀਤ ਸਿੰਘ ਅਤੇ ਥਾਣਾ ਸਿਟੀ ਦੇ ਐੱਸਐੱਚਓ ਅਜੀਤ ਸਿੰਘ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਤਿੱਖੀ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ। ਉਂਜ ਵੀ ਥਾਣਾ ਸਿਟੀ ਨਾਲ ਇਸ ਕੇਸ ਦਾ ਕੋਈ ਸਬੰਧ ਨਹੀਂ ਸੀ।
ਜਾਣਕਾਰੀ ਅਨੁਸਾਰ ਗੁਰਮੀਤ ਸਿੰਘ 29 ਜੂਨ ਨੂੰ ਆਪਣੇ ਪਿੰਡ ਬੌੜ੍ਹਾਈ ਤੋਂ ਸਹੁਰੇ ਪਿੰਡ ਦਲੀਜ ਕਲਾਂ ਗਿਆ ਸੀ ਪਰ ਵਾਪਸ ਨਹੀਂ ਆਇਆ। ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ ਇਸ ਲਈ ਗੁਰਮੀਤ ਸਿੰਘ ਦੇ ਪਿਤਾ ਜਗਨ ਸਿੰਘ ਨੇ ਉਸ ਦਾ ਪਤਾ ਕਰਨ ਲਈ ਆਪਣੇ ਸਾਥੀਆਂ ਸਣੇ ਦਲੀਜ ਪਰਿਵਾਰ ਕੋਲ ਪਹੁੰਚ ਕੀਤੀ ਪਰ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਬਾਅਦ ਵਿੱਚ ਗੁਰਮੀਤ ਸਿੰਘ ਦਾ ਮੋਟਰਸਾਈਕਲ, ਮੋਬਾਈਲ ਫੋਨ ਅਤੇ ਪਰਸ ਦਲੀਜ਼ ਕਲਾਂ ਕੋਲੋਂ ਲੰਘਦੀ ਸਰਹਿੰਦ ਨਹਿਰ ਦੀ ਬਠਿੰਡਾ ਸ਼ਾਖਾ ਦੇ ਕੰਢੇ ਕੋਲੋਂ ਮਿਲ ਗਿਆ ਸੀ।
ਆਪਣੇ ਪੁੱਤਰ ਦਾ ਕੋਈ ਪਤਾ ਨਾ ਲਗਦਾ ਦੇਖ ਜਗਨ ਸਿੰਘ ਨੇ ਸਦਰ ਪੁਲੀਸ ਕੋਲੋਂ ਦਲੀਜ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਦੇ ਬਿਆਨਾਂ ’ਤੇ ਤਿੰਨ ਜੁਲਾਈ ਨੂੰ ਗੁਰਮੀਤ ਸਿੰਘ ਨੂੰ ਜ਼ਬਰਦਸਤੀ ਰੋਕ ਕੇ ਰੱਖਣ ਦੇ ਦੋਸ਼ ਵਿੱਚ ਉਸ ਦੀ ਪਤਨੀ ਸੁਰਜੀਤ ਕੌਰ ਜੱਸੀ, ਸਹੁਰੇ ਜੀਤ ਸਿੰਘ ਅਤੇ ਸਾਲਿਆਂ ਭਿੰਦਰ ਸਿੰਘ ਤੇ ਕਿੰਦੀ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ।
ਜਗਨ ਸਿੰਘ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਗੋਂਗਲੂਆਂ ਤੋਂ ਮਿੱਟੀ ਝਾੜਣ ਵਾਂਗ ਰਸਮੀ ਕੇਸ ਦਰਜ ਕਰ ਦਿੱਤਾ ਹੈ ਪਰ ਮੁਲਜ਼ਮਾਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।