ਉਪ-ਚੇਅਰਮੈਨ ਵੱਲੋਂ ਪ੍ਰਸ਼ਾਸਨ ਨੂੰ ਜਾਂਚ ’ਚ ਤੇਜ਼ੀ ਲਿਆਉਣ ਦੇ ਹੁਕਮ
ਐਨਪੀ ਧਵਨ
ਪਠਾਨਕੋਟ, 26 ਅਕਤੂਬਰ
ਪਠਾਨਕੋਟ ਦੇ ਮਾਮੂਨ ਖੇਤਰ ਵਿੱਚ 2 ਦੁਧਾਰੂ ਗਊਆਂ ਦੀਆਂ ਲੱਤਾਂ ਵੱਢਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦਾ ਜਾਇਜ਼ਾ ਲੈਣ ਲਈ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ-ਚੇਅਰਮੈਨ ਮੁਨੀਸ਼ ਅਗਰਵਾਲ ਪਠਾਨਕੋਟ ਪੁੱਜੇ। ਉਨ੍ਹਾਂ ਡੀਸੀ ਆਦਿੱਤਿਆ ਉਪਲ ਅਤੇ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨਾਲ ਅਗਾਮੀ ਜਾਂਚ ਬਾਰੇ ਪੁੱਛਿਆ। ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਪਠਾਨਕੋਟ ਦੇ ਮਾਮੂਨ ਖੇਤਰ ਵਿੱਚ 2 ਗਊਆਂ ਦੀਆਂ ਲੱਤਾਂ ਵੱਢ ਕੇ ਕੋਈ ਅਣਪਛਾਤਾ ਵਿਅਕਤੀ ਸੁੱਟ ਗਿਆ ਅਤੇ ਇਸ ਮਾਮਲੇ ਦਾ ਪਤਾ ਲੱਗਦੇ ਸਾਰ ਹੀ ਹਿੰਦੂ ਸੰਗਠਨ ਨੇ ਪ੍ਰਸ਼ਾਸਨ ਵੱਲੋਂ ਠੋਸ ਕਾਰਵਾਈ ਨਾ ਕਰਨ ਖ਼ਿਲਾਫ਼ ਧਰਨਾ ਦਿੱਤਾ। ਮਗਰੋਂ ਪੁਲੀਸ ਨੇ ਕਾਰਵਾਈ ਕਰਕੇ 2 ਸ਼ੱਕੀ ਮੁਲਜ਼ਮਾਂ ਨੂੰ ਫੜ ਲਿਆ। ਹਿੰਦੂ ਸੰਗਠਨ ਦੇ ਲੋਕਾਂ ਨੇ ਇਸ ਮੌਕੇ ਉਪ-ਚੇਅਰਮੈਨ ਨੂੰ ਮੰਗ ਪੱਤਰ ਵੀ ਸੌਂਪਿਆ।
ਉਪ-ਚੇਅਰਮੈਨ ਮੁਨੀਸ਼ ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਗੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਹਾਲਾਂਕਿ ਪੁਲੀਸ ਨੇ ਦੋਹਾਂ ਮੁਲਜ਼ਮਾਂ ਤੇ ਪਹਿਲਾਂ ਚੋਰੀ ਦਾ ਕੇਸ ਦਰਜ ਕੀਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਫੜੇ ਗਏ ਦੋਹਾਂ ਮੁਲਜ਼ਮਾਂ ’ਤੇ ਹੁਣ ਸਖ਼ਤ ਤੋਂ ਸਖਤ ਧਾਰਾਵਾਂ ਲਗਾਈਆਂ ਗਈਆਂ ਹਨ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਇਲਾਵਾ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਇਸ ਮੌਕੇ ਡੀਸੀ ਆਦਿੱਤਿਆ ਉਪਲ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਇੱਕ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਸੜਕ ਕਿਨਾਰੇ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜਿਹੀ ਕੋਈ ਘਟਨਾ ਸਾਹਮਣੇ ਨਾ ਆ ਸਕੇ।