For the best experience, open
https://m.punjabitribuneonline.com
on your mobile browser.
Advertisement

ਪੰਜਾਬੀ ’ਵਰਸਿਟੀ ਦੇ ਵੀਸੀ ਨੇ ਮੁੱਖ ਮੰਤਰੀ ਨਾਲ ਕਈ ਮੁੱਦੇ ਵਿਚਾਰੇ

06:55 AM Aug 04, 2023 IST
ਪੰਜਾਬੀ ’ਵਰਸਿਟੀ ਦੇ ਵੀਸੀ ਨੇ ਮੁੱਖ ਮੰਤਰੀ ਨਾਲ ਕਈ ਮੁੱਦੇ ਵਿਚਾਰੇ
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰ ਕੇ ਯੂਨੀਵਰਸਿਟੀ ਨਾਲ਼ ਸਬੰਧਤ ਵੱਖ ਵੱਖ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੀਆਂ ਹਾਲੀਆ ਪ੍ਰਾਪਤੀਆਂ ਅਤੇ ਅਨੁਸ਼ਾਸਨਹੀਣਤਾ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਉਠਾਏ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਤਸੱਲੀ ਪ੍ਰਗਟਾਈ ਗਈ ਹੈ।
ਇਸ ਮੌਕੇ ਵਾਈਸ ਚਾਂਲਸਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅੰਡਰ ਗਰੈਜੂਏਟ ਕੋਰਸਾਂ ਦੇ ਦਾਖਲਿਆਂ ਵਿੱਚ ਪੰਦਰਾਂ ਫ਼ੀਸਦੀ ਵਾਧਾ ਹੋਇਆ ਹੈ, ਉਥੇ ਹੀ ਵਿਦੇਸ਼ ਜਾਣ ਦੇ ਚਲੰਤ ਰੁਝਾਨ ਦੇ ਉਲਟ ਪੰਜਾਬੀ ਯੂਨੀਵਰਸਿਟੀ ਵਿੱਚ ਇੰਜਨੀਅਰਿੰਗ ਦੇ ਕੋਰਸਾਂ ਦੇ ਦਾਖਲੇ ਵਿੱਚ ਵੀ ਕਈ ਸਾਲਾਂ ਬਾਅਦ ਵਾਧਾ ਹੋਇਆ ਹੈ। ਨੌਕਰੀਆਂ ਕਰਦਿਆਂ, ਵਿਦੇਸ਼ਾਂ ਦੇ ਪੱਕੇ ਵਾਸੀ (ਪੀ.ਆਰ.) ਬਣੇ ਮੁਲਾਜ਼ਮਾਂ/ਅਧਿਆਪਕਾਂ ਖਿਲਾਫ਼ ਕਾਰਵਾਈ ਸਮੇਤ ਅਨੁਸ਼ਾਸਣਹੀਣਤਾ ਖ਼ਿਲਾਫ਼ ਕੀਤੀਆਂ ਕਾਰਵਾਈਆਂ ਵੀ ਦੱਸੀਆਂ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਖਿਲਾਫ਼ ਛੇੜੀ ਮੁਹਿੰਮ ਤਹਿਤ ਤਕਰੀਬਨ 14 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਬੇਪਰਦ ਕਰ ਕੇ ਕਾਰਵਾਈ ਕੀਤੀ ਗਈ ਹੈ ਅਤੇ ਹੁਣ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਅਗਲੇਰੀ ਜਾਂਚ ਜਾਰੀ ਹੈ। ਯੂਨੀਵਰਸਿਟੀ ਵੱਲੋਂ ਵੱਖਰੀ ਭਾਂਤ ਦੇ ਪੰਜ ਸਾਲਾ ਏਕੀਕ੍ਰਿਤ ਛੇ ਕੋਰਸਾਂ ਦੀ 2021 ਤੋਂ ਕੀਤੀ ਗਈ ਸ਼ੁਰੂਆਤ ਬਾਰੇ ਵੀ ਜਾਣੂ ਕਰਵਾਇਆ ਗਿਆ। ਯੂਨੀਵਰਸਿਟੀ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਹਾਲੀਆ ਸਮੇਂ ਦੌਰਾਨ ਦੇਸ ਭਰ ਵਿੱਚੋਂ ਦੂਜੇ ਨੰਬਰ ਉੱਤੇ ਆਉਣ ਬਾਰੇ ਵੀ ਜਾਣੂ ਕਰਵਾਇਆ।
ਬੁਲਾਰੇ ਦਾ ਇਹ ਵੀ ਕਹਿਣਾ ਸੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਸਰਕਾਰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਤੀਹ ਕਰੋੜ ਰੁਪਏ ਪ੍ਰਤੀ ਮਹੀਨਾ ਗਰਾਂਟ ਦੇਣ ਨਾਲ ਤਨਖ਼ਾਹਾਂ ਦਾ ਬਕਾਇਆ ਕਾਬੂ ਵਿੱਚ ਆਇਆ ਹੈ। ਇਸ ਮੁਲਾਕਾਤ ਦੌਰਾਨ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਯੂਨੀਵਰਸਿਟੀ ਦੀਆਂ ਕਿਤਾਬਾਂ ਦਾ ਸੈੱਟ ਵੀ ਭੇਟ ਕੀਤਾ।

Advertisement

Advertisement
Author Image

Advertisement
Advertisement
×