ਵੀਸੀ ਵੱਲੋਂ ਵਿਦਿਆਰਥੀ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਵਿ
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀਯੂਐੱਸਯੂ) ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਵਾਈਸ ਰੀਗਲ ਲਾਜ ਦੇ ਕੌਂਸਲ ਹਾਲ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰੋ. ਯੋਗੇਸ਼ ਸਿੰਘ ਨੇ ਡੀਯੂਐੱਸਯੂ ਦੇ ਨਵੇਂ ਚੁਣੇ ਅਹੁਦੇਦਾਰ ਪ੍ਰਧਾਨ ਤੁਸ਼ਾਰ ਡੇਢਾ, ਸਕੱਤਰ ਅਪਰਾਜਿਤਾ ਅਤੇ ਸੰਯੁਕਤ ਸਕੱਤਰ ਸਚਨਿ ਬੈਸਲਾ ਨੂੰ ਸਨਮਾਨਿਤ ਕੀਤਾ। ਡੀਯੂਐੱਸਯੂ ਦੇ ਨਵ-ਨਿਯੁਕਤ ਮੀਤ ਪ੍ਰਧਾਨ ਅਭੀ ਦਹੀਆ ਸਿਹਤ ਕਾਰਨਾਂ ਕਰ ਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਵਾਈਸ ਚਾਂਸਲਰ ਨੇ ਨਵੇਂ ਚੁਣੇ ਗਏ ਆਗੂਆਂ ਨੂੰ ਵਿਦਿਆਰਥੀਆਂ ਦੀ ਬਿਹਤਰੀ ਅਤੇ ਯੂਨੀਵਰਸਿਟੀ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਤਿੰਨੋਂ ਅਹੁਦੇਦਾਰਾਂ ਨੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੀਸੀ ਤੇ ਵਿਦਿਆਰਥੀਆਂ, ਡੀਯੂਐੱਸਯੂ ਨਾਲ ਸਬੰਧਤ ਸਾਰੇ ਡੀਯੂ ਕਾਲਜਾਂ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਦਿੱਲੀ ਪੁਲੀਸ ਦਾ ਵੀ ਧੰਨਵਾਦ ਕੀਤਾ। ਡੀਯੂਐੱਸਯੂ ਚੋਣਾਂ ਲਈ ਨਿਯੁਕਤ ਮੁੱਖ ਚੋਣ ਅਧਿਕਾਰੀ ਪ੍ਰੋ. ਚੰਦਰਸ਼ੇਖਰ ਨੇ ਡੀਯੂਐੱਸਯੂ ਚੋਣਾਂ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜਾਂ ਦੇ ਡੀਨ ਪ੍ਰੋ. ਬਲਰਾਮ ਪਾਨੀ, ਡਾਇਰੈਕਟਰ ਸਾਊਥ ਕੈਂਪਸ ਪ੍ਰੋ. ਪ੍ਰਕਾਸ਼ ਸਿੰਘ, ਰਜਿਸਟਰਾਰ ਡਾ. ਵਿਕਾਸ ਗੁਪਤਾ, ਪ੍ਰਾਕਟਰ ਪ੍ਰੋ. ਰਜਨੀ ਅੱਬੀ, ਮੁੱਖ ਚੋਣ ਅਧਿਕਾਰੀ ਪ੍ਰੋ. ਚੰਦਰਸ਼ੇਖਰ ਅਤੇ ਪੀਆਰਓ ਅਨੂਪ ਲਾਥੇਰ ਸਮੇਤ ਯੂਨੀਵਰਸਿਟੀ ਦੇ ਅਧਿਕਾਰੀ ਸ਼ਾਮਲ ਸਨ।