For the best experience, open
https://m.punjabitribuneonline.com
on your mobile browser.
Advertisement

ਲੋਪ ਹੋ ਰਿਹਾ ਚਿੜੀਆਂ ਦਾ ਚੰਬਾ

10:20 AM Mar 16, 2024 IST
ਲੋਪ ਹੋ ਰਿਹਾ ਚਿੜੀਆਂ ਦਾ ਚੰਬਾ
Advertisement

ਜਗਤਾਰ ਸਮਾਲਸਰ

Advertisement

ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਭਾਰਤ ਦੇ ਨਾਸਿਕ ਵਿੱਚ ਰਹਿਣ ਵਾਲੇ ਮੁਹੰਮਦ ਦਿਲਾਵਰ ਦੇ ਯਤਨਾਂ ਸਦਕਾ ਹੋਈ ਸੀ। ਮੁਹੰਮਦ ਦਿਲਾਵਰ ਵੱਲੋਂ ਚਿੜੀਆਂ ਦੀ ਸੁਰੱਖਿਆ ਲਈ ਨੇਚਰ ਫਾਰਐਵਰ ਸੁਸਾਇਟੀ ਨਾਮ ਦੀ ਇੱਕ ਸੰਸਥਾ ਸ਼ੁਰੂ ਕੀਤੀ ਗਈ। ਪਹਿਲੀ ਵਾਰ ਵਿਸ਼ਵ ਚਿੜੀ ਦਿਵਸ 2010 ਵਿੱਚ ਮਨਾਇਆ ਗਿਆ। ਹੁਣ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਾਤਾਵਰਨ ਅਤੇ ਚਿੜੀਆਂ ਦੀ ਸਾਂਭ-ਸੰਭਾਲ ਵਿੱਚ ਲੱਗੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਚਿੜੀਆਂ ਦੇ ਲੋਪ ਹੋਣ ਤੋਂ ਫ਼ਿਕਰਮੰਦ ਹੋਈ ਬ੍ਰਿਟੇਨ ਦੀ ਰਾਇਲ ਸੁਸਾਇਟੀ ਆਫ ਬਰਡਜ਼ ਵੱਲੋਂ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਕੀਤੇ ਗਏ ਸਰਵੇਖਣ ਤੋਂ ਬਾਅਦ ਚਿੜੀ ਨੂੰ ਰੈੱਡ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਜਿਸ ਦਾ ਅਰਥ ਹੈ ਕਿ ਇਹ ਪੰਛੀ ਹੁਣ ਲੋਪ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ। ਇਸ ਲਈ ਚਿੜੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਨੂੰ ਕੇਵਲ ਸਮਾਜਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਵੱਲ ਹੀ ਨਹੀਂ ਵੇਖਣਾ ਚਾਹੀਦਾ ਸਗੋਂ ਹਰ ਇਨਸਾਨ ਨੂੰ ਚਿੜੀਆਂ ਦੀ ਸੁਰੱਖਿਆ ਲਈ ਯਤਨ ਆਰੰਭ ਕਰਨੇ ਚਾਹੀਦੇ ਹਨ ਤਾਂ ਜੋ ਚਿੜੀਆਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਚਿੜੀਆਂ ਨੂੰ ਬਚਾਉਣ ਲਈ ਉਨ੍ਹਾਂ ਲਈ ਸੁਰੱਖਿਅਤ ਰੈਣ-ਬਸੇਰੇ ਬਣਾਉਣਾ ਅਤੇ ਵਾਤਾਵਰਨ ਦੀ ਸੰਭਾਲ ਕਰਨਾ ਅਤਿ ਜ਼ਰੂਰੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਜਾਣ ਅਤੇ ਘਰਾਂ ਦੀਆਂ ਛੱਤਾਂ ’ਤੇ ਵੀ ਚਿੜੀਆਂ ਲਈ ਦਾਣੇ-ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਅੱਜਕੱਲ੍ਹ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਲੱਕੜ ਦੇ ਆਲ੍ਹਣੇ ਬਣਾ ਕੇ ਰੁੱਖਾਂ ਉੱਪਰ ਟੰਗੇ ਜਾਂਦੇ ਹਨ ਜੋ ਸ਼ਲਾਘਾਯੋਗ ਕੰਮ ਹੈ।
ਚਿੜੀ ਅਜਿਹਾ ਪੰਛੀ ਹੈ ਜੋ ਦੁਨੀਆ ਭਰ ਦੇ ਅਨੇਕਾਂ ਮੁਲਕਾਂ ਵਿੱਚ ਪਾਇਆ ਜਾਂਦਾ ਹੈ। ਚਿੜੀਆਂ ਸ਼ਹਿਰਾਂ ਦੀ ਬਜਾਏ ਪਿੰਡਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਢੁੱਕਵਾਂ ਵਾਤਾਵਰਨ ਨਾ ਮਿਲਣ ਕਾਰਨ ਹੁਣ ਚਿੜੀਆਂ ਕੇਵਲ ਕਿਤਾਬਾਂ ਅਤੇ ਕਵਿਤਾਵਾਂ ਤੱਕ ਸੀਮਤ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕਈ ਦਹਾਕੇ ਪਹਿਲਾਂ ਚਿੜੀਆਂ ਦੀ ਚੀਂ-ਚੀਂ ਹੀ ਹਾਲੀਆਂ, ਪਾਲੀਆਂ ਅਤੇ ਪਾਂਧੀਆਂ ਨੂੰ ਆਪਣੇ ਰਸਤੇ ਵੱਲ ਤੋਰਨ ਲਈ ਸਹਾਇਕ ਸਿੱਧ ਹੁੰਦੀ ਸੀ। ਘਰਾਂ ਦੀਆਂ ਸੁਆਣੀਆਂ ਚਿੜੀਆਂ ਦੀ ਚੀਂ-ਚੀਂ ਤੋਂ ਬਾਅਦ ਹੀ ਜਾਗਦੀਆਂ ਅਤੇ ਦੁੱਧ ਵਿੱਚ ਮਧਾਣੀਆਂ ਪਾਉਂਦੀਆਂ ਸਨ ਪਰ ਹੁਣ ਨਾ ਤਾਂ ਚਿੜੀਆਂ ਰਹੀਆਂ ਹਨ ਅਤੇ ਨਾ ਹੀ ਮਧਾਣੀਆਂ।
ਮਨੁੱਖ ਅਤੇ ਪੰਛੀਆਂ ਦੀ ਸਾਂਝ ਸਦੀਵੀ ਰਹੀ ਹੈ। ਪੰਛੀ ਮਨੁੱਖੀ ਜ਼ਿੰਦਗੀ ਨੂੰ ਸਕੂਨ ਬਖ਼ਸ਼ਿਸ ਕਰਦੇ ਹਨ। ਸਵੇਰ ਵੇਲੇ ਘਰਾਂ ਦੇ ਆਸਪਾਸ ਚਹਿਕਦੀਆਂ ਚਿੜੀਆਂ ਅੰਮ੍ਰਿਤ ਵੇਲੇ ਨੂੰ ਹੋਰ ਵੀ ਆਨੰਦਮਈ ਬਣਾਉਂਦੀਆਂ ਹਨ। ਹੋਰ ਪੰਛੀਆਂ ਵਾਂਗ ਹੀ ਚਿੜੀਆਂ ਵਿੱਚ ਵੀ ਮਨੁੱਖੀ ਜ਼ਿੰਦਗੀ ਨੂੰ ਸੇਧ ਦੇਣ ਦੇ ਅਨੇਕ ਗੁਣ ਮੌਜੂਦ ਹਨ। ਇਸ ਲਈ ਚਿੜੀਆਂ ਦੀ ਗਿਣਤੀ ਦਾ ਨਿਰੰਤਰ ਘਟਣਾ ਚਿੰਤਾ ਦਾ ਵਿਸ਼ਾ ਹੈ। ਛੋਟੇ ਛੋਟੇ ਰੈਣ-ਬਸੇਰਿਆਂ ਵਿੱਚ ਰਹਿਣ ਵਾਲੀਆਂ ਚਿੜੀਆਂ ਦੀ ਜ਼ਿੰਦਗੀ ਹਮੇਸ਼ਾਂ ਗਤੀਸ਼ੀਲ ਰਹਿੰਦੀ ਹੈ। ਉਹ ਹਮੇਸ਼ਾਂ ਆਪਣੀ ਲੋੜ ਅਨੁਸਾਰ ਭੋਜਨ ਇਕੱਠਾ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤੱਕ ਹੀ ਸੀਮਤ ਹਨ।
ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਚਿੜੀਆਂ ਦੀ ਗਿਣਤੀ ਦਿਨੋਂ-ਦਿਨ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਚਿੜੀਆਂ ਦੇ ਮਿੱਠੜੇ ਬੋਲ ਸੁਣਨ ਤੋਂ ਵਾਂਝੀ ਹੋ ਰਹੀ ਮਨੁੱਖੀ ਜ਼ਿੰਦਗੀ ਵੀ ਹੁਣ ਬੇਰਸ ਹੋ ਰਹੀ ਹੈ। ਦੋ-ਤਿੰਨ ਦਹਾਕੇ ਪਹਿਲਾਂ ਜਦੋਂ ਆਮ ਘਰਾਂ ਦੀਆਂ ਛੱਤਾਂ ਆਦਿ ਕੱਚੀਆਂ ਹੁੰਦੀਆਂ ਸਨ ਤਾਂ ਇਨ੍ਹਾਂ ਛੱਤਾਂ ਵਿੱਚ ਪਾਈਆਂ ਹੋਈਆਂ ਸ਼ਤੀਰੀਆਂ-ਬਾਲੇ ਆਦਿ ਹੀ ਚਿੜੀਆਂ ਦੀ ਠਾਹਰ ਹੋਇਆ ਕਰਦੀਆਂ ਸਨ। ਇਸ ਲਈ ਆਖਿਆ ਜਾ ਸਕਦਾ ਹੈ ਕਿ ਚਿੜੀਆਂ ਦੀ ਸੰਖਿਆ ਤੇਜ਼ੀ ਨਾਲ ਘਟਣ ਦਾ ਮੁੱਖ ਕਾਰਨ ਕੱਚੇ ਘਰਾਂ ਦੀਆਂ ਛੱਤਾਂ ਦਾ ਗਾਇਬ ਹੋ ਜਾਣਾ ਵੀ ਹੈ। ਜਨਸੰਖਿਆ ਦੇ ਵਾਧੇ ਕਾਰਨ ਹੁਣ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਜਿਨ੍ਹਾਂ ਥਾਵਾਂ ’ਤੇ ਅਨੇਕਾਂ ਸੰਘਣੇ ਰੁੱਖ ਹੋਇਆ ਕਰਦੇ ਸਨ ਅਤੇ ਰੁੱਖਾਂ ਵਿੱਚੋਂ ਹੀ ਹਰ ਸਮੇਂ ਚਿੜੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਹੁਣ ਉਹ ਥਾਵਾਂ ਘਰਾਂ ਨੇ ਮੱਲ ਲਈਆਂ ਹਨ।
ਪਿੰਡਾਂ ਵਿੱਚ ਛੱਪੜਾਂ ਆਦਿ ਵਿੱਚ ਅਤੇ ਇਨ੍ਹਾਂ ਦੇ ਆਸਪਾਸ ਰਹਿਣ ਵਾਲੀਆਂ ਚਿੜੀਆਂ ਹੁਣ ਛੱਪੜਾਂ ਦੇ ਘਟਣ ਨਾਲ ਹੀ ਗਾਇਬ ਹੋ ਗਈਆਂ ਹਨ। ਚਿੜੀਆਂ ਦੇ ਰੈਣ-ਬਸੇਰਿਆਂ ਵਿੱਚ ਆਈ ਕਮੀ ਨੇ ਚਿੜੀਆਂ ਅਤੇ ਮਨੁੱਖ ਵਿੱਚ ਫਾਸਲੇ ਨੂੰ ਵਧਾ ਦਿੱਤਾ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਜੀਵਨ ਵਿੱਚ ਹੋ ਰਹੀ ਤਰੱਕੀ ਦੇ ਨਾਲ ਹੀ ਮਨੁੱਖੀ ਲੋੜਾਂ ਵਿੱਚ ਵੀ ਵਾਧਾ ਹੋਇਆ ਹੈ ਜਿਸ ਕਾਰਨ ਮਨੁੱਖ ਨੂੰ ਕੁਝ ਅਜਿਹੇ ਫ਼ੈਸਲੇ ਵੀ ਲੈਣੇ ਪੈ ਰਹੇ ਹਨ ਜਿਨ੍ਹਾਂ ਨਾਲ ਮਨੁੱਖ ਅਤੇ ਕੁਦਰਤ ਵਿੱਚ ਪਾੜਾ ਵੀ ਦਿਨੋਂ ਦਿਨ ਵਧ ਰਿਹਾ ਹੈ। ਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਹਰੇਕ ਮਨੁੱਖ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕੁਦਰਤ ਅਤੇ ਮਨੁੱਖ ਵਿਚਕਾਰ ਵਧ ਰਹੇ ਇਸ ਫਾਸਲੇ ਨੂੰ ਆਪਣੇ ਪੱਧਰ ’ਤੇ ਲੋੜੀਂਦੇ ਯਤਨ ਕਰਕੇ ਰੋਕਣ ਲਈ ਅਹਿਮ ਯੋਗਦਾਨ ਪਾਵੇ। ਸਮੇਂ ਦੇ ਨਾਲ-ਨਾਲ ਸਭ ਕੁਝ ਬਦਲਦਾ ਹੈ। ਅਜਿਹੇ ਬਦਲਾਅ ਦੇ ਮਾਹੌਲ ਵਿੱਚ ਜੇਕਰ ਅੱਜ ਸਾਡੇ ਕੋਲ ਰੁੱਖਾਂ ਅਤੇ ਪੰਛੀਆਂ ਦੇ ਰੈਣ-ਬਸੇਰਿਆਂ ਦੀ ਘਾਟ ਹੋ ਰਹੀ ਹੈ ਤਾਂ ਮਨੁੱਖ ਆਪਣੇ ਪੱਧਰ ’ਤੇ ਉਪਰਾਲੇ ਕਰਕੇ ਪੰਛੀਆਂ ਲਈ ਰੈਣ-ਬਸੇਰੇ ਬਣਾ ਸਕਦਾ ਹੈ।
ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਿੜੀਆਂ ਲਈ ਵੱਡੇ ਪੱਧਰ ’ਤੇ ਰੈਣ-ਬਸੇਰਿਆਂ ਦਾ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਚਿੜੀਆਂ ਸਦਾ ਸਾਡੇ ਆਸਪਾਸ ਚਹਿਕਦੀਆਂ ਰਹਿਣ ਅਤੇ ਸਮੁੱਚੀ ਕਾਇਨਾਤ ਵਿੱਚ ਆਪਣੀ ਸੁਰੀਲੀ ਬੋਲੀ ਨਾਲ ਮਿਠਾਸ ਘੋਲਦੇ ਹੋਏ ਜ਼ਿੰਦਗੀ ਨੂੰ ਰਸਭਿੰਨਾ ਬਣਾਉਦੀਆਂ ਰਹਿਣ।
ਸੰਪਰਕ: 94670-95953

Advertisement
Author Image

joginder kumar

View all posts

Advertisement
Advertisement
×