ਪੁੱਤ ਦਾ ਮੁੱਲ
ਅਜਾਇਬ ਸਿੰਘ ਟਿਵਾਣਾ
ਮਾਰਚ 1977 ਵਿੱਚ ਐਮਰਜੈਂਸੀ ਦੇ ਖਾਤਮੇ ਪਿੱਛੋਂ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਰਗਰਮੀਆਂ ਫਿਰ ਸ਼ੁਰੂ ਹੋਈਆਂ। ਉਨ੍ਹਾਂ ਦਿਨਾਂ ਵਿੱਚ ਕਾਲਜਾਂ ਅਤੇ ਪਿੰਡਾਂ ’ਚ ਪੰਜਾਬ ਸਟੂਡੈਂਟਸ ਯੂਨੀਅਨ ਨਾਟਕ ਕਰਵਾਉਂਦੀ ਹੁੰਦੀ ਸੀ। ਇਨ੍ਹਾਂ ਨਾਟਕਾਂ ਵਿੱਚੋਂ ਇੱਕ ਨਾਟਕ ਇਨਕਲਾਬੀ ਕਵੀ ਅਤੇ ਨਾਟਕਕਾਰ ਮਿੰਦਰਪਾਲ ਭੱਠਲ ਦਾ ਲਿਖਿਆ ‘ਪੁੱਤ ਦਾ ਮੁੱਲ’ ਬਰਨਾਲਾ ਨਾਟਕ ਕਲਾ ਕੇਂਦਰ ਵੱਲੋਂ ਖੇਡਿਆ ਜਾਂਦਾ ਸੀ ਜੋ ਦਰਸ਼ਕਾਂ ’ਚ ਬਹੁਤ ਮਕਬੂਲ ਹੋਇਆ ਸੀ।
ਇਹ ਨਾਟਕ ਅਕਤੂਬਰ 1972 ਦੇ ਮੋਗਾ ਗੋਲੀ ਕਾਂਡ ’ਤੇ ਆਧਾਰਿਤ ਸੀ। ਇਸ ਕਾਂਡ ਵਿੱਚ ਸ਼ਹੀਦ ਹੋਏ ਵਿਦਿਆਰਥੀ ਹਰਜੀਤ ਸਿੰਘ ਦੇ ਪਿਤਾ ਸੂਬੇਦਾਰ ਜਗੀਰ ਸਿੰਘ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ 10000 ਰੁਪਏ ਦੀ ਆਰਥਿਕ ਸਹਾਇਤਾ ਜਾਂ ਕਹਿ ਲਓ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਸੀ ਜੋ ਉਨ੍ਹਾਂ ਠੁਕਰਾ ਦਿੱਤੀ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਸਾਫ-ਸਾਫ ਸ਼ਬਦਾਂ ‘ਚ ਕਹਿ ਦਿੱਤਾ ਸੀ- ‘ਮੈਂ ਪੁੱਤ ਦਾ ਮੁੱਲ ਨਹੀਂ ਲੈਣਾ। ਸਾਨੂੰ ਇਨਸਾਫ ਚਾਹੀਦਾ।’
ਇਹ ਇੱਕ ਤਰ੍ਹਾਂ ਨਾਲ 1968 ਵਾਲਾ ਇਤਿਹਾਸ ਦੁਹਰਾਇਆ ਗਿਆ ਸੀ। 14 ਨਵੰਬਰ ਨੂੰ ਤਰਨਤਾਰਨ ਵਿੱਚ ਪੁਲੀਸ ਨੇ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ’ਤੇ ਗੋਲੀ ਚਲਾ ਦਿੱਤੀ ਸੀ ਜਿਸ ਨਾਲ ਅਜਾਇਬ ਸਿੰਘ, ਲਖਮੀਰ ਸਿੰਘ ਰਸੂਲਪੁਰ ਅਤੇ ਨਛੱਤਰ ਸਿੰਘ ਜ਼ਖ਼ਮੀ ਹੋ ਗਏ ਸਨ। ਪੁਲੀਸ ਦੀ ਇਸ ਕਾਰਵਾਈ ਖਿ਼ਲਾਫ਼ 12 ਦਸੰਬਰ 1968 ਨੂੰ ਗੁਰੂ ਹਰਗੋਬਿੰਦ ਕਾਲਜ ਦੇ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ ਉੱਥੇ ਵੀ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਸ ਦੇ ਸਿੱਟੇ ਵਜੋਂ ਸੁਧਾਰ ਕਾਲਜ ਦਾ ਵਿਦਿਆਰਥੀ ਜਗਤਾਰ ਸਿੰਘ ਆਸੀ ਕਲਾਂ ਸ਼ਹੀਦ ਹੋ ਗਿਆ ਸੀ। ਜਗਤਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਉੱਘੇ ਨਕਸਲੀ ਆਗੂ ਪ੍ਰੋ. ਹਰਭਜਨ ਸਿੰਘ ਨੇ ‘ਹਰ ਬਾਗ਼ੀ ਜਗਤਾਰ ਬਣੇਗਾ’ ਨਾਂ ਦੀ ਕਵਿਤਾ ਲਿਖੀ ਸੀ ਜੋ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹ ਗਈ ਸੀ।
ਜਗਤਾਰ ਸਿੰਘ ਦੇ ਛੋਟੇ ਭਰਾ ਪਰਮਜੀਤ ਸਿੰਘ ਪੰਮਾ ਦੇ ਦੱਸਣ ਅਨੁਸਾਰ, ਇਸ ਘਟਨਾ ਤੋਂ ਬਾਅਦ ਜਦੋਂ ਜਸਟਿਸ ਗੁਰਨਾਮ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣੇ ਤਾਂ ਉਹ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਦੋਂ ਆਰਥਿਕ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਆਦਿ ਦੀ ਪੇਸ਼ਕਸ਼ ਕੀਤੀ ਤਾਂ ਜਗਤਾਰ ਦੇ ਦਾਦਾ ਜੀ ਚੰਨਣ ਸਿੰਘ ਨੇ ਇਹ ਪੇਸ਼ਕਸ਼ ਠੁਕਰਾਉਂਦਿਆਂ ਉਹੀ ਸ਼ਬਦਾਂ ਕਹੇ ਸਨ ਜੋ 4 ਸਾਲ ਬਾਅਦ ਸੂਬੇਦਾਰ ਜਗੀਰ ਸਿੰਘ ਨੇ ਕਹੇ- ‘ਮੈਂ ਆਪਣੇ ਪੋਤੇ ਦਾ ਮੁੱਲ ਨਹੀਂ ਲੈਣਾ, ਸਾਨੂੰ ਇਨਸਾਫ ਚਾਹੀਦਾ।’ ਫਰਕ ਸਿਰਫ ਸਮੇਂ ਅਤੇ ਸਥਾਨ ਦਾ ਸੀ। ਦੋਵਾਂ ਸਮਿਆਂ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਵੀ ਮੁਆਵਜ਼ੇ ਆਦਿ ਦੀ ਮੰਗ ਨਹੀਂ ਕੀਤੀ ਗਈ ਸੀ। ਜੋ ਮੰਗ ਕੀਤੀ ਗਈ ਸੀ, ਉਹ ਜਿ਼ੰਮੇਵਾਰ ਪੁਲੀਸ ਅਫਸਰਾਂ ਨੂੰ ਸਜ਼ਾ ਦੇਣ ਦੀ ਸੀ।
ਲਗਭਗ ਅੱਧੀ ਸਦੀ ਬੀਤ ਜਾਣ ਬਾਅਦ ਹਾਲਾਤ ਬਿਲਕੁਲ ਬਦਲ ਗਏ ਹਨ। ਸਰਕਾਰਾਂ ਖਿ਼ਲਾਫ਼ ਚੱਲ ਰਹੇ ਸੰਘਰਸ਼ਾਂ ਦੌਰਾਨ ਨਿੱਤ ਦਿਨ ਸ਼ਹਾਦਤਾਂ ਹੋ ਰਹੀਆਂ ਹਨ। 2020-21 ਦੇ ਕਿਸਾਨ ਸੰਘਰਸ਼ ਦੌਰਾਨ 10ਵੀਂ ਕਲਾਸ ਦੇ ਵਿਦਿਆਰਥੀ ਪਰਮਵੀਰ ਅਤਰੀ ਸਮੇਤ 730 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ। ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਬੱਲ੍ਹੋ ਸਮੇਤ 30 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਪਰ ਹੁਣ ਹਰੇਕ ਸੰਘਰਸ਼ਸ਼ੀਲ ਜਥੇਬੰਦੀ ਵੱਲੋਂ ਇਨਸਾਫ ਦੇ ਨਾਲ-ਨਾਲ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਵੀ ਸ਼ਾਮਲ ਹੁੰਦੀ ਹੈ। ਇਹ ਮੰਗਾਂ ਮੰਨ ਕੇ ਸਰਕਾਰ ਨੇ 5 ਲੱਖ ਤੋਂ ਇੱਕ ਕਰੋੜ ਰੁਪਏ ਤੱਕ ਮੁਆਵਜ਼ੇ ਦਿੱਤੇ ਹਨ ਅਤੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਹਨ ਜੋ ਕਿਸਾਨ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ਨੇ ਪਰਵਾਨ ਕੀਤੀਆਂ ਹਨ। ਇਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਪੱਖੋਂ ਕੁਝ ਰਾਹਤ ਵੀ ਮਹਿਸੂਸ ਹੋਈ ਹੈ ਪਰ ਜਦੋਂ ਅਸੀਂ ਦੋਵਾਂ ਇਤਿਹਾਸਕ ਦੌਰਾਂ ਦੇ ਘਟਨਾਕ੍ਰਮ ’ਤੇ ਨਜ਼ਰ ਮਾਰਦੇ ਹਾਂ ਤਾਂ ਮਨ ਅੰਦਰ ਦਵੰਦ ਜ਼ਰੂਰ ਪੈਦਾ ਹੁੰਦਾ ਹੈ ਕਿ ਸਹੀ ਕੀ ਹੈ। ਕੀ ਪਹਿਲੀ ਦੇ ਮੁਕਾਬਲੇ ਅਜੋਕੀ ਪਹੁੰਚ ਵੱਧ ਯਥਾਰਥਕ ਹੈ? ਕੀ ਪਹਿਲੇ ਸਮਿਆਂ ’ਚ ਭਾਵੁਕਤਾ ਭਾਰੂ ਸੀ? ਕੀ ਇਹ ਸਾਨੂੰ ਇਤਿਹਾਸਕ ਤਜਰਬੇ ਨੇ ਸਿਖਾਇਆ ਹੈ? ਸ਼ਾਇਦ ਮੌਜੂਦਾ ਸ਼ੰਘਰਸ਼ਸ਼ੀਲ ਆਗੂ ਇਸ ਮਸਲੇ ’ਤੇ ਕੁਝ ਰੌਸ਼ਨੀ ਪਾ ਸਕਣ।...
ਸੰਪਰਕ: 78887-38476