For the best experience, open
https://m.punjabitribuneonline.com
on your mobile browser.
Advertisement

ਗ੍ਰੀਨ ਫੀਲਡ ਹਾਈਵੇਅ ਤੋਂ ਲੰਬੀ ਹੋਈ ਪੰਜਾਬ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਂ

07:51 AM Aug 15, 2024 IST
ਗ੍ਰੀਨ ਫੀਲਡ ਹਾਈਵੇਅ ਤੋਂ ਲੰਬੀ ਹੋਈ ਪੰਜਾਬ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਂ
ਸੰਧੂ ਕਲਾਂ ਦਾ ਕਿਸਾਨ ਸੁਖਪਾਲ ਸਿੰਘ ਹਾਈਵੇਅ ਵਿੱਚ ਆਈ ਕੋਠੀ ਬਾਰੇ ਜਾਣਕਾਰੀ ਦਿੰਦਾ ਹੋਇਆ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ,­ 14 ਅਗਸਤ
ਪੰਜਾਬ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਂ ਪੰਜਾਬ ਵਿੱਚੋਂ ਲੰਘ ਰਹੇ ਗ੍ਰੀਨਫੀਲਡ ਹਾਈਵੇਅ ਤੋਂ ਲੰਬੀ ਹੈ। ਕਿਸਾਨ ਯੋਗ ਮੁਆਵਜ਼ੇ­ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਦੋਫ਼ਾੜ ਹੋਈ ਜ਼ਮੀਨ­ ਨੂੰ ਰਾਹ ਅਤੇ ਪਾਣੀ ਲੱਗਣ ਦਾ ਝੋਰਾ ਵੀ ਖਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਦਾ ਇੱਕ ਏਕੜ ਜ਼ਮੀਨ ਦਾ ਮਾਲਕ ਕੁਲਵੰਤ ਸਿੰਘ ਆਪਣੀ ਜ਼ਮੀਨ ਹਾਈਵੇਅ ਵਿੱਚ ਆਉਣ ਦਾ ਸਦਮਾ ਹੀ ਨਹੀਂ ਸਹਾਰ ਸਕਿਆ ਅਤੇ ਉਸ ਦੀ ਦੌਰਾ ਪੈਣ ਨਾਲ ਮੌਤ ਹੋ ਗਈ। ਕੁਲਵੰਤ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਧੀ ਅਤੇ ਮਾਂ ਇਕੱਲੀਆਂ ਰਹਿ ਗਈਆਂ, ਜਿਨ੍ਹਾਂ ਕੋਲ ਨਾ ਜ਼ਮੀਨ ਰਹੀ ਅਤੇ ਨਾ ਕੋਈ ਕਮਾਉਣ ਵਾਲਾ। ਕੁਲਵੰਤ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਰਾਮਗੜ੍ਹ ਦੇ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਕੋਲ 15 ਕਨਾਲ ਜ਼ਮੀਨ ਹੈ ਜਿਸ ਵਿੱਚੋਂ 5 ਕਨਾਲ ਹਾਈਵੇਅ ਵਿੱਚ ਆ ਗਈ ਹੈ ਜਦਕਿ ਰਹਿੰਦੀ ਜ਼ਮੀਨ ਦੋ ਹਿੱਸਿਆਂ ਵਿੱਚ (ਸਾਢੇ ਅੱਠ ਅਤੇ ਡੇਢ ਕਨਾਲ) ਵੰਡੀ ਗਈ ਜਿਸ ’ਤੇ ਖੇਤੀ ਹੋਣੀ ਮੁਸ਼ਕਲ ਹੈ। ਪੱਤੀ ਦੀਪ ਸਿੰਘ ਵਾਲਾ ਦੇ ਭੂਰਾ ਸਿੰਘ ਦੀ ਤਿੰਨ ਵਿੱਚੋਂ ਡੇਢ ਕਨਾਲ ਹਾਈਵੇਅ ਵਿੱਚ ਆ ਗਈ ਅਤੇ ਬਾਕੀ ਬਚਦੀ ਜ਼ਮੀਨ ਲਈ ਅਜੇ ਰਾਹਦਾਰੀ ਦਾ ਕੋਈ ਮੂੰਹ-ਸਿਰ ਨਹੀਂ ਹੈ­ ਕਿਉਂਕਿ ਇਹ ਹਾਈਵੇਅ ਕਰੀਬ 20 ਫ਼ੁੱਟ ਉਚਾ ਜਾਵੇਗਾ।
ਬਰਨਾਲਾ ਜ਼ਿਲ੍ਹੇ ਵਿੱਚ ਇਹ ਪ੍ਰਾਜੈਕਟ ਅਜੇ ਵਿਚਾਲੇ ਲਟਕ ਰਿਹਾ ਹੈ। ਸਰਕਾਰੀ ਦਾਅਵਿਆਂ ਦੇ ਉਲਟ ਬਹੁਗਿਣਤੀ ਕਿਸਾਨਾਂ ਨੇ ਅਜੇ ਤੱਕ ਮੁਆਵਜ਼ਾ ਕਬੂਲ ਹੀ ਨਹੀਂ ਕੀਤਾ। ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਕਰੀਬ 12 ਪਿੰਡਾਂ ਦੀ ਜ਼ਮੀਨ ਵਿੱਚੋਂ ਜੈਪੁਰ-ਕੱਟੜਾ ਗ੍ਰੀਨਫੀਲਡ ਹਾਈਵੇ ਲੰਘਣਾ ਹੈ ਜੋ ਬਠਿੰਡਾ ਵਾਲੀ ਸਾਈਡ ਤੋਂ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਤੋਂ ਦਾਖ਼ਲ ਹੋ ਕੇ ਗਾਗੇਵਾਲ ਤੋਂ ਅੱਗੇ ਲੁਧਿਆਣਾ ਜ਼ਿਲ੍ਹੇ ਵਿੱਚ ਜਾਵੇਗਾ। ਬਰਨਾਲਾ ਜ਼ਿਲ੍ਹੇ ਵਿੱਚ ਇਸ ਦੀ ਲੰਬਾਈ ਕਰੀਬ 29 ਕਿਲੋਮੀਟਰ ਹੈ ਅਤੇ ਲਗਪਗ 300 ਏਕੜ ਜ਼ਮੀਨ ਇਸਦੇ ਅਧੀਨ ਆ ਰਹੀ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਕਿਸਾਨਾਂ ਨੂੰ 50 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ ਜਦਕਿ ਬਹੁਤੇ ਕਿਸਾਨ ਅਜੇ ਵੀ 70 ਲੱਖ ਰੁਪਏ ਮੁਆਵਜ਼ੇ ਲਈ ਅੜੇ ਹੋਏ ਹਨ। ਐਕਸ਼ਨ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਜੱਗਾ ਦਾ ਕਹਿਣਾ ਹੈ ਕਿ ਬਹੁ ਗਿਣਤੀ ਕਿਸਾਨਾਂ ਦੀਆਂ ਜ਼ਮੀਨਾਂ ਦੋਫ਼ਾੜ ਹੋਣ ਕਾਰਨ ਵੱਡੀ ਸਮੱਸਿਆ ਖੜ੍ਹੀ ਹੋਵੇਗੀ ਜਦਕਿ ਇਸ ਹਾਈਵੇਅ ਦੇ ਦੂਜੇ ਪਾਸੇ ਦੀ ਜ਼ਮੀਨ ਵਿੱਚ ਪਾਣੀ ਅਤੇ ਲਾਂਘੇ ਦਾ ਕੋਈ ਹੱਲ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਕਿਸਾਨਾਂ ਵੱਲੋਂ ਮਾਲ ਵਿਭਾਗ ਦੇ ਪਟਿਆਲਾ ਕਮਿਸ਼ਨਰ ਕੋਲ ਕੇਸ ਦਾਇਰ ਕਰਨ ਤੋਂ ਬਾਅਦ ਕਰੀਬ ਸਾਢੇ ਅੱਠ ਰੁਪਏ ਮੁਆਵਜ਼ਾ ਰਾਸ਼ੀ ਵਧਾਈ ਗਈ ਪਰ ਜ਼ਮੀਨਾਂ ਦੇ ਦੋਫ਼ਾੜ ਹੋਣ ਅਤੇ ਰਸਤਿਆਂ ਬਦਲੇ ਸਾਢੇ ਛੇ ਲੱਖ ਦੇ ਮੁਆਵਜ਼ਾ ਸਹਿਮਤੀ ਅਜੇ ਅਮਲ ਵਿੱਚ ਨਹੀਂ ਆਈ ਜਿਸ ਕਰਕੇ ਉਹ ਆਪਣੀ ਮੰਗ ਪੂਰੀ ਹੋਣ ਤੱਕ ਜ਼ਮੀਨਾਂ ਨਹੀਂ ਦੇਣਗੇ।
ਉਧਰ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਦੀ ਮੁਆਵਜ਼ਾ ਰਾਸ਼ੀ ਲੈ ਲਈ ਹੈ­ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਕਬਜ਼ੇ ਲੈਣ ਦੀ ਪ੍ਰਕਿਰਿਆ ਵਿੱਚ ਪ੍ਰਸ਼ਾਸਨ ਨੇ ਤੇਜ਼ੀ ਕਰ ਦਿੱਤੀ ਹੈ। ਦੂਜੇ ਪਾਸੇ ਸਰਕਾਰੀ ਦਾਅਵੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਸਾਰੇ ਕਿਸਾਨ ਮੁਆਵਜ਼ੇ ਲਈ ਸੰਤੁਸ਼ਟ ਹਨ ਅਤੇ ਜਲਦ ਇਸ ਹਾਈਵੇਅ ਲਈ ਜ਼ਮੀਨਾਂ ਦੇ ਕਬਜ਼ੇ ਲੈ ਲਏ ਜਾਣਗੇ।

ਸੰਧੂ ਕਲਾਂ ਦੇ ਕਿਸਾਨਾਂ ਦੀਆਂ ਤਿੰਨ ਕੋਠੀਆਂ ਕੌਮੀ ਮਾਰਗ ਵਿੱਚ ਆਈਆਂ

ਪਿੰਡ ਸੰਧੂ ਕਲਾਂ ਦੇ ਸੁਖਪਾਲ ਸਿੰਘ ਨੇ ਦੱਸਿਆ ਕਿ ਕਰੀਬ ਛੇ ਸਾਲ ਪਹਿਲਾਂ ਬਣਾਈਆਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਤਿੰਨ ਕੋਠੀਆਂ ਵੀ ਹਾਈਵੇਅ ਵਿੱਚ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਮੀਨ ਦਾ ਪੰਜਾਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਹ ਲੱਖ ਰੁਪਏ ਤਾਂ ਉਨ੍ਹਾਂ ਦੇ ਕੋਠੀਆਂ ਦੀ ਉਸਾਰੀ ’ਤੇ ਖਰਚ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਸਵਾ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ। ਬੂਟਾ ਸਿੰਘ ਦਾ ਟਿਊਬਵੈੱਲ ਕੁਨੈਕਸ਼ਨ ਵੀ ਹਾਈਵੇ ਵਿੱਚ ਆ ਗਿਆ ਪਰ ਮੁਆਵਜ਼ਾ ਮਹਿਜ਼ ਜ਼ਮੀਨ ਦਾ ਹੀ ਦਿੱਤਾ ਜਾ ਰਿਹਾ ਹੈ। ਸਾਰੇ ਕਿਸਾਨਾਂ ਦੀ ਲਗਪਗ ਇੱਕੋ ਜਿਹੀ ਵਿੱਥਿਆ ਹੈ। ਇਸ ਤੋਂ ਇਲਾਵਾ ਸਾਂਝਾ ਮੁਸ਼ਤਰਕਾ ਜ਼ਮੀਨਾਂ ਦੇ ਵੱਖਰੇ ਝਗੜੇ ਸ਼ੁਰੂ ਹੋ ਗਏ ਹਨ।

Advertisement

Advertisement
Author Image

joginder kumar

View all posts

Advertisement
×