ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ਭਖਿਆ

10:01 AM Aug 19, 2020 IST

ਬਲਬੀਰ ਸਿੰਘ ਜੰਡੂ

Advertisement

ਸੰਕਟਾਂ ਵਿਚ ਘਿਰੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਤਿੰਨ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਦੇਸ਼ ਕਰੋਨਾ ਮਹਾਂਮਾਰੀ ਦੇ ਗੰਭੀਰ ਸੰਕਟ ਦੀ ਲਪੇਟ ਵਿਚ ਹੈ। ਇਸ ਹਾਲਾਤ ਦੇ ਮੱਦੇਨਜ਼ਰ ਚੋਣਾਂ ਅੱਗੇ ਪਾ ਦਿੱਤੀਆਂ ਜਾਣ। ਅਜਿਹਾ ਉਹ ਆਪਣੀ ਚੋਣ ਮੁਹਿੰਮ ਨੂੰ ਸੰਕਟਾਂ ਕਾਰਨ ਲੱਗੀਆਂ ਬਰੇਕਾਂ ਅਤੇ ਤਾਜ਼ਾ ਸਰਵੇਖਣਾਂ ਵਿਚ ਉਨ੍ਹਾਂ ਦੀ ਚੋਣ ਖੇਤਰ ਵਿਚ ਪਤਲੀ ਹਾਲਤ ਦੀਆਂ ਹੋ ਰਹੀਆਂ ਪੇਸ਼ੀਨਗੋਈਆਂ ਕਾਰਨ ਕਹਿ ਰਹੇ ਹਨ, ਪਰ ਉਨ੍ਹਾਂ ਦੀ ਇਹ ਦਲੀਲ ਨਾ ਤਾਂ ਖ਼ੁਦ ਉਨ੍ਹਾਂ ਦੀ ਰਿਪਬਲੀਕਨ ਪਾਰਟੀ ਦੇ ਕਰਤਾ-ਧਰਤਾ ਅਤੇ ਨਾ ਹੀ ਡੈਮੋਕਰੈਟਿਕ ਪਾਰਟੀ ਅਤੇ ਹੋਰ ਉੱਘੀਆਂ ਰਾਜਸੀ, ਸਮਾਜਿਕ ਤੇ ਫ਼ੌਜੀ ਸ਼ਖ਼ਸੀਅਤਾਂ ਮੰਨਣ ਨੂੰ ਤਿਆਰ ਹਨ। ਫੈਡਰਲ ਚੋਣ ਕਮਿਸ਼ਨ ਦੇ ਕਮਿਸ਼ਨਰ ਨੇ ਤਾਂ ਸਪੱਸ਼ਟ ਕਹਿ ਦਿੱਤਾ ਹੈ ਕਿ ਰਾਸ਼ਟਰਪਤੀ ਕੋਲ ਅਜਿਹਾ ਕਰਨ ਦੀ ਕੋਈ ਤਾਕਤ ਹੀ ਨਹੀਂ ਹੈ ਕਿ ਉਹ ਚੋਣਾਂ ਅੱਗੇ ਪਾ ਸਕੇ। ਉਂਜ ਵੀ ਚੋਣਾਂ ਦੀ ਮਿਤੀ ਅਤੇ ਵੋਟਿੰਗ ਦੀ ਪ੍ਰਕਿਰਿਆ ਸਬੰਧੀ ਫ਼ੈਸਲੇ ਲੈਣ ਦਾ ਹੱਕ ਕਾਂਗਰਸ ਕੋਲ ਹੈ। ਅਮਰੀਕੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸੰਨ 1788 ਤੋਂ ਅਮਰੀਕਾ ਵਿਚ ਕਿਸੇ ਵੀ ਤਰ੍ਹਾਂ ਦੇ ਹਾਲਾਤ ਰਹੇ ਹੋਣ, ਪਰ ਚੋਣਾਂ ਕਦੇ ਵੀ ਅੱਗੇ ਨਹੀਂ ਪਾਈਆਂ ਗਈਆਂ। ਇਸ ਲਈ ਨਵੰਬਰ ਵਿਚ ਜਿਹੜਾ ਪਹਿਲਾ ਮੰਗਲਵਾਰ ਆਉਂਦਾ ਹੈ, ਉਸ ਦਿਨ ਦੀ ਮਿਤੀ ਮਿੱਥੀ ਜਾਂਦੀ ਹੈ। ਐਂਤਕੀ ਵੋਟਾਂ 3 ਨਵੰਬਰ ਨੂੰ ਪੈਣਗੀਆਂ।

ਜੋਅ ਬਾਇਡਨ
Advertisement

ਦੂਸਰਾ ਉਨ੍ਹਾਂ ਵੱਲੋਂ ਡਾਕ ਰਾਹੀਂ ਵੋਟਾਂ ਪਾਉਣ ਵਿਚ ਧਾਂਦਲੀ ਹੋਣ ਸਬੰਧੀ ਖ਼ਦਸ਼ੇ ਪ੍ਰਗਟਾਉਣ ਤੋਂ ਨਵਾਂ ਵਿਵਾਦ ਛਿੜ ਗਿਆ ਹੈ। ਉਹ ਤਾਂ ਇਹ ਕਹਿਣ ਤਕ ਚਲੇ ਜਾਂਦੇ ਹਨ ਕਿ ਮੈਨੂੰ ਪਤਾ ਹੈ ਕਿ ਲੋਕ ਮੈਨੂੰ ਪਸੰਦ ਨਹੀਂ ਕਰਦੇ। ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਤੋਂ (2016) ਡੋਨਲਡ ਟਰੰਪ ਰਾਸ਼ਟਰਪਤੀ ਬਣੇ ਹਨ, ਅਮਰੀਕਾ ਦੀ ਸਰਦਾਰੀ ਨੂੰ ਖੋਰਾ ਲੱਗਾ ਅਤੇ ਭਰੋਸੇਯੋਗਤਾ ਨੂੰ ਸੱਟ ਵੱਜੀ ਹੈ। 2016 ਤੋਂ ਸ਼ੁਰੂ ਹੋਏ ਸਾਲਾਨਾ ਗਲੋਬਲ ਸਰਵੇ ਦੀਆਂ 15 ਜੂਨ, 2020 ਦੀਆਂ ਬੈਸਟ ਕੰਟਰੀਜ਼ ਦੀਆਂ ਰਿਪੋਰਟਾਂ ਅਨੁਸਾਰ ਵਿਸ਼ਵਵਿਆਪੀ ਭਰੋਸੇਯੋਗਤਾ ਸਬੰਧੀ 73 ਦੇਸ਼ਾਂ ਅਤੇ 100 ਅੰਕਾਂ ਵਿਚੋਂ ਅਮਰੀਕਾ ਦਾ 16.3 ਅੰਕਾਂ ਨਾਲ 24ਵਾਂ ਸਥਾਨ ਹੈ। ਜਦੋਂ ਕਿ 2016 ਵਿਚ 33.5 ਅੰਕਾਂ ਨਾਲ ਅਮਰੀਕਾ ਦਾ 17ਵਾਂ ਸਥਾਨ ਸੀ। ਸਪੱਸ਼ਟ ਹੈ ਕਿ ਅਮਰੀਕਾ ਦੇ ਅਕਸ ਨੂੰ ਢਾਹ ਲੱਗੀ ਹੈ। ਗੈਲਪ ਪੋਲਜ਼ ਦਾ 135 ਦੇਸ਼ਾਂ ਦੇ ਕੌਮਾਂਤਰੀ ਅਕਸ ਅਤੇ ਲੀਡਰਸ਼ਿਪ ਦੀ ਮਾਨਤਾ ਸਬੰਧੀ 27 ਜੁਲਾਈ, 2020 ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਵਿਸ਼ਵਵਿਆਪੀ ਲੀਡਰਸ਼ਿਪ ਵਿਚ ਅਮਰੀਕਾ ਦੀ ਮਾਨਤਾ ਦਰ ਮੱਧਵਰਤੀ 33%, ਚੀਨ 32% ਅਤੇ ਰੂਸ 30% ਹੈ। ਅਮਰੀਕਾ ਦੀ 2016 ਵਿਚ ਮਾਨਤਾ ਦਰ 48% ਸੀ। ਯੂਰੋਪ ਵਿਚ ਅਮਰੀਕੀ ਲੀਡਰਸ਼ਿਪ ਦੀ ਪ੍ਰਵਾਨਗੀ ਦਰ 24% ਰਹਿ ਗਈ ਹੈ। ਇਹ ਪਹਿਲਾਂ ਤੋਂ ਅੱਧ ਵਿਚ ਆ ਗਈ ਹੈ। ਜਰਮਨੀ ਭਾਵੇਂ ਸੀਮਤ ਕੌਮਾਂਤਰੀ ਭੂਮਿਕਾ ਨਿਭਾਉਂਦਾ ਹੈ, ਪਰ ਉਸ ਦੀ ਕੌਮਾਂਤਰੀ ਦਰ 44% ਹੈ। ਯੂਰੋਪ ਵਿਚ ਜਰਮਨੀ ਦੀ ਦਰ 56% ਹੈ। ਅਮਰੀਕਾ ਦੀ ਇਹ ਸਥਿਤੀ ਟਰੰਪ ਦੀ ਵਿਦੇਸ਼ ਨੀਤੀ, ਉਸ ਵੱਲੋਂ ਲਏ ਗਏ ਪੈਂਤੜਿਆਂ ਅਤੇ ਵਿਵਹਾਰ ਕਾਰਨ ਬਣੀ ਹੈ। ਟਰੰਪ ਨੇ ਗੱਦੀ ਸੰਭਾਲਣ ਪਿੱਛੋਂ ਵਿਸ਼ਵੀਕਰਨ ਅਤੇ ਕੌਮਾਂਤਰੀ ਜ਼ਿੰਮੇਵਾਰੀਆਂ ਤੋਂ ਹੱਥ ਪਿਛਾਂਹ ਖਿੱਚਣਾ ਸ਼ੁਰੂ ਕਰ ਦਿੱਤਾ ਸੀ। ਟਰੰਪ ਨੇ ਅਮਰੀਕਾ ਫਸਟ ਦੀ ਨੀਤੀ ਅਪਣਾ ਕੇ ਰਾਸ਼ਟਰਵਾਦ ਦਾ ਰਾਹ ਫੜ ਲਿਆ। ਉਨ੍ਹਾਂ ਦੇ ਕਾਰਜਕਾਲ ਵਿਚ ਅਮਰੀਕਾ ਪੈਰਿਸ ਵਾਤਾਵਰਣ ਸੰਧੀ ਵਿਚੋਂ ਬਾਹਰ ਨਿਕਲਿਆ, ਇਰਾਨ ਨਾਲ ਪਰਮਾਣੂ ਸਮਝੌਤਾ ਤੋੜਿਆ, ਨਾਟੋ ਵਿਚੋਂ ਬਾਹਰ ਆਉਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ, ਕਰੋਨਾ ਮਹਾਂਮਾਰੀ ਦੌਰਾਨ ਵਿਸ਼ਵ ਸਿਹਤ ਸੰਸਥਾ ਦੀ ਮਦਦ ਬੰਦ ਕਰਕੇ ਉਸ ਵਿਚੋਂ ਬਾਹਰ ਹੋ ਗਿਆ ਅਤੇ ਸੀਰੀਆ ਵਿਚੋਂ ਫ਼ੌਜਾਂ ਵਾਪਸ ਬੁਲਾ ਕੇ ਕੁਰਦਾਂ ਨੂੰ ਮੰਝਧਾਰ ਵਿਚ ਛੱਡ ਦਿੱਤਾ। ਇਸ ਤੋਂ ਇਲਾਵਾ 3 ਜਨਵਰੀ 2020 ਨੂੰ ਅਮਰੀਕੀ ਫ਼ੌਜ ਨੇ ਡਰੋਨ ਹਮਲੇ ਨਾਲ ਇਰਾਨੀ ਫ਼ੌਜ ਦੇ ਅਹਿਮ ਜਨਰਲ ਕਾਸਿਮ ਸੁਲੇਮਾਨੀ ਦੀ ਬਗਦਾਦ ਹਵਾਈ ਅੱਡੇ ਉੱਤੇ ਹੱਤਿਆ ਕਰ ਦਿੱਤੀ। ਇਸਦੇ ਪ੍ਰਤੀਕਰਮ ਵਜੋਂ ਇਰਾਕੀ ਪਾਰਲੀਮੈਂਟ ਨੇ ਮਤਾ ਪਾਸ ਕਰਕੇ ਅਮਰੀਕੀ ਫ਼ੌਜ ਨੂੰ ਇਰਾਕ ਵਿਚੋਂ ਨਿਕਲ ਜਾਣ ਲਈ ਕਹਿ ਦਿੱਤਾ। ਅਮਰੀਕੀ ਰਾਸ਼ਟਰਪਤੀ ਦੀ ਪੱਛਮੀ ਮੁਲਕਾਂ ਦੇ ਆਗੂਆਂ ਨਾਲ ਬੋਲ-ਬਾਣੀ ਠੀਕ ਨਾ ਹੋਣ ਕਾਰਨ ਉਨ੍ਹਾਂ ਮੁਲਕਾਂ ਨਾਲ ਵੀ ਸਬੰਧਾਂ ਵਿਚ ਖਟਾਸ ਆ ਗਈ। ਸਾਊਦੀ ਅਰਬ ਨਾਲ ਵੀ ਸਬੰਧ ਪਹਿਲਾਂ ਵਰਗੇ ਨਾ ਰਹੇ। ਉੱਥੇ ਬੀੜੀਆਂ ਪੈਟਰੀਆਟਿਕ ਮਿਜ਼ਾਇਲਾਂ ਵਾਪਸ ਬੁਲਾ ਲਈਆਂ।

ਕਮਲਾ ਹੈਰਿਸ

ਟਰੰਪ ਸ਼ਾਸਨ ਕਾਲ ਦੌਰਾਨ ਅਮਰੀਕਾ-ਚੀਨ ਵਪਾਰਕ ਟਕਰਾਅ ਵੀ ਸਿਖਰ ਉੱਤੇ ਪੁੱਜ ਗਿਆ। ਇਕ-ਦੂਸਰੇ ਦੀਆਂ ਵਸਤਾਂ ’ਤੇ ਮਹਿਸੂਲ ਵਧਾਉਣ ਦਾ ਸਿਲਸਲਾ ਜਾਰੀ ਹੈ। ਚੀਨ ਵੱਲੋਂ ਹਾਂਗਕਾਂਗ ਵਿਚ ਨਵਾਂ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਪਿੱਛੋਂ ਅਮਰੀਕਾ ਦਾ ਚੀਨ ਪ੍ਰਤੀ ਰੁਖ਼ ਹੋਰ ਵੀ ਸਖ਼ਤ ਹੋ ਗਿਆ ਹੈ। ਇਹ ਟਕਰਾਅ ਇਸ ਹੱਦ ਤਕ ਪੁੱਜ ਗਿਆ ਕਿ ਅਮਰੀਕਾ ਨੇ ਚੀਨ ਦਾ ਹਿਊਸਟਨ ਵਿਚਲਾ ਕੌਂਸਲੇਟ ਬੰਦ ਕਰਨ ਅਤੇ ਡਿਪਲੋਮੈਟਾਂ ਨੂੰ ਨਿਕਲ ਜਾਣ ਲਈ ਕਹਿ ਦਿੱਤਾ। ਇਸ ਉੱਤੇ ਜਵਾਬੀ ਕਾਰਵਾਈ ਕਰਦਿਆਂ ਚੀਨ ਨੇ ਅਮਰੀਕਾ ਦੇ ਚੇਂਗਦੂ ਵਿਚਲੇ ਵਣਜ ਕੌਂਸਲੇਟ ਨੂੰ ਬੰਦ ਕਰਨ ਅਤੇ ਡਿਪਲੋਮੈਟਾਂ ਨੂੰ ਦੇਸ਼ ਛੱਡ ਜਾਣ ਦਾ ਹੁਕਮ ਸੁਣਾ ਦਿੱਤਾ। ਹੁਣ ਟਰੰਪ ਪ੍ਰਸ਼ਾਸਨ ਨੇ ਚੀਨੀ ਕੰਪਨੀਆਂ ਖ਼ਿਲਾਫ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਡੋਨਲਡ ਟਰੰਪ ਨੂੰ ਲੱਗਦਾ ਹੈ ਕਿ ਉਹ ਚੀਨ ਨਾਲ ਟਕਰਾਅ ਜਿੰਨਾਂ ਤਿੱਖਾ ਕਰਕੇ ਸਿਖਰ ਵੱਲ ਲੈ ਜਾਣਗੇ ਓਨੀ ਚੋਣ ਮੈਦਾਨ ਵਿਚ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਏਗੀ। ਇਸ ਤਰ੍ਹਾਂ ਕਰਕੇ ਉਹ ਗੋਰਿਆਂ ਵਿਚ ਆਪਣਾ ਇਕ ਹਮਲਾਵਰ, ਸਖ਼ਤ ਅਤੇ ਠੋਸ ਆਗੂ ਵਾਲਾ ਅਕਸ ਪੇਸ਼ ਕਰਨਾ ਚਾਹੁੰਦੇ ਹਨ।

ਉਂਜ ਪਿਛਲੇ 70 ਸਾਲਾਂ ਦੌਰਾਨ ਅਮਰੀਕਾ ਦੀਆਂ ਦੋਵਾਂ ਪਾਰਟੀਆਂ ਦੇ ਬਣੇ ਰਾਸ਼ਟਰਪਤੀ ਇਸ ਗੱਲ ’ਤੇ ਸਹਿਮਤ ਰਹੇ ਹਨ ਕਿ ਕੌਮਾਂਤਰੀ ਪੱਧਰ ਉੱਤੇ ਅਮਰੀਕੀ ਸਰਦਾਰੀ ਨੂੰ ਹਰ ਹਾਲ ਕਾਇਮ ਰੱਖਿਆ ਜਾਵੇ। ਉਹ ਇਸ ਵਿਚ ਸਫਲ ਵੀ ਰਹੇ। ਟਰੰਪ ਨੇ ਪਹਿਲੀ ਸੋਚ ਅਤੇ ਪਹੁੰਚ ਤੋਂ ਵੱਖਰਾ ਰਾਹ ਅਪਣਾਇਆ। ਅਮਰੀਕਾ ਦੇ ਅੰਦਰੂਨੀ ਹਾਲਾਤ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਕਰੋਨਾ ਮਹਾਂਮਾਰੀ ਨੇ ਸਮਾਜ ’ਤੇ ਕਿੰਨਾ ਮਾਰੂ ਅਸਰ ਪਾਇਆ ਹੈ। ਇਸ ਦਾ ਫੈਲਣਾ ਲਗਾਤਾਰ ਜਾਰੀ ਹੈ। ਇਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਰਾਸ਼ਟਰਪਤੀ ਵੱਲੋਂ ਮਹਾਂਮਾਰੀ ਨਾਲ ਨਿਪਟਣ ਲਈ ਅਪਣਾਈਆਂ ਨੀਤੀਆਂ ਸਫਲ ਨਹੀਂ ਹੋਈਆਂ। ਉਂਜ ਵੀ ਰਾਸ਼ਟਰਪਤੀ ਦੇ ਦਿਮਾਗ਼ ਉੱਤੇ ਆਪਣੀ ਚੋਣ ਮੁਹਿੰਮ ਭਾਰੂ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਮੈਡੀਕਲ ਸਲਾਹਕਾਰਾਂ ਦੀਆਂ ਸਲਾਹਾਂ ਵੱਲ ਕੰਨ ਨਹੀਂ ਧਰਦੇ। ਉਹ ਆਰਥਿਕਤਾ ਨੂੰ ਮੁੜ ਜਲਦੀ ਖੋਲ੍ਹਣ ਉੱਤੇ ਜ਼ੋਰ ਦਿੰਦੇ ਹਨ। ਜਿਨ੍ਹਾਂ ਸਟੇਟਾਂ ਵਿਚ ਅਰਥ-ਵਿਵਸਥਾ ਨੂੰ ਜਲਦੀ ਖੋਲ੍ਹਿਆ ਗਿਆ ਉੱਥੇ ਕਰੋਨਾ ਹੋਰ ਤੇਜ਼ੀ ਨਾਲ ਫੈਲਿਆ। ਦੂਸਰਾ ਸਿਆਹਫਾਮ ਜੌਹਨ ਫਲਾਇਡ ਦੀ ਪੁਲੀਸ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨੇ ਅਮਰੀਕੀ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ। ਲੋਕ ਬਿਨਾਂ ਕਿਸੇ ਭੇਦਭਾਵ ਦੇ ਸੜਕਾਂ ’ਤੇ ਨਿਕਲ ਕੇ ਇਸ ਘਟਨਾ ਵਿਰੁੱਧ ਰੋਸ ਪ੍ਰਗਟ ਕਰਨ ਲੱਗੇ। ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਨੇ ਜ਼ੋਰ ਫੜਿਆ ਜਿਸ ਨਾਲ ਨਸਲੀ ਪੱਖਪਾਤ ਅਤੇ ਨਾਗਰਿਕ ਹੱਕਾਂ ਦੇ ਸਵਾਲਾਂ ਨੇ ਮੁੜ ਕੇਂਦਰੀ ਸਥਾਨ ਮੱਲ ਲਿਆ। ਇਹ ਰੋਸ ਮੁਜ਼ਾਹਰੇ ਅਜੇ ਵੀ ਜਾਰੀ ਹਨ। ਇਸ ਬਾਰੇ ਡੋਨਲਡ ਟਰੰਪ ਦੇ ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਰੋਸ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ।

ਉਨ੍ਹਾਂ ਨੇ ਟਰੰਪ ਦੇ ਇਸ ਮਸਲੇ ਨਾਲ ਨਿਪਟਣ ਲਈ ਅਪਣਾਈ ਪਹੁੰਚ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਤਾਂ ਅਮਰੀਕੀ ਸਮਾਜ ਨੂੰ ਵੰਡਣ ’ਤੇ ਲੱਗੇ ਹੋਏ ਹਨ। ਤੀਸਰਾ ਅਮਰੀਕੀ ਅਰਥ-ਵਿਵਸਥਾ ਦੀ ਮਹਾਂਮਾਰੀ ਤੋਂ ਬਾਅਦ ਹੋਈ ਮੰਦੀ ਹਾਲਤ ਵੀ ਟਰੰਪ ਦੇ ਸੁਪਨਿਆਂ ਨੂੰ ਧੁੰਦਲਾ ਕਰ ਰਹੀ ਹੈ। ਮਹਾਂਮਾਰੀ ਤੋਂ ਪਹਿਲਾਂ ਆਰਥਿਕਤਾ ਦੀ ਸਥਿਤੀ ਠੀਕ ਹੋਣ ਕਰਕੇ ਟਰੰਪ ਦੀਆਂ ਅੱਖਾਂ ਵਿਚ ਚਮਕ ਸੀ। ਹੁਣ ਆਰਥਿਕਤਾ ਦੇ ਆਏ ਤਾਜ਼ਾ ਅੰਕੜਿਆਂ ਅਨੁਸਾਰ ਦੂਸਰੀ ਤਿਮਾਹੀ ਵਿਚ 32.9% ਸੁੰਗੜੀ ਹੈ। ਬੇਰੁਜ਼ਗਾਰੀ ਪਹਿਲਾਂ ਤੋਂ ਘੱਟ ਕੇ ਜੁਲਾਈ ਵਿਚ 10.2% ਰਹਿ ਗਈ। ਚੌਥਾ ਰਾਜਸੀ ਮੈਦਾਨ ਵਿਚ ਏਪੀਐੱਨਓਆਰਸੀ ਸੈਂਟਰ ਫਾਰ ਪਬਲਿਕ ਰੀਸਰਚ ਵੱਲੋਂ ਕਰਵਾਏ ਸਰਵੇਖਣ ਮੁਤਾਬਿਕ 10 ਵਿਚੋਂ 8 ਅਮਰੀਕੀਆਂ ਦਾ ਕਹਿਣਾ ਕਿ ਮੁਲਕ ਗ਼ਲਤ ਦਿਸ਼ਾ ਵਿਚ ਜਾ ਰਿਹਾ ਹੈ। ਹੁਣ 38% ਲੋਕ ਹੀ ਮੰਨਦੇ ਹਨ ਕਿ ਅਰਥਚਾਰਾ ਅਗਾਂਹ ਵੱਧ ਰਿਹਾ ਹੈ। ਸਿਰਫ਼ 32% ਲੋਕ ਹੀ ਟਰੰਪ ਦੀ ਕਰੋਨਾ ਮਹਾਂਮਾਰੀ ਨੀਤੀ ਨੂੰ ਠੀਕ ਮੰਨਦੇ ਹਨ। ਟਰੰਪ ਦੇ ਕਾਫ਼ੀ ਪ੍ਰਭਾਵਸ਼ਾਲੀ ਸਮਰਥਕ ਆਗੂ, ਉੱਘੇ ਸਲਾਹਕਾਰ ਅਤੇ ਗੋਰੇ ਬਜ਼ੁਰਗ ਵੋਟਰ ਉਸ ਤੋਂ ਪਾਸਾ ਵੱਟ ਗਏ ਹਨ। ਤਾਜ਼ਾ ਚੋਣ ਸਰਵੇਖਣਾਂ ਅਨੁਸਾਰ ਐਰੀਜੋਨਾ, ਫਲੋਰਿਡਾ ਅਤੇ ਮਿਸ਼ੀਗਨ ਸਟੇਟਾਂ ਵਿਚ ਪਿਛਲੀ ਵਾਰ ਰਿਪਬਲੀਕਨ ਜਿੱਤੇ ਸਨ। ਇਸ ਵਾਰ ਉਥੇ ਡੈਮੋਕਰੇਟਾਂ ਦਾ ਪਲੜਾ ਭਾਰੀ ਹੈ। ਸਰਵੇਖਣਾਂ ਮੁਤਾਬਿਕ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਇਸ ਵੇਲੇ ਟਰੰਪ ਤੋਂ 10 ਤੋਂ 12 ਪੁਆਇੰਟਾਂ ਨਾਲ ਅੱਗੇ ਚੱਲ ਰਹੇ ਹਨ। ਟਰੰਪ ਦਾ ਕਹਿਣਾ ਕਿ ਜੋਅ ਬਾਇਡਨ ਵੱਡੀ ਉਮਰ ਦੇ ਹੋਣ ਕਰਕੇ ਚੇਤੰਨ ਨਹੀਂ ਹਨ, ਖੱਬੇ ਪੱਖੀਆਂ ਦੀ ਜਕੜ ਵਿਚ ਹਨ, ਚੀਨ ਪ੍ਰਤੀ ਉਹ ਨਰਮ ਰੁਖ਼ ਰੱਖਦੇ ਹਨ ਜਦੋਂ ਕਿ ਚੀਨ ਹੀ ਹੁਣ ਅਮਰੀਕਾ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਸਲ ਵਿਚ ਟਰੰਪ ਤਾਂ ਸਮਾਜ ਅੰਦਰ ਵੰਡੀਆਂ ਪਾ ਕੇ ਹੀ ਜਿੱਤਣ ਦੀ ਤਾਕ ਵਿਚ ਹਨ। ਦਰਅਸਲ, ਉਹ ਬਹੁਗਿਣਤੀ ਗੋਰਿਆਂ ਨੂੰ ਪਤਿਆਉਣ ਵਿਚ ਲੱਗੇ ਹੋਏ ਹਨ।

ਦੂਸਰੇ ਪਾਸੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ 77 ਸਾਲਾਂ ਦੇ ਜੋਅ ਬਾਇਡਨ ਹਨ। ਉਹ ਸਹਿਜ ਤੇ ਸੰਜਮ ਵਿਚ ਰਹਿਣ ਵਾਲੇ ਹਨ। ਸਭ ਨੂੰ ਨਾਲ ਲੈ ਕੇ ਚੱਲਣ ਵਿਚ ਯਕੀਨ ਰੱਖਦੇ ਹਨ। ਬਾਇਡਨ ਵਿਭਿੰਨਤਾ ਵਿਚ ਏਕਤਾ ਦੇ ਅਸੂਲ ਦੇ ਧਾਰਨੀ ਹਨ। ਉਨ੍ਹਾਂ ਨੇ ਆਪਣੇ ਨਾਲ ਉਪ-ਰਾਸ਼ਟਰਪਤੀ ਦੇ ਅਹੁਦੇ ਲਈ 55 ਸਾਲਾ ਕਮਲਾ ਹੈਰਿਸ ਨੂੰ ਚੁਣਿਆ ਹੈ। ਉਹ ਅਮਰੀਕੀ ਸਮਾਜ ਦੇ ਘੱਟ ਗਿਣਤੀ ਭਾਈਚਾਰੇ ਵਿਚੋਂ ਬਹੁਨਸਲੀ ਮਹਿਲਾ ਹੈ। ਮਾਡਰੇਟ ਮੰਨੇ ਜਾਂਦੇ ਜੋਅ ਬਾਇਡਨ ਦਾ ਟਰੰਪ ਬਾਰੇ ਕਹਿਣਾ ਹੈ ਕਿ ਉਨ੍ਹਾਂ ਨੇ ਅਪਰਾਧ ਨੂੰ ਨੱਥ ਪਾਉਣ ਦੇ ਨਾਂ ’ਤੇ ਮੁੱਖ ਸ਼ਹਿਰਾਂ ਵਿਚ ਫੈਡਰਲ ਅਧਿਕਾਰੀਆਂ ਨੂੰ ਭੇਜ ਕੇ ਦੇਸ਼ ਵਿਚ ਸਮਾਜਿਕ ਵਿਵਾਦ ਪੈਦਾ ਕੀਤਾ ਹੈ। ਟਰੰਪ ਦੀ ਨਸਲੀ ਵਿਤਕਰਾ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਇਹ ਗੱਲ ਕੋਵਿਡ-19 ਦੌਰਾਨ ਸਾਬਤ ਹੋ ਗਈ ਹੈ ਕਿਉਂਕਿ ਸਿਆਹਫਾਮ ਲੋਕ ਮਹਾਂਮਾਰੀ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇੱਥੋਂ ਤਕ ਕੇ ਚੋਣ ਵਰ੍ਹੇ ਦੌਰਾਨ ਵੀ ਸਿਆਹਫਾਮ ਲੋਕਾਂ ਵਿਰੁੱਧ ਹਿੰਸਾ ਹੋ ਰਹੀ ਹੈ। ਉਨ੍ਹਾਂ ਟਰੰਪ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਆਰਥਿਕਤ ਦਾ ਪਾਸਾ ਨਹੀਂ ਪਲਟ ਸਕਦੇ। ਉਹ ਵੰਡੀਆਂ ਅਤੇ ਖੌਰੂ ਪਾਉਣ ਲਈ ਦ੍ਰਿੜ ਹਨ। ਇਹ ਮੁਲਕ ਲਈ ਠੀਕ ਨਹੀਂ ਹੈ। ਟਰੰਪ ਦੀ ਚੋਣ ਮੁਹਿੰਮ ਡਗਮਗਾ ਗਈ ਹੈ। ਉਹ ਕੋਈ ਜੀਵਨ ਰੇਖਾ ਲੱਭ ਰਹੇ ਹਨ। ਟਰੰਪ ਨਹੀਂ ਚਾਹੁੰਦੇ ਕਿ ਅਮਰੀਕਾ ਡਾਕ-ਪੱਤਰਾਂ ਰਾਹੀਂ ਮੱਤਦਾਨ ਕਰੇ।

ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਇੰਡੀਅਨ-ਅਮਰੀਕਨ ਕਮਲਾ ਹੈਰਿਸ ਦੇ ਉਮੀਦਵਾਰ ਬਣਨ ਨਾਲ ਅਮਰੀਕਨ ਘੱਟ ਗਿਣਤੀਆਂ ਵਿਚ ਬੜਾ ਉਤਸ਼ਾਹ ਹੈ। ਖ਼ਾਸ ਕਰਕੇ ਭਾਰਤੀ ਭਾਈਚਾਰੇ ਲਈ ਤਾਂ ਬੜੀ ਮਾਣ ਵਾਲੀ ਗੱਲ ਹੈ। ਭਾਵੇਂ ਹੁਣ ਚੋਣ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ ਅਤੇ ਮੌਜੂਦਾ ਹਾਲਾਤ ਜੋਅ ਬਾਇਡਨ ਦੇ ਹੱਕ ਵਿਚ ਹਨ, ਪਰ ਅਮਰੀਕੀ ਇਤਿਹਾਸ ਗਵਾਹ ਹੈ ਕਿ ਕਈ ਵਾਰ ਸਤੰਬਰ ਮਹੀਨੇ ਦੋਵਾਂ ਉਮੀਦਵਾਰਾਂ ਵਿਚਾਲੇ ਹੋਣ ਵਾਲੀਆਂ ਬਹਿਸਾਂ ਹਵਾ ਦਾ ਰੁਖ਼ ਬਦਲ ਦਿੰਦੀਆਂ ਹਨ। ਸੰਨ 1980 ਵਿਚ ਰੋਨਾਲਡ ਰੀਗਨ ਅਤੇ 1988 ਵਿਚ ਐੱਚ. ਡਬਲਿਊ. ਬੁਸ਼ ਸਰਵੇਖਣਾਂ ਵਿਚ ਪਿੱਛੇ ਚੱਲਦੇ ਰਹੇ, ਪਰ ਚੋਣ ਨਤੀਜੇ ਆਉਣ ’ਤੇ ਅੱਗੇ ਨਿਕਲ ਗਏ। ਇਸ ਵਾਰ ਦੇਖੋ, ਅਮਰੀਕਨ ਵੋਟਰ ਆਪਣਾ ਭਵਿੱਖ ਜੋਅ ਬਾਇਡਨ ਦੀ ਨਜ਼ਰ ਨਾਲ ਦੇਖਦਾ ਹੈ ਜਾਂ ਡੋਨਲਡ ਟਰੰਪ ਦੀ ਨਜ਼ਰ ਨਾਲ।

Advertisement
Tags :
ਅਮਰੀਕੀਭਖਿਆਮੈਦਾਨਰਾਸ਼ਟਰਪਤੀ