ਅਮਰੀਕਾ ਨੇ ਹੂਤੀ ਨੈੱਟਵਰਕ ਨਾਲ ਸਬੰਧਾਂ ਨੂੰ ਲੈ ਕੇ ਦੋ ਭਾਰਤੀਆਂ ’ਤੇ ਪਾਬੰਦੀ ਲਾਈ
ਵਾਸ਼ਿੰਗਟਨ: ਅਮਰੀਕਾ ਨੇ ਇਰਾਨੀ ਤੇਲ ਦੀ ਆਵਾਜਾਈ ਮਾਮਲੇ ’ਚ ਹੂਤੀ ਨੈੱਟਵਰਕ ਨਾਲ ਕਥਿਤ ਸਬੰਧਾਂ ਕਾਰਨ ਦੋ ਭਾਰਤੀਆਂ ਅਤੇ 18 ਕੰਪਨੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ’ਤੇ ਦੋਸ਼ ਹਨ ਕਿ ਇਰਾਨੀ ਤੇਲ ਦੀ ਆਵਾਜਾਈ ਤੋਂ ਮਿਲੇ ਪੈਸਿਆਂ ਨਾਲ ਹੂਤੀ ਬਾਗ਼ੀਆਂ ਨੂੰ ਇਜ਼ਰਾਈਲ ’ਤੇ ਹਮਲੇ ਕਰਨ ਅਤੇ ਲਾਲ ਸਾਗਰ ਖ਼ਿੱਤੇ ’ਚ ਬੇੜਿਆਂ ’ਚ ਅੜਿੱਕੇ ਖੜ੍ਹੇ ਕਰਨ ’ਚ ਸਹਾਇਤਾ ਮਿਲਦੀ ਹੈ। ਵਿੱਤ ਵਿਭਾਗ ਮੁਤਾਬਕ ਪਾਬੰਦੀ ਲਗਾਏ ਗਏ ਦੋ ਭਾਰਤੀ ਨਾਗਰਿਕ ਇੰਡੋ ਗਲਫ਼ ਸ਼ਿਪ ਮੈਨੇਜਮੈਂਟ ਨਾਲ ਜੁੜੇ ਹੋਏ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਇੰਡੋ ਗਲਫ਼ ਸ਼ਿਪ ਮੈਨੇਜਮੈਂਟ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਰਤਨਲਾਲ ਵਾਰਿਕੂ ਅਤੇ ਤਕਨੀਕੀ ਮੈਨੇਜਰ ਦੀਪਾਂਕਰ ਮੋਹਨ ਕੇਓਟ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਪਾਬੰਦੀਆਂ ਤਹਿਤ ਸਬੰਧਤ ਕੰਪਨੀਆਂ ਅਤੇ ਲੋਕਾਂ ਦੀ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਅਮਰੀਕੀ ਵਿੱਤ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ-ਕੁਦਸ ਫੋਰਸ ਸਮਰਥਿਤ ਹੂਤੀ ਵਿੱਤ ਅਧਿਕਾਰੀ ਸੈਦ ਅਲ-ਜਮਾਲ ਅਤੇ ਉਸ ਦੇ ਨੈੱਟਵਰਕ ਨਾਲ ਸਬੰਧ ਰੱਖਣ ਕਾਰਨ ਸਬੰਧਤ ਕੰਪਨੀਆਂ ਅਤੇ ਗ਼ੈਰਕਾਨੂੰਨੀ ਤੇਲ ਟਰਾਂਸਪੋਰਟ ’ਚ ਸ਼ਾਮਲ ਜਹਾਜ਼ਾਂ ਦੇ ਕਪਤਾਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ। -ਪੀਟੀਆਈ