ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਮੌਸਮੀ ਬਰਸਾਤ ਨੇ ਝੋਨਾ ਰੋਲਿਆ

10:34 AM Oct 17, 2023 IST
ਅੰਮ੍ਰਿਤਸਰ ਵਿੱਚ ਮੀਂਹ ਪੈਣ ਕਾਰਨ ਇੱਕ ਮੰਡੀ ਵਿੱਚ ਭਿੱਜੀਆਂ ਝੋਨੇ ਦੀ ਖ਼ਰੀਦ ਮਗਰੋਂ ਭਰੀਆਂ ਬੋਰੀਆਂ। -ਫੋਟੋ: ਵਿਸ਼ਾਲ ਕੁਮਾਰ

ਪਾਲ ਸਿੰਘ ਨੌਲੀ
ਜਲੰਧਰ, 16 ਅਕਤੂਬਰ
ਮੀਂਹ ਦੇ ਨਾਲ-ਨਾਲ ਚੱਲੀ ਹਨੇਰੀ ਕਾਰਨ ਝੋਨੇ ਦੀ ਪੱਕੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਹੁਤ ਸਾਰੇ ਇਲਾਕਿਆਂ ਵਿੱਚ ਝੋਨੇ ਦੀ ਫ਼ਸਲ ਖੇਤਾਂ ਵਿੱਚ ਹੀ ਵਿਛ ਗਈ ਹੈ। ਉਧਰ, ਮੰਡੀਆਂ ਵਿੱਚ ਵੀ ਝੋਨਾ ਵੇਚਣ ਗਏ ਕਿਸਾਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਮੀਂਹ ਨਾਲ ਝੋਨੇ ਦੀਆਂ ਢੇਰੀਆਂ ਭਿੱਜ ਗਈਆਂ ਤੇ ਕਈ ਢੇਰੀਆਂ ਦੇ ਹੇਠੋਂ ਦੀ ਪਾਣੀ ਫਿਰ ਗਿਆ। ਹਾਲਾਂਕਿ ਕਈ ਥਾਵਾਂ ’ਤੇ ਪ੍ਰਸ਼ਾਸਨ ਨੇ ਤਰਪਾਲਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਡੀਸੀ ਵਿਸ਼ੇਸ਼ ਸਾਰੰਗਲ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ ਬੇਮੌਸਮੀ ਬਾਰਸ਼ ਦੇ ਮੱਦੇਨਜ਼ਰ ਅਨਾਜ ਮੰਡੀਆਂ ਵਿੱਚ ਪਹਿਲਾਂ ਹੀ ਲੋੜੀਂਦੀ ਮਾਤਰਾ ਵਿੱਚ ਤਰਪਾਲਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਸਨ। ਬਾਰਸ਼ ਕਾਰਨ ਮੰਡੀਆਂ ਵਿੱਚ ਝੋਨੇ ਦੀ ਆਮਦ ਕੁਝ ਘਟੀ ਹੈ, ਜੋ ਕਿ ਮੌਸਮ ਠੀਕ ਹੁੰਦੇ ਸਾਰ ਰਫ਼ਤਾਰ ਫੜ ਲਵੇਗੀ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇਲਾਕੇ ਵਿਚ ਪਏ ਭਾਰੀ ਮੀਂਹ ਨੇ ਝੋਨੇ ਦੀ ਕਟਾਈ ਰੋਕ ਦਿੱਤੀ ਹੈ। ਮੀਂਹ ਨਾਲ ਚੱਲੀ ਹਨੇਰੀ ਨੇ ਝੋਨੇ ਸਣੇ ਹੋਰ ਫ਼ਸਲਾਂ ਨੂੰ ਵੀ ਧਰਤੀ ’ਤੇ ਵਿਛਾ ਦਿੱਤਾ ਹੈ। ਇਲਾਕੇ ਦੇ ਕੁਝ ਪਿੰਡਾਂ ਵਿਚ ਗੜੇਮਾਰੀ ਵੀ ਹੋਈ ਹੈ। ਝੋਨੇ ਦੀ ਪੱਕੀ ਹੋਈ ਫ਼ਸਲ ਦੇ ਧਰਤੀ ਉੱਪਰ ਵਿੱਛ ਜਾਣ ਨਾਲ ਝੋਨੇ ਦੇ ਝਾੜ ਘਟਣ ਦਾ ਡਰ ਪੈਦਾ ਹੋ ਗਿਆ ਹੈ। ਭਾਰੀ ਮੀਂਹ ਨਾਲ ਨੀਵੇਂ ਥਾਵਾਂ ’ਤੇ ਪਾਣੀ ਨਾਲ ਭਰ ਗਿਆ ਹੈ। ਮੀਂਹ ਨੇ ਸਬਜ਼ੀ ਕਾਸ਼ਤਕਾਰਾਂ ਲਈ ਵੀ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮੰਡੀ ਵਿਚ ਵਿਕਣ ਲਈ ਆਇਆ ਝੋਨਾ ਵੀ ਮੀਂਹ ਦੀ ਲਪੇਟ ਵਿਚ ਆ ਗਿਆ ਹੈ। ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਮੰਡੀਆਂ ਵਿਚ ਝੋਨੇ ਦੀ ਚੁਕਾਈ ਨਹੀਂ ਹੋ ਰਹੀ।
ਗੁਰਦਾਸਪੁਰ (ਕੇਪੀ ਸਿੰਘ): ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਭਾਰੀ ਬਰਸਾਤ ਹੋਈ। ਇਸ ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਕਟਾਈ ਰੁਕ ਗਈ ਹੈ ਅਤੇ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਨੂੰ ਸਾਂਭ-ਸੰਭਾਲਣ ਵਿੱਚ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਅਤੇ ਹਨੇਰੀ ਕਾਰਨ ਖੇਤਾਂ ਵਿੱਚ ਝੋਨੇ ਦੀ ਫ਼ਸਲ ਧਰਤੀ ਉੱਤੇ ਵਿਛ ਗਈ ਹੈ ਤੇ ਖੇਤਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਕਿਸਾਨਾਂ ਅਤੇ ਕੰਬਾਈਨ ਮਾਲਕਾਂ ਨੇ ਕਿਹਾ ਕਿ ਜਿਸ ਢੰਗ ਨਾਲ ਇਹ ਬਰਸਾਤ ਹੋਈ, ਘੱਟੋ ਘੱਟ ਚਾਰ ਦਿਨ ਝੋਨੇ ਦੀ ਕਟਾਈ ਸੰਭਵ ਨਹੀਂ ਹੈ। ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਕਿਹਾ ਕਿ ਕੱਚੀਆਂ ਮੰਡੀਆਂ ਦੇ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਹਨ। ਕਿਸਾਨ ਨਿਸ਼ਾਨ ਸਿੰਘ, ਹਰਦੀਪ ਸਿੰਘ ਅਤੇ ਸਤਨਾਮ ਸਿੰਘ ਆਦਿ ਨੇ ਦੱਸਿਆ ਕਿ ਫ਼ਸਲ ਦੀ ਗੁਣਵੱਤਾ ਖ਼ਰਾਬ ਹੋਣ ਤੇ ਨਮੀ ਵਧਣ ਕਾਰਨ ਮੁਸ਼ਕਲ ਵਧੇਗੀ।
ਪਠਾਨਕੋਟ (ਐਨਪੀ ਧਵਨ): ਬਾਰਸ਼ ਨੇ ਇਸ ਖੇਤਰ ਦੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ। ਤੇਜ਼ ਹਵਾਵਾਂ ਅਤੇ ਬਾਰਸ਼ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਖੇਤਾਂ ਵਿੱਚ ਡਿੱਗ ਗਈ ਹੈ। ਇਸ ਦੇ ਇਲਾਵਾ ਮੰਡੀਆਂ ਵਿੱਚ ਵੀ ਖ਼ਰੀਦਣ ਲਈ ਲਿਆਂਦੀ ਫ਼ਸਲ ਦੇ ਵੀ ਭਿੱਜਣ ਨਾਲ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਵਾਧਾ ਹੋ ਗਿਆ ਹੈ। ਕਿਸਾਨ ਰਾਜੂ ਮਨਕੋਟੀਆ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਨੁਕਸਾਨ ਬਾਸਮਤੀ ਨੂੰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਬਾਸਮਤੀ ਨੂੰ ਪਕਾਉਣ ਲਈ ਦੋ ਹਫ਼ਤੇ ਦਾ ਸਮਾਂ ਲੱਗੇਗਾ। ਉਸ ਨੇ ਦੱਸਿਆ ਕਿ ਉਸ ਦੀ 4 ਏਕੜ ਬਾਸਮਤੀ ਖੇਤ ਵਿੱਚ ਵਿਛ ਗਈ ਹੈ। ਇਸੇ ਤਰ੍ਹਾਂ ਕਿਸਾਨ ਅਸ਼ੋਕ ਸਿੰਘ ਅਤੇ ਮਣੀ ਸਿੰਘ ਨੇ ਦੱਸਿਆ ਕਿ ਕੁੱਝ ਝੋਨੇ ਦੀ ਫ਼ਸਲ ਨੂੰ ਵੱਢ ਕੇ ਖੇਤ ਵਿੱਚ ਰੱਖਿਆ ਸੀ, ਉਹ ਵੀ ਸਾਰੀ ਭਿੱਜ ਗਈ ਹੈ।

Advertisement

ਫ਼ਸਲਾਂ ਦੇ ਨੁਕਸਾਨ ਕਾਰਨ ਕਿਸਾਨ ਨਿਰਾਸ਼

ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਮੀਂਹ ਕਾਰਨ ਝੋਨੇ ਦੀ ਕਟਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਅਗਲੇ ਕੁੱਝ ਦਿਨਾਂ ਲਈ ਕਟਾਈ ਰੁਕ ਗਈ ਹੈ। ਹਲਕੇ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਝੋਨੇ ਦੀ ਫ਼ਸਲ ਬਾਰਸ਼ ਅਤੇ ਤੇਜ਼ ਹਵਾ ਕਾਰਨ ਡਿੱਗ ਗਈ ਹੈ। ਕੁੱਝ ਖੇਤਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਵੀ ਭਰ ਗਿਆ ਸੀ। ਕਿਸਾਨ ਜਰਨੈਲ ਸਿੰਘ ਲਾਧੂਪੁਰ, ਦਲਵਿੰਦਰ ਸਿੰਘ ਜਾਗੋਵਾਲ ਅਤੇ ਗੁਰਜੀਤ ਸਿੰਘ ਫੇਰੋਚੇਚੀ ਨੇ ਕਿਹਾ ਕਿ ਉਨ੍ਹਾਂ ਦੀ ਪੱਕੀ ਫ਼ਸਲ ਮੀਂਹ ਕਾਰਨ ਖੇਤਾਂ ਵਿੱਚ ਹੀ ਨੁਕਸਾਨੀ ਜਾ ਰਹੀ ਹੈ। ਨੇੜਲੀ ਦਾਣਾ ਮੰਡੀ ਵਿੱੱਚ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ’ਚ ਲਿਆਂਦੀ ਫ਼ਸਲ ਦੀ ਖ਼ਰੀਦ ਨਹੀਂ ਹੋ ਰਹੀ। ਸ਼ੈੱਲਰ ਮਾਲਕਾਂ ਦੀ ਹੜਤਾਲ ਕਾਰਨ ਖ਼ਰੀਦੇ ਹੋਏ ਝੋਨੇ ਦੀ ਚੁਕਾਈ ਦਾ ਕੰਮ ਠੱਪ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਆੜ੍ਹਤੀਆਂ ਤੇ ਹੁਣ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦੇ ਨਾਲ ਨਾਲ ਆਰਥਿਕ ਘਾਟਾ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਅਜੇ ਤਕ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ।

Advertisement
Advertisement