ਆਜ਼ਾਦੀ ਸੰਘਰਸ਼ ਦੀਆਂ ਗੁੰਮਨਾਮ ਵੀਰਾਂਗਣਾਵਾਂ
ਡਾ. ਰਘਬੀਰ ਕੌਰ
ਭਾਰਤ ਦੀ ਆਜ਼ਾਦੀ ਲਈ ਬਰਤਾਨਵੀ ਸਾਮਰਾਜ ਵਿਰੁੱਧ ਚੱਲੀਆਂ ਅਨੇਕਾਂ ਮੁਕਤੀ ਲਹਿਰਾਂ ਵਿੱਚ ਔਰਤਾਂ ਦੇ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਦੋਂ ਅਸੀਂ ਔਰਤਾਂ ਦੇ ਯੋਗਦਾਨ ਦੀ ਗੱਲ ਕਰਦੇ ਹਾਂ ਤਾਂ ਪ੍ਰਤੱਖ ਤੌਰ ’ਤੇ ਇਤਿਹਾਸ ਦੇ ਪੰਨਿਆਂ ’ਤੇ ਤਾਂ ਬਹੁਤ ਘੱਟ ਔਰਤਾਂ ਦਾ ਜ਼ਿਕਰ ਮਿਲਦਾ ਹੈ ਪਰ ਅਪ੍ਰਤੱਖ ਤੌਰ ’ਤੇ ਸੈਂਕੜੇ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਪੁੱਤ, ਭਰਾ, ਪਤੀ ਜਾਂ ਬਾਪ ਤਾਂ ਆਪਣੇ ਦੇਸ਼ ਦੀ ਆਜ਼ਾਦੀ ਦੀ ਬਲੀ ਚੜ੍ਹ ਗਏ ਪਰ ਪਿੱਛੋਂ ਇਨ੍ਹਾਂ ਔਰਤਾਂ ਨਾਲ ਕੀ ਬੀਤੀ? ਇਸ ਬਾਰੇ ਅਜੇ ਇਤਿਹਾਸ ਦੇ ਪੰਨੇ ਤਾਂ ਕੋਰੇ ਹੀ ਹਨ। ਇੱਥੇ ਆਪਾਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਦੇ ਸੰਘਰਸ਼ੀ ਜੀਵਨ ਦੀ ਗਾਥਾ ਸਾਂਝੀ ਕਰ ਰਹੇ ਹਾਂ।
ਬੀਬੀ ਜੈ ਕੌਰ (ਸ਼ਹੀਦ ਭਗਤ ਸਿੰਘ ਦੇ ਦਾਦੀ ਜੀ)
ਬੀਬੀ ਜੈ ਕੌਰ ਮਹਾਨ ਦੇਸ਼ ਭਗਤ ਸ. ਅਰਜਨ ਸਿੰਘ ਦੀ ਪਤਨੀ ਸੀ। ਬੀਬੀ ਤਿੰਨ ਇਨਕਲਾਬੀ ਪੁੱਤਰਾਂ ਸ. ਕਿਸ਼ਨ ਸਿੰਘ, ਸ. ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਮਾਂ ਸੀ। ਉਸ ਨੇ ਆਪਣੇ ਪਤੀ ਅਤੇ ਪੁੱਤਰਾਂ ਦੀਆਂ ਇਨਕਲਾਬੀ ਕਾਰਵਾਈਆਂ ਵਿੱਚ ਸੰਪੂਰਨ ਸਹਿਯੋਗ ਦਿੱਤਾ। ਇਨ੍ਹਾਂ ਦਾ ਘਰ ਅੰਗਰੇਜ਼ੀ ਹਕੂਮਤ ਦੇ ਕ੍ਰਾਂਤੀਕਾਰੀਆਂ ਦਾ ਟਿਕਾਣਾ ਬਣਿਆ ਰਿਹਾ। ਇਹ ਘਰ ਆਏ ਕ੍ਰਾਂਤੀਕਾਰੀਆਂ ਲਈ ਲੰਗਰ-ਪਾਣੀ, ਰਿਹਾਇਸ਼ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਸਨ। ਬੀਬੀ ਜੀ ਨੇ ਕ੍ਰਾਂਤੀਕਾਰੀਆਂ ਨੂੰ ਆਪਣੇ ਘਰ ਵਿੱਚ ਸਿਰਫ਼ ਪਨਾਹ ਹੀ ਨਹੀਂ ਦਿੱਤੀ ਸਗੋਂ ਹਕੂਮਤ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਆਡੰਬਰ ਵੀ ਰਚੇ। ਉਨ੍ਹਾਂ ਦੇ ਪੁੱਤਰ ਸ. ਅਜੀਤ ਸਿੰਘ ਨੇ ‘ਭਾਰਤ ਮਾਤਾ ਸੁਸਾਇਟੀ’ ਬਣਾਈ ਤੇ ਪੰਜਾਬ ਦੇ ‘ਨਿਊ ਕਲੋਨੀ ਬਿੱਲ’ ਵਿਰੁੱਧ ਅੰਦੋਲਨ ਆਰੰਭ ਕਰ ਦਿੱਤਾ। ਇਨ੍ਹਾਂ ਦੇ ਸਾਥੀ, ਇਨ੍ਹਾਂ ਦਾ ਭਰਾ ਸ. ਕਿਸ਼ਨ ਸਿੰਘ ਅਤੇ ਸੂਫੀ ਅੰਬਾ ਪ੍ਰਸਾਦ ਸਨ। ਵੀਰੇਂਦਰ ਸੰਧੂ ਲਿਖਦੇ ਹਨ ਕਿ ਇੱਕ ਵਾਰ ਇਨਕਲਾਬੀ ਸਾਹਿਤ ਛਾਪਣ ਦੇ ਜੁਰਮ ਵਿੱਚ ਪੁਲੀਸ ਇਨ੍ਹਾਂ ਦੇ ਘਰ ਸ. ਅਜੀਤ ਸਿੰਘ ਤੇ ਸੂਫੀ ਅੰਬਾ ਪ੍ਰਸਾਦ ਨੂੰ ਗ੍ਰਿਫ਼ਤਾਰ ਕਰਨ ਆਈ। ਸੂਫੀ ਅੰਬਾ ਪ੍ਰਸਾਦ ਉਸ ਵੇਲੇ ਘਰ ਵਿੱਚ ਹੀ ਸਨ। ਇਨ੍ਹਾਂ ਨੂੰ ਬਚਾਉਣ ਲਈ ਬੀਬੀ ਜੈ ਕੌਰ ਦਰਵਾਜ਼ੇ ’ਤੇ ਪਹੁੰਚ ਕੇ ਪੁਲੀਸ ਦੇ ਆਉਣ ਦਾ ਕਾਰਨ ਪੁੱਛਣ ਲੱਗੀ। ਅਫ਼ਸਰ ਨੇ ਗ੍ਰਿਫ਼ਤਾਰੀ ਦੀ ਗੱਲ ਛੁਪਾਈ ਤੇ ਕਿਹਾ...‘ਅਸੀਂ ਘਰ ਦੀ ਤਲਾਸ਼ੀ ਲੈਣੀ ਹੈ।’ ਬੀਬੀ ਨੇ ਕਿਹਾ, ‘ਤੁਹਾਨੂੰ ਸਰਕਾਰ ਨੇ ਤਲਾਸ਼ੀ ਲੈਣ ਲਈ ਕਿਹਾ ਹੈ ਤਾਂ ਜ਼ਰੂਰ ਲਵੋ ਪਰ ਤੁਸੀਂ ਵੀ ਧੀਆਂ-ਭੈਣਾਂ ਵਾਲੇ ਖਾਨਦਾਨੀ ਹੋ, ਇਸ ਲਈ ਪਰਦੇ ਵਾਲੀਆਂ ਇਸਤਰੀਆਂ ਨੂੰ ਘਰੋਂ ਬਾਹਰ ਨਿਕਲ ਜਾਣ ਦਿਓ।’ ਅਫ਼ਸਰ ਮੰਨ ਗਿਆ ਤੇ ਪਰਦੇ ਵਾਲੀਆਂ ਔਰਤਾਂ ਦੇ ਨਾਲ਼ ਸੂਫੀ ਅੰਬਾ ਪ੍ਰਸਾਦ ਵੀ ਘਰੋਂ ਗਾਇਬ ਹੋ ਗਏ। ਅਜਿਹੀ ਦਲੇਰ ਸੀ ਬੀਬੀ ਜੈ ਕੌਰ।
ਬੀਬੀ ਵਿਦਿਆਵਤੀ (ਸ਼ਹੀਦ ਭਗਤ ਸਿੰਘ ਦੀ ਮਾਤਾ)
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਮਾਤਾ ਜੀ ਦਾ ਨਾਮ ਵਿਦਿਆਵਤੀ ਹੈ। ਬੀਬੀ ਵਿਦਿਆਵਤੀ ਦਾ ਵਿਆਹ ਸ. ਕਿਸ਼ਨ ਸਿੰਘ ਨਾਲ ਹੋਇਆ ਸੀ। ਮਾਤਾ ਵਿਦਿਆਵਤੀ ਨੇ ਚਾਰ ਪੁੱਤਰਾਂ ਅਤੇ ਤਿੰਨ ਧੀਆਂ ਨੂੰ ਜਨਮ ਦਿੱਤਾ। ਇਨ੍ਹਾਂ ਦੇ ਪਲੇਠੇ ਪੁੱਤਰ ਜਗਤ ਸਿੰਘ ਦੀ 11 ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਤੋਂ ਛੋਟੇ ਪੁੱਤਰ ਭਗਤ ਸਿੰਘ ਨੂੰ 23 ਸਾਲ ਦੀ ਉਮਰ ਵਿੱਚ ਅੰਗਰੇਜ਼ੀ ਹਕੂਮਤ ਵੱਲੋਂ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੇ ਦੋ ਛੋਟੇ ਪੁੱਤਰਾਂ ਕੁਲਬੀਰ ਸਿੰਘ ਤੇ ਕੁਲਤਾਰ ਸਿੰਘ ਨੂੰ ਕਈ ਸਾਲ ਜੇਲ੍ਹਾਂ ਵਿੱਚ ਤਸੀਹੇ ਝੱਲਣੇ ਪਏ। ਬੀਬੀ ਜੀ ਦੀਆਂ ਤਿੰਨ ਧੀਆਂ ਬੀਬੀ ਅਮਰ ਕੌਰ, ਬੀਬੀ ਸੁਮਿੱਤਰਾ ਉਰਫ਼ ਪ੍ਰਕਾਸ਼ ਕੌਰ ਅਤੇ ਬੀਬੀ ਸ਼ਕੁੰਤਲਾ ਸਨ। ਇਨ੍ਹਾਂ ਤਿੰਨਾਂ ਭੈਣਾਂ ਵਿੱਚੋਂ ਬੀਬੀ ਅਮਰ ਕੌਰ ਸਾਰੀ ਉਮਰ ਕ੍ਰਾਂਤੀਕਾਰੀ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੀ ਰਹੀ।
ਹਕੂਮਤ ਨੇ ਇਸ ਪਰਿਵਾਰ ’ਤੇ ਬਹੁਤ ਜ਼ੁਲਮ ਢਾਹੇ। ਬੀਬੀ ਦੇ ਇੱਕ ਦਿਓਰ ਸ. ਅਜੀਤ ਸਿੰਘ (ਚਾਚਾ ਅਜੀਤ ਸਿੰਘ) ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਦੂਜੇ ਦਿਓਰ ਸਵਰਨ ਸਿੰਘ ਦੀ ਜੇਲ੍ਹ ਕਰਮਚਾਰੀਆਂ ਦੇ ਮਾੜੇ ਵਿਵਹਾਰ ਅਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਟੀਬੀ ਦੀ ਬਿਮਾਰੀ ਕਾਰਨ ਮੌਤ ਹੋ ਗਈ। ਬੀਬੀ ਨੂੰ ਅਜਿਹੇ ਕਠੋਰ ਹਾਲਾਤ ਨੇ ਹਿੰਮਤੀ ਤੇ ਦਲੇਰ ਬਣਾ ਦਿੱਤਾ। ਭਗਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਕੁਲਬੀਰ ਸਿੰਘ ਤੇ ਕੁਲਤਾਰ ਸਿੰਘ ਦੋਵਾਂ ਭਰਾਵਾਂ ਨੂੰ ਪੁਲੀਸ ਨੇ ਸ਼ਾਹੀ ਕੈਦੀ ਬਣਾ ਕੇ ਮਿੰਟਗੁਮਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ। 1929 ਵਿੱਚ ਸ. ਹਜ਼ਾਰਾ ਸਿੰਘ ਮੁਡੇਰ ਜ਼ਿਲ੍ਹਾ ਜਲੰਧਰ, ਬੱਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਉਸੇ ਜੇਲ੍ਹ ਵਿੱਚ ਪੈਰੀਂ ਬੇੜੀਆਂ ਲਾ ਕੇ ਕੋਠੜੀਆਂ ਵਿੱਚ ਬੰਦ ਕੀਤੇ ਹੋਏ ਸਨ। ਉਨ੍ਹਾਂ ਨਿਧੜਕ ਸੂਰਮਿਆਂ ਨੇ ਸਖ਼ਤ ਪਹਿਰੇ ਦੇ ਬਾਵਜੂਦ 75 ਫੁੱਟ ਦੀ ਲੰਬੀ ਸੁਰੰਗ ਲਾ ਕੇ ਉੱਥੋਂ ਭੱਜਣ ਦਾ ਯਤਨ ਕੀਤਾ ਪਰ ਸਫਲ ਨਾ ਹੋਏ। ਉਨ੍ਹਾਂ ਨੂੰ ਵਾਪਸ ਜੇਲ੍ਹ ਵਿੱਚ ਲਿਆ ਕੇ ਅਣਗਿਣਤ ਬੈਂਤ ਮਾਰੇ ਗਏ, ਕੈਦਾਂ ਵਧਾਈਆਂ ਗਈਆਂ, ਉਨ੍ਹਾਂ ਨੂੰ ਮੁੜ ਕੋਠੜੀਆਂ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਨਾਲ ਭੈੜੇ ਵਤੀਰੇ ਕਾਰਨ ਸ. ਕੁਲਬੀਰ ਸਿੰਘ ਤੇ ਸ. ਕੁਲਤਾਰ ਸਿੰਘ ਨੇ ਉਨ੍ਹਾਂ ਨਾਲ ਹਮਦਰਦੀ ਵਜੋਂ ਭੁੱਖ ਹੜਤਾਲ ਕਰ ਦਿੱਤੀ। ਭੁੱਖ ਹੜਤਾਲ ਦੀ ਖ਼ਬਰ ਜਦੋਂ ਲਾਹੌਰ ਪੁੱਜੀ ਤਾਂ ਜਨਤਾ ਨੇ ਰੋਸ ਜਲਸਾ ਕੀਤਾ। ਜਿਸ ਵਿੱਚ ਸ਼ਹੀਦ ਭਗਤ ਸਿੰਘ ਦੀ ਮਾਤਾ ਨੇ ਜ਼ਾਲਮ ਫ਼ਰੰਗੀ ਸਰਕਾਰ ਨੂੰ ਲਲਕਾਰ ਕੇ ਕਿਹਾ ਸੀ, ‘ਤੁਸੀਂ ਮੇਰੇ ਪਤੀ ਨੂੰ ਜੇਲ੍ਹਾਂ ਵਿੱਚ ਰੱਖਿਆ, ਮੇਰੇ ਦਿਓਰ ਸਵਰਨ ਸਿੰਘ ਨੂੰ ਤਪਦਿਕ ਦਾ ਮਰੀਜ਼ ਬਣਾ ਕੇ ਜੇਲ੍ਹ ਵਿੱਚੋਂ ਛੱਡਿਆ, ਮੇਰੇ ਦਿਓਰ ਅਜੀਤ ਸਿੰਘ ਨੂੰ ਦੇਸ਼ ਨਿਕਾਲੇ ਲਈ ਮਜਬੂਰ ਕੀਤਾ, ਮੇਰੇ ਲਾਲ ਭਗਤ ਸਿੰਘ ਨੂੰ ਫਾਂਸੀ ਚੜ੍ਹਾਇਆ, ਅੱਜ ਮੇਰੇ ਦੋ ਪੁੱਤਰ ਕੁਲਬੀਰ ਤੇ ਕੁਲਤਾਰ ਮਿੰਟਗੁਮਰੀ ਜੇਲ੍ਹ ਵਿੱਚ ਮੌਤ ਵਿੱਚ ਬਿਸਤਰੇ ’ਤੇ ਪਾ ਦਿੱਤੇ ਹਨ, ਉਹ ਭੁੱਖ ਹੜਤਾਲ ’ਤੇ ਹਨ। ਐ ਜ਼ਾਲਮੋਂ! ਮੇਰੇ ਦੋ ਪੁੱਤਰ ਹੋਰ ਬਾਹਰ ਹਨ, ਉਨ੍ਹਾਂ ਨੂੰ ਵੀ ਫੜ ਲਓ, ਤਾਂ ਜੋ ਮੈਂ ਆਪਣੇ ਸਰੀਰ ਦਾ ਠੀਕਰਾ ਬੇਫ਼ਿਕਰ ਹੋ ਕੇ ਫਿਰੰਗੀ ਦੇ ਸਿਰ ਭੰਨ ਕੇ, ਆਪਣੇ ਲਾਡਲੇ ਪੁੱਤਰ ਭਗਤ ਸਿੰਘ ਕੋਲ ਚਲੀ ਜਾਵਾਂ।’
ਕੁਝ ਦਿਨਾਂ ਪਿੱਛੋਂ ਮਾਤਾ ਜੀ ਮੁਲਾਕਾਤ ਵਾਸਤੇ ਮਿੰਟਗੁਮਰੀ ਪੁੱਜ ਗਏ ਪਰ ਸੁਪਰਡੈਂਟ ਨੇ ਮੁਲਾਕਾਤ ਕਰਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, ‘ਜਦ ਤੱਕ ਉਹ ਭੁੱਖ ਹੜਤਾਲ ਨਹੀਂ ਛੱਡਦੇ, ਤੱਦ ਤੱਕ ਮੁਲਾਕਾਤ ਨਹੀਂ ਹੋ ਸਕਦੀ।’ ਅੱਗੋਂ ਮਾਤਾ ਜੀ ਨੇ ਕਿਹਾ, ‘ਮੈਂ ਤਾਂ ਮੁਲਾਕਾਤ ਕਰਕੇ ਹੀ ਜਾਵਾਂਗੀ।’ ਸੁਪਰਡੈਂਟ ਨੇ ਉੱਤਰ ਦਿੱਤਾ, ‘ਮਾਤਾ ਜੀ ਮੇਰਾ ਬੱਚਾ ਬਿਮਾਰ ਹੈ, ਮੈਨੂੰ ਤੰਗ ਨਾ ਕਰੋ।’ ਅੱਗੋਂ ਮਾਤਾ ਜੀ ਬੋਲੇ, ‘ਤੇਰਾ ਨਿੱਕਾ ਜਿਹਾ ਬੱਚਾ ਬਿਮਾਰ ਹੈ ਤੇ ਤੈਨੂੰ ਰਾਤ ਭਰ ਨੀਂਦ ਨਹੀਂ ਆਈ, ਪਰੰਤੂ ਮੇਰੇ ਸ਼ੇਰਾਂ ਵਰਗੇ ਨੌਜਵਾਨ ਪੁੱਤਰ ਮੌਤ ਦੇ ਮੰਜੇ ’ਤੇ ਪਏ ਹਨ, ਤੈਨੂੰ ਕੀ ਪਤਾ ਮੇਰੇ ਮਨ ਦੀ ਕੀ ਹਾਲਤ ਹੈ?’ ਇਸ ’ਤੇ ਵੀ ਸਰਦਾਰ ਬਹਾਦਰ ਦੇ ਮਨ ’ਤੇ ਕੋਈ ਅਸਰ ਨਾ ਹੋਇਆ। ਮਾਤਾ ਜੀ ਨੇ ਸ਼ਹਿਰ ਜਾ ਕੇ ਇੱਕ ਭਾਰੀ ਜਲਸੇ ਵਿੱਚ ਅਜਿਹੇ ਦਰਦਨਾਕ ਸ਼ਬਦਾਂ ਵਿੱਚ ਜਨਤਾ ਨੂੰ ਭੁੱਖ ਹੜਤਾਲ ਦਾ ਹਾਲ ਦੱਸਿਆ ਕਿ ਲੋਕਾਂ ਵਿੱਚ ਜੋਸ਼ ਭਰ ਗਿਆ। ਕੁਲਬੀਰ ਸਿੰਘ ਜ਼ਿੰਦਾਬਾਦ, ਕੁਲਤਾਰ ਸਿੰਘ ਜ਼ਿੰਦਾਬਾਦ, ਭਗਤ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਲੋਕਾਂ ਨੇ ਜੇਲ੍ਹ ਵੱਲ ਚਾਲੇ ਪਾ ਦਿੱਤੇ। ਜਦੋਂ ਉਹ ਜਲੂਸ ਜੇਲ੍ਹ ਦੇ ਅੱਗੇ ਪਹੁੰਚਿਆ ਤਾਂ ਸੁਪਰਡੈਂਟ ਜੇਲ੍ਹ ਨੇ ਹਜੂਮ ਕੋਲ ਪਹੁੰਚ ਕੇ, ਮਾਤਾ ਜੀ ਪਾਸੋਂ ਮੁਆਫ਼ੀ ਮੰਗੀ ਅਤੇ ਆਖਿਆ, ‘ਮੈਂ ਕੁਲਬੀਰ ਸਿੰਘ ਨੂੰ ਲਾਹੌਰ ਹਸਪਤਾਲ ਵਿੱਚ ਭੇਜ ਦਿਆਂਗਾ ਕਿਉਂਕਿ ਉਸ ਦੀ ਹਾਲਤ ਠੀਕ ਨਹੀਂ ਹੈ।’ ਫੇਰ ਮਾਤਾ ਜੀ ਰੋਜ਼ ਲਾਹੌਰ ਮੇਓ ਹਸਪਤਾਲ ਵਿੱਚ ਆ ਕੇ ਆਪਣੇ ਪੁੱਤਰ ਨੂੰ ਮਿਲਦੇ ਰਹੇ।
ਬੀਬੀ ਵਿਦਿਆਵਤੀ ਨੂੰ ਆਪਣੇ ਪੁੱਤਰ ਭਗਤ ਸਿੰਘ ਦੇ ਫਾਂਸੀ ਤੋਂ ਪਹਿਲਾਂ ਆਖ਼ਰੀ ਦਰਸ਼ਨ ਵੀ ਨਸੀਬ ਨਾ ਹੋਏ ਕਿਉਂਕਿ ਹਕੂਮਤ ਨੇ ਫਾਂਸੀ ਦੀ ਤਰੀਕ 24 ਮਾਰਚ ਸਵੇਰੇ 7 ਵਜੇ ਦੱਸ ਕੇ 23 ਦੀ ਸ਼ਾਮ ਨੂੰ ਹੀ ਫਾਂਸੀ ਦੇ ਦਿੱਤੀ ਸੀ। ਫਿਰ ਇੱਕ ਲੰਮੇ ਅਰਸੇ ਬਾਅਦ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸ. ਭਗਤ ਸਿੰਘ ਦੀ ਯਾਦ ਵਿੱਚ ਇੱਕ ਮਿਊਜ਼ੀਅਮ ਬਣਾਇਆ ਗਿਆ। ਆਪਣੇ ਪੁੱਤਰ ਨੂੰ ਇੱਕ ਬੁੱਤ ਦੇ ਰੂਪ ਵਿੱਚ ਅਤੇ ਉਸ ਦੇ ਲਹੂ ਭਿੱਜੇ ਕੱਪੜਿਆਂ ਨੂੰ ਵੇਖ ਕੇ ਮਾਂ ਦੇ ਮਨ ’ਤੇ ਕੀ ਬੀਤੀ ਹੋਵੇਗੀ? ਕਿਵੇਂ ਸਹਾਰਿਆਂ ਹੋਵੇਗਾ ਉਸ ਨੇ ਇਹ ਸਾਰਾ ਦਰਦ? ਪਰ ਇਸ ਸੂਰਮੇ ਪੁੱਤਰ ਦੀ ਮਾਂ ਹੌਸਲਾ ਕਰਕੇ ਹਰ ਉਸ ਜਲਸੇ, ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੁੰਦੀ ਰਹੀ ਜੋ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੁੰਦਾ ਸੀ। ਬੀਬੀ ਜੀ ਦੀ ਉਮਰ ਦੇ ਆਖਰੀ ਸਾਲ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ‘ਪੰਜਾਬ ਮਾਤਾ’ ਦੇ ਖਿਤਾਬ ਨਾਲ ਨਿਵਾਜਿਆ। 1 ਜੂਨ 1975 ਨੂੰ ਉਹ ਸਾਡੇ ਕੋਲੋਂ ਵਿੱਛੜ ਗਏ।
ਬੀਬੀ ਹਰਨਾਮ ਕੌਰ (ਸ਼ਹੀਦ ਭਗਤ ਸਿੰਘ ਦੇ ਚਾਚੀ ਜੀ)
ਬੀਬੀ ਹਰਨਾਮ ਕੌਰ ਬਚਪਨ ਵਿੱਚ ਹੀ ਯਤੀਮ ਹੋ ਗਈ। ਉਸ ਨੂੰ ਧਨਪਤ ਰਾਏ ਵਕੀਲ ਨੇ ਪਾਲਿਆ ਸੀ। 1903 ਵਿੱਚ ਬੀਬੀ ਦਾ ਵਿਆਹ ਸ. ਅਜੀਤ ਸਿੰਘ ਨਾਲ ਹੋਇਆ। ਵਿਆਹ ਤੋਂ ਤਿੰਨ-ਚਾਰ ਸਾਲ ਬਾਅਦ ਹੀ ਉਸ ਦਾ ਪਤੀ ਰਾਜਸੀ ਤੌਰ ’ਤੇ ਸਰਗਰਮ ਹੋ ਗਿਆ ਅਤੇ ਉਹ ਵਧੇਰੇ ਕਰ ਕੇ ਘਰੋਂ ਬਾਹਰ ਹੀ ਰਹਿੰਦਾ ਸੀ। 1907 ਵਿੱਚ ‘ਪਗੜੀ ਸੰਭਾਲ ਜੱਟਾ’ ਲਹਿਰ ਦੀ ਅਗਵਾਈ ਕਰਨ ਕਾਰਨ ਉਸ ਦੇ ਵਾਰੰਟ ਜਾਰੀ ਹੋ ਗਏ ਤੇ ਉਹ ਰੂਪੋਸ਼ ਹੋ ਗਿਆ। ਸਰਕਾਰ ਨੇ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰ ਦਿੱਤੇ। ਸੱਜ ਵਿਆਹੀ ਬੀਬੀ ’ਤੇ ਦੁੱਖਾਂ ਦੇ ਪਹਾੜ ਟੁੱਟ ਪਏ। ਪਤੀ ਦੇ ਸਾਥ ਤੋਂ ਵਿਹੂਣੀ, ਸੋਚਾਂ ਵਿੱਚ ਡੁੱਬੀ ਨੂੰ ਅੱਗੇ ਪਿੱਛੇ ਕੋਈ ਆਸਰਾ ਦਿਖਾਈ ਨਾ ਦਿੰਦਾ। ਉਦੋਂ ਉਸ ਘਰ ਵਿੱਚ ਇੱਕੋ ਆਸ ਦਾ ਚਿਰਾਗ ਸੀ ਡੇਢ-ਦੋ ਸਾਲਾ ਬਾਲ ਭਗਤ ਸਿੰਘ। ਬੀਬੀ ਨੇ ਆਪਣਾ ਸਾਰਾ ਧਿਆਨ ਭਗਤ ਸਿੰਘ ਨੂੰ ਪਾਲਣ, ਖਿਡਾਉਣ ਤੇ ਪੜ੍ਹਾਉਣ ਵੱਲ ਲਗਾ ਦਿੱਤਾ। ਛੋਟੀ ਉਮਰ ਵਿੱਚ ਹੀ ਭਗਤ ਸਿੰਘ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਕੁੱਦ ਪਿਆ ਤੇ ਹਕੂਮਤ ਨੇ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਬੀਬੀ ਹਰਨਾਮ ਕੌਰ ਦਾ ਪਤੀ ਸ. ਅਜੀਤ ਸਿੰਘ ਪੂਰੇ 40 ਸਾਲ ਬਾਅਦ ਰਿਹਾਅ ਹੋ ਕੇ ਘਰ ਪਰਤਿਆਂ ਤਾਂ ਉਹ ਜ਼ਿੰਦਗੀ ਦੀ ਆਖਰੀ ਮੰਜ਼ਿਲ ’ਤੇ ਸੀ ਤੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਗਿਣਤੀ ਪੱਖੋਂ ਤਾਂ ਬੀਬੀ ਜੀ ਨੇ ਵਿਆਹੁਤਾ ਜੀਵਨ ਦੇ 44 ਸਾਲ ਬਤੀਤ ਕੀਤੇ ਹਨ ਪਰ ਹਕੀਕਤ ਵਿੱਚ ਤਾਂ ਚਾਰ ਸਾਲਾਂ ਵਿੱਚੋਂ ਵੀ ਗਿਣਤੀ ਦੇ ਦਿਨ ਹੀ ਉਹ ਪਤੀ-ਪਤਨੀ ਇਕੱਠੇ ਰਹੇ ਹੋਣਗੇ। ਉਹ ਮਾਂ ਨਾ ਬਣ ਸਕੀ, ਸਾਰੀ ਉਮਰ ਪਤੀ ਦੀ ਉਡੀਕ ਦੀ ਆਸ ਵਿੱਚ ਹੀ ਨਿਕਲ ਗਈ ਤੇ ਆਖਰੀ ਉਮਰ ਵਿੱਚ ਉਹ ਵਿਧਵਾ ਹੋ ਗਈ।
ਬੀਬੀ ਹੁਕਮ ਕੌਰ (ਸ਼ਹੀਦ ਭਗਤ ਸਿੰਘ ਦੇ ਚਾਚੀ ਜੀ)
ਬੀਬੀ ਹੁਕਮ ਕੌਰ ਦਾ ਵਿਆਹ ਸ. ਸਵਰਨ ਸਿੰਘ ਨਾਲ ਹੋਇਆ ਸੀ। ਸ. ਸਵਰਨ ਸਿੰਘ ਵੀ ਆਪਣੇ ਵੱਡੇ ਭਰਾ ਸ. ਅਜੀਤ ਸਿੰਘ ਨਾਲ ‘ਭਾਰਤ ਮਾਤਾ ਸੁਸਾਇਟੀ’ ਵਿੱਚ ਅਤੇ ਅੰਗਰੇਜ਼ਾਂ ਵਿਰੁੱਧ ਸਾਹਿਤ ਛਾਪਣ ਵਿੱਚ ਸਰਗਰਮ ਰਹੇ। ਹਕੂਮਤ ਨੇ ਇਨ੍ਹਾਂ ਨੂੰ ਬਗਾਵਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਬਹੁਤ ਤਸ਼ੱਦਦ ਕੀਤਾ। ਜੇਲ੍ਹ ਵਿਚਲੇ ਤਸ਼ੱਦਦ ਕਾਰਨ ਉਨ੍ਹਾਂ ਨੂੰ ਤਪਦਿਕ ਹੋ ਗਿਆ ਤੇ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਬੀਬੀ ਹੁਕਮ ਕੌਰ ਬਹੁਤ ਛੋਟੀ ਉਮਰ ਵਿੱਚ ਵਿਧਵਾ ਹੋ ਗਈ। ਉਹ ਇਸ ਪਰਿਵਾਰ ਦੀ ਸਾਰਿਆਂ ਤੋਂ ਛੋਟੀ ਨੂੰਹ ਸੀ ਜੋ ਸਭ ਤੋਂ ਪਹਿਲਾ ਵਿਧਵਾ ਹੋ ਗਈ। ਇਸ ਪਰਿਵਾਰ ਵਿੱਚੋਂ ਸ਼ਹੀਦਾਂ ਦੀ ਕਤਾਰ ਵਿੱਚ ਨਾਮ ਦਰਜ ਕਰਾਉਣ ਦੀ ਪਹਿਲ ਬੀਬੀ ਹੁਕਮ ਕੌਰ ਦੇ ਪਤੀ ਸ. ਸਵਰਨ ਸਿੰਘ ਦੇ ਹਿੱਸੇ ਆਈ।
ਸੰਪਰਕ: 94172-25365