ਅਮਰੀਕਾ ਤੇ ਸਹਿਯੋਗੀ ਚੀਨ ਤੇ ਰੂਸ ਨਾਲ ਮਿਹਣੋ-ਮਿਹਣੀ
ਸੰਯੁਕਤ ਰਾਸ਼ਟਰ, 1 ਜੂਨ
ਉੱਤਰੀ ਕੋਰੀਆ ਵੱਲੋਂ ਲਗਾਤਾਰ ਦਾਗ਼ੀਆਂ ਜਾ ਰਹੀਆਂ ਮਿਜ਼ਾਈਲਾਂ ਅਤੇ ਪਰਮਾਣੂ ਹਥਿਆਰ ਵਰਤਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਫਿਕਰਮੰਦ ਅਮਰੀਕਾ ਅਤੇ ਉਸ ਦੇ ਭਾਈਵਾਲ ਦੱਖਣੀ ਕੋਰੀਆ ਤੇ ਜਪਾਨ ਸ਼ੁੱਕਰਵਾਰ ਨੂੰ ਚੀਨ ਤੇ ਰੂਸ ਨਾਲ ਮਿਹਣੋ-ਮਿਹਣੀ ਹੋ ਗਏ। ਉੱਤਰੀ ਕੋਰੀਆ ਵੱਲੋਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ 27 ਮਈ ਨੂੰ ਦਾਗ਼ਿਆ ਗਿਆ ਸੈਟੇਲਾਈਟ ਨਾਕਾਮ ਰਹਿਣ ਮਗਰੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਹੰਗਾਮੀ ਮੀਟਿੰਗ ਸੱਦੀ ਗਈ ਸੀ। ਸੰਯੁਕਤ ਰਾਸ਼ਟਰ ਦੇ ਸਹਾਇਕ ਸਕੱਤਰ ਜਨਰਲ ਖਾਲਿਦ ਖਿਆਰੀ ਨੇ ਪਰਿਸ਼ਦ ਮੈਂਬਰਾਂ ਨੂੰ ਦੱਸਿਆ ਕਿ ਖੁਦਮੁਖਤਿਆਰ ਮੁਲਕਾਂ ਨੂੰ ਸ਼ਾਂਤਮਈ ਪੁਲਾੜ ਸਰਗਰਮੀਆਂ ਤੋਂ ਲਾਹਾ ਲੈਣ ਦਾ ਪੂਰਾ ਹੱਕ ਹੈ ਪਰ ਉੱਤਰੀ ਕੋਰੀਆ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਕੋਰੀਆ ਖ਼ਿੱਤੇ ’ਚ ਵਧ ਰਹੇ ਤਣਾਅ ਕਾਰਨ ਉਹ ਫਿਕਰਮੰਦ ਹਨ। ਉੱਤਰੀ ਕੋਰੀਆ ਦੇ ਸੰਯੁਕਤ ਰਾਸ਼ਟਰ ’ਚ ਸਫ਼ੀਰ ਕਿਮ ਸੌਂਗ ਨੇ ਕਿਹਾ ਕਿ ਸੈਟੇਲਾਈਟ ਲਾਂਚ ਕਰਨ ਦਾ ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨ ਅਤੇ ਬਾਹਰੀ ਪੁਲਾੜ ਸੰਧੀ ਤਹਿਤ ਪੂਰਾ ਹੱਕ ਹੈ। ਕਿਮ ਨੇ ਕਿਹਾ ਕਿ ਅਮਰੀਕਾ ਵੱਲੋਂ ਕੋਰੀਆ ਪ੍ਰਾਇਦੀਪ ’ਚ ਰਣਨੀਤਕ ਤੌਰ ’ਤੇ ਹਥਿਆਰਾਂ ਦੀ ਤਾਇਨਾਤੀ ਅਤੇ ਮਸ਼ਕਾਂ ਨਾਲ ਉਥੇ ਤਣਾਅ ਪੈਦਾ ਕੀਤਾ ਹੋਇਆ ਹੈ। ਦੱਖਣੀ ਕੋਰੀਆ ਦੇ ਸਫ਼ੀਰ ਜੂਨਕੁੱਕ ਹਵਾਂਗ ਨੇ ਕਿਹਾ ਕਿ ਸਵੈ-ਰੱਖਿਆ ਦੇ ਹੱਕ ’ਤੇ ਦਾਅਵੇ ਦਾ ਅਧਿਕਾਰ ਉਨ੍ਹਾਂ ਦੇ ਮੁਲਕ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੀ ਪਰਮਾਣੂ ਨੀਤੀ ਨਾਲ ਖ਼ਤਰਾ ਹੋਰ ਵਧ ਗਿਆ ਹੈ। ਅਮਰੀਕੀ ਉਪ ਸਫ਼ੀਰ ਰੌਬਰਟ ਵੁੱਡ ਨੇ ਸਲਾਮਤੀ ਕੌਂਸਲ ਨੂੰ ਉੱਤਰੀ ਕੋਰੀਆ ਦੇ ਲਾਂਚ ਪ੍ਰੋਗਰਾਮਾਂ ਦੀ ਨਿਖੇਧੀ ਕਰਨ ਦੀ ਅਪੀਲ ਕੀਤੀ। ਰੂਸੀ ਸਫ਼ੀਰ ਐਨਾ ਐਵਸਟਿਗਨੀਵਾ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਵੱਲੋਂ ਖ਼ਿੱਤੇ ’ਚ ਫ਼ੌਜੀ ਸਰਗਰਮੀਆਂ ਵਧਾਉਣ ਕਾਰਨ ਤਣਾਅ ਵਧ ਰਿਹਾ ਹੈ। ਚੀਨੀ ਸਫ਼ੀਰ ਫੂ ਕੌਂਗ ਨੇ ਕੋਰੀਆ ਪ੍ਰਾਇਦੀਪ ਦੇ ਹਾਲਾਤ ਤਣਾਅ ਵਾਲੇ ਦੱਸੇ ਅਤੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ। -ਏਪੀ
ਇਰਾਕ ’ਚ ਯੂਐੱਨ ਸਿਆਸੀ ਮਿਸ਼ਨ ਬੰਦ ਕਰਨ ਨੂੰ ਪ੍ਰਵਾਨਗੀ
ਸੰਯੁਕਤ ਰਾਸ਼ਟਰ: ਅਮਰੀਕਾ ਦੀ ਅਗਵਾਈ ਹੇਠ 2003 ’ਚ ਸੱਦਾਮ ਹੁਸੈਨ ਦੇ ਤਖ਼ਤਾਪਲਟ ਮਗਰੋਂ ਇਰਾਕ ’ਚ ਸਥਾਪਤ ਯੂਐੱਨ ਸਿਆਸੀ ਮਿਸ਼ਨ ਨੂੰ ਬੰਦ ਕਰਨ ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਸਰਬਸੰਮਤੀ ਨਾਲ ਵੋਟ ਪਾਈ। ਮਿਸ਼ਨ ਇਰਾਕ ’ਚ ਮਾਨਵੀ ਅਤੇ ਉਥੋਂ ਦੀ ਮੁੜ ਉਸਾਰੀ ’ਚ ਸਹਾਇਤਾ ਦੇਣ ਲਈ ਬਣਾਇਆ ਗਿਆ ਸੀ। ਇਰਾਕੀ ਸਰਕਾਰ ਨੇ ਕੌਂਸਲ ਨੂੰ 8 ਮਈ ਨੂੰ ਪੱਤਰ ਲਿਖ ਕੇ ਮਿਸ਼ਨ ਅਗਲੇ ਸਾਲ ਤੱਕ ਬੰਦ ਕਰਨ ਲਈ ਕਿਹਾ ਸੀ। ਹੁਣ ਅਗਲੇ ਸਾਲ 31 ਦਸੰਬਰ ਤੱਕ ਯੂਨਾਈਟਿਡ ਨੇਸ਼ਨਸ ਅਸਿਸਟੈਂਸ ਮਿਸ਼ਨ ਇਨ ਇਰਾਕ ਤਹਿਤ ਸਾਰਾ ਕੰਮ ਨਿਬੇੜ ਲਿਆ ਜਾਵੇਗਾ। ਉਂਜ ਸਲਾਮਤੀ ਕੌਂਸਲ ਨੇ ਇਰਾਕ ’ਚ ਸਥਿਰਤਾ ਲਿਆਉਣ ਲਈ ਮੁਲਕ ਨੂੰ ਸਹਾਇਤਾ ਦੇਣਾ ਜਾਰੀ ਰੱਖਣ ਦਾ ਅਹਿਦ ਲਿਆ ਹੈ। -ਏਪੀ