ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਖ਼ਿਲਾਫ਼ ਮੁੜ ਅੰਦੋਲਨ ਦਾ ਐਲਾਨ
* 16, 17 ਅਤੇ 18 ਨੂੰ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਗਾਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਾਨੂੰਨ, ਕਰਜ਼ਾ ਮੁਆਫ਼ੀ, ਫ਼ਸਲੀ ਬੀਮਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ, ਬਿਜਲੀ ਦੇ ਨਿੱਜੀਕਰਨ ਨੂੰ ਵਾਪਸ ਲੈਣ ਅਤੇ ਪਹਿਲਾਂ ਤੋਂ ਲਟਕਦੀਆਂ ਮੰਗਾਂ ਸਬੰਧੀ ਅੰਦੋਲਨ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੀ 10 ਜੁਲਾਈ ਨੂੰ ਦਿੱਲੀ ਵਿੱਚ ਹੋਈ ਜਨਰਲ ਬਾਡੀ ਮੀਟਿੰਗ ਵਿੱਚ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਫਿਰਕੂ ਅਤੇ ਕਾਰਪੋਰੇਟ ਪੱਖੀ ਲੋਕਾਂ ਦਾ ਮੁਕਾਬਲਾ ਕਰਨ ਲਈ ਰੋਜ਼ੀ-ਰੋਟੀ ਦੇ ਭਖਦੇ ਮੁੱਦਿਆਂ ਨੂੰ ਸਫਲਤਾਪੂਰਵਕ ਸਾਹਮਣੇ ਲਿਆਉਣ ਲਈ ਵਧਾਈ ਦਿੱਤੀ। ਮੋਰਚੇ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ‘400 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਦੇ ਮੁਕਾਬਲੇ 63 ਸੀਟਾਂ ਗੁਆ ਦਿੱਤੀਆਂ ਅਤੇ 10 ਸਾਲਾਂ ਵਿੱਚ ਪਹਿਲੀ ਵਾਰ ਸਿਰਫ 240 ਸੀਟਾਂ ਹਾਸਲ ਕਰ ਸਕੀ ਜੋ ਸੰਸਦ ਵਿੱਚ ਸਧਾਰਨ ਬਹੁਮਤ ਵੀ ਨਹੀਂ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਦੀਆਂ 38 ਦਿਹਾਤੀ ਸੀਟਾਂ ’ਤੇ ਭਾਜਪਾ ਦੀ ਹਾਰ ਅਤੇ ਲਖੀਮਪੁਰ ਖੀਰੀ, ਯੂਪੀ ਵਿੱਚ ਤਤਕਾਲੀ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਅਰਜੁਨ ਮੁੰਡਾ ਦੀ ਹਾਰ ਕਿਸਾਨ ਸੰਘਰਸ਼ ਦੇ ਪ੍ਰਭਾਵ ਨੂੰ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ 159 ਪੇਂਡੂ ਦਬਦਬੇ ਵਾਲੇ ਹਲਕਿਆਂ ਵਿੱਚ ਭਾਜਪਾ ਹਾਰੀ ਹੈ।
ਜਨਰਲ ਬਾਡੀ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਅਸ਼ੋਕ ਧਾਵਲੇ, ਡਾ. ਦਰਸ਼ਨ ਪਾਲ, ਯੁੱਧਵੀਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਰੇਵੁਲਾ ਵੈਂਕਈਆ, ਮੇਧਾ ਪਾਟਕਰ, ਸਤਿਆਵਾਨ, ਰੁਲਦੂ ਸਿੰਘ ਮਾਨਸਾ, ਡਾ. ਸੁਨੀਲਮ, ਅਵਿਕ ਸਾਹਾ, ਡਾ. ਅਸ਼ੀਸ਼ ਮਿੱਤਲ, ਤਜਿੰਦਰ ਸਿੰਘ ਵਿਰਕ ਅਤੇ ਡਾ. ਕੰਵਰਜੀਤ ਸਿੰਘ ਅਤੇ ਹਨਾਨ ਮੁੱਲਾ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ। ਮੀਟਿੰਗ ਵਿੱਚ 17 ਰਾਜਾਂ ਦੇ 143 ਡੈਲੀਗੇਟਾਂ ਨੇ ਭਾਗ ਲਿਆ। ਮੋਰਚੇ ਵੱਲੋਂ 736 ਕਿਸਾਨ ਸ਼ਹੀਦਾਂ ਦੀ ਯਾਦ ਵਿੱਚ ਸਿੰਘੂ/ਟਿਕਰੀ ਬਾਰਡਰ ’ਤੇ ਸ਼ਹੀਦ ਸਮਾਰਕ ਦੀ ਮੰਗ ਕੀਤੀ ਗਈ। ਖੇਤੀਬਾੜੀ ਲਈ ਵੱਖਰੇ ਬਜਟ, ਕੇਂਦਰ ਸਰਕਾਰ ਵਿੱਚ ਸਹਿਕਾਰਤਾ ਵਿਭਾਗ ਨੂੰ ਖ਼ਤਮ ਕਰਨ, ਖੇਤੀ ਲਾਗਤਾਂ ’ਤੇ ਜੀਐੱਸਟੀ ਨਾ ਲਾਉਣ, ਕੌਮੀ ਜਲ ਨੀਤੀ ਬਣਾਉਣ ਦੀ ਮੰਗ ਕੀਤੀ ਗਈ। ਆਗੂੁਆਂ ਨੇ ਫ਼ੈਸਲਾ ਕੀਤਾ ਕਿ 16, 17 ਅਤੇ 18 ਜੁਲਾਈ ਨੂੰ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸੇ ਤਰ੍ਹਾਂ 9 ਅਗਸਤ ਨੂੰ ‘ਕਾਰਪੋਰੇਟੋ! ਭਾਰਤ ਛੱਡੋ ਦਿਵਸ’ ਵਜੋਂ ਮਨਾਇਆ ਜਾਵੇਗਾ। ਸਾਂਝੇ ਸੰਘਰਸ਼ਾਂ ਲਈ ਕੇਂਦਰੀ ਟਰੇਡ ਯੂਨੀਅਨਾਂ ਨਾਲ ਤਾਲਮੇਲ ਮੀਟਿੰਗ ਹੋਵੇਗੀ।
ਮੁੱਖ ਮੰਤਰੀ ਅਤੇ ਮੰਤਰੀਆਂ ਦੀ ਰਿਹਾਇਸ਼ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚ ਵੱਲੋਂ 17 ਅਗਸਤ ਨੂੰ ਮੋਰਚਾ ਦੀ ਪੰਜਾਬ ਇਕਾਈ ਸੂਬੇ ਦੇ ਗੰਭੀਰ ਪਾਣੀ ਸੰਕਟ, ਕਰਜ਼ੇ ਦੇ ਬੋਝ, ਸੜਕੀ ਗਲਿਆਰਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਨੂੰ ਖੋਲ੍ਹਣ, ਪੰਜਾਬ ਦੀਆਂ ਸੰਘੀ ਮੰਗਾਂ ਲਈ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੁਆਰਾ ਸੱਤਾ ਅਤੇ ਸਰੋਤਾਂ ਦੇ ਕੇਂਦਰੀਕਰਨ ਦੀ ਨੀਤੀ ਖ਼ਿਲਾਫ਼ ਮੁੱਖ ਮੰਤਰੀ ਸਣੇ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਦਿਨ ਬਾਕੀ ਰਾਜਾਂ ਵਿੱਚ ਜਲ ਸੰਕਟ ਅਤੇ ਖੇਤੀਬਾੜੀ ਨੂੰ ਪ੍ਰਭਾਵਿਤ ਕਰਨ ਵਾਲੇ ਜਲਵਾਯੂ ਤਬਦੀਲੀ ਦੇ ਮੁੱਦੇ ਅਤੇ ਪਾਣੀ, ਜ਼ਮੀਨ, ਜੰਗਲ ਅਤੇ ਖਣਿਜਾਂ ਸਮੇਤ ਕੁਦਰਤੀ ਸਰੋਤਾਂ ਦੇ ਵਸਤੂੀਕਰਨ ਖ਼ਿਲਾਫ਼ ਸੈਮੀਨਾਰ ਕਰਵਾਏ ਜਾਣਗੇ।
ਸੋਧਿਆ ਹੋਇਆ 15 ਸੂਤਰੀ ਮੰਗ ਪੱਤਰ ਜਾਰੀ
ਪ੍ਰੈੱਸ ਕਾਨਫਰੰਸ ਵਿੱਚ ਹਨਨ ਮੌਲਾ, ਯੁੱਧਵੀਰ ਸਿੰਘ, ਡਾ. ਸੁਨੀਲਮ, ਅਵਿਕ ਸਾਹਾ, ਪੀ ਕ੍ਰਿਸ਼ਨਾ ਪ੍ਰਸਾਦ, ਆਰ ਵੈਂਕਈਆ ਅਤੇ ਪ੍ਰੇਮ ਸਿੰਘ ਗਹਿਲਾਵਤ ਨੇ ਸੋਧਿਆ ਹੋਇਆ 15 ਸੂਤਰੀ ਮੰਗ ਪੱਤਰ ਜਾਰੀ ਕੀਤਾ। ਸੰਯੁਕਤ ਕਿਸਾਨ ਮੋਰਚੇ ਤਰਫ਼ੋਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਹਰਿਆਣਾ, ਮਹਾਰਾਸ਼ਟਰ, ਝਾਰਖੰਡ ਅਤੇ ਜੰਮੂ ਕਸ਼ਮੀਰ ਦੀਆਂ ਰਾਜ ਤਾਲਮੇਲ ਕਮੇਟੀਆਂ ਮੀਟਿੰਗਾਂ ਕਰਨਗੀਆਂ। ਵਿਧਾਨ ਸਭਾ ਚੋਣਾਂ ਰਾਜ ਇਕਾਈਆਂ, ਟਰੇਡ ਯੂਨੀਅਨਾਂ ਅਤੇ ਹੋਰ ਜਨਤਕ ਅਤੇ ਵਰਗ ਸੰਗਠਨਾਂ ਨਾਲ ਤਾਲਮੇਲ ਕਰਨਗੀਆਂ ਅਤੇ ਟਰੈਕਟਰ ਤੇ ਮੋਟਰਸਾਈਕਲ ਮਾਰਚ, ਪਦਯਾਤਰਾ ਅਤੇ ਮਹਾਂਪੰਚਾਇਤਾਂ ਕਰਵਾਈਆਂ ਜਾਣਗੀਆਂ।
ਕਿਸਾਨ ਦਿੱਲੀ ਜਾ ਕੇ ਹੀ ਪੱਕਾ ਮੋਰਚਾ ਲਗਾਉਣਗੇ: ਪੰਧੇਰ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਤੇ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 16 ਜੁਲਾਈ ਦੀ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਰਚਾ ਕੇਂਦਰ ਸਰਕਾਰ ਖ਼ਿਲਾਫ਼ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਾਂ ਮੰਨ ਕੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਆਗੂ ਕੱਕਾ ਕੋਟੜਾ ਤੇ ਜਸਬੀਰ ਸਿੰਘ ਸਿੱਧੂਪੁਰ ਵੀ ਹਾਜ਼ਰ ਸਨ।