ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਲੋਕਤੰਤਰ ਦੀ ਵਚਿੱਤਰ ਖ਼ੂਬਸੂਰਤੀ

10:17 AM Jun 15, 2024 IST

ਦਰਬਾਰਾ ਸਿੰਘ ਕਾਹਲੋਂ
Advertisement

ਭਾਰਤੀ ਲੋਕਤੰਤਰ ਭਾਵੇਂ ਉਮਰ ਵਜੋਂ ਕੋਈ ਏਨਾ ਪ੍ਰੌਢ ਨਹੀਂ ਪਰ ਇਸ ਦੀਆਂ ਵਚਿੱਤਰ ਨੈਤਿਕ, ਸਿਧਾਂਤਕ, ਲੋਕਸ਼ਾਹੀ ਅਤੇ ਪ੍ਰੰਪਰਾਗਤ ਸ਼ਕਤੀਆਂ, ਡੂੰਘੀਆਂ ਸੂਝ-ਬੂਝ ਭਰੀਆਂ ਉੱਚ ਪੱਧਰੀ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਪੁਰਾਤਨ ਜਨ ਰਿਪਬਲਕਾਂ ਵਿਚ ਮੌਜੂਦ ਹਨ। ਸਾਡਾ ਦੁਖਾਂਤ ਇਹ ਹੈ ਕਿ ਅਸਾਂ ਆਪਣੀ ਅਜੋਕੀ ਲੋਕਸ਼ਾਹੀ ਪੱਛਮੀ ਲੋਕਤੰਤਰੀ ਅਤੇ ਸੰਵਿਧਾਨਕ ਸਿਸਟਮ ਅਧੀਨ ਅਪਨਾ ਲਈ ਜਦ ਕਿ ਆਪਣੇ ਮੌਲਿਕ ਰਿਪਬਲੀਕਨ ਲੋਕਤੰਤਰ ਨੂੰ ਨਜ਼ਰਅੰਦਾਜ਼ ਕਰ ਦਿਤਾ। ਫਿਰ ਵੀ ਸਾਡਾ ਲੋਕਤੰਤਰ ਪੱਛਮ ਹੀ ਨਹੀਂ ਵਿਸ਼ਵ ਦੇ ਸਮੁੱਚੇ ਲੋਕਤੰਤਰੀ ਸਿਸਟਮ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ, ਸੰਵੇਦਨਸ਼ੀਲ, ਜਾਗ੍ਰਿਤ ਅਤੇ ਸੁਰੱਖਿਅਤ ਹੈ।
ਇਹ ਲੋਕਤੰਤਰ ਤਾਨਾਸ਼ਾਹੀ, ਏਕਾਧਿਕਾਰ, ਫਿਰਕਾਪ੍ਰਸਤੀ, ਨਫ਼ਰਤੀ ਵੰਡਾਂ, ਜ਼ੁਲਮ, ਜ਼ਬਰ, ਸਮਾਜਿਕ ਬੇਇਨਸਾਫ਼ੀ, ਰਾਜਕੀ ਅਤੇ ਗੈਰ-ਰਾਜਕੀ ਹਿੰਸਾ ਦੇ ਸਖ਼ਤ ਖ਼ਿਲਾਫ਼ ਹੈ। ਅਜਿਹੀਆਂ ਅਲਾਮਤਾਂ ਨੂੰ ਰਾਜਨੀਤਕ, ਆਰਥਿਕ , ਸਮਾਜਿਕ ਅਤੇ ਧਾਰਮਿਕ ਤੌਰ ’ਤੇ ਬਰਦਾਸ਼ਤ ਨਹੀਂ ਕਰਦਾ। ਨਾਬਰ ਹੋ ਕੇ ਮੁਕਾਬਲਾ ਕਰਦਾ ਹੈ ਅਤੇ ਜਨਤਕ ਇੱਛਾ ਸ਼ਕਤੀ ਦਾ ਪ੍ਰਯੋਗ ਕਰਦਾ ਇਨ੍ਹਾਂ ਦਾ ਖਾਤਮਾ ਕਰਨ ਦੀ ਜੁਅਰਤ ਰੱਖਦਾ ਹੈ।
ਸੰਨ 1975 ਵਿਚ ਮਰਹੂਮ ਪ੍ਰਧਾਨ ਇੰਦਰਾ ਗਾਂਧੀ ਰੱਬ ਬਣ ਬੈਠੀ। ਭਾਰਤੀ ਰਾਜ ਦਾ ਵਜੂਦ ਖ਼ਤਮ ਕਰਦੇ ‘ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ (ਕਾਂਗਰਸ ਪ੍ਰਧਾਨ ਡੀ.ਕੇ.ਬਰੂਆ) ਕਹਾਉਣ ਲਗੀ। ਦੇਸ਼ ਵਿਚ ਐਮਰਜੈਂਸੀ ਲਗਾ ਕੇ ਦਮਨ ਕਰਨ ਲਗੀ। ਪ੍ਰੈਸ ਦੀ ਆਜ਼ਾਦੀ, ਬੋਲਣ ਦੀ ਆਜ਼ਾਦੀ ਅਤੇ ਵਿਰੋਧ ਦੀ ਆਵਾਜ਼ ਖ਼ਤਮ ਕਰ ਦਿਤੀ। ਸਮੁੱਚੀ ਵਿਰੋਧੀ ਧਿਰ ਜੇਲ੍ਹ ਵਿਚ ਬੰਦ ਕਰ ਦਿਤੀ। ਭਾਰਤੀ ਲੋਕਸ਼ਾਹੀ ਨੇ ਅੰਗੜਾਈ ਭਰੀ। ਨਾਬਰੀ ਜਾਗ੍ਰਿਤ ਹੋਈ। ਸੰਨ 1977 ਦੀਆਂ ਆਮ ਚੋਣਾਂ ਵਿਚ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੱਤਾ ਵਿਚੋਂ ਬਾਹਰ ਕਰ ਦਿੱਤਾ। ਭਾਰਤੀ ਲੋਕਤੰਤਰ ਦੀ ਪੂਰੇ ਦੇਸ਼ ਵਿਚ ਜੈ ਜੈ ਕਾਰ ਹੋਈ
ਜਦੋਂ ਮੁੜ੍ਹ ਲੋਕਸ਼ਾਹੀ ਰਾਹੀਂ ਸੱਤਾ ਵਿਚ ਪਰਤ ਕੇ ਉਹ ਫਿਰ ਲੋਕਤੰਤਰ ਦੇ ਘਾਣ ਵੱਲ ਏਨੀ ਵਧੀ ਕਿ ਆਪਣੇ ਨਾਗਰਿਕਾਂ, ਧਾਰਮਿਕ ਸਥਾਨਾਂ, ਪੰਜਾਬ ਪ੍ਰਾਂਤ ਨੂੰ ਫੌਜੀ ਸ਼ਕਤੀ ਨਾਲ ਦਬਾ ਕੇ ਖਾੜਕੂ ਸ਼ਕਤੀਆਂ ਬਹਾਨੇ ਬੇਗੁਨਾਹਾਂ, ਮਜ਼ਲੂਮਾਂ, ਬੱਚਿਆਂ, ਬੁੱਢਿਆਂ, ਔਰਤਾਂ ਦਾ ਘਾਣ ਕੀਤਾ ਤਾਂ ਭਾਰਤੀ ਲੋਕਸ਼ਾਹੀ ਦੀ ਅਣਖ ਜਾਗੀ ਤਾਂ ਉਸ ਨੂੰ ਜਾਨ ਦੇਣੀ ਪਈ। ਉਪਰੰਤ ਜਦੋਂ ਹਜ਼ਾਰਾਂ ਬੇਗੁਨਾਹ ਘੱਟ ਗਿਣਤੀ ਸਿੱਖਾਂ ਦੇ ਦਿੱਲੀ, ਕਾਨਪੁਰ, ਬਕਾਰੋ, ਹਰਿਆਣਾ ਆਦਿ ’ਚ ਕਤਲੇਆਮ ਅਤੇ ਗੁਆਂਢੀ ਮੁਲਕ ਸ਼੍ਰੀਲੰਕਾ ਵਿਚ ‘ਸ਼ਾਂਤੀ ਸੈਨਾ’ ਦੇ ਨਕਾਬ ਹੇਠ ਭਾਰਤੀ ਫੌਜਾਂ ਭੇਜ ਕੇ ਉਸ ਦੇ ਪੁੱਤਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਖੂਨੀ ਖੇਲ ਖੇਲਿਆ ਤਾਂ ਲਹੂ-ਲੁਹਾਨ ਤਾਮਿਲਾਂ ਨੇ ਉਸਨੂੰ ਖਤਮ ਕਰ ਦਿੱਤਾ।
ਪਿਛਲੇ 10 ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਨੀ ਤਾਕਤ ਫੜ ਗਏ ਕਿ ਆਪਣੇ ਆਪ ਨੂੰ ਰੱਬ ਵਲੋਂ ਕਿਸੇ ਵਿਸ਼ੇਸ਼ ਕਾਰਜ ਲਈ ਭੇਜਿਆ ਅਵਤਾਰ ਪ੍ਰਚਾਰਨ ਲਗ ਪਏ। ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਵੱਲੋਂ 543 ਦੇ ਲੋਕ ਸਭਾ ਸਦਨ ਵਿਚ 350 ਤੋਂ ਵੱਧ ਅਤੇ ਐੱਨਡੀਏ ਗਠਜੋੜ ਵਲੋਂ ‘ਅਬ ਕੀ ਬਾਰ 400 ਪਾਰ’ ਦਾ ਨਿਸ਼ਚਾ ਪ੍ਰਚਾਰਨ ਲਗੇ। ਬਦਨਾਮ ਗੋਦੀ ਮੀਡੀਆ ਵਾਹੋਦਾਹੀ ਪ੍ਰਚਾਰ ਰਸਤੇ ਤੁਰ ਪਿਆ, ਐਗਜ਼ਿਟ ਪੋਲ ਧੜਾਧੜ ਅਜਿਹੇ ਨਤੀਜੇ ਪਰੋਸਣ ਲੱਗੇ , ਈਡੀ, ਆਈਟੀ, ਸੀਬੀਆਈ, ਐੱਨਆਈਏ ਰਾਜਕੀ ਏਜੰਸੀਆਂ ਦੇ ਛਾਪਿਆਂ, ਝੂਠੇ ਕੇਸਾਂ, ਐੱਨਐੱਸਏ ਅਤੇ ਯੂਏਪੀਏ ਕਾਨੂੰਨਾਂ ਡਰੋਂ ਵਿਰੋਧੀ ਧਿਰਾਂ ਨਾਲ ਸਬੰਧਿਤ ਕਮਜ਼ੋਰ ਰਾਜਨੀਤਕ ਆਗੂ ਧੜਾਧੜ ਭਾਜਪਾ ਦਾ ਪੱਲਾ ਫੜਨ ਲੱਗੇ। ਫਿਰਕੂ ਪ੍ਰਚਾਰ ਰੰਗ ਪਕੜਨ ਲੱਗਾ। ਗੋਦੀ ਟੀਵੀ ਚੈਨਲਾਂ ਉਪਰ ਮੱਥੇ ’ਤੇ ਤਿਲਕ ਲਗਾਈ ਜੋਤਸ਼ੀ ਨਰਿੰਦਰ ਮੋਦੀ ਦੀ ਬ੍ਰਿਸ਼ਚਕ ਰਾਸ਼ੀ ਦੇ ਵੱਡੇ-ਵੱਡੇ ਪ੍ਰਾਕਰਮੀ ਵਿਖਿਆਨ ਕਰਨ ਲੱਗੇ। ਐਗਜ਼ਿਟ ਪੋਲਾਂ ਬਾਰੇ ਤਿੱਖਾ ਤਨਜ਼ ਕਰਦੇ ਕਿਸਾਨ ਆਗੂ ਰਾਕੇਸ਼ ਟਿਕੈਤ ਕਹਿ ਉੱਠੇ, ‘ਜਿਸ ਦੇਸ਼ ਦਾ ਰਾਜਾ ਤਾਨਾਸ਼ਾਹ ਅਤੇ ਜੋਤਸ਼ੀ ਹੋਵੇ, ਉੱਥੇ ਐਗਜ਼ਿਟ ਪੋਲ ਅਜਿਹੇ ਹੀ ਹੋਣਗੇ।’ ਯੂਕੇ ਦਾ ਪ੍ਰਸਿੱਧ ਅਖ਼ਬਾਰ ‘ਗਾਰਜੀਅਨ’ ਅਤੇ ‘ਰਾਇਟਰ’ ਆਦਿ ਵੀ ਦਰਸਾਉਣੋਂ ਨਾ ਰਹਿ ਸਕੇ ਕਿ ਟੀਵੀ ਐਗਜ਼ਿਟ ਪੋਲ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਾਅਦ ਹੈਟਟ੍ਰਿਕ ਲਗਾਉਂਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ।
ਪਰ 43 ਦਿਨ ਸਖਤ ਗਰਮੀ ਦੇ ਮੌਸਮ ਵਿਚ 19 ਅਪਰੈਲ ਤੋਂ ਪਹਿਲੀ ਜੂਨ ਤਕ 43 ਦਿਨ ਦੀ ਚੋਣ ਪ੍ਰਕਿਰਿਆ ਦੌਰਾਨ ਜਦੋਂ ਸ੍ਰੀ ਮੋਦੀ, ਭਾਜਪਾ ਆਗੂਆਂ, ਬਾਹੂਬਲੀ ਸਮਰਥਕਾਂ ਅਤੇ ਸਹਿਯੋਗੀਆਂ ਨੂੰ ਭਾਰਤੀ ਜਨਤਾ ਦੇ ਬਦਲਦੇ ਤੇਵਰਾਂ ਦਾ ਗਿਆਨ ਹੋਣ ਲੱਗਾ ਤਾਂ ਉਹ ਲੋਕਤੰਤਰੀ ਸਿਸ਼ਟਾਚਾਰ ਭੁੱਲਣ ਲਗੇ। ਬਹੁਗਿਣਤੀ ਦੇ ਵੋਟ ਬੈਂਕ ਤੇ ਨਜ਼ਰ ਗੱਡਦੇ ‘ਮਟਨ, ਮੱਛਲੀ , ਮਸਜਿਦ, ਮੁਸਲਮਾਨ, ਮੰਗਲਸੂਤਰ, ਮੁਜਰਾ ਸ਼ਬਦਾਂ ਦੀ ਵਰਤੋਂ ਕਰਨ ਲਗੇ, ਦਹਾਕੇ ਤੋਂ ਵੱਧ ਸਮਾਂ ਪਹਿਲਾਂ ਘੱਟ ਗਿਣਤੀਆਂ ਦੇ ਭਾਰਤੀ ਆਰਥਿਕ ਅਤੇ ਕੁਦਰਤੀ ਸਰੋਤਾਂ ਤੇ ਸਮਾਜਿਕ ਇਨਸਾਫ਼ ਆਧਾਰ ਤੇ ਅਧਿਕਾਰਾਂ ਦੇ ਸ਼ਬਦ ਫਿਰਕੂ ਰੰਗਤ ਦੁਹਰਾਉਣ ਲੱਗੇ। ਹੈਰਾਨੀ ਇਸ ਗੱਲ ਦੀ ਰਹੀ ਕਿ ਚੋਣ ਕਮਿਸ਼ਨ ਇਸ ਬਾਰੇ ਚੁੱਪ ਰਿਹਾ। ਘੱਟ ਗਿਣਤੀ ਵਰਗ ਨੂੰ ‘ਘੁਸਪੈਠੀਏ,’ ‘ਜ਼ਿਆਦਾ ਬੱਚੇ ਜੰਮਣ ਵਾਲੇ,’ 145 ਰੈਲੀਆਂ ਵਿਚ 286 ਵਾਰ ਉਨਾਂ ਦਾ ਜ਼ਿਕਰ ਕਰਨੋਂ ਖੁਦ ਪ੍ਰਧਾਨ ਮੰਤਰੀ ਨਹੀਂ ਰੁਕੇ। ਫਿਰ ‘ਸਭ ਕਾ ਸਾਥ,ਸਭ ਕਾ ਵਿਸ਼ਵਾਸ ’ ਵਾਲਾ ਨਾਅਰਾ ਕਿੱਥੇ ਗਿਆ? ਘੱਟੋ-ਘੱਟ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੀਕਰ, ਚੀਫ਼ ਜਸਟਿਸ ਆਦਿ ਦੇ ਮੁਖਾਰਬਿੰਦ ਤੋਂ ਅਜਿਹੇ ਸ਼ਬਦ ਨਹੀਂ ਫਬਦੇ।
ਨਾਬਰ ਭਾਰਤੀ ਲੋਕਤੰਤਰ ਦੀ ਜਨਤਾ ਸਹਾਰੇ ਵਿਰੋਧੀ ਧਿਰ ਦੇ ਜਿਸ ਆਗੂ ਨੂੰ ਰਾਜਕੀ ਸੂਝਬੂਝ ਤੋਂ ਹੀਣਾ ਸਮਝਦਿਆਂ ਸੰਘ ਪਰਿਵਾਰ ‘ਪੱਪੂ’ ਕਹਿੰਦਾ ਰਿਹਾ, ਉਸ ਨੇ ਆਪਣੇ ਹਮਜੋਲੀ ਰਾਜਸੀ ਆਗੂਆਂ ਨਾਲ ਮਿਲ ਕੇ ‘ਪ੍ਰਚੰਡ ਜਿੱਤ’ ਦਾ ਝੰਡਾ ਸਜਾਈ ਦੇਸ਼ ਵਿਚ ਭਰਮਣ ਕਰ ਰਹੇ ‘ਅਸ਼ਵਮੇਧ ਯੱਗ’ ਵਾਲੇ ਘੋੜੇ ਨੂੰ ਅੱਧ ਵਿਚਾਲੇ ਡੱਕ ਲਿਆ। ਸ੍ਰੀ ਮੋਦੀ ਦਾ ਰਾਜਨੀਤਕ ਸੁਰੱਖਿਆ ਕਵਚ ਤੋੜ ਸੁੱਟਿਆ। ਚਾਰ ਜੂਨ, 2024 ਨੂੰ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਮੋਦੀ ਸਾਹਿਬ ਦੀਆਂ ਲੱਤਾਂ ਸੱਤਾ ਵੱਲ ਵਧਣੋਂ ਜਵਾਬ ਦੇ ਗਈਆਂ। ਸੰਨ 2019 ਵਿਚ ਜਿਸ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਉਹ ਹੁਣ 240 ’ਤੇ ਅੜ ਗਈ। ਮੋਦੀ ਨੂੰ ਸੱਤਾ ਸਿੰਘਾਸਣ ’ਤੇ ਬੈਠਣ ਲਈ ਸਹਿਯੋਗੀ ਐੱਨਡੀਏ ਭਾਈਵਾਲਾਂ ਦੀਆਂ ਬੈਸਾਖੀਆਂ ਦਾ ਸਹਾਰਾ ਲੈਣਾ ਪਿਆ।‘ ਲੰਕਾ ਸਾ ਕੋਟ, ਸਮੁੰਦ ਸੀ ਖਾਈ’ ਸੁਰੱਖਿਅਤ ਨਾ ਰੱਖ ਸਕੇ। ਐੱਨਡੀਏ ਨੇ 400 ਪਾਰ ਤਾਂ ਕੀ ਕਰਨਾ ਸੀ, 293 ’ਤੇ ਮਸਾਂ ਪੁੱਜਾ। ਜੋ ਕਦੇ ਕਿਸੇ ਘੜੇ ਦੇ ਢੱਕਣ ਨਹੀਂ ਬਣ ਸਕੇ, ਜਿਨ੍ਹਾਂ ਵਿਚੋਂ ਇਕ ਨੇ ਤਾਂ ਆਪਣੇ ਸਹੁਰੇ ਐੱਨਟੀ. ਰਾਮਾਰਾਓ ਦਾ ਸੱਤਾ ਲਈ ਤਖ਼ਤ ਉਲਟਾ ਦਿਤਾ ਸੀ ਭਾਵ ਸ਼੍ਰੀ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੀਆਂ ਬੈਸਾਖੀਆਂ ਦਾ ਸਹਾਰਾ ਲੈਣਾ ਪਿਆ। ਇਵੇਂ ਸ਼ਿਵ ਸੈਨਾ (ਠਾਕਰੇ) ਪ੍ਰਮੁੱਖ ਊਧਵ ਠਾਕਰੇ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਸੁਸ਼ੀਲ ਸ਼ਿੰਦੇ ਅਤੇ ਚਾਚੇ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਅਜੀਤ ਪਾਵਾਰ ਵਰਗਿਆਂ ਦੀਆਂ ਬੈਸਾਖਆਂ ਦੇ ਸਹਾਰੇ ਦੀ ਲੋੜ ਪੈ ਗਈ।
ਕੈਮਰੇ, ਐਂਕਰ, ਸੁਰੱਖਿਆ ਦਸਤੇ ਨਾਲ ਲੈ ਕੇ ‘ਮੌਨ ਵਰਤ’ ਦੇ ਦਿਖਾਵੇ ਦਾ ਭਾਰਤੀ ਲੋਕਾਂ ਅਤੇ ਵਿਸ਼ਵ ਭਾਈਚਾਰੇ ’ਤੇ ਬੁਰਾ ਅਸਰ ਪਿਆ। ਚੰਗਾ ਹੰਦਾ ਜੇ ਸਵੇਰੇ-ਸ਼ਾਮ ਇੱਕ ਨਿਮਰ ਸੇਵਕ ਵਜੋਂ ਦਿੱਲੀ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਵਿੱਤਰ ਗੁਰਬਾਣੀ ਸਰਵਣ ਕਰਦੇ। ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕ ਤਿਨ ਕੇ ਸੰਗ ਸਾਥਿ ਵਡਿਆ ਸਿਉ ਕਿਆ ਰੀਸ॥ ਜਿੱਥੇ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ।’’’
ਇਵੇਂ ਸਮਝ ਪੈਂਦੀ ਕਿ ਤੁਸੀਂ ਕੋਈ ਵਿਅਕਤੀ ਵਿਸ਼ੇਸ਼ ਜਾਂ ਰੱਬ ਦੇ ਦੂਤ ਨਹੀਂ, ਇਨ੍ਹਾਂ ਲੋਕਾਂ ਵਿਚੋਂ ਇੱਕ ਹੋ। ਜਿਸ ਪਦ ਜਾਂ ਪੁਜੀਸ਼ਨ ਵਿਚ ਹੋ ਇਨ੍ਹਾਂ ਵਲੋਂ ਸਾਜੇ ਨਿਵਾਜੇ ਹੋ। ਜਦੋਂ ਤੁਹਾਡੀ ਰਹਿਨੁਮਾਈ ਵਿਚ ਭਾਜਪਾ ਬਹੁਮੱਤ ਨਹੀਂ ਹਾਸਿਲ ਕਰ ਸਕੀ ਤਾਂ ਤੁਹਾਨੂੰ ਨੈਤਿਕ ਜ਼ਿੰਮੇਵਾਰੀ ਲੈਂਦੇ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਸੀ। ਕੈਨੇਡਾ ਅੰਦਰ ਤੁਹਾਡੇ ਹਮਰੁਤਬਾ ਸਟੀਫਨ ਹਾਰਪਰ, ਕੰਜ਼ਰਵੇਟਿਵ ਪਾਰਟੀ ਆਗੂ ਅਤੇ ਉਸ ਦੇ ਬਾਅਦ ਇਸ ਪਾਰਟੀ ਦੇ ਆਗੂ ਐਂਡਰਿਊ ਸ਼ੀਰ, ਐਰਿਨ ਓਟੂਲ ਨੇ ਚੋਣ ਹਾਰਨ ’ਤੇ ਅਜਿਹਾ ਹੀ ਕੀਤਾ ਸੀ। ਬੈਸਾਖੀਆਂ ਦੇ ਸਹਾਰੇ ਸੱਤਾ ਪ੍ਰਾਪਤ ਕਰਕੇ ਤੁਸੀਂ 5 ਸਾਲ ਨਿਸ਼ਚਿਤ ਤੌਰ ’ਤੇ ਸਰਕਾਰ ਨਹੀਂ ਚਲਾ ਸਕੋਗੇ। ਹੁਣ ਤੁਹਾਡੀ ਮਨਮਾਨੀ ਨਹੀਂ ਚੱਲੇਗੀ। ਤੁਹਾਡੇ ਦਾਅਵੇ ਨਿਰਮੂਲ ਹਨ।
ਜੇ ਤੁਸੀਂ ਭਾਰਤੀ ਲੋਕਤੰਤਰ ਦੀ ਖੂਬਸੂਰਤੀ, ਨੈਤਿਕ ਕਦਰਾਂ ਕੀਮਤਾਂ ਅਤੇ ਲੋਕਤੰਤਰੀ ਅਸੂਲਾਂ ਅਧੀਨ ਕਰੜਾ ਫੈਸਲਾ ਲੈਂਦੇ ਤਾਂ ਜੇਲ੍ਹ ਵਿਚੋਂ ਸਰਕਾਰ ਚਲਾਉਣ ਦੀ ਜ਼ਿੱਦ ਅਰਵਿੰਦ ਕੇਜਰੀਵਾਲ ਛੱਡ ਦਿੰਦਾ। ਦਿੱਲੀ ਵਿਚ ਮੂੰਹ ਦੀ ਖਾਣ ਬਾਅਦ ਆਮ ਆਦਮੀ ਪਾਰਟੀ ਦੀ ਕਨਵੀਨਰਸ਼ਿਪ ਤੋਂ ਅਸਤੀਫ਼ਾ ਦੇ ਦਿੰਦਾ। ਇਵੇਂ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਅਸਤੀਫ਼ਾ ਦੇ ਦਿੰਦਾ। ਦਸ ਸੀਟਾਂ ’ਤੇ ਜ਼ਮਾਨਤ ਜ਼ਬਤ ਅਤੇ ਸਿਰਫ਼ ਪਤਨੀ ਨੂੰ ਜਿਤਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਸਪਾ ਸੁਪਰੀਮੋ ਮਾਇਆਵਤੀ, ਬੀਜੇਡੀ ਰੋਹਲਾ ਤੇ ਬਿਮਾਰ ਆਗੂ ਨਵੀਨ ਪਨਨਾਇਕ, ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ, ਬੀਆਰਐਸ (ਤਿਲੰਗਾਨਾ) ਸੁਪਰੀਮੋ ਕੇ ਚੰਦਰਸ਼ੇਖ ਰਾਓ ਆਦਿ ਸ਼ਰਮਨਾਕ ਹਾਰਾਂ ਕਾਰਨ ਅਸਤੀਫ਼ੇ ਦੇ ਦਿੰਦੇ।
ਤੁਸੀਂ ਬੈਸਾਖੀਆਂ ਸਹਾਰੇ ਇਕਸਾਰ ਸਿਵਲ ਕੋਡ, ਇਕ ਦੇਸ਼, ਇਕ ਚੋਣ, ਲੈਂਡ ਅਤੇ ਲੇਬਰ ਸੁਧਾਰ, ਸੰਵਿਧਾਨ ਸੋਧ, ਡੀਲਿਮਟੇਸ਼ਨ ਸਹਾਰੇ ਦੱਖਣੀ ਭਾਰਤ ਦੀਆਂ ਸੀਟਾਂ ਵਿਚ ਕਟੌਤੀ, ਭਾਰਤੀ ਆਰਥਿਕਤਾ ਦਾ ਕਾਰਪੋਰੇਟੀਕਰਨ, ਈਡੀ, ਸੀਬੀਆਈ, ਆਈ ਟੀ, ਐਨਆਈਏ ਸੰਸਥਾਵਾਂ ਦਾ ਵਿਰੋਧੀਆਂ ਨੂੰ ਦਬਾਉਣ ਲਈ ਦੁਰਉਪਯੋਗ, ਰਾਜਪਾਲਾਂ ਰਾਹੀਂ ਰਾਜ ਸਰਕਾਰਾਂ ਨੂੰ ਧਮਕਾਉਣ ਦੀ ਕੁਵਰਤੋਂ, ਕਿਸਾਨ ਸ਼ਕਤੀ ਦਿੱਲੀ ਆਉਣੋਂ ਰੋਕ ਨਹੀਂ ਸਕੋਗੇ, ਡਿਪਟੀ ਸਪੀਕਰ ਪਦ ਖਾਲੀ ਨਹੀਂ ਰੱਖ ਸਕੋਗੇ, ਭਾਈਵਾਲਾਂ ਨੂੰ ਤਾਕਤਵਰ ਮੰਤਰਾਲਿਆਂ ਤੋਂ ਦੂਰ ਨਹੀਂ ਰੱਖ ਸਕੋਗੇ।
ਭਾਜਪਾ ਅਤੇ ਤੁਹਾਡੀ ਹਾਰ ਕਰਕੇ ਭਾਰਤੀ ਰਾਜਨੀਤੀ ਅੱਜ ਫਿਰ 36 ਸਾਲ ਪਿੱਛੇ ਸੰਨ 1989 ਦੀ ਰਾਜਨੀਤੀ ਵੱਲ ਧੱਕੀ ਗਈ ਹੈ। ਚੰਗਾ ਹੋਵੇਗਾ ਕਿ ਕਿਤੇ ਅਮਰੀਕਾ ਵਾਂਗੂੰ ਭਾਰਤੀ ਲੋਕਤੰਤਰ ਬੁੱਢੇ ਅਤੇ ਨੀਰਸ ਜੋਅ ਬਾਇਡਨ ਜਾਂ ਅਪਰਾਧੀ ਨਾਰਸਿਸਟ ਡੋਨਾਲਡ ਟਰੰਪ ਵਰਗਿਆਂ ਤੋਂ ਬਚਿਆ ਰਹੇ। ਯੂਕੇ ਵਾਂਗ ਸੰਨ 2016 ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਅਸਤੀਫ਼ੇ ਬਾਅਦ ਕੱਪੜਿਆਂ ਵਾਂਗ ਥੈਰੇਸਾ ਮੇਅ, ਬੋਰਿਸ ਜੌਹਨਸਨ, ਲਿਜ਼ ਟਰਸ, ਰਿਸ਼ੀ ਸੂਨਕ (ਦੋ ਮਹੀਨੇ ਵਿਚ ਤਿੰਨ) ਪੰਜ ਪ੍ਰਧਾਨ ਮੰਤਰੀ ਨਾ ਬਦਲਣੇ ਪੈਣ।
* ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕਿੰਗਸਟਨ ਕੈਨੇਡਾ
ਸੰਪਰਕ: 1 2898292929

Advertisement
Advertisement
Advertisement