ਕੇਂਦਰੀ ਮੰਤਰੀ ਨੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ
ਦੇਵੀਗੜ੍ਹ /ਪਟਿਆਲਾ, 13 ਜੂਨ
ਇੱਥੇ ਅੱਜ ਪਟਿਆਲਾ ਪੁੱਜੇ ਕੇਂਦਰੀ ਉਦਯੋਗ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਰੁਜ਼ਗਾਰ ਵੰਡ ਪ੍ਰੋਗਰਾਮ ਤਹਿਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਸਮਾਗਮ ਹਰਪਾਲ ਟਿਵਾਣਾ ਆਡੀਟੋਰੀਅਮ, ਪਟਿਆਲਾ ਵਿੱਚ ਹੋਇਆ। ਭਾਰਤ ਦੀ ਭਵਿੱਖੀ ਲੀਡਰzwnj;ਸ਼ਿਪ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਉਨ੍ਹਾਂ ਨੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਨਵੇਂ ਨਿਯੁਕਤ ਕੀਤੇ ਗਏ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਤੁਸੀਂ ਭਾਰਤ ਦੇ ਭਵਿੱਖ ਦੀ ਰੀੜ੍ਹ ਹੋ ਅਤੇ ਸਾਡੇ ਦੇਸ਼ ਦੀ ਤਰੱਕੀ ਦੀ ਕੁੰਜੀ ਹੋ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਭਾਰਤ ਅਗਲੇ ਦੋ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਰਾਹ ‘ਤੇ ਹੈ। ਉਨ੍ਹਾਂ ਅੱਗੇ ਕਿਹਾ ਜਿਵੇਂ ਕਿ ਅਸੀਂ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ ਅਤੇ ਉਦਮਤਾ ‘ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਦੇ ਹਾਂ, ਅਸੀਂ ਬਹੁਤ ਜਲਦੀ ਭਾਰਤ ਨੂੰ ਇੱਕ ਗਲੋਬਲ ਆਰਥਿਕ ਪਾਵਰ-ਹਾਊਸ ਵਿੱਚ ਬਦਲਦੇ ਦੇਖਾਂਗੇ। ਪਟਿਆਲਾ ਵਿੱਚ ਇਸ ਸਮਾਗਮ ਦੀ ਸਫਲਤਾ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਯਤਨਾਂ ਸਦਕਾ ਸੰਭਵ ਹੋ ਸਕੀ, ਜਿਨ੍ਹਾਂ ਨੇ ਇਸ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ। ਜ਼ਿਕਰਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ 70 ਹਜ਼ਾਰ ਨਵੇਂ ਨਿਯੁਕਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਇਮਪੈਨਲਡ ਕੀਤੇ ਡਾਕਟਰਾਂ ਨੂੰ ਸਿਵਲ ਸਰਜਨ ਡਾਕਟਰ ਰਮਿੰਦਰ ਕੌਰ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਭੇਜੀ 35 ਡਾਕਟਰਾਂ ਦੀ ਸੂਚੀ ਵਿਚੋਂ 16 ਡਾਕਟਰਾਂ ਨੇ ਅੱਜ ਦਫ਼ਤਰ ਵਿੱਚ ਪਹੁੰਚ ਕੇ ਆਪਣੇ ਨਿਯੁਕਤੀ ਪੱਤਰ ਹਾਸਲ ਕਰ ਲਏ ਹਨ।