ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਸਰਕਾਰ ਦੀ ਅਰਥੀ ਸਾੜੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਨਵੰਬਰ
ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫ਼ੂਕਦਿਆਂ ਦੀਵਾਲੀ ਮਨਾਈ ਗਈ। ਅਰਥੀ ਫ਼ੂਕ ਮੁਜ਼ਾਹਰੇ ਦੌਰਾਨ ਬੇਰੁਜ਼ਗਾਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਹ ਬੇਰੁਜ਼ਗਾਰ, ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਕਰ ਰਹੇ ਸਨ। ਬੇਰੁਜ਼ਗਾਰ ਨੌਜਵਾਨ ਸਥਾਨਕ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦੇ ਹੋਏ ਉਹ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਗੇਟ ਨੇੜੇ ਪੁੱਜੇ। ਉੱਥੇ ਪੁਲੀਸ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਝੁਨੀਰ, ਹਰਜਿੰਦਰ ਬੁਢਲਾਡਾ, ਅਮਨਦੀਪ ਸੇਖਾ ਅਤੇ ਸੁਖਪਾਲ ਖਾਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਮੌਕੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸੁਧਾਰ ਕਰਨ, ਭਰਤੀ ਕੈਲੰਡਰ ਲਾਗੂ ਕਰ ਕੇ ਹਰੇਕ ਸਾਲ ਭਰਤੀਆਂ ਕਰਨ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦਾ ਲਿਖਤੀ ਪੇਪਰ ਲੈਣ ਅਤੇ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਖ਼ਾਲੀ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਆਦਿ ਸਣੇ ਕੀਤੇ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਕਈ ਵਾਰ ਮੀਟਿੰਗਾਂ ਦਾ ਲਾਰਾ ਦੇ ਕੇ ਹੁਣ ਤੱਕ ਬੇਰੁਜ਼ਗਾਰਾਂ ਨਾਲ ਇੱਕ ਵੀ ਪੈਨਲ ਮੀਟਿੰਗ ਨਹੀਂ ਕੀਤੀ ਹੈ, ਇਸ ਲਈ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਅੱਕੇ ਬੇਰੁਜ਼ਗਾਰਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ।