ਝਕਾਨੀ ਦੇ ਕੇ ਡੀਪੀਆਈ ਦਫ਼ਤਰ ’ਚ ਦਾਖ਼ਲ ਹੋਏ ਬੇਰੁਜ਼ਗਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਨਵੰਬਰ
ਲੰਮੇ ਸਮੇਂ ਤੋਂ ਜੁਆਇਨਿੰਗ ਦੀ ਮੰਗ ਕਰ ਰਹੇ ਈਟੀਟੀ ਕਾਡਰ 5994 ਯੂਨੀਅਨ ਅਤੇ 2364 ਯੂਨੀਅਨ ਦਾ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਜਾਰੀ ਹੈ। ਅੱਜ ਬਾਅਦ ਦੁਪਹਿਰ ਮੁਹਾਲੀ ਪੁਲੀਸ ਅਤੇ ਸਿੱਖਿਆ ਅਧਿਕਾਰੀਆਂ ਅਤੇ ਸਟਾਫ਼ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਦੋਵੇਂ ਯੂਨੀਅਨਾਂ ਦੇ ਮੈਂਬਰ ਪੁਲੀਸ ਨੂੰ ਝਕਾਨੀ ਦੇ ਕੇ ਡੀਪੀਆਈ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਬੈਠ ਗਏ। ਉਨ੍ਹਾਂ ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਡੀਪੀਆਈ ਦਫ਼ਤਰ ਦੇ ਅਧਿਕਾਰੀਆਂ ਤੇ ਸਟਾਫ਼ ਨੂੰ ਬੰਦੀ ਬਣਾਇਆ ਗਿਆ ਅਤੇ ਦੇਰ ਸ਼ਾਮ ਸਟਾਫ਼ ਦੇ ਪਰਿਵਾਰਕ ਮੈਂਬਰ ਵੀ ਸਿੱਖਿਆ ਭਵਨ ਦੇ ਬਾਹਰ ਪਹੁੰਚ ਗਏ ਅਤੇ ਉਨ੍ਹਾਂ ਨੇ ਬੰਦੀ ਸਟਾਫ਼ ਨੂੰ ਘਰ ਜਾਣ ਦੇਣ ਲਈ ਤਰਲੇ ਕੱਢੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਈਟੀਟੀ ਕਾਡਰ ਦੀਆਂ ਦੋਵੇਂ ਯੂਨੀਅਨਾਂ ਦੇ ਆਗੂਆਂ ਬਲਿਹਾਰ ਸਿੰਘ, ਹਰਜੀਤ ਬੁਢਲਾਡਾ, ਬੰਟੀ ਕੰਬੋਜ, ਗੁਰਸੰਗਤ ਬੁਢਲਾਡਾ, ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਮਨਪ੍ਰੀਤ ਮਾਨਸਾ ਅਤੇ ਹਰੀਸ਼ ਕੰਬੋਜ ਨੇ ਦੱਸਿਆ ਕਿ ਈਟੀਟੀ 5994 ਭਰਤੀ ’ਤੇ ਹਾਈ ਕੋਰਟ ਵੱਲੋਂ ਕਿਸੇ ਪ੍ਰਕਾਰ ਦੀ ਰੋਕ ਨਹੀਂ ਲਗਾਈ ਗਈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਰੋਕ ਲੱਗੀ ਹੋਣ ਦਾ ਬਹਾਨਾ ਲਗਾ ਕੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਉਣ ਤੋਂ ਆਨਾਕਾਨੀ ਕਰ ਰਹੇ ਹਨ। ਉਧਰ, ਸਿੱਖਿਆ ਭਵਨ ਦੇ ਬਾਹਰ ਅਤੇ ਅੰਦਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੁਲੀਸ ਵੱਲੋਂ ਧਰਨਾਕਾਰੀਆਂ ਦੀ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਸਿੱਖਿਆ ਮੰਤਰੀ ਨੇ ਮੀਟਿੰਗ ਲਈ ਸੱਦ ਕੇ ਕੀਤਾ ਖੁਆਰ
ਬੀਤੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਨਸਾਫ਼ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਅਤੇ ਅੱਜ ਸਵੇਰੇ 11 ਵਜੇ ਮੀਟਿੰਗ ਸੱਦੀ ਗਈ ਸੀ। ਇਸ ਦੌਰਾਨ ਦੋਵੇਂ ਯੂਨੀਅਨਾਂ ਦੇ ਆਗੂ ਬਾਅਦ ਦੁਪਹਿਰ ਤਿੰਨ ਵਜੇ ਤੱਕ ਖੱਜਲ-ਖੁਆਰ ਹੁੰਦੇ ਰਹੇ ਪਰ ਮੰਤਰੀ ਨੇ ਮੀਟਿੰਗ ਨਹੀਂ ਕੀਤੀ। ਮੰਤਰੀ ਦੀ ਅਣਦੇਖੀ ਦੀ ਸੂਚਨਾ ਮਿਲਦੇ ਹੀ ਸਿੱਖਿਆ ਭਵਨ ਦੇ ਬਾਹਰ ਧਰਨਾ ਲਗਾ ਕੇ ਬੈਠੇ ਸਾਰੇ ਪ੍ਰਦਰਸ਼ਨਕਾਰੀ ਛੇਵੀਂ ਮੰਜ਼ਲ ’ਤੇ ਡੀਪੀਆਈ ਦਫ਼ਤਰ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਕੇ ਡਿਊਟੀ ’ਤੇ ਜੁਆਇਨ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।