ਸਿੱਖਿਆ ਤੋਂ ਵਿਰਵੇ ਤੇ ਬੇਰੁਜ਼ਗਾਰਾਂ ਨੂੰ ਘੱਟ ਗਿਣਤੀ ਮੰਨਿਆ ਜਾਵੇ: ਗੁਰਬਚਨ ਜਗਤ
ਕੁਲਦੀਪ ਸਿੰਘ
ਚੰਡੀਗੜ੍ਹ, 7 ਨਵੰਬਰ
ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ‘ਨੌਜਵਾਨ ਅਤੇ ਰਾਸ਼ਟਰ ਨਿਰਮਾਣ: ਘੱਟ ਗਿਣਤੀਆਂ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ। ਇਸ ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਮਨੀਪੁਰ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ, ਵਧੀਕ ਸੌਲੀਸਿਟਰ ਆਫ਼ ਇੰਡੀਆ ਐਡਵੋਕੇਟ ਸੱਤਿਆਪਾਲ ਜੈਨ, ਸਾਬਕਾ ਆਈਪੀਐੱਸ ਅਧਿਕਾਰੀ ਮਨਮੋਹਨ ਸਿੰਘ ਅਤੇ ਯੂਨੀਵਰਸਿਟੀ ਦੀ ਡੀਨ (ਡੀਯੂਆਈ) ਪ੍ਰੋਫੈਸਰ ਰੁਮੀਨਾ ਸੇਠੀ ਨੇ ਸ਼ਿਰਕਤ ਕੀਤੀ।ਡੀਐੱਸਡਬਲਿਊ (ਵਿਮੈਨ) ਪ੍ਰੋ. ਸਿਮਰਤ ਕਾਹਲੋਂ ਨੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਬੁਲਾਰਿਆਂ ਨੇ ਦੇਸ਼ ਦੇ ਵਿਕਾਸ ਵਿੱਚ ਘੱਟ ਗਿਣਤੀਆਂ ਦੀ ਭੂਮਿਕਾ ’ਤੇ ਵਿਚਾਰ ਸਾਂਝੇ ਕੀਤੇ।
ਮਨੀਪੁਰ ਦੇ ਸਾਬਕਾ ਰਾਜਪਾਲ ਗੁਰਬਚਨ ਜਗਤ ਨੇ ਕਿਹਾ ਕਿ ਸਿੱਖਿਆ ਤੋਂ ਵਿਰਵੇ ਅਤੇ ਬੇਰੁਜ਼ਗਾਰਾਂ ਨੂੰ ਘੱਟ ਗਿਣਤੀ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨੌਕਰੀਆਂ ਸਿਰਜਣ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੈ ਬਲਕਿ ਇਹ ਨਿੱਜੀ ਖੇਤਰ ਦਾ ਕੰਮ ਹੈ। ਅੱਜ ਬਹੁ-ਗਿਣਤੀ ਵੀ ਆਤਮਨਿਰਭਰ ਨਹੀਂ ਹਨ ਜੋ ਸਾਡੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਦੁਰਦਸ਼ਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸੱਤਿਆਪਾਲ ਜੈਨ ਨੇ ਆਪਸੀ ਭਾਈਚਾਰਕ ਸਾਂਝ ’ਤੇ ਜ਼ੋਰ ਦਿੱਤਾ। ਲਾਲਪੁਰਾ ਨੇ ਕਿਹਾ, ‘ਅਸੀਂ ਤਾਂ ਹੀ ਤਰੱਕੀ ਕਰਾਂਗੇ ਜੇਕਰ ਅਸੀਂ ਧਰਮ ਨਾਲੋਂ ਦੇਸ਼ ਨੂੰ ਪਹਿਲ ਦੇਵਾਂਗੇ। ਸੋਸ਼ਲ ਮੀਡੀਆ ਸਾਨੂੰ ਇੱਕਜੁਟ ਰਾਸ਼ਟਰ ਬਣਾਉਣ ਦੀ ਥਾਂ ਤੋੜ ਰਿਹਾ ਹੈ।’ ਸਾਬਕਾ ਆਈਪੀਐੱਸ ਅਧਿਕਾਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਾਨੂੰ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦੀ ਭੂਮਿਕਾ ਦਾ ਮੁਲਾਂਕਣ ਕਰਨ ਅਤੇ ਇਸ ਨੂੰ ਪਛਾਣਨ ਦੀ ਲੋੜ ਹੈ।