ਰਾਜਬਾਹੇ ਦਾ ਨਿਰਮਾਣ ਅਧੀਨ ਪੁਲ ਰਾਹਗੀਰਾਂ ਲਈ ਮੁਸੀਬਤ ਬਣਿਆ
ਮੁਕੰਦ ਸਿੰਘ ਚੀਮਾ
ਸੰਦੌੜ, 25 ਜੁਲਾਈ
ਕਸਬਾ ਸੰਦੌੜ ਵਿੱਚ ਦੁਲਮਾਂ ਵਾਲੀ ਸੜਕ ਨੇੜੇ ਕੰਗਣਵਾਲ ਰਜਬਾਹੇ ’ਤੇ ਬਣ ਰਿਹਾ ਪੁਲ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਰੋਜ਼ਾਨਾ ਇਸ ਪੁਲ ’ਤੇ ਹਾਦਸੇ ਵਾਪਰ ਰਹੇ ਹਨ ਤੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਬੀਤੇ ਕੱਲ੍ਹ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੁਲ ਦੇ ਨਜ਼ਦੀਕ ਸੁੱਟੇ ਪਏ ਦਰੱਖਤ ਨਾਲ ਟਕਰਾ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੋਵੇਂ ਨੌਜਵਾਨ ਸਵੇਰੇ ਤੜਕਸਾਰ ਪਟਿਆਲਾ ਵਿੱਚ ਪੇਪਰ ਦੇਣ ਲਈ ਜਾ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਪੁਲ ਦਾ ਨਿਰਮਾਣ ਤਾਂ ਕਰ ਦਿੱਤਾ ਹੈ ਪਰ ਪੁਲ ਆਮ ਲੋਕਾਂ ਲਈ ਹਾਲੇ ਤੱਕ ਖੋਲ੍ਹਿਆ ਨਹੀਂ ਗਿਆ।
ਭਾਰੀ ਵਾਹਨ ਪੁਲ ਦੇ ਨਾਲ ਇਕ ਖੇਤ ਵਿਚੋਂ ਲੰਘ ਰਹੇ ਹਨ ਜਦਕਿ ਦੁਪਹੀਆ ਵਾਹਨ ਪੁਲ ਦੇ ਉਪਰੋਂ ਦੀ ਲੰਘ ਰਹੇ ਹਨ। ਪੁਲ ਦੇ ਦੋਵੇਂ ਪਾਸੇ ਕੋਈ ਕੰਧ ਵਗੈਰਾ ਨਾ ਹੋਣ ਕਾਰਨ ਲੋਕ ਪੁਲ ਦੇ ਉਪਰੋਂ ਦੀ ਵਾਹਨ ਲੰਘਾ ਰਹੇ ਹਨ। ਪੁਲ ਦੇ ਇਕ ਪਾਸੇ ਦਰੱਖਤ ਸੁੱਟ ਕੇ ਪੁਲ ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਹੋਣ ਕਰਕੇ ਇਸ ਸੜਕ ’ਤੇ ਆਵਾਜਾਈ ਬਹੁਤ ਰਹਿੰਦੀ ਹੈ।
ਇਸ ਲਈ ਜੇਕਰ ਪੁਲ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਤਾਂ ਇਸ ਨੂੰ ਆਮ ਲੋਕਾਂ ਲਈ ਜਲਦ ਖੋਲ੍ਹ ਦੇਣਾ ਚਾਹੀਦਾ ਹੈ। ਇਸ ਮਾਮਲੇ ਸਬੰਧੀ ਸਿੰਜਾਈ ਵਿਭਾਗ ਦੇ ਐੱਸਡੀਓ ਦਿਵਾਂਸ਼ੂ ਨੇ ਦੱਸਿਆ ਕਿ ਪੁਲ ਦੀਆਂ ਅਪਰੋਚਾਂ ਲੋਕ ਨਿਰਮਾਣ ਵਿਭਾਗ ਵੱਲੋਂ ਲਗਾਈਆਂ ਜਾਣੀਆਂ ਹਨ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਕੰਮ ਪੁਲ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਸ਼ੁਰੁੂ ਹੋਵੇਗਾ।