ਉਗਰਾਹਾਂ ਗਰੁੱਪ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਪੱਕੇ ਮੋਰਚੇ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੁਲਾਈ
ਭਾਕਿਯੂ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਵੱਲੋਂ ਬਲਾਕ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਦੇ ਕਿਸਾਨ ਤੇ ਧੂਰੀ ਬਲਾਕ ਦੇ ਪਿੰਡ ਜਹਾਂਗੀਰ ਦੀ ਕਿਸਾਨ ਬੀਬੀ ਦੇ ਜ਼ਮੀਨੀ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਕਰਕੇ ਕਿਸਾਨਾਂ ਨੂੰ ਇਨਸਾਫ਼ ਨਾ ਦਿਵਾਉਣ ਦਾ ਗੰਭੀਰ ਨੋਟਿਸ ਲੈਦਿਆਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ।
ਇੱਥੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 15 ਜੁਲਾਈ ਨੂੰ ਪਿੰਡ ਜੌਲੀਆਂ ਵਿਖੇ ਸੂਬਾ ਪੱਧਰੀ ਐਕਸ਼ਨ ਕਰਕੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਬਰਕਰਾਰ ਰੱਖਿਆ ਜਾਵੇਗਾ ਅਤੇ ਦੋਵੇਂ ਪਿੰਡਾਂ ਦੇ ਕਿਸਾਨਾਂ ਦੇ ਮਾਮਲਿਆਂ ਨੂੰ ਲੈ ਕੇ 18 ਜੁਲਾਈ ਤੋਂ ਐਸ.ਐਸ.ਪੀ. ਦਫ਼ਤਰ ਸੰਗਰੂਰ ਅੱਗੇ ਸੂਬਾ ਪੱਧਰੀ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਹ ਮੋਰਚਾ ਅਣਮਿਥੇ ਸਮੇਂ ਲਈ ਹੋਵੇਗਾ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਪਿੰਡ ਜੌਲੀਆਂ ਅਤੇ ਪਿੰਡ ਜਹਾਂਗੀਰ ਦੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਸੂਬਾ ਪ੍ਰਧਾਨ ਉਗਰਾਹਾਂ ਨੇ ਕਿਹਾ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਜੌਲੀਆਂ ਵਿਚ ਕਿਸਾਨ ਅਵਤਾਰ ਸਿੰਘ ਦਾ ਮਸਲਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਕਈ ਵਾਰ ਜਥੇਬੰਦੀ ਨੇ ਮੋਰਚਾ ਲਾਇਆ ਜਿਸ ਵਿਚ ਪ੍ਰਸਾਸ਼ਨ ਨੇ ਵਾਅਦਾ ਕੀਤਾ ਸੀ ਕਿ ਮਸਲੇ ਦਾ ਹੱਲ ਕੱਢਿਆ ਜਾਵੇਗਾ ਪਰੰਤੂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।