ਉਗਰਾਹਾਂ ਧੜੇ ਨੇ ਪੋਲਟਰੀ ਫਾਰਮ ਵਿਰੁੱਧ ਮੋਰਚਾ ਖੋਲ੍ਹਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 27 ਜੁਲਾਈ
ਬੀਕੇਯੂ ਏਕਤਾ-ਉਗਰਾਹਾਂ ਨੇ ਪਿੰਡ ਖੋਖਰ ਕਲਾਂ ’ਚ ਪੋਲਟਰੀ ਫਾਰਮ ਵਿਰੁੱਧ ਧਰਨਾ ਲਾ ਕੇ ਉਸ ਦੇ ਪਿੱਛੇ ਬਣੇ ਘਰਾਂ ਨੂੰ ਜਾਂਦਾ ਰਾਹ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਬਲਾਕ ਲਹਿਰਾਗਾਗਾ ਦੇ ਬਲਾਕ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਅਤੇ ਪਿੰਡ ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ਨੇ ਦੱਸਿਆ ਕਿ ਖੋਖਰ ਕਲਾਂ ਕੋਲ ਜਾਖਲ-ਸੁਨਾਮ ਰੋਡ ’ਤੇ ਇਕ ਪੋਲਟਰੀ ਫਾਰਮ ਬਣਿਆ ਹੋਇਆ ਹੈ, ਜਿਸਦੇ ਪਿਛਲੇ ਪਾਸੇ ਇਕ ਗਰੀਬ ਪਰਿਵਾਰ ਦੇ ਘਰ ਹੈ। ਫਾਰਮ ਤੋਂ ਉਸ ਘਰ ਨੂੰ ਜਾਂਦੇ ਰਾਹ ਵਿੱਚ ਧੱਕੇ ਨਾਲ ਦਰੱਖ਼ਤ ਲਾ ਕੇ ਪੋਲਟਰੀ ਫਾਰਮ ਮਾਲਕ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਗਰੀਬ ਪਰਿਵਾਰ ਨੂੰ ਧਮਕਾ ਕੇ ਰਸਤੇ ਤੋਂ ਹਟਾਉਣਾ ਚਾਹੁੰਦਾ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਜਦੋਂ ਉਹ ਇਸ ਮਾਮਲੇ ਸਬੰਧੀ ਇਕਾਈ ਮੈਂਬਰਾਂ ਨਾਲ ਲਹਿਰਗਾਗਾ ਥਾਣੇ ਗਿਆ ਤਾਂ ਉਥੇ ਮੌਜੂਦਾ ਏਐੱਸਆਈ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਘਟਨਾ ਦਾ ਪਤਾ ਲੱਗਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬਲਾਕ ਲਹਿਰਾਗਾਗਾ ਦੀ ਮਹੀਨਾਵਾਰ ਹੋ ਰਹੀ ਮੀਟਿੰਗ ਵਿਚ 25 ਪਿੰਡਾਂ ਦੇ ਅਹੁਦੇਦਾਰਾਂ ਨਾਲ ਉਸ ਰਾਸਤੇ ਦਾ ਮੌਕਾ ਵੇਖਦਿਆਂ ਸੰਕੇਤਕ ਧਰਨਾ ਦਿੱਤਾ। ਕਿਸਾਨਾਂ ਨੇ ਪੋਲਟਰੀ ਫਾਰਮ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਹੱਲ ਕਰਨ ਲਈ 28 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ, ਜੇ ਦਿੱਤੇ ਸਮੇਂ ਤੋਂ ਪਹਿਲਾਂ ਮਸਲਾ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਦੇ ਝੰਡੇ ਹੇਠ ਬਲਾਕ ਪੱਧਰ ’ਤੇ ਵੱਡਾ ਇਕੱਠ ਕਰ ਕੇ 29 ਜੁਲਾਈ ਨੂੰ ਰਾਹ ਖੁੱਲ੍ਹਵਾਇਆ ਜਾਵੇਗਾ।