For the best experience, open
https://m.punjabitribuneonline.com
on your mobile browser.
Advertisement

ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ

07:47 AM May 02, 2024 IST
ਬਰਤਾਨਵੀ ਸੰਸਦ ’ਚ ਗੁਰਬਾਣੀ ਦੀਆਂ ਧੁਨਾਂ ਗੂੰਜੀਆਂ
ਸੰਸਦ ’ਚ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਪਤਵੰਤੇ।
Advertisement

ਲੰਡਨ, 1 ਮਈ
ਲੰਡਨ ’ਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਸਮਾਗਮ ’ਚ ਇਸ ਹਫ਼ਤੇ ਸੰਸਦ ਦੇ ਦੋਵੇਂ ਸਦਨਾਂ ’ਚ ਗੁਰਬਾਣੀ ਦੀਆਂ ਅਨਾਹਦ ਧੁਨਾਂ ਅਤੇ ਸਦਭਾਵਨਾ ਦੇ ਸੁਨੇਹਿਆਂ ਦੀ ਗੂੰਜ ਸੁਣਾਈ ਦਿੱਤੀ। ਬਰਤਾਨਵੀ-ਭਾਰਤੀ ਥਿੰਕ ਟੈਂਕ ‘1928 ਇੰਸਟੀਚਿਊਟ’ ਅਤੇ ਪਰਵਾਸੀਆਂ ਦੀ ਜਥੇਬੰਦੀ ਸਿਟੀ ਸਿੱਖਸ ਐਂਡ ਬ੍ਰਿਟਿਸ਼ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ (ਬੀਪੀਡਬਲਿਊਏ) ਵੱਲੋਂ ਸੋਮਵਾਰ ਸ਼ਾਮ ਨੂੰ ਕਰਵਾਏ ਇਸ ਸਮਾਗਮ ਮੌਕੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ ਵਿੱਚ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ, ਭਾਈਚਾਰਿਆਂ ਦੇ ਨੇਤਾ ਅਤੇ ਸਮਾਜ ਸੇਵੀ ਇਕੱਠੇ ਹੋਏ ਅਤੇ ਬਰਤਾਨੀਆ-ਭਾਰਤ ਰਿਸ਼ਤਿਆਂ ਤੇ ਬਰਤਾਨਵੀ ਜਨਜੀਵਨ ’ਚ ਸਿੱਖ ਭਾਈਚਾਰੇ ਦੇ ਯੋਗਦਾਨ ’ਚ ਚਾਨਣਾ ਪਾਇਆ।
ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਸਮਾਗਮ ਦੀ ਕਾਰਵਾਈ ਚਲਾਈ ਜਿਸ ’ਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤਾ ਤੇ ਅਨਹਦ ਕੀਰਤਨ ਸੁਸਾਇਟੀ ਨੇ ਸ਼ਬਦ ਕੀਰਤਨ ਕੀਤਾ। ਜਥੇਬੰਦੀ ‘1928 ਇੰਸਟੀਚਿਊਟ’ ਦੀ ਸਹਿ-ਪ੍ਰਧਾਨ ਕਿਰਨ ਕੌਰ ਮਨਕੂ ਨੇ ਕਿਹਾ, ‘‘ਸਾਲ 1699 ’ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਮਨਾਈ ਜਾਣ ਵਾਲੀ ਵਿਸਾਖੀ ਦਾ ਇਸ ਤਰ੍ਹਾਂ ਸਮਾਗਮ ਕਰਵਾਉਣਾ ਵਾਕਈ ਸਨਮਾਨ ਵਾਲੀ ਗੱਲ ਹੈ। ਵਿਸਾਖੀ ਖਾਲਸੇ ਦੀ ਸ਼ੁਰੂਆਤ ਅਤੇ ਉਸ ਨਾਲ ਸਬੰਧਤ ਸਿੱਖਿਆਵਾਂ ਨੂੰ ਲੈ ਕੇ ਮਨਾਈ ਜਾਂਦੀ ਹੈ, ਜਿਨ੍ਹਾਂ ਵਿੱਚ ਊਚ-ਨੀਚ, ਹੰਕਾਰ ਅਤੇ ਡਰ ਨੂੰ ਦੂਰ ਕਰਦਿਆਂ ਬਰਾਬਰੀ ’ਤੇ ਜ਼ੋਰ ਦਿੱਤਾ ਗਿਆ ਹੈ।’’ ਉਨ੍ਹਾਂ ਕਿਹਾ, ‘‘ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਵੀ ਹੈ, ਜਿਹੜੇ ਸਾਰਿਆਂ ਦੇ ਹੱਕਾਂ ਲਈ ਨਿਡਰ ਹੋ ਕੇ ਲੜੇ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਹੋਰਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ।’’ ਸਮਾਗਮ ਮੌਕੇ ਸੰਸਦ ’ਚ ਲੇਬਰ ਪਾਰਟੀ ਦੇ ਸਿੱੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਇਸੇ ਪਾਰਟੀ ਵੱਲੋਂ ਏਸ਼ੀਆ ਤੇ ਪ੍ਰਸ਼ਾਂਤ ਖਿੱਤੇ ਨਾਲ ਸਬੰਧਤ ਮੰਤਰੀ ਕੈਥਰੀਨ ਵੈਸਟ ਤੋਂ ਇਲਾਵਾ ਬੈਰੋਨੈੱਸ ਸੈਂਡੀ ਵਰਮਾ, ਦੱਖਣੀ ਏਸ਼ੀਆ ਮੰਤਰੀ ਲਾਰਡ ਤਾਰਿਕ ਅਹਿਮਦ ਸਣੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿਹਾ ਕਿ ਇਹ ਸਮਾਗਮ ਸੰਸਦੀ ਕੈਲੰਡਰ ’ਚ ਸਾਲਾਨਾ ਸਮਾਗਮ ਵਜੋਂ ਸ਼ਾਮਲ ਹੋ ਜਾਵੇਗਾ। ਸਮਾਗਮ ਮੌਕੇ ਸਿਟੀ ਸਿੱਖਸ ਦੇ ਸਹਿ-ਪ੍ਰਧਾਨ ਪਰਮ ਸਿੰਘ ਨੇ ਵੀ ਸੰਬੋਧਨ ਕੀਤਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×